Interview – Bakshinder – ‘ਸਹੀ ਪੰਜਾਬੀ’ ਦਾ ਮੁੱਦਈ – ਬਖ਼ਸ਼ਿੰਦਰ

'ਸਭ ਤੋਂ ਗੰਦੀ ਗ਼ਾਲ' ਦਾ ਸਿਰਜਣਹਾਰ ਅਤੇ ਕਾਵਿ-ਸੰਗ੍ਰਹਿ

ਬਖ਼ਸ਼ਿੰਦਰ, ਪੰਜਾਬੀ ਪੱਤਰਕਾਰੀ ਵਿਚ ਭਾਸ਼ਾ ਦੇ ਮਸਲੇ ਬਾਰੇ ਤਿੱਖੀ ਆਵਾਜ਼ ਬੁਲੰਦ ਕਰਨ ਵਾਲਾ ਪੱਤਰਕਾਰ, ‘ਮਾਹੌਲ ਠੀਕ ਹੈ’ ਫਿਲਮ ਲਿਖ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਫਿਲਮ ਲੇਖਕ, ਵਾਰਿਸ ਸ਼ਾਹ ਦੀ ਹੀਰ ਦਾ ਰੇਡੀਓ ਨਾਟਕ ਦੇ ਰੂਪ ਵਿਚ ਰੂਪਾਂਤਰ ਕਰਨ ਵਾਲਾ ਨਾਟਕ ਲੇਖਕ ਇਕ ਬਹੁਪੱਖੀ ਪ੍ਰਤਿਭਾ ਵਾਲੀ ਸ਼ਖ਼ਸੀਅਤ ਹੈ। ਪੰਜਾਬੀ ਸਾਹਿੱਤ ਨਾਲ ਵਾਸਤਾ ਰੱਖਣ ਵਾਲੇ ਉਸ ਨੂੰ ਨਾਟਿ-ਪੁਸਤਕ ‘ਸਭ ਤੋਂ ਗੰਦੀ ਗ਼ਾਲ’ ਦਾ ਸਿਰਜਣਹਾਰ ਅਤੇ ਕਾਵਿ-ਸੰਗ੍ਰਹਿ ‘ਮੌਨ ਅਵਸਥਾ ਦੇ ਸੰਵਾਦ’ ਦੇ ਕਵੀ ਵਜੋਂ ਬਖੂਬੀ ਜਾਣਦੇ ਹਨ। ਲਫ਼ਜ਼ਾਂ ਦਾ ਪੁਲ ਦਾ ਭਾਸ਼ਾਈ ਮਾਰਗ ਦਰਸ਼ਨ ਕਰਨ ਦੇ ਨਾਲ ਹੀ, ਉਨ੍ਹਾਂ ਨੇ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਪ੍ਰਸਾਰਿਤ ਕਰਨ ਦਾ ਮਾਣ ਵੀ ਸਾਨੂੰ ਦਿੱਤਾ ਹੈ।

ਕੁਝ ਮਹੀਨੇ ਪਹਿਲਾਂ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਮਿਲਣ ਦਾ ਮਨ ਕਰਦਾ ਹੈ, ਮੈਂ ਦਿੱਲੀ ਤੋਂ ਲੁਧਿਆਣੇ ਆ ਰਿਹਾ ਹਾਂ, ਤੁਸੀ ਵੀ ਆ ਜਾਵੋ, ਤਾਂ ਉਨ੍ਹਾਂ ਖੁਸ਼ੀ ਖੁਸ਼ੀ ਇਹ ਸੱਦਾ ਕਬੂਲ ਕਰ ਲਿਆ। ਪੇਸ਼ ਹੈ ਉਨ੍ਹਾਂ ਨਾਲ ਹੋਈ ਦਿਨ ਭਰ ਲੰਬੀ ਮੁਲਾਕਾਤ ਦੇ ਕੁਝ ਅੰਸ਼-

ਲਫ਼ਜ਼ਾਂ ਦਾ ਪੁਲ: ਬਖ਼ਸ਼ਿੰਦਰ ਜੀ ਤੁਸੀ ਹੁਣੇ-ਹੁਣੇ (ਮਾਰਚ 2009) ਪੰਜਾਬੀ ਟ੍ਰਿਬਿਊਨ ਤੋਂ ਸੇਵਾ-ਮੁਕਤ ਹੋਏ ਹੋ। ਉਮਰ ਦਾ ਇਕ ਲੰਬਾ ਪੈਂਡਾ ਤੈਅ ਕੀਤਾ ਹੈ। ਜੇ ਅੱਜ ਉਮਰ ਦੇ ਇਸ ਪੜਾਅ ਤੇ ਖੜ੍ਹੇ ਹੋ ਕੇ ਆਪਣੀ ਜ਼ਿੰਦਗੀ ਤੇ ਇੱਕ ਪਿੱਛਲ ਝਾਤ ਮਾਰੋਂ ਤਾਂ ਆਪਣੇ ਬਚਪਨ ਦੀਆਂ ਕਿਹੜੀਆਂ ਯਾਦਾਂ ਅਤੇ ਕਿਹੜੀਆਂ ਸ਼ਰਾਰਤਾਂ ਚੇਤੇ ਆਉਂਦੀਆਂ ਨੇ।ਤੁਹਾਡਾ ਬਚਪਨ ਕਿਵੇਂ ਦਾ ਬੀਤਿਆ?

ਬਖ਼ਸ਼ਿੰਦਰ- (ਗੰਭੀਰ) ਮੈਂ ਤੁਹਾਨੂੰ ਆਪਣੀ ਜੀਵਨੀ ਨਹੀਂ ਸੁਣਾਉਣ ਆਇਆ। ਸਾਹਿੱਤਕ ਅਤੇ ਪੱਤਰਕਾਰੀ ਦੇ ਸਫ਼ਰ ਬਾਰੇ ਕੁਝ ਗੱਲਾਂ ਕਰਾਂਗੇ।ਉਂਝ ਜਿਸ ਤਰ੍ਹਾਂ ਦਾ ਬਚਪਨ ਸੋਚ ਕੇ ਤੁਸੀ ਪੁੱਛ ਰਹੇ ਹੋ, ਮੇਰਾ ਬਚਪਨ ਉਸ ਤਰ੍ਹਾਂ ਦਾ ਨਹੀਂ ਬੀਤਿਆ। ਮੇਰਾ ਪਿੰਡ ਮੁਆਈ ਜਲੰਧਰ ਜਿਲੇ ਵਿਚ ਪੈਂਦਾ ਹੈ, ਜੋ ਬਿਲਗੇ ਦੇ ਲਾਗੇ ਹੈ। 10 ਵੀਂ ਤੱਕ ਮੈਂ ਬਿਲਗੇ ਪੜ੍ਹਿਆ।

ਉਦੋਂ ਹੀ ਮੈਂ ਰੋਜ਼ ਤਿੰਨ-ਚਾਰ ਅਖਬਾਰ ਪੜ੍ਹਦਾ ਹੁੰਦਾ ਸੀ।ਘਰ ਦੇ ਹਾਲਾਤ ਕੁਝ ਏਸੇ ਬਣੇ ਕਿ ਮੈਨੂੰ ਤਾਇਆਂ ਨੇ ਪਾਲਿਆ।ਇਸ ਲਈ ਸ਼ਰਾਰਤਾਂ ਕਰਨ ਦਾ ਸਬੱਬ ਬਣਿਆ ਹੀ ਨਹੀਂ।ਤਾਇਆ ਮੇਰਾ ਖੱਬੇ ਪੱਖੀ ਵਿਚਾਰਧਾਰਾ ਦਾ ਧਾਰਨੀ ਸੀ ਤੇ ਕਈ ਸੰਘਰਸ਼ਾਂ ਵਿਚ ਹਿੱਸਾ ਲੈਂਦੇ ਰਹੇ। ਉਨ੍ਹਾਂ ਦਿਨਾਂ ਵਿਚ ਖੁਸ਼ ਹੈਸਿਅਤ ਟੈਕਸ ਦੇ ਖਿਲਾਫ ਸੰਘਰਸ਼ ਚੱਲ ਰਿਹਾ ਸੀ, ਮੇਰਾ ਤਾਇਆ ਵੀ ਉਸ ਵਿਚ ਮੋਹਰੀ ਸੀ। ਜਦੋਂ ਉਸ ਨੂੰ ਗਿਰਫਤਾਰ ਕੀਤਾ ਗਿਆ ਤਾਂ ਮੈਂ ਵੀ ਨਾਲ ਜਾਣ ਨੂੰ ਕਿਹਾ ਸੀ। ਸਾਡੇ ਘਰ ਨਵਾਂ-ਜ਼ਮਾਨਾਂ ਆਉਂਦਾ ਹੁੰਦਾ ਸੀ।ਸ਼ੁਰੂ-ਸ਼ੁਰੂ ਵਿਚ ਮੈਂ ਨਵਾਂ ਜ਼ਮਾਨਾ ਚੋਂ ਕਵਿਤਾਵਾਂ ਪੜ੍ਹ ਕੇ ਵੱਖ-ਵੱਖ ਮੰਚਾਂ ਤੋਂ ਸੁਣਾਂਦਾ ਰਿਹਾ। ਇਕ ਕਵਿਤਾ ਦੀਆਂ ਕੁਝ ਸਤਰਾਂ ਮੇਰੇ ਚੇਤੇ ਵਿਚ ਨੇ:-

ਜੁੱਤੀ ਨਹੀਂ ਮਿਲਦੀ ਤਲੀਆਂ ਘਸਾ ਲੈ ਦੋਸਤਾ
ਕੱਪੜੇ ਨਹੀਂ ਮਿਲਦੇ ਪਾਉਣ ਨੂੰ ਚਮੜੀ ਹੰਡਾ ਲੈ ਦੋਸਤਾ

ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲਾ ਵਿਚ ਪੜ੍ਹਦਿਆਂ ਪਹਿਲੀ ਕਵਿਤਾ ਮੈਂ ਅੰਗਰੇਜ਼ੀ ਚ ਲਿਖੀ ‘ਅ ਹੈਂਡ ਫੁੱਲ ਆਪ ਫੈਂਸੀਸ’ ਇਹਦਾ ਵੀ ਬਸ ਸਿਰਲੇਖ ਯਾਦ ਹੈ। ਫਿਰ ਕਹਾਣੀ ਲਿਖੀ ਇੱਕ ਮੁਲਾਕਾਤ। ਕਾਲਜ ਵਿਚ ਜਾ ਕੇ ਇਹ ਸਿਲਸਿਲਾ ਲਗਾਤਾਰ ਚੱਲ ਪਿਆ।ਕਾਲਜ ਦੀ ਸਾਹਿਤ ਸਭਾ ਦੀਆਂ ਮਿਲਣੀਆਂ ਤੇ ਕਾਵਿ-ਗੋਸ਼ਟੀਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ।

ਨਾਂ ਵਿਚ ਕੀ ਰੱਖਿਐ?

ਜੇ ਕਿਸੇ ਲੇਖਕ ਦਾ ਕੋਈ ਸਾਹਿੱਤਕ ਨਾਂ ਹੁੰਦਾ ਹੈ ਤਾਂ ਉਸਦਾ ਗੈਰ-ਸਾਹਿੱਤਕ ਨਾਂ ਕਿਹੜਾ ਹੁੰਦਾ?

ਲਫ਼ਜ਼ਾਂ ਦਾ ਪੁਲ: ਤੁਹਾਡਾ ਨਾਂ ‘ਬਖ਼ਸ਼ਿੰਦਰ’ ਕੀ ਤੁਹਾਡਾ ਚੁਣਿਆ ਹੋਇਆ ਤਖੱਲਸ ਜਾਂ ਸਾਹਿੱਤਕ ਨਾਮ ਹੈ। ਇਹ ਨਾਮ ਰੱਖਣ ਦਾ ਕੋਈ ਖਾਸ ਕਾਰਣ?

ਬਖ਼ਸ਼ਿੰਦਰ- ਪਹਿਲਾਂ ਤਾਂ ਇਹ ਦੱਸੋ ਬਈ ਜੇ ਕਿਸੇ ਲੇਖਕ ਦਾ ਕੋਈ ਸਾਹਿੱਤਕ ਨਾਂ ਹੁੰਦਾ ਹੈ ਤਾਂ ਉਸਦਾ ਗੈਰ-ਸਾਹਿੱਤਕ ਨਾਂ ਕਿਹੜਾ ਹੁੰਦਾ? ਮੈਨੂੰ ਤਾਂ ਇਹ ਗੱਲ ਬੜੀ ਅਜੀਬ ਲਗਦੀ ਹੈ। ਦਰਅਸਲ ਮੇਰੀ ਰਿਸ਼ਤੇਦਾਰੀ ਚੋਂ ਲੱਗਦੀ ਇਕ ਭੈਣ ਸੀ ਬਖ਼ਸ਼ੋ ਅਤੇ ਉਹਦਾ ਇਕਲੌਤਾ ਭਰਾ ਸੀ ਨਰਿੰਦਰ। ਮੇਰੇ ਜਨਮ ਵੇਲੇ ਉਹ ਆਈ ਸੀ ਤੇ ਉਨ੍ਹੇ ਹੀ ਮੇਰਾ ਨਾਮ ਬਖ਼ਸ਼ਿੰਦਰ ਰੱਖਿਆ ਸੀ। ਮੇਰੀ ਦਾਦੀ ਮੈਨੂੰ ਸੋਢੀ ਕਹਿੰਦੀ ਹੁੰਦੀ ਸੀ। ਪਹਿਲਾਂ ਪਹਿਲ ਮੈਂ ਆਪਣਾ ਪੂਰਾ ਨਾਂ ਸੋਢੀ ਬਖ਼ਸ਼ਿੰਦਰ ਸਿੰਘ ਖੇਲਾ ਲਿਖਦਾ ਹੁੰਦਾ ਸੀ। ਜਦੋਂ ਮੈਂ ਕਾਲਜ ਗਿਆ ਤਾਂ ਐਡੇ ਵੱਡੇ ਨਾਮ ਵਿਚ ਮੈਨੂੰ ਵਾਧੂ ਦਾ ਖਿਲਾਰਾ ਜਿਹਾ ਲੱਗਦਾ ਸੀ। ਉਹ ਭਾਰ ਲਾਹੁੰਦੇ-ਲਾਹੁੰਦੇ ਬੱਸ ‘ਕੱਲਾ ਬਖ਼ਸ਼ਿੰਦਰ ਬਚ ਗਿਆ ਤੇ ਉਹੀ ਚੱਲ ਰਿਹਾ ਹੈ।ਹੁਣ ਇਹ ਸਾਹਿੱਤਕ ਹੈ ਜਾਂ ਗ਼ੈਰ-ਸਾਹਿੱਤਕ ਇਹ ਮੈਨੂੰ ਨਹੀਂ ਪਤਾ।

ਮੈਂ ਕਦੇ ਕਿਸੇ ਪਾਰਟੀ ਦਾ ਕਾਰਡਹੋਲਡਰ ਨਹੀਂ…

ਲਫ਼ਜ਼ਾਂ ਦਾ ਪੁਲ: ਜਿਵੇਂ ਕਿ ਤੁਸੀ ਦੱਸਿਆ, ਬਚਪਨ ਤੋਂ ਹੀ ਤੁਹਾਡਾ ਮਾਰਕਸੀ ਫਲਸਫ਼ੇ ਨਾਲ ਅਤੇ ਜੁਝਾਰੂ ਲਹਿਰਾਂ ਨਾਲ ਨੇੜਲਾ ਸਾਥ ਰਿਹਾ।ਕੀ ਤੁਸੀ ਨਿੱਜੀ ਤੌਰ ਤੇ ਕਿਸੇ ਵਿਚਾਰਧਾਰਾ ਨਾਲ ਜੁੜੇ। ਤੁਹਾਡੀ ਲੇਖਣੀ ਤੇ ਇਸਦਾ ਕੀ ਅਸਰ ਹੋਇਆ?

ਬਖ਼ਸ਼ਿੰਦਰ: ਬਸ ਇਸ ਦਾ ਇਕ ਹੀ ਸਤਰ ਵਿਚ ਜਵਾਬ ਹੈ ਕਿ ਮੈਂ ਕਦੇ ਕਿਸੇ ਪਾਰਟੀ ਦਾ ਕਾਰਡਹੋਲਡਰ ਨਹੀਂ ਰਿਹਾ, ਪਰ ਸਭ ਨੇ ਹੀ ਮੈਂਨੂੰ ਆਪਣਾ ਸਮਝਿਆ।

ਲਫ਼ਜ਼ਾਂ ਦਾ ਪੁਲ: ਕਾਲਜ ਦੇ ਦਿਨਾਂ ਵਿਚ ਤੁਹਾਡੀਆਂ ਰੁਚੀਆਂ ਕਿਹੋ ਜਿਹੀਆਂ ਸਨ?

ਬਖ਼ਸ਼ਿੰਦਰ: ਜਦੋਂ ਮੈਂ ਅੰਗਰੇਜ਼ੀ ਕਵਿਤਾ ਲਿਖੀ ਤਾਂ ਮੇਰੇ ਪ੍ਰੋਫੈਸਰਾਂ ਨੇ ਕਿਹਾ ਕਿ ਬਖ਼ਸ਼ਿੰਦਰ ‘ਅੰਗਰੇਜ਼ ਪੋਇਟ’ ਬਣ ਗਿਆ। ਮੇਰੇ ਤਾਏ ਨੂੰ ਗਤਕਾ ਖੇਡਣ ਦਾ ਸ਼ੌਂਕ ਸੀ, ਮੈਨੂੰ ਵੀ ਉਨ੍ਹਾਂ ਤੋਂ ਇਹ ਸ਼ੌਂਕ ਲੱਗਿਆ।ਕਾਲਜ ਦੇ ਦਿਨਾਂ ਵਿਚ ਮੈਂਨੂੰ ਦੋਵੇਂ ਪਾਸੇ ਖਿੱਚਿਆ ਜਾਂਦਾ। ਕਾਲੇਜ ਦੇ ਖੇਡ ਵਿਭਾਗ ਵਾਲੇ ਕਹਿੰਦੇ ਕਿ ਮੈਂ ਖੇਡਾਂ ਵਿਚ ਕੁਝ ਚੰਗਾ ਕਰਾਂਗਾ। ਉਨ੍ਹਾਂ ਦਿਨਾਂ ਵਿਚ ਕਾਲਜ ਵਿਚ ਮੇਰੀ ਪਲੇਅਰ ਕਾਲ ਕਰਨ ਦੀ ਡਿਊਟੀ ਲੱਗੀ, ਜਿਹੜੀ ਪਹਿਲਾਂ ਸਿਰਫ ਡੀਪੀ ਹੀ ਕਰਦੇ ਹੁੰਦੇ ਸੀ। ਇੰਟਰ ਕਾਲਜ ਵਿਚ ਗੱਤਕਾ ਖੇਡਿਆ। ਸ਼ੁਰੂ ਤੋਂ ਇਹੀ ਸੋਚਦਾ ਕਿ ਕੁਝ ਵੱਖਰਾ ਕੀਤਾ ਜਾਵੇ। ਇਕ ਵਾਰ ਸਾਡੇ ਕਾਲਜ ਵਿਚ ਇਕ ਸਮਾਗਮ ਸੀ, ਮੇਰੀ ਡਿਊਟੀ ਮੰਚ ਸੰਚਾਲਣ ਦੀ ਲਾ ਦਿੱਤੀ। ਜਿਹੜੀ ਕਿ ਪਹਿਲਾਂ ਸਿਰਫ ਪ੍ਰੋਫੈਸਰ ਹੀ ਕਰਿਆ ਕਰਦੇ ਸਨ। ਅਚਾਨਕ ਮਿਲੀ ਇਸ ਜਿੰਮੇਵਾਰੀ ਨੂੰ ਪਹਿਲੀ ਵਾਰ ਹੀ ਬਖੂਬੀ ਨਿਭਾਇਆ। ਇਸ ਤਰ੍ਹਾਂ ਡਰਾਮਾ, ਕਵਿਤਾ, ਅਤੇ ਕਹਾਣੀ ਦੇ ਨਾਲ ਹੀ ਖੇਡਾਂ ਨਾਲ ਵੀ ਜੁੜਿਆ ਰਿਹਾ।

ਇੱਕ ਵਾਰ ਫੇਰ ਪੰਜਾਬੀ ਟ੍ਰਿਬਿਊਨ ਦੀ ਇੰਟਰਵਿਊ ਵਿਚ ਫੇਲ ਰਿਹਾ

ਸੰਘਰਸ਼ ਦਰ ਸੰਂਘਰਸ਼

ਲਫ਼ਜ਼ਾਂ ਦਾ ਪੁਲ: ਪੜ੍ਹਾਈ ਤੋਂ ਬਾਅਦ ਤੁਹਾਨੂੰ ਕਾਫੀ ਸੰਘਰਸ਼ ਕਰਨਾ ਪਿਆ। ਉਹ ਦੌਰ ਕਿਹੋ ਜਿਹਾ ਸੀ?

ਬਖ਼ਸ਼ਿੰਦਰ: ਬੀ.ਏ. ਕਰਨ ਤੋਂ ਬਾਦ ਹੋਰ ਪੜ੍ਹਨ ਦਾ ਮੌਕਾ ਨਾ ਮਿਲਿਆ ਤੇ ਨਾਂ ਹੀ ਨੌਕਰੀ ਮਿਲੀ।ਤੱਤੀ ਕਵਿਤਾ ਦੇ ਪ੍ਰਭਾਵ ਹੇਠ ਕੁਝ ਕਵਿਤਾਵਾਂ ਛਪੀਆਂ।ਉਸ ਤੋਂ ਬਾਅਦ ਕਾਫੀ ਸਾਰੀ ਰੁਮਾਂਟਿਕ ਕਵਿਤਾ ਹੀ ਲਿਖੀ। ਮੇਰੀ ਕਹਾਣੀ ਇਕ ਮੁਲਾਕਾਤ ਪੜ੍ਹ ਕੇ ਸਾਡੇ ਪ੍ਰਿਸਿੰਪਲ ਸੰਤ ਸਿੰਘ ਸੇਖੋਂ ਨੇ ਸਮਝਾਇਆ ਕਿ ਰੋਮਾਂਟਿਕ ਦਾ ਮਤਲਬ ਕੀ ਹੁੰਦਾ ਹੈ। 1970 ਚ ਬੀਏ ਕਰਨ ਤੋਂ ਬਾਅਦ 1978 ਤੱਕ ਬੇਰੋਜ਼ਗਾਰ ਰਿਹਾ। ਬੜਾ ਰੋਹ ਆਇਆ ਕਿ ਸਭ ਕੁਝ ਤਹਿਸ ਨਹਿਸ ਕਰ ਦੇਵਾਂ।ਰੁਜ਼ਗਾਰ ਦੀ ਉਦੋਂ ਮੈਨੂੰ ਇਸ ਲਈ ਵੀ ਜਿਆਦਾ ਲੋੜ ਸੀ, ਕਿਉਂ ਕਿ ਬੀ.ਏ. ਦੇ ਦੂਜੇ ਸਾਲ ਵਿਚ ਮੇਰਾ ਵਿਆਹ ਹੋ ਗਿਆ।ਬੀ.ਏ. ਪੂਰੀ ਹੁੰਦੇ-ਹੁੰਦੇ ਮੁਕਲਾਵਾ ਆ ਗਿਆ।ਫਿਰ ਬੱਚੇ ਵੀ ਹੋ ਗਏ। ਇਸ ਲਈ ਨੌਕਰੀ ਜਰੂਰਤ ਵੀ ਸੀ ਤੇ ਮਜਬੂਰੀ ਵੀ। ਕਈ ਵਾਰ ਪੱਲੇ ਪੈਸੇ ਨਾ ਹੋਣ ਕਰ ਕੇ ਇੰਟਰਵਿਊ ਲਈ ਜਾਣ ਤੋਂ ਰਹਿ ਗਿਆ। ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ।ਫਿਰ ਨਵਾਂ ਜ਼ਮਾਨਾ ਵਿਚ ਹੱਥ ਅਜ਼ਮਾਈ ਲਈ ਕੰਮ ਕਰਨ ਲੱਗਾ।ਪਿੰਡ ਵਿਚੋਂ ਸਭਾਵਾਂ ਦੀਆਂ ਮੀਟਿੰਗਾਂ ਦੀਆਂ ਖਬਰਾਂ ਲਿਖਣੀਆਂ। ਉਨ੍ਹਾਂ ਦਿਨਾਂ ਵਿਚ ਨਵਾਂ ਜ਼ਮਾਨਾ ਵਿਚ ਲੋਕ ਘੱਟ ਟਿਕਦੇ ਹੁੰਦੇ ਸੀ। ਲੋਕ ਉੱਥੋਂ ਸਿੱਖਦੇ ਅਤੇ ਦੂਸਰੀਆਂ ਅਖ਼ਬਾਰਾਂ ਵਿਚ ਚਲੇ ਜਾਂਦੇ।

1978 ਵਿਚ ਪੰਜਾਬੀ ਟ੍ਰਿਬਿਊਨ ਅਖ਼ਬਾਰ ਸ਼ੁਰੂ ਹੋਇਆ ਤਾਂ ਮੈਂ ਅਪਲਾਈ ਕਰ ਦਿੱਤਾ। ਆਪਣੇ ਤਜ਼ਰਬੇ ਅਤੇ ਹੁਨਰ ਕਰਕੇ ਮੈਨੂੰ ਆਸ ਸੀ ਕਿ ਉਹ ਮੈਨੂੰ ਜ਼ਰੂਰ ਨੌਕਰੀ ਦੇ ਦੇਣਗੇ, ਪਰ ਉਨ੍ਹਾਂ ਬਰੰਗ ਮੋੜ ਦਿੱਤਾ। ਫਿਰ ਨਵਾਂ ਜ਼ਮਾਨਾ ਵਿਚ ਇਸ਼ਤਿਹਾਰ ਆਇਆ ਕਿ ਪੱਤਰਕਾਰੀ ਸਿਖਾਵਾਂਗੇ। ਫਿਰ ਉੱਥੇ ਵਾਪਸ ਚਲਾ ਗਿਆ। ਅਨੁਵਾਦ ਕਰਨਾ ਅਤੇ ਖਬਰਾਂ ਲਿਖਣੀਆਂ।ਉਦੋਂ 100 ਰੁਪਏ ਤਨਖਾਹ ਹੁੰਦੀ ਸੀ, ਪਰ ਕੰਮ ਪੱਕਾ ਨਹੀਂ ਸੀ ਹੁੰਦਾ। ਜਦੋਂ ਚਿੱਠੀ ਆਉਣੀ ਕੰਮ ਤੇ ਚਲੇ ਜਾਣਾ, ਨਹੀਂ ਖੇਤੀ ਵੱਲ ਚਲੇ ਜਾਣਾ।ਉਨ੍ਹਾਂ ਹੀ ਦਿਨਾਂ ਵਿਚ ਟਾਮਸ ਮਾਨ ਦਾ ਨਾਵਲ ‘ਦ ਵੂਡਨ ਬਰੂਕਸ’ (800 ਸਫ਼ੇ) ਦੇ 600 ਸਫੇ ਅਨੁਵਾਦ ਕੀਤੇ।ਨਵਾਂ ਜ਼ਮਾਨਾ ਵਿਚ ਲੈਟਰ ਪ੍ਰੈਸ, ਪ੍ਰਿੰਟਿੰਗ ਤਕਨੀਕ ਤੇ ਪੱਤਰਕਾਰੀ ਦੇ ਬਹੁਤੇ ਗੁਰ ਸਿੱਖੇ ਤੇ ਨਵੇਂ ਪ੍ਰਯੋਗ ਕੀਤੇ।ਫਿਰ ਜਗ ਬਾਣੀ ਚ ਨੌਕਰੀ ਸ਼ੁਰੂ ਕੀਤੀ, ਤਨਖਾਹ 350 ਰੁਪਏ ਸੀ।ਸਵਾ 17 ਸਾਲ ਕੰਮ ਕੀਤਾ, ਪਰ ਮਨ ਵਿਚ ਇਹੀ ਆਉਂਦਾ ਰਿਹਾ, ਇਹ ਤੇਰੀ ਪੱਕੀ ਥਾਂ ਨਹੀਂ। ਇੱਕ ਵਾਰ ਫੇਰ ਪੰਜਾਬੀ ਟ੍ਰਿਬਿਊਨ ਦੀ ਇੰਟਰਵਿਊ ਵਿਚ ਫੇਲ ਰਿਹਾ।1995 ਚ ਫੇਰ ਟ੍ਰਿਬਿਊਨ ਵਿਚ ਜਾਣ ਦੀ ਕੋਸ਼ਿਸ਼ ਕੀਤੀ, ਜੋ ਸਿਰੇ ਚੜ੍ਹ ਗਈ।

ਚੰਡੀਗੜ੍ਹ ਦੇ ਨਜ਼ਾਰੇ?

ਲਫ਼ਜ਼ਾਂ ਦਾ ਪੁਲ: ਨਵਾਂ ਜ਼ਮਾਨਾ ਅਤੇ ਜਗ ਬਾਣੀ ਤੋਂ ਬਾਅਦ ਟ੍ਰਿਬਿਊਨ ਵਿਚ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?

ਬਖ਼ਸ਼ਿੰਦਰ: ਓਥੇ ਕਲਚਰ ਹੋਰ ਸੀ, ਟ੍ਰਿਬਿਊਨ ਵਿਚ ਬਸ ਨੌਕਰੀ ਕੀਤੀ। ਪੱਤਰਕਾਰੀ ਦੇ ਪੂਰੇ ਸਫਰ ਦੌਰਾਨ ਦੋਵੇਂ ਚੀਜ਼ਾਂ ਦਾ ਅਹਿਸਾਸ ਕੀਤਾ। ਜਗ ਬਾਣੀ ਵਿਚ ਜਿਆਦਾ ਕੰਟਰੋਲ ਵੀ ਦੇਖਿਆ ਤੇ ਟ੍ਰਿਬਿਊਨ ਵਿਚ ਖੁੱਲ ਵੀ ਦੇਖੀ। ਮੇਰਾ ਨਿੱਜੀ ਖ਼ਿਆਲ ਹੈ ਕਿ ਹਰ ਅਦਾਰੇ ਵਿਚ ਦੋਵਾਂ ਦਾ ਬਰਾਬਰ ਸੰਤੁਲਨ ਹੋਣਾ ਚਾਹੀਦਾ ਹੈ।

ਲਫ਼ਜ਼ਾਂ ਦਾ ਪੁਲ: ਪੱਤਰਕਾਰੀ ਤੋਂ ਵਾਪਸ ਤੁਹਾਡੇ ਸਾਹਿਤੱਕ ਸਫ਼ਰ ਦੀ ਗੱਲ ਕਰਦੇ ਹਾਂ। ਕਾਲਜ ਦੇ ਦਿਨਾਂ ਤੋਂ ਹੀ ਤੁਹਾਡਾ ਸੰਪਰਕ ਸੇਖੋਂ ਹੁਰਾਂ ਨਾਲ ਰਿਹਾ। ਉਨ੍ਹਾਂ ਦੇ ਸਾਹਿਤ ਅਤੇ ਸ਼ਖ਼ਸੀਅਤ ਦਾ ਤੁਹਾਡੇ ਉੱਪਰ ਕਿੰਨਾਂ ਅਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ?

ਬਖ਼ਸ਼ਿੰਦਰ: ਸੇਖੋਂ ਹੁਰਾਂ ਦੀ ਸ਼ਖ਼ਸੀਅਤ ਦਾ ਪ੍ਰਭਾਵ ਪੈਣਾ ਲਾਜ਼ਮੀ ਸੀ। ਉਨ੍ਹਾਂ ਦਿਨਾਂ ਵਿਚ ਸੇਖੋਂ ਸਾਹਬ ਨੇ ਕਹਾਣੀ ਕਨਫਿਊਸ਼ਿਅਸ ਰੇਡਿਓ ਤੇ ਪੜ੍ਹੀ। ਇਸ ਕਹਾਣੀ ਨੂੰ ਸੁਣ ਕੇ ਪ੍ਰੇਰਨਾ ਮਿਲੀ ਕਿ ਰੋਜ਼ਮੱਰਾ ਦੀਆਂ ਘਟਨਾਵਾਂ ਤੋਂ ਕਿਸ ਤਰਾਂ ਕਹਾਣੀਆਂ ਨਿਕਲਦੀਆਂ ਹਨ? ਕਿਵੇਂ ਘਟਨਾਵਾਂ ਨੂੰ ਕਹਾਣੀਆਂ ਵਿਚ ਲਿਖਿਆ ਜਾਂਦਾ ਹੈ। ਇਹ ਵੀ ਸਮਝ ਆਇਆ ਕਿ ਕਹਾਣੀ ਵਿਚ ਅਸੀ ਪਾਤਰਾਂ ਅਤੇ ਹਾਲਾਤ ਉਵੇਂ ਹੀ ਪੇਸ਼ ਕਰਦੇ ਹਾਂ, ਜਿਦਾਂ ਦਾ ਅਸੀ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਹਾਂ।ਜਿਹੜੀ ਘਾਟ ਅਸੀ ਆਪਣੇ ਅੰਦਰ ਜਾਂ ਆਪਣੇ ਹਾਲਾਤ ਵਿਚ ਦੇਖਦੇ ਹਾਂ, ਉਹ ਅਸੀ ਕਹਾਣੀਆਂ ਵਿਚ ਲਿਖ ਕੇ ਪੂਰੀਆਂ ਕਰਦੇ ਹਾਂ। ਇਹ ਸਭ ਕੁਝ ਅਸੀ ਆਪਣੀ ਜ਼ਿੰਦਗੀ ਚੋਂ ਹੀ ਲੈਂਦੇ ਹਾਂ।

ਸੇਖੋਂ ਬੇਬਾਕ ਸ਼ਖ਼ਸੀਅਤ ਸਨ। ਆਮ ਅਧਿਆਪਕਾਂ ਵਾਂਗ ਨਹੀਂ ਸਿਰਫ ਪੜਾਂਉਦੇ ਹੀ ਨਹੀਂ ਸਨ, ਸਗੋਂ ਵਿਦਿਆਰਥੀ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਸਨ। ਉਨ੍ਹਾਂ ਨੂੰ ਹਰ ਵਿਦਿਆਰਥੀ ਦਾ ਨਾਮ ਯਾਦ ਹੁੰਦਾ।ਇਕ ਕਿੱਸਾ ਸੁਣੋ, ਇਕ ਵਾਰ ਪੀਰੀਅਡ ਖਤਮ ਹੋਣ ਦਾ ਟਾਈਮ ਹੋ ਗਿਆ। ਘੰਟੀ ਵਜਾਉਣ ਵਾਲਾ ਮੁੰਡਾ ਕਿਤੇ ਚਲਾ ਗਿਆ। ਸੇਖੋਂ ਸਾਹਬ ਕਹਿੰਦੇ, ਲੈ ਬਈ ਟੈਮ ਹੋ ਗਿਆ। ਮੁੰਡਾ ਪਤਾ ਨਹੀਂ ਕਿੱਥੇ ਗਿਆ। ਐਂ ਕਰ ਤੂੰ ਘੰਟੀ ਵਜਾ ਦੇ। ਮੈਂ ਇਕ ਘੰਟੀ ਮਾਰੀ ਤਾਂ ਉਸਦੀ ਆਵਾਜ਼ ਸੁਣ ਕਿ ਪਤਾ ਨਹੀਂ ਕੀ ਹੋਇਆ, ਮੈਥੋਂ ਅਗਲੀ ਘੰਟੀ ਨਹੀਂ ਵੱਜੀ। ਸੇਖੋਂ ਸਾਹਿਬ ਕਹਿੰਦੇ, ਇੰਝ ਨਹੀਂ ਕਰੀਦਾ।ਕੋਈ ਵੀ ਕੰਮ ਵਿਚਾਲੇ ਨਹੀਂ ਛੱਡੀਦਾ।ਉਨ੍ਹਾਂ ਹਥੌੜਾ ਮੇਰੇ ਹੱਥੋਂ ਫੜਿਆ ਤੇ ਫਿਰ ਆਪ ਪੂਰੀਆਂ ਘੰਟੀਆਂ ਵਜਾਈਆਂ।

ਕਵਿਤਾ, ਕਹਾਣੀ, ਗ਼ਜ਼ਲ…

ਲਫ਼ਜ਼ਾਂ ਦਾ ਪੁਲ: ਤੁਸੀ ਸ਼ੁਰੂਆਤ ਕਵਿਤਾ ਤੋਂ ਕੀਤੀ, ਫੇਰ ਕਹਾਣੀ ਵੀ ਲਿਖੀ ਤੇ ਫਿਰ ਗ਼ਜ਼ਲ ਵੱਲ ਆ ਗਏ। ਇਹ ਬਦਲਾਅ ਕਿਉਂ ਚਲਦਾ ਰਿਹਾ?

ਬਖ਼ਸ਼ਿੰਦਰ: ਮੈਂ ਇੱਕ ਦਾਇਰੇ ਵਿਚ ਖੁਦ ਨੂੰ ਬੰਨ੍ਹ ਕੇ ਨਹੀਂ ਸੀ ਰੱਖਣਾ ਚਾਹੁੰਦਾ।ਭਾਵੇਂ ਕਵਿਤਾ, ਗੀਤ, ਜਾਂ ਗ਼ਜ਼ਲ ਲਿਖਾਂ, ਮੈਨੂੰ ਕਵੀ ਕਹਾਉਣਾ ਪਸੰਦ ਹੈ।ਗ਼ਜ਼ਲਗੋ ਜਾਂ ਗੀਤਕਾਰ ਨਹੀਂ। ਸਿੱਖਣਾ ਅਤੇ ਨਵੇਂ ਤਜ਼ਰਬੇ ਕਰਨਾ ਪੂਰੀ ਜ਼ਿੰਦਗੀ ਜਾਰੀ ਰਹਿੰਦਾ ਹੈ। ਮੇਰਾ ਮੰਨਣਾ ਹੈ ਕਿ ਬਾਰਿਸ਼ ਵੇਲੇ ਘੜ੍ਹਾ ਸਿੱਧਾ ਹੋਵੇ ਤਾਂ ਉਹ ਭਰਦਾ ਹੈ ਤੇ ਜੇ ਪੁੱਠਾ ਪਿਆ ਹੋਵੇ ਤਾਂ ਖ਼ਾਲੀ ਰਹਿ ਜਾਂਦਾ ਹੈ।ਬਸ ਮੈਂ ਹਮੇਸ਼ਾ ਜ਼ਹਿਨ ਅਤੇ ਦਿਲ ਨੂੰ ਖੁੱਲਾ ਹੀ ਰੱਖਿਆ।

ਲਫ਼ਜ਼ਾਂ ਦਾ ਪੁਲ: ਫੇਰ ਤੁਸੀ ਰੇਡੀਓ ਵੱਲ ਵੀ ਰੁਖ਼ ਕੀਤਾ। ਲਿਖਦੇ-ਲਿਖਦੇ ਆਵਾਜ਼ ਦੀ ਦੁਨੀਆਂ ਵਾਲਾ ਰਾਹ ਕਿਵੇਂ ਫੜ ਲਿਆ।

ਬਖ਼ਸ਼ਿੰਦਰ: ਉਨ੍ਹਾਂ ਦਿਨਾਂ ਵਿਚ ਅਨਾਂਊਸਰ ਵੀ ਆਪ ਲਿਖਦੇ ਹੁੰਦੇ ਸੀ।ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੁੰਦੇ ਪ੍ਰੋਗਰਾਮ ਜਵਾਂ ਤਰੰਗ ਵਿਚ ਇੱਕ ਚਰਚਾ ਲਈ ਮੈਨੂੰ ਬੁਲਾਇਆ ਗਿਆ।ਇਕ ਵਿਸ਼ਾ ਦਿੱਤਾ ਬੋਲਣ ਲਈ।ਜਦੋਂ ਆਪਣੇ ਆਪ ਨੂੰ ਸੁਣਿਆ ਤਾਂ ਲਗਿੱਆ ਕਿ ਰੇਡਿਓ ਤੇ ਮੇਰੀ ਆਵਾਜ਼ ਚੰਗੀ ਲੱਗਦੀ ਹੈ। ਫੇਰ ਮੈਂ ਡਰਾਮੇ ਬਾਰੇ ਪਤਾ ਕੀਤਾ। ਆਡਿਸ਼ਨ ਦਾ ਫਾਰਮ ਭਰਿਆ ਤੇ ਚੁਣਿਆ ਗਿਆ। ਉਦੋਂ ਹੋਰ ਵੀ ਉਤਸ਼ਾਹ ਮਿਲਿਆ, ਜਦੋਂ ਪਹਿਲੇ ਹੀ ਰੇਡੀਓ ਡਰਾਮੇ ਵਿਚ ਹੀ ਮੁੱਖ ਕਿਰਦਾਰ ਲਈ ਆਵਾਜ਼ ਦੇਣ ਦਾ ਮੌਕਾ ਮਿਲਿਆ। ਫੇਰ ਪੱਤਰਕਾਰਾਂ ਵਾਲਾ ਪ੍ਰੋਗਰਾਮ ਮਿਲ ਗਿਆ। ਸੋ ਇਸੇ ਤਰ੍ਹਾਂ ਚਲਦਾ ਰਿਹਾ।

ਲਫ਼ਜ਼ਾਂ ਦਾ ਪੁਲ: ਰੇਡੀਓ ਤੇ ਆਵਾਜ਼ ਦੇ ਨਾਲ ਹੀ ਤੁਹਾਡੀ ਲੇਖਣੀ ਨੇ ਵੀ ਕਮਾਲ ਕੀਤਾ। ਰੇਡੀਓ ਲਈ ਲਿਖਣ ਦਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ?

ਬਖ਼ਸ਼ਿੰਦਰ: ਉਨ੍ਹਾਂ ਦਿਨਾਂ ਵਿਚ ਰੇਡੀਓ ਸਟੇਸ਼ਨ ਵਿਚ ਆਉਣਾ-ਜਾਣਾ ਸੀ। ਪਤਾ ਲੱਗਿਆ ਕਿ ਹੜ੍ਹ ਤੇ ਡਰਾਮਾ ਲਿਖਣ ਵਾਲੇ ਨੂੰ ਸਟੇਜ ਤੇ ਸਨਮਾਨਿਤ ਕੀਤਾ ਜਾਵੇਗਾ। ਬਸ ਉਦੋਂ ਤੋਂ ਹੀ ਰੇਡੀਓ ਲਈ ਲਿਖਣਾ ਸ਼ੁਰੂ ਹੋ ਗਿਆ।ਸਟੇਜ ਦੇ ਲਈ ਪਹਿਲਾ ਨਾਟਕ ‘ਜਿੱਤ ਜੰਮੈ ਰਾਜਾਨ’ ਲੋਕ ਸੰਪਰਕ ਵਿਭਾਗ ਲਈ ਲਿਖਿਆ, ਪਰ ਰੌਲਾ ਪੈ ਜਾਣ ਕਰਕੇ ਸ਼ੋਅ ਰੱਦ ਹੋ ਗਿਆ। ਮੇਰੇ ਇਕ ਡਰਾਮੇ ਦੀ ਪੇਸ਼ਕਾਰੀ ਹੋਈ ਤਾਂ ਮੇਰੇ ਇਕ ਦੋਸਤ ਨੇ ਲਿਖਿਆ ਡਰਾਮਾ ਸ਼ਰਾਬ ਵਾਗੂੰ ਚੜ੍ਹਿਆ।ਜਲੰਧਰ ਰੇਡੀਓ ਸਟੇਸ਼ਨ ਦਾ ਡਰਾਮਾ ਪ੍ਰੋਡਿਊਸਰ ਵਿਨੋਦ ਧੀਰ ਮੇਰੀ ਕਲਮ ਦਾ ਮੁਰੀਦ ਹੋ ਗਿਆ।ਡਰਾਮਾ ਮੁਕਾਬਲੇ ਵਿਚ ਮੇਰੇ ਡਰਾਮੇ ਇਤਿਸ਼ਹਾਰ ਨੇ ਐਵਾਰਡ ਜਿੱਤ ਲਿਆ।ਸਾਂਈਂ ਦਾ ਟਿੱਲਾ ਡਰਾਮਾ ਕਾਫੀ ਚਰਚਿਤ ਹੋਇਆ।

ਲਫ਼ਜ਼ਾਂ ਦਾ ਪੁਲ: ਤੁਹਾਡਾ ਵਾਰਸ ਸ਼ਾਹ ਦੀ ਹੀਰ ਦਾ ਨਾਟ ਰੂਪਾਂਤਰ ਵੀ ਕਾਫੀ ਪਸੰਦ ਕੀਤਾ ਗਿਆ। ਇਹ ਹੀਰ ਵਾਰਿਸ ਸ਼ਾਹ ਦਾ ਰੇਡੀਓ ਨਾਟਕ ਲਿਖਣ ਦਾ ਮੌਕਾ ਕਿਵੇਂ ਮਿਲਿਆ?

ਬਖ਼ਸ਼ਿੰਦਰ: ਓਸ ਵੇਲੇ ਦੇ ਜਲੰਧਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਫੈਜ਼ ਮੁਹੰਮਦ ਕਿਸਾਨਾ ਨੇ ਵਿਨੋਦ ਧੀਰ ਨੂੰ ਸਲਾਹ ਦਿੱਤੀ ਕਿ ਹੀਰ-ਰਾਂਝੇ ਦੇ ਕਿੱਸੇ ਤੇ ਡਰਾਮਾ ਬਣਾਇਆ ਜਾਵੇ।ਉਹ ਚਾਹੁੰਦੇ ਸਨ ਕਿ ਡਾ. ਸੁਰਜੀਤ ਪਾਤਰ ਇਹ ਡਰਾਮਾ ਲਿਖਣ। ਪਾਤਰ ਸਾਹਬ ਉਸ ਵੇਲੇ ਕੋਈ ਫਿਲਮ ਲਿਖ ਰਹੇ ਸਨ, ਸੋ ਉਨ੍ਹਾਂ ਵਿਨੋਦ ਧੀਰ ਨੂੰ ਜਵਾਬ ਦੇ ਦਿੱਤਾ।ਸੋ ਧੀਰ ਹੁਰਾਂ ਨੇ ਗੱਲ ਮੇਰੇ ਤੇ ਲੈ ਆਂਦੀ। ਮੈਨੂੰ ਦੱਸਿਆ ਗਿਆ ਕਿ ਕਿਸਾਨਾ ਸਾਹਬ ਚਾਹੁੰਦੇ ਨੇ ਕਿ ਹੀਰ ਵਾਰਿਸ਼ ਸ਼ਾਹ ਨੂੰ ਰੇਡਿਓ ਰਾਹੀਂ ਪੇਸ਼ ਕੀਤਾ ਜਾਵੇ ਤੇ ਫਿਰ ਇਸ ਦੀ ਆਡਿਓ ਸੀਡੀ ਬਣਾ ਕੇ ਲੋਕਾਂ ਤੱਕ ਪਹੁੰਚਾਇਆ ਜਾਏ। ਮੈਂ ਸੋਚਿਆ ਬਈ ਚਲੋ ਇਸੇ ਬਹਾਨੇ ਸਾਨੂੰ ਵੀ ਵੱਡਾ ਕੰਮ ਕਰਨ ਦਾ ਮੌਕਾ ਮਿਲੂ।ਬੱਸ ਫੇਰ ਕੀ ਸੀ, ਬੈਂਤਾਂ ਚ ਲਿਖੇ ਕਿੱਸੇ ਨੂੰ ਰੇਡੀਓ ਨਾਟਕ ਵਿਚ ਢਾਲਣਾ ਸ਼ੁਰੂ ਕੀਤਾ। ਇਸ ਵਿਚ ਮੈਂ ਆਪਣੀ ਸਮਝ ਅਤੇ ਸੋਚ ਮੁਤਾਬਿਕ ਕਾਫੀ ਕੁਝ ਨਿਵੇਕਲਾ ਕਰਨ ਦੀ ਕੋਸ਼ਿਸ ਕੀਤੀ। ਮੈਂ ਲਿਖ ਕੇ ਰਾਤ ਨੂੰ ਧੀਰ ਹੁਰਾਂ ਨੂੰ ਹਰ ਕਿਸਤ ਦੀ ਕਹਾਣੀ ਫੋਨ ਤੇ ਸੁਣਾ ਦੇਣੀ।ਨਾਟਕ ਰੇਡੀਓ ਤੇ ਤਾਂ ਵਧੀਆ ਚੱਲ ਗਿਆ, ਪਰ ਸੀਡੀ ਵਾਲਾ ਮਾਮਲਾ ਵਿਚਾਲੇ ਹੀ ਰਹਿ ਗਿਆ। ਕਿਸਾਨਾ ਸਾਹਬ ਰਿਟਾਇਰ ਹੋ ਗਏ, ਜਾਂਦੇ ਜਾਂਦੇ ਉਹ ਇਕ ਸੀਡੀ ਤਾਂ ਰਿਲੀਜ਼ ਕਰ ਗਏ, ਪਰ ਨਵੇਂ ਆਏ ਸਟੇਸ਼ਨ ਡਾਇਰੈਕਟਰ ਨੇ ਇਸ ਵਿਸ਼ੇ ਨੂੰ ਹੀ ਪੂਰੀ ਤਰਾਂ ਬੰਦ ਕਰ ਦਿੱਤਾ।

ਲਫ਼ਜ਼ਾਂ ਦਾ ਪੁਲ: ਤੁਸੀ ਰੇਡੀਓ ਨਾਟਕਾਂ ਤੱਕ ਸੀਮਤ ਨਹੀਂ ਰਹੇ, ਫੇਰ ਤੁਸੀ ਪੰਜਾਬੀ ਫਿਲਮਾਂ ਵੀ ਲਿਖੀਆਂ, ਫਿਲਮੀ ਦੁਨੀਆਂ ਵਿਚ ਤੁਹਾਡਾ ਦਾਖਲਾ ਕਿਵੇਂ ਹੋਇਆ?

ਬਖ਼ਸ਼ਿੰਦਰ: ਇਹ ਸਫ਼ਰ ਫਿਲਮ ਜ਼ੋਰਾਵਰ ਦੇ ਨਾਲ ਸ਼ੁਰੂ ਹੋਇਆ।ਜ਼ੋਰਾਵਰ ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਸੰਵਾਦ ਲਿਖੇ। ਬਸ ਫਿਰ ਸਿਲਸਿਲਾ ਚਲਦਾ ਰਿਹਾ।

ਲਫ਼ਜ਼ਾਂ ਦਾ ਪੁਲ: ਜਸਪਾਲ ਭੱਟੀ ਦੀ ਫਿਲਮ ਮਾਹੌਲ ਠੀਕ ਹੈ ਨੇ ਤੁਹਾਨੂੰ ਬਤੌਰ ਫਿਲਮ ਲੇਖਕ ਇੱਕ ਵੱਖਰੀ ਪਛਾਣ ਦਿਵਾਈ, ਇਸ ਫਿਲਮ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ?

ਬਖ਼ਸ਼ਿੰਦਰ: ਉਨ੍ਹਾਂ ਦਿਨਾਂ ਵਿਚ ਅੱਤਵਾਦ ਦੀ ਕਾਫੀ ਚੜ੍ਹਤ ਸੀ। ਉਸ ਦੀ ਮਹਿਮਾਂ ਸੁਣ ਕਿ ਕਈ ਨੌਜਵਾਨ ਇਸ ਰਾਹ ਤੇ ਤੁਰ ਪੈਂਦੇ।ਬੇਅੰਤ ਸਿੰਘ ਦੀ ਸਰਕਾਰ ਸੀ ਤੇ ਜਸਪਾਲ ਭੱਟੀ ਇਸ ਪੂਰੇ ਮਾਹੌਲ ਉੱਪਰ ਵਿਅੰਗਮਈ ਚੋਟ ਕਰਦੀ ਫਿਲਮ ਬਣਾਉਣਾ ਚਾਹੁੰਦਾ ਸੀ। ਉਸ ਵੇਲੇ ਦਾ ਜਿਸ ਤਰ੍ਹਾਂ ਦਾ ਮਾਹੌਲ਼ ਸੀ, ਉਸ ਦੇ ਮੱਦੇਨਜ਼ਰ ਅਸੀ ਇਹ ਦੱਸਣਾ ਚਾਹੁੰਦੇ ਸੀ ਕਿ ਉੱਪਰੋਂ ਸਭ ਕੁਝ ਜੋ ਠੀਕ ਦਿਸਦਾ ਹੈ, ਉਹ ਅਸਲ ਵਿਚ ਕਿੰਨਾਂ ਠੀਕ ਹੈ। ਸੋ ਇਸ ਤਰ੍ਹਾਂ ਫਿਲਮ ਮਾਹੌਲ ਠੀਕ ਹੈ ਲਿਖਣ ਦੀ ਸ਼ੁਰੂਆਤ ਹੋਈ।

ਮੈਂ ਅਕਸਰ ਕਹਿ ਦਿੰਦਾ ਹੁੰਦਾ, ਮਾਹੌਲ ਠੀਕ ਹੈ!!! ਬੱਸ ਠੀਕ ਹੀ ਠੀਕ ਹੈ…

ਲਫ਼ਜ਼ਾਂ ਦਾ ਪੁਲ: …’ਤੇ ਫਿਲਮ ਨੇ ਪੰਜਾਬੀ ਫਿਲਮਾਂ ਦੇ ਇਤਿਹਾਸ ਵਿਚ ਨਵਾਂ ਮੁਕਾਮ ਕਾਇਮ ਕੀਤਾ। ਅਕਸਰ ਲੇਖਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਫਿਲਮਕਾਰ ਨੇ ਲੇਖਕ ਦੀ ਕਹਾਣੀ ਨਾਲ ਨਿਆਂ ਨਹੀਂ ਕੀਤਾ। ਇਹ ਗੱਲ ਕਿੰਨੀ ਕੁ ਠੀਕ ਹੈ। ਤੁਹਾਡਾ ਇਸ ਮਾਮਲੇ ਵਿਚ ਕਿਸ ਤਰ੍ਹਾਂ ਦਾ ਤਜ਼ਰਬਾ ਰਿਹਾ?

ਬਖ਼ਸ਼ਿੰਦਰ: ਅਸਲ ਵਿਚ ਦੋਵੇਂ ਹੀ ਗੱਲਾਂ ਨੇ, ਲੇਖਕ ਆਪਣੀ ਜਗ੍ਹਾ ਸਹੀ ਹੈ, ਜਦ ਕਿ ਫਿਲਮਕਾਰ ਕਹਿੰਦਾ ਹੈ ਕਿ ਉਸ ਦੀ ਫਿਲਮ ਵਿਚ ਬਹੁਤ ਸਾਰੇ ਲੋਕਾਂ ਨੇ ਕੰਮ ਕਰਨਾ ਹੁੰਦਾ ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਮੇਰਾ ਵੀ ਇਸ ਬਾਰੇ ਕੋਈ ਬਹੁਤਾ ਚੰਗਾ ਤਜ਼ਰਬਾ ਨਹੀਂ ਰਿਹਾ। ਪਹਿਲਾਂ ਜ਼ੋਰਾਵਰ ਫਿਲਮ ਦੇ ਪ੍ਰਡਿਊਸਰ ਨੇ ਪ੍ਰਚਾਰ ਵਿਚ ਬਤੌਰ ਲੇਖਕ ਮੇਰਾ ਨਾਮ ਹੀ ਗਾਇਬ ਕਰ ਦਿੱਤਾ। ਜਦੋਂ ਵਕੀਲ ਰਾਹੀਂ ਨੋਟਿਸ ਭਿਜਵਾਇਆ। ਇਸ ਬਾਰੇ ਮੀਡੀਆਂ ਚ ਖਬਰਾਂ ਆਈਆਂ। ਉਨ੍ਹਾਂ ਖਬਰਾਂ ਨੂੰ ਕੱਟ ਕੇ ਇਕ ਪੋਸਟਰ ਬਣਾ ਲਿਆ, ਜਿਸ ਨਾਲ ਖੂਬ ਰੌਲਾ ਪਿਆ।ਉਨ੍ਹਾਂ ਸ਼ਾਇਦ ਸੋਚਿਆ ਨਹੀਂ ਕਿ, ਇਹ ‘ਕੰਮਜ਼ੋਰਾ ਵਰ’ ਵੀ ਸੱਤੀ ਵੀਹੀ ਸੌ ਕਰ ਜਾਊਗਾ।ਜਦੋਂ ਮੈਂ ਇਹ ਕਹਿ ਦਿੱਤਾ ਕਿ ਸਾਰੇ ਸਬੂਤ ਲੈ ਕੇ ਅਦਾਲਤ ਜਾਊਂਗਾ, ਤਾਂ ਉਂਨ੍ਹਾਂ ਮੇਰਾ ਨਾਂ ਸ਼ਾਮਿਲ ਕਰਕੇ ਇਕ ਸਪੈਸ਼ਲ ਸ਼ੋਅ ਰੱਖਿਆ, ਜਿਸ ਵਿਚ ਸਾਰੇ ਮੀਡੀਆ ਨੂੰ ਫਿਲਮ ਦਿਖਾ ਦਿੱਤੀ। ਇਹ ਸਾਬਿਤ ਕਰਨ ਲਈ ਕਿ ਬਖ਼ਸ਼ਿੰਦਰ ਐਂਵੀ ਰੌਲਾ ਪਾਂਉਂਦਾ, ਉਹਦਾ ਨਾਂਮ ਤਾਂ ਫਿਲਮ ਵਿੱਚ ਹੈਇਸੇ ਤਰ੍ਹਾਂ ਹੀ ਆਪਣੀ ਕਹਾਣੀ ਮੁਤਾਬਿਕ ਜੋ (ਮਾਹੌਲ ਠੀਕ ਹੈ ਵਿਚ) ਕਿਰਦਾਰ ਲਿਖੇ (ਜਿਹੜੇ ਰਾਜ ਬੱਬਰ ਤੇ ਦਲਜੀਤ ਕੌਰ ਨੇ ਨਿਭਾਏ) ਉਨ੍ਹਾਂ ਨੂੰ ਕਲਾਕਾਰਾਂ ਦੀ ਫੋਕੀ ਟੌਹਰ ਕਰਕੇ ਬਦਲ ਦਿੱਤਾ ਗਿਆ। ਮੇਰੀ ਕਹਾਣੀ ਮੁਤਾਬਿਕ ਦਲਜੀਤ ਕੌਰ ਹੀਰੋ ਦੀ ਮਾਂ ਅਤੇ ਰਾਜ ਬਬੱਰ ਉਸ ਮੁੰਡੇ ਦਾ ਪਿਓ ਸੀ। ਪਰੰਤੂ ਕਿਉਂ ਕਿ ਇਹ ਦੋਵੇਂ ਹੀ ਉਦੋਂ ਬਜ਼ੁਰਗ ਵਾਲਾ ਕਿਰਦਾਰ ਨਹੀਂ ਕਰਨਾ ਚਾਹੁੰਦੇ ਸਨ, ਸੋ ਜਸਪਾਲ ਭੱਟੀ ਨੇ ਕਹਾਣੀ ਬਦਲ ਕੇ ਉਨ੍ਹਾਂ ਨੂੰ ਨਾਇਕ ਦੇ ਭਰਾ-ਭਾਬੀ ਬਣਾ ਦਿੱਤਾ। ਮੇਰੇ ਤੋਂ ਇਸ ਗੱਲ ਦਾ ਉਹਲਾ ਰੱਖਿਆ ਗਿਆ। ਹੁਣ ਜਿਹੜੀ ਗੱਲ ਮੁੰਡਾ ਆਪਣੇ ਮਾਂ-ਬਾਪ ਨਾਲ ਕਰ ਸਕਦਾ ਹੈ ਜਾਂ ਜੋ ਜਜ਼ਬਾਤ ਪੁੱਤ ਦੇ ਮਾਂ-ਬਾਪ ਨਾਲ ਜੁੜੇ ਹੁੰਦੇ ਹਨ ਕੀ ਉਹ ਭਰਾ-ਭਾਬੀ ਨਾਲ ਉਹੀ ਅਹਿਸਾਸ ਨਿਭਾ ਸਕਦਾ ਹੈ? ਸੋ ਕਹਾਣੀ ਵਿਚ ਦਲਜੀਤ ਕੌਰ ਨਾ ਮਮਤਾ ਦੀ ਮੂਰਤ ਤੇ ਨਾ ਹੀ ਗਲੈਮਰ ਗੁੱਡੀ ਬਣੀ ਰਹਿ ਸਕੀ ਤੇ ਨਾ ਹੀ ਰਾਜ ਬੱਬਰ ਭਰਾਵਾਂ ਵਰਗਾ ਸ਼ਰੀਕ। ਪਰ ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਤੇ ਨਾਂ ਹੀ ਕੋਈ ਮਤਲਬ ਹੁੰਦਾ ਹੈ। ਸੋ ਮੈਂ ਅਕਸਰ ਕਹਿ ਦਿੰਦਾ ਹੁੰਦਾ, ਮਾਹੌਲ ਠੀਕ ਹੈ!!! ਬੱਸ ਠੀਕ ਹੀ ਠੀਕ ਹੈ…

ਪੰਜਾਬੀ ਅਖ਼ਬਾਰਾ ਵਿਚ ਹੀ ਪੰਜਾਬੀ ਦੀ ਦੁਰਗੱਤ ਹੋ ਰਹੀ ਹੈ।ਬਾਕੀ ਕਸਰ ਖ਼ਬਰ ਚੈਨਲਾਂ ਵਾਲੇ ਪੂਰੀ ਕਰ ਰਹੇ ਨੇ।

ਲਫ਼ਜ਼ਾਂ ਦਾ ਪੁਲ: ਮੌਜੂਦਾ ਦੌਰ ਦੇ ਮੀਡਿਆ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਤੁਹਾਡਾ ਕੀ ਵਿਚਾਰ ਹੈ?

ਬਖ਼ਸ਼ਿੰਦਰ: ਪੰਜਾਬੀ ਅਖ਼ਬਾਰਾ ਵਿਚ ਹੀ ਪੰਜਾਬੀ ਦੀ ਦੁਰਗੱਤ ਹੋ ਰਹੀ ਹੈ।ਬਾਕੀ ਕਸਰ ਖ਼ਬਰ ਚੈਨਲਾਂ ਵਾਲੇ ਪੂਰੀ ਕਰ ਰਹੇ ਨੇ।ਵੱਡਾ ਕਾਰਨ ਇਹ ਹੈ ਕਿ ਮਾਤ ਭਾਸ਼ਾ ਹੋਣ ਕਰਕੇ ਇਸ ਨੂੰ ਸਿੱਖਣ ਤੇ ਪੜ੍ਹਨ ਬਾਰੇ ਨਹੀਂ ਸੋਚਿਆ ਜਾਂਦਾ ਹੈ।ਨਵੇਂ ਪੱਤਰਕਾਰ ਚੈਨਲਾਂ ਦੀ ਹੈਡਲਾਈਨਜ਼ ਵਰਗੇ ਸਿਰਲੇਖ ਅਖਬਾਰਾਂ ਦੀਆਂ ਖਬਰਾਂ ਵਿਚ ਕੱਢਣ ਲੱਗ ਪਏ ਨੇ। ਇਸ ਬਾਰੇ ਮੈਂ ਟੋਰਾਂਟੋ (24-26 ਜੁਲਾਈ 2009) ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀ ਪੱਤਰਕਾਰੀ ਵਿੱਚ ਭਾਸ਼ਾ ਦੀ ਦੁਰਗਤੀ ਬਾਰੇ ਪਰਚਾ ਪੜ੍ਹਿਆ।ਸਾਡੇ ਪੱਤਰਕਾਰ ਭਰਾ ਭਾਰੇ ਸ਼ਬਦਾਂ ਦੀ ਵਰਤੋਂ ਕਰਨ ਦੇ ਚੱਕਰ ਵਿਚ ਬਹੁਤੀ ਵਾਰ ਅਰਥ ਦੇ ਅਨਰਥ ਕਰ ਦਿੰਦੇ ਹਨ।ਮੇਰਾ ਮੰਨਣਾ ਹੈ ਕਿ ਹਰ ਪੱਤਰਕਾਰ ਨੂੰ ਦੋ ਭਾਸ਼ਾਵਾਂ ਜਰੂਰ ਆਉਣੀਆਂ ਚਾਹੀਦੀਆਂ ਹਨ। ਪੰਜਾਬੀ ਪੱਤਰਕਾਰੀ ਵਿਚ ਭਾਸ਼ਾ ਦੇ ਸੁਧਾਰ ਲਈ ਜਰੂਰੀ ਹੈ ਕਿ ਮੀਡੀਆ ਲਈ ਪ੍ਰਵਾਨਿਤ ਸਾਂਝੀ ਸ਼ਬਦਾਵਲੀ ਬਣਾਈ ਜਾਵੇ। ਭਾਸ਼ਾ ਵਿਭਾਗ ਇਸ ਬਾਰੇ ਕੰਮ ਕਰੇ।ਸਿਰਫ ਪੰਜਾਬੀ ਨਹੀਂ, ਸਹੀ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਯਤਨ ਕੀਤੇ ਜਾਣ।

ਸਰਕਾਰੀ ਦਫਤਰਾਂ ਵਿਚ ਨਾ ਤਾਂ ਪੰਜਾਬੀ ਦੇ ਟਾਈਪ-ਰਾਈਟਰ ਨੇ ਤੇ ਨਾਂ ਹੀ ਉੱਥੇ ਦੇ ਕੰਪਿਊਟਰਾਂ ਵਿਚ ਪੰਜਾਬੀ।

ਲਫ਼ਜ਼ਾਂ ਦਾ ਪੁਲ: ਹੁਣੇ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫਤਰਾਂ ਤੇ ਸਕੂਲਾਂ ‘ਚ ਲਾਜ਼ਮੀ ਬਣਾਉਣ ਲਈ ਰਾਜ ਭਾਸ਼ਾ ਕਾਨੂੰਨ ਸੋਧ ਕੇ ਲਾਗੂ ਕੀਤਾ। ਤੁਹਾਨੂੰ ਕੀ ਲਗਦਾ ਇਹ ਕਾਨੂੰਨ ਸੂਬੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਿੰਨਾਂ ਕਾਰਗਰ ਸਾਬਿਤ ਹੋਵੇਗਾ?

ਬਖ਼ਸ਼ਿੰਦਰ- ਦੇਖੋ ਜੀ, ਸਰਕਾਰੀ ਦਫਤਰਾਂ ਵਿਚ ਨਾ ਤਾਂ ਪੰਜਾਬੀ ਦੇ ਟਾਈਪ-ਰਾਈਟਰ ਨੇ ਤੇ ਨਾਂ ਹੀ ਉੱਥੇ ਦੇ ਕੰਪਿਊਟਰਾਂ ਵਿਚ ਪੰਜਾਬੀ। ਹੁਣ ਤੁਸੀ ਆਪ ਹੀ ਦੱਸੋ ਬਈ ਸਰਕਾਰੀ ਦਫਤਰਾਂ ਦਾ ਕੰਮ ਪੰਜਾਬੀ ਵਿਚ ਕਿਵੇਂ ਹੋਊਗਾ। ਮੇਰੇ ਪੱਤਰਕਾਰੀ ਦੇ ਤਜ਼ਰਬੇ ਦੌਰਾਨ ਤਾਂ ਮੈਂ ਇਹੀ ਦੇਖਿਆ ਬਈ ਭਾਵੇਂ ਪੰਜਾਬ ਰਾਜ ਬਿਜਲੀ ਬੋਰਡ ਹੋਵੇ ਜਾਂ ਹੋਰ ਅਹਿਮ ਸਰਕਾਰੀ ਅਦਾਰੇ ਪੱਤਰ-ਵਿਹਾਰ ਸਭ ਅੰਗਰੇਜ਼ੀ ਵਿਚ ਹੀ ਹੁੰਦਾ। ਪ੍ਰੈਸ ਨੋਟ ਵੀ ਪੰਜਾਬੀ ਵਿਚ ਨਹੀਂ ਲਿਖੇ ਜਾਂਦੇ। ਦੂਜੀ ਗੱਲ ਹੁਣ ਜ਼ਮਾਨਾ ਕੰਪਿਊਟਰ ਦਾ, ਪਰ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਕੰਮਪਿਊਟਰ ਪੰਜਾਬੀ ਵਿਚ ਵਰਤਣ ਲਈ ਤਜ਼ਰਬੇਕਾਰ ਮੁਲਾਜ਼ਮ ਹੀ ਨਹੀਂ।ਇਹ ਕਹਿ ਲਉ ਬਈ ਸੰਗਠਿਤ ਰੂਪ ਵਿੱਚ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਸੂਬੇ ਵਿਚ ਪੰਜਾਬੀ ਦੇ ਵਿਕਾਸ ਦਾ ਅਸਲ ਰੂਪ ਦੇਖਣਾ ਹੈ, ਤਾਂ ਬੈਠੋ ਮੇਰੇ ਨਾਲ ਗੱਡੀ ਵਿਚ ਤੁਹਾਨੂੰ ਜੀ.ਟੀ ਰੋਡ ਤੇ ਲੱਗੇ ਬੋਰਡ ਦੇਖ ਕੇ ਹੀ ਪਤਾ ਲੱਗ ਜਾਣਾ ਕਿ ਸਰਕਾਰ ਪੰਜਾਬੀ ਬਾਰੇ ਕਿੰਨੀ ਕੁ ਗੰਭੀਰ ਹੈ।ਪੰਜਾਬ ਦੀਆਂ ਸੜਕਾਂ ਤੇ ਪੰਜਾਬੀ ਦੀ ਇਹ ਹਾਲਤ ਦੇਖ ਕੇ ਰੂਹ ਅੰਦਰ ਤੱਕ ਤੜਫ ਜਾਂਦੀ ਆ। ਇਹਦੇ ਨਾਲੋਂ ਚੰਗੇ ਹਾਲਾਤ ਤਾਂ ਪੰਜਾਬੀ ਦੇ ਕੈਨੇਡਾ ਵਿਚ ਨੇ। ਜਦੋਂ ਮੈਂ ਕੇਨੈਡਾ ਏਅਰਪੋਰਟ ਤੇ ਉਤਰਿਆ ਤਾਂ ਉੱਥੇ ਲੱਗੇ ਇਲੈਕਟ੍ਰਾਨਿਕ ਬੋਰਡਾਂ ਉੱਤੇ ਲਿਖੀ ਪੰਜਾਬੀ ਦੇਖ ਕੇ ਰੂਹ ਖਿੜ ਗਈ। ਹੁਣ ਕੀ ਕਹਾਂ, ਬਈ ਪੰਜਾਬ ਸਰਕਾਰ ਪੰਜਾਬੀ ਦੇ ਵਿਕਾਸ ਲਈ ਕੈਨੇਡਾ ਵਾਲਿਆਂ ਤੋਂ ਸਬਕ ਲਵੇ? ਮੇਰੀ ਤਾਂ ਸਲਾਹ ਹੈ ਇਸ ਕੰਮ ਲਈ ਭਾਸ਼ਾ ਵਿਭਾਗ ਦੀ ਜਿੰਮੇਦਾਰੀ ਤੈਅ ਕੀਤੀ ਜਾਵੇ। ਪੰਜਾਬ ਦੀਆਂ ਸੜਕਾਂ ਤੇ ਲੱਗਣ ਵਾਲਾ ਹਰ ਬੋਰਡ ਭਾਸ਼ਾ ਅਫਸਰ ਤੋਂ ਪਾਸ ਕਰਵਾਇਆ ਜਾਵੇ ਤੇ ਜੇ ਉਸ ਵਿਚ ਫੇਰ ਵੀ ਭਾਸ਼ਾਈ ਗਲਤੀਆਂ ਹੋਣ ਤਾਂ ਸੰਬੰਧਿਤ ਭਾਸ਼ਾ ਅਫਸਰ ਤੇ ਕਾਰਵਾਈ ਹੋਵੇ।

ਲਫ਼ਜ਼ਾਂ ਦਾ ਪੁਲ: ਪੰਜਾਬ ਵਿਚ ਪਿਛਲੇ ਦਹਾਕੇ ਦੌਰਾਨ ਹਿੰਦੀ ਅਖਬਾਰਾਂ ਵੱਡੇ ਪੱਧਰ ਤੇ ਆਈਆਂ ਅਤੇ ਉਨ੍ਹਾਂ ਨੇ ਪਾਠਕਾਂ ਦੇ ਮਨਾਂ ਤੇ ਚੰਗਾ ਪ੍ਰਭਾਵ ਵੀ ਬਣਾ ਲਿਆ ਹੈ।ਇਸ ਰੁਝਾਨ ਬਾਰੇ ਤੁਹਾਡਾ ਕੀ ਖ਼ਿਆਲ ਹੈ?

ਬਖ਼ਸ਼ਿੰਦਰ- ਸਭ ਤੋਂ ਵੱਡਾ ਫਾਇਦਾ ਪਾਠਕਾਂ ਦਾ ਹੀ ਹੋਇਆ ਹੈ। ਅਖ਼ਬਾਰ ਭਾਵੇਂ ਕਿਸੇ ਵੀ ਭਾਸ਼ਾ ਦਾ ਹੋਵੇ, ਜੇ ਚੰਗੀ ਸਮੱਗਰੀ ਪੜ੍ਹਨ ਨੂੰ ਮਿਲੇ ਤਾਂ ਪਾਠਕ ਜਰੂਰ ਪੜ੍ਹੇਗਾ। ਹੋਰ ਹਿੰਦੀ ਅਖਬਾਰਾਂ ਆਉਣ ਨਾਲ ਪੰਜਾਬ ਕੇਸਰੀ ਦਾ ਗੜ੍ਹ ਟੁੱਟਿਆ ਹੈ। ਪਾਠਕਾਂ ਕੋਲ ਖਬਰਾਂ ਨਵੇਂ ਨਜ਼ਰੀਏ ਨਾਲ ਦੇਖਣ ਦਾ ਮੌਕਾ ਆਇਆ ਹੈ। ਹੁਣ ਜਿਸ ਨੇ ਇਸ ਦੌੜ ਵਿਚ ਟਿਕ ਕੇ ਰਹਿਣਾ ਹੈ, ਉਸ ਨੂੰ ਵਧੀਆ ਸਮਗੱਰੀ ਲਿਆਉਣੀ ਪਏਗੀ। ਬਾਕੀ ਅਖਬਾਰਾਂ ਦਾ ਭਵਿੱਖ ਖਤਰੇ ਵਿਚ ਹੀ ਹੈ।ਜਨਸੰਖਿਆ ਦੇ ਹਿਸਾਬ ਨਾਲ ਅਖਬਾਰ ਦੇ ਪਾਠਕਾਂ ਦੀ ਗਿਣਤੀ ਵੱਧਣ ਦੀ ਬਜਾਏ ਘੱਟ ਰਹੀ ਹੈ।ਹੌਲੀ ਹੌਲੀ ਲੋਕ ਟੀ.ਵੀ. ਤੇ ਖ਼ਬਰਾਂ ਦੇਖਣ ਦੇ ਆਦਿ ਹੋ ਰਹੇ ਹਨ ਤੇ ਅਖਬਾਰ ਪੜ੍ਹਨੀ ਛੱਡ ਰਹੇ ਹਨ।

ਲਫ਼ਜ਼ਾਂ ਦਾ ਪੁਲ: ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਪੰਜਾਬੀ ਭਾਸ਼ਾ ਪ੍ਰਤਿ ਰਵੱਈਏ ਬਾਰੇ ਵਿਦਵਾਨ ਕਾਫੀ ਚਿੰਤਤ ਹਨ, ਤੁਸੀ ਇਨ੍ਹਾਂ ਹਾਲਾਤ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ?

ਬਖ਼ਸ਼ਿੰਦਰ- ਇਹ ਦੇ ਵਿਚ ਨੌਜਵਾਨਾਂ ਦਾ ਬਹੁਤਾ ਕਸੂਰ ਵੀ ਨਹੀਂ। ਜੇ ਸਕੂਲਾਂ ਵਿਚ ਪੰਜਾਬੀ ਹੈ ਹੀ ਨਹੀਂ, ਉਨ੍ਹਾਂ ਨੂੰ ਪੰਜਾਬੀ ਪੜ੍ਹਾਈ ਹੀ ਨਹੀਂ ਜਾ ਰਹੀ ਤਾਂ ਬੱਚੇ ਪੰਜਾਬੀ ਪੜ੍ਹਨਗੇ ਕਿੱਥੋਂ। ਸਿੱਖਣਗੇ ਕਿੱਥੋਂ ਤੇ ਬੋਲਣਗੇ ਕਿਵੇਂ? ਸਕੂਲਾਂ ਤੋਂ ਲੈ ਕੇ ਘਰਾਂ ਤੱਕ ਸਾਡੇ ਬੱਚੇ ਅੰਗਰੇਜ਼ੀ, ਹਿੰਦੀ ਬੋਲਦੇ ਨੇ। ਜਦੋਂ ਤੱਕ ਜ਼ਮੀਨੀ ਪੱਧਰ ਤੇ ਪੰਜਾਬੀ ਮਾਧਿਅਮ ਸਾਡੀ ਸਿੱਖਿਆ ਦੇ ਢਾਂਚੇ ਵਿਚ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਨੌਜਵਾਨਾਂ ਕੋਲੋਂ ਪੰਜਾਬੀ ਪ੍ਰਤਿ ਕੋਈ ਆਸ ਲਾਉਣਾ ਬੇ-ਅਰਥ ਹੈ।

ਲਫ਼ਜ਼ਾਂ ਦਾ ਪੁਲ: ਸੇਵਾ ਮੁਕਤੀ ਤੋਂ ਬਾਅਦ ਅੱਜ ਕਲ੍ਹ ਕੀ ਹੋ ਰਿਹਾ ਹੈ?

ਬਖ਼ਸ਼ਿੰਦਰ…ਲੈਟਰ ਪ੍ਰੈਸ ਤੋਂ ਲੈਪਟਾਪ ਤੱਕ

ਬਖ਼ਸ਼ਿੰਦਰ: ਸੇਵਾ ਮੁਕਤੀ ਤੋਂ ਬਾਅਦ ਮੈਂ ਆਪਣੇ ਘਰ ਜਲੰਧਰ ਆ ਗਿਆ ਹਾਂ। ਸਭ ਤੋਂ ਪਹਿਲਾਂ ਇੰਟਰਨੈੱਟ ਤੇ ਪੰਜਾਬੀ ਦੀ ਵਰਤੋਂ ਬਾਰੇ ਜਾਣਕਾਰੀ ਲਈ ਤੇ ਆਪਣੇ ਤਿੰਨ ਬਲੌਗ ਬਣਾਏ ਹਨ, ਜਿੰਨ੍ਹਾਂ ਰਾਂਹੀ ਮੈਂ ਆਪਣੇ ਮਨ ਦੇ ਵਲਵਲੇ ਪਾਠਕਾਂ ਨਾਲ ਸਾਂਝੇ ਕਰਾਂਗਾ। ਨਾਲ ਹੀ ਇਕ ਨਵੀਂ ਫਿਲਮ ਜਿਸਦਾ ਟਾਈਟਲ ‘ਇਸ਼ਕ ਦੀ ਨਵੀਂਓਂ ਨਵੀਂ ਬਹਾਰ’ ਸੋਚਿਆ ਹੈ ਲਿਖਣੀ ਸ਼ੁਰੂ ਕੀਤੀ ਹੈ।

ਲਫ਼ਜ਼ਾਂ ਦਾ ਪੁਲ: ਤੁਸੀ ਸੇਵਾ-ਮੁਕਤੀ ਤੋਂ ਬਾਅਦ ਇੰਟਰਨੈੱਟ ਤੇ ਕਾਫੀ ਸਰਗਰਮ ਹੋਏ ਹੋ। ਇਸ ਨਵੀਂ ਤਕਨੀਕ ਤੇ ਪੰਜਾਬੀ ਦੇ ਸੁਮੇਲ ਨੂੰ ਤੁਸੀ ਕਿੰਨੀ ਅਹਿਮਿਅਤ ਦਿੰਦੇ ਹੋ?

ਬਖ਼ਸ਼ਿੰਦਰ- (ਹੱਸਦੇ ਹੋਏ) ਇਸਦੇ ਪਿੱਛੇ ਤੁਹਾਡਾ ਹੀ ਹੱਥ ਹੈ। ਹੁਣ ਤੱਕ ਅਸੀ ਇੰਟਰਨੈੱਟ ਤੇ ਅੰਗਰੇਜ਼ੀ ਆਧਾਰਿਤ ਯਾਨਿ ਰੋਮਨ ਲਿੱਪੀ ਵਿਚ ਪੰਜਾਬੀ ਲਿਖਦੇ ਰਹੇ ਹਾਂ।

ਮੁਲਾਕਾਤੀ ਨਾਲ ਇੰਟਰਨੈੱਟ ਤੇ ਪੰਜਾਬੀ ਬਾਰੇ ਨੁਕਤਾ ਸਾਂਝਾ ਕਰਦੇ ਹੋਏ

ਇਕ ਦਿਨ ਮੈਨੂੰ ਆਰਸੀ ਨਾਮਕ ਬਲੌਗ ਵਾਲਿਆਂ ਦੀ ਈ-ਮੇਲ ਆਈ ਤਾਂ ਮੈਨੂੰ ਬਲੋਗਾਂ ਬਾਰੇ ਪਤਾ ਲੱਗਿਆ।ਫੇਰ ਤੁਹਾਡੇ ਲਫ਼ਜ਼ਾਂ ਦਾ ਪੁਲ ਦਾ ਪਤਾ ਲੱਗਿਆ ਤਾਂ ਮੇਰੇ ਅੰਦਰ ਵੀ ਇੰਟਰਨੈੱਟ ਤੇ ਪੰਜਾਬੀ ਲਿਖਣ ਦੀ ਤਾਂਘ ਜਾਗੀ। ਜਿਸਨੂੰ ਤੁਸੀ ਪੂਰਾ ਕੀਤਾ।ਇਹ ਪੰਜਾਬੀ ਲਈ ਇੱਕ ਚੰਗੀ ਸ਼ੁਰੂਆਤ ਹੈ। ਇੰਟਰਨੈੱਟ ਵਰਤਮਾਨ ਅਤੇ ਭਵਿੱਖ ਦਾ ਸਭ ਤੋਂ ਤਾਕਤਵਰ ਸੰਚਾਰ ਮਾਧਿਅਮ ਹੈ। ਪੰਜਾਬੀ ਬਲੌਗ ਅਤੇ ਵੈੱਬਸਾਈਟਾਂ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨੂੰ ਸਾਂਭਣ ਵਿਚ ਅਹਿਮ ਕਿਰਦਾਰ ਨਿਭਾ ਸਕਦੀਆਂ ਹਨ। ਇਹ ਕੰਮ ਹੋ ਵੀ ਰਿਹਾ ਹੈ। ਬੱਸ ਇਕ ਗੱਲ ਜਿਹੜੀ ਮੈਨੂੰ ਰੜਕਦੀ ਹੈ ਕਿ ਬਲੌਗਾਂ ਦੇ ਉੱਤੇ ਛਾਪਣ ਦੀ ਕਾਹਲ ਵਿਚ ਸਹੀ ਪੰਜਾਬੀ ਲਿਖਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਤੁਸੀ ਵੀ ਇੰਟਰਨੈੱਟ ਤੇ ਪੰਜਾਬੀ ਸਿਖਾ ਰਹੇ ਹੋ, ਪਰ ਤੁਸੀ ਜੇ ਧਿਆਨ ਨਾਲ ਦੇਖੋ ਤਾਂ ਤੁਹਾਡੇ ਕਈ ਕਾਲਮਾਂ ਵਿਚ ਪੰਜਾਬੀ ਦੇ ਸ਼ਬਦ ਜੋੜਾਂ ਦੀਆਂ ਅਤੇ ਕਈ ਹੋਰ ਭਾਸ਼ਾਈ ਗਲਤੀਆਂ ਹਨ। ਮੇਰਾ ਮੰਨਣਾ ਹੈ ਕਿ ਤੁਸੀ ਤਾਂ ਹੀ ਸਹੀ ਭਾਸ਼ਾ ਸਿਖਾ ਸਕਦੇ ਹੋ ਜੇ ਤੁਸੀ ਆਪ ਸਹੀ ਲਿਖਦੇ ਹੋ।ਜਿਸ ਨੂੰ ਜਿਹੜੀ ਭਾਸ਼ਾ ਨਹੀਂ ਆਂਉਂਦੀ ਉਸ ਨੂੰ ਹੱਕ ਨਹੀਂ ਕਿ ਉਹ ਉਸ ਭਾਸ਼ਾ ਦਾ ਲੇਖਕ ਜਾਂ ਪੱਤਰਕਾਰ ਬਣੇ।ਫਿਰ ਵੀ ਬਲੋਗਾਂ ਦੀ ਗਿਣਤੀ ਤੇ ਉਨ੍ਹਾਂ ਤੇ ਕੀਤਾ ਜਾ ਰਹੇ ਕੰਮ ਵੱਲ ਦੇਖ ਕੇ ਲਗਦਾ ਹੈ ਕਿ ਇਹ ਨੌਜਵਾਨਾਂ ਅਤੇ ਪੰਜਾਬੀ ਨੂੰ ਜੋੜਨ ਦਾ ਕੰਮ ਕਰਨਗੇ।ਪਰ ਜਿਹੜਾ ਇੰਟਰਨੈੱਟ ਤੇ ਪੰਜਾਬੀ ਸਿਖਾਉਣ ਦਾ ਕੰਮ ਤੁਸੀ ਕਰ ਰਹੇ ਹੋ, ਇਸ ਮੁਹਿੰਮ ਨੂੰ ਪੰਜਾਬ ਵਿਚ ਵੱਡੇ ਪੱਧਰ ਤੇ ਚਲਾਉਣ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਬਣਦੀ ਹੈ, ਜਿਹੜੀ ਨਿਭਾ ਤੁਸੀ ਰਹੇ ਹੋ।

ਲਫ਼ਜ਼ਾਂ ਦਾ ਪੁਲ ਉਹ ਮੋਹ ਜਗਾ ਰਿਹਾ ਹੈ। ਜੇ ਇਸੇ ਤਰ੍ਹਾਂ ਨਿੱਠ ਕੇ ਕੰਮ ਹੁੰਦਾ ਰਿਹਾ ਤਾਂ ਧੁੰਦ ਵੀ ਦੂਰ ਹੋਵੇਗੀ ਤੇ ਮਾਂ-ਬੋਲੀ ਦੀ ਤਰੱਕੀ ਵੀ ਹੋਵੇਗੀ।

ਲਫ਼ਜ਼ਾਂ ਦਾ ਪੁਲ: ਚੰਗਾ ਕੀਤਾ ਤੁਸੀ ਇੰਟਨੈੱਟ ਤੇ ਪੰਜਾਬੀ (ਟਾਈਪ) ਸਿਖਾਉਣ ਵਾਲੀ ਗੱਲ ਛੇੜ ਲਈ। ਇਹੀ ਗੱਲ ਕੁਝ ਹੋਰ ਦੋਸਤਾਂ ਨੇ ਵੀ ਕਹੀ ਹੈ। ਪਰ ਮੈਂ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਲਫਜ਼ਾਂ ਦਾ ਪੁਲ ਸਿਰਫ ਪੰਜਾਬੀ ਦੀ ਗੁਰਮੁਖੀ ਲਿੱਪੀ ਨੂੰ ਇੱਟਰਨੈੱਟ ਤੇ ਟਾਈਪ ਕਰਨ ਦੀ ਤਕਨੀਕੀ ਜਾਣਕਾਰੀ ਦੇ ਰਿਹਾ ਹੈ। ਅਸੀ ਕਦੇ ਵੀ ਤੇ ਕਿਤੇ ਵੀ ਪੰਜਾਬੀ ਭਾਸ਼ਾ ਸਿਖਾਉਣ ਦਾ ਦਾਅਵਾ ਨਹੀਂ ਕੀਤਾ ਅਤੇ ਨਾ ਹੀ ਕਰ ਸਕਦੇ ਹਾਂ। ਅਸੀ ਤਾਂ ਹਾਲੇ ਆਪ ਸਿੱਖ ਰਹੇ ਹਾਂ।ਸਾਡਾ ਮਕਸਦ ਤਾਂ ਬੱਸ ਏਨਾਂ ਹੈ ਕਿ ਜੋ ਜਾਣਕਾਰੀ ਸਾਡੇ ਕੋਲ ਹੈ ਅਸੀ ਉਸ ਨੂੰ ਸਾਰੇ ਪੰਜਾਬੀਆਂ ਨਾਲ ਸਾਂਝੀ ਕਰੀਏ ਤਾਂ ਕਿ ਉਹ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਜਿਹੜੀਆਂ ਗਲਤੀਆਂ ਵੱਲ ਤੁਸੀ ਧਿਆਨ ਦੁਆਇਆ ਹੈ, ਉਨ੍ਹਾਂ ਵਿਚ ਸੁਧਾਰ ਕਰਨ ਦੇ ਨਾਲ ਹੀ ਭਵਿੱਖ ਵਿਚ ਵੀ ਅਸੀ ਤੁਹਾਡੇ ਤੋਂ ਇਹੋ ਜਿਹਾ ਸੁਧਾਰ ਕਰਵਾਉਣ ਵਾਲਾ ਸਹਿਯੋਗ ਲੈਂਦੇ ਰਹਾਂਗੇ। ਇਹ ਦੱਸੋ ਕਿ ਲਫ਼ਜ਼ਾਂ ਦਾ ਪੁਲ ਦੇ ਹੁਣ ਤੱਕ ਕੀਤੇ ਕਾਰਜ਼ਾਂ ਬਾਰੇ ਤੁਹਾਡੀ ਕੀ ਰਾਏ ਹੈ?

ਬਖ਼ਸ਼ਿੰਦਰ- ਸਭ ਤੋਂ ਪਹਿਲਾਂ ਪੰਜਾਬੀ ਟਾਈਪ ਵਾਲੀ ਗੱਲ ਸਪੱਸ਼ਟ ਕਰਨ ਲਈ ਤੁਹਾਡਾ ਧੰਨਵਾਦ। ਲਫ਼ਜ਼ਾਂ ਦਾ ਪੁਲ ਜਦੋਂ ਪਹਿਲੀ ਵਾਰ ਖੋਲਿਆ ਤਾਂ ਅੱਖਾਂ ਨੂੰ ਚੰਗਾ ਲੱਗਿਆ।ਮੈਂ ਇਸ ਗੱਲ ਲਈ ਤੁਹਾਡਾ ਦਿਲੋਂ ਧੰਨਵਾਦੀ ਹਾਂ ਕਿ ਲਫ਼ਜ਼ਾਂ ਦਾ ਪੁਲ ਰਾਹੀ ਅੱਜ ਮੈਂ ਇੰਟਰਨੈੱਟ ਤੇ ਪੰਜਾਬੀ ਲਿਖਣ ਵਿਚ ਸਮਰੱਥ ਹੋ ਸਕਿਆਂ ਹਾਂ।ਬਲੋਗ ਬਣਾਉਣਾ ਸੰਭਵ ਹੋ ਸਕਿਆ। ਜੇ ਮੁੱਕਦੀ ਗੱਲ ਕਹਾਂ ਤਾਂ ਪੰਜਾਬੀ ਦੀ ਤਰੱਕੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪ੍ਰਤਿ ਮੋਹ ਨਹੀਂ ਜਾਗਦਾ। ਤਦ ਤੱਕ ਸਭ ਧੁੰਦਲਾ ਲੱਗਦਾ ਹੈ।ਲਫ਼ਜ਼ਾਂ ਦਾ ਪੁਲ ਉਹ ਮੋਹ ਜਗਾ ਰਿਹਾ ਹੈ। ਜੇ ਇਸੇ ਤਰ੍ਹਾਂ ਨਿੱਠ ਕੇ ਕੰਮ ਹੁੰਦਾ ਰਿਹਾ ਤਾਂ ਧੁੰਦ ਵੀ ਦੂਰ ਹੋਵੇਗੀ ਤੇ ਮਾਂ-ਬੋਲੀ ਦੀ ਤਰੱਕੀ ਵੀ ਹੋਵੇਗੀ।

ਮੁਲਾਕਾਤੀ-ਦੀਪ ਜਗਦੀਪ ਸਿੰਘ

ਬਖ਼ਸ਼ਿਦਰ ਜੀ ਦੇ ਬਲੌਗ ਪਤੇ-
http://rangsur.blogspot.com/
http://kalmistan.blogspot.com/
http://bakhshinderian.blogspot.com/

1 thought on “Interview – Bakshinder – ‘ਸਹੀ ਪੰਜਾਬੀ’ ਦਾ ਮੁੱਦਈ – ਬਖ਼ਸ਼ਿੰਦਰ”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: