ਅਮਰੀਕ ਸਿੰਘ ਕੰਡਾਸਾਰੇ ਡਰਾਇੰਗ ਰੂਮ ’ਚ ਧੂੰਆਂ ਹੀ ਧੂੰਆਂ ਹੋ ਗਿਆ ਹੈ। ਜਿਵੇਂ ਕਿਸੇ ਨੇ ਗੁੱਗਲ ਦੀ ਧੂਫ਼ ਲਗਾਈ ਹੋਵੇ, ਪਰ ਇਹ ਧੂੰਆਂ ਗੁੱਗਲ ਦੀ ਧੂਫ਼ ਦਾ ਨਹੀਂ ਹੈ। ‘‘ਔਹ ਇਸ ਸਿਗਰਟ ’ਚ ਵੀ ਦਮ ਨਹੀਂ।’’ ਗੋਇਲ ਨੇ ਵੀ ਅੱਧੀ ਤੋਂ ਜ਼ਿਆਦਾ ਸਿਗਰਟ ਟੇਬਲ ’ਤੇ ਪਈ ਐਸਟਰੇ ’ਚ ਪਾਉਂਦੇ ਹੋਏ ਕਿਹਾ। ਐਸ਼ਟਰੇ ਪੂਰੀ ਤਰ੍ਹਾਂ ਸਿਗਰਟਾਂ ਦੀ ਰਾਖ ਨਾਲ ਭਰ ਗਈ ਹੈ। ਕਾਫ਼ੀ ਰਾਖ ਸਿਗਰੇਟ ਐਸ਼ਟਰੇ ਦੇ ਭਰਨ ਕਾਰਨ ਟੇਬਲ ’ਤੇ ਵੀ ਡੁੱਲ੍ਹੀ ਪਈ ਹੈ। ਡਰਾਇੰਗ ਰੂਮ ’ਚ ਹੁੰਮਸ ਜਿਹਾ ਹੋਇਆ ਪਿਆ ਹੈ। ਗੋਇਲ ਨੇ ਉੱਠ ਕੇ ਪੱਖਾ ਤੇਜ ਕੀਤਾ। ਰਾਤ ਦੇ ਦੋ ਵੱਜਣ ਤੱਕ ਵੀ ਰੋਹਿਤ ਸਾਹਬ ਦੀ ਕਾਰ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਸੀ। ‘‘ੳੁਨ੍ਹਾਂ ਹਰਾਮਜ਼ਾਦਿਆਂ ਦੀ ਪਾਰਟੀ ਤਾਂ ਬਾਰਾਂ ਵਜੇ ਖਤਮ ਹੋ ਜਾਣੀ ਸੀ। ਅਮਰੀਕਾ ਤੋਂ ਉਹਨਾਂ ਦੇ ਗੈਸਟ ਆਏ ਹੋਏ ਹਨ। ਉਨ੍ਹਾਂ ਦੇ ਸੁਆਗਤ ’ਚ ਤਾਂ ਰੋਹਿਤ ਸਾਹਬ ਘਰ ਪਾਰਟੀ ਆ।’’ ਗੋਇਲ ਮਨ ਹੀ ਮਨ ਕਹਿੰਦਾ। ‘‘ਮੈਨੂੰ ਵੀ ਬੁਲਾਇਆ ਹੈ, ਮੈਂ ਰਾਤ ਨੂੰ ਇਕ ਵਜੇ ਤੱਕ ਆ ਜਾਵਾਂਗੀ, ਸ਼ਾਇਦ ਉਹ ਮੈਨੂੰ ਛੱਡ ਜਾਣਗੇ, ਤੁਹਾਡੇ ਤੇ ਬੱਚਿਆਂ ਲਈ ਖਾਣਾ ਬਣਾ ਕੇ ਰੱਖ ਦਿੱਤਾ ਹੈ।’’ ਮੈਂ ੲਿਹ ਟੇਬਲ ’ਤੇ ਡੇਲੀ ਨੋਟ ਲਿਖਿਆ ਪਿਆ ਪੜ੍ਹਿਆ ਸੀ। ਉਸ ਦੇ ਅਨੁਸਾਰ ਸੀਮੂ ਤੇ ਗੈਰੀ ਸਕੂਲ ਤੋਂ ਆਉਣ ਤੋਂ ਬਾਅਦ ਖਾਣਾ ਖਾ ਕੇ ਤੇ ਸਕੂਲ ਦਾ ਕੰਮ ਕਰਕੇ ਸੌਂ ਗਏ ਸਨ। ਬੱਚਿਆਂ ਨੇ ਮਾਂ ਦੇ ਬਾਰੇ ਕਿਸੇ ਕਿਸਮ ਦਾ ਕੋਈ ਪ੍ਰਸ਼ਨ ਨਹੀਂ ਪੁੱਛਿਆ? ‘‘ਬੱਚਿਉ ਖਾਣਾ ਖਾਉ, ਸਕੂਲ ਦਾ ਹੋਮਵਰਕ ਕਰੋ’’ ਤੇ ਉਹ ਖਾਣਾ ਖਾ, ਆਪਣੇ ਬੈਗ ਖੋਲ੍ਹ ਕੇ ਪੜ੍ਹਨ ਬੈਠ ਗਏ ।‘‘ਬੱਸ ਹੁਣ ਸੌਂ ਜਾਉ’’ ਕਹਿੰਦੇ ਹੀ ਉਹ ਬਿਨਾਂ ਕੁਛ ਕਹੇ ਸੌਂ ਗਏ। ਬੜੇ ਸਿੱਧੇ ਸਾਦੇ ਬੱਚੇ ਨੇ। ਇਹੋ ਜਿਹੇ ਬੱਚਿਆਂ ’ਤੇ ਵੀ ਗੋਇਲ ਨੂੰ ਗੁੱਸਾ ਆਉਂਦਾ ਸੀ। ਜ਼ਿੰਦਗੀ ’ਚ ਇਹ ਅੱਗੇ ਕੀ ਤਰੱਕੀ ਕਰਨਗੇ? ‘‘ਜੀ ਹਾਂ’’ ਕਹਿ ਕੇ ਕਲਰਕ ਬਨਣਗੇ, ਜੋ ਵੀ ਦੇਵੇ ਉਸ ਨਾਲ ਸਬਰ ਕਰਨਗੇ। ਬਾਰਾਂ ਵੱਜਦੇ ਹੀ ਰੋਹਿਤ ਦੇ ਘਰ ਫ਼ੋਨ ਕਰਨਾ ਸੀ ਪ੍ਰੰਤੂ ਬਿਲਕੁਲ ਹੀ ਧਿਆਨ ਨਹੀਂ ਗਿਆ। ਹੁਣ ਤਾਂ ਉਹ ਬਹੁਤ ਹੀ ਫ਼ਿਕਰਮੰਦ ਸੀ। ਗੁੱਸੇ ’ਚ ਅੰਦਰੋਂ ਭੁੰਨਿਆ ਜਾ ਰਿਹਾ ਸੀ। ਉਸ ਦੇ ਆਉਂਦੇ ਹੀ ‘‘ਯੂ ਡਰਟੀ ਬਿੱਚ’’ ਕਹਿ ਕੇ ਗੱਲ੍ਹ ਤੇ ਚਪੇੜ ਮਾਰਨੀ ਚਾਹੀਦੀ ਹੈ ਤੇ ਕਹਿਣਾ ਚਾਹੀਦਾ ਹੈ ‘‘ਤੈਨੂੰ ਆਪਣਾ ਪਤੀ ’ਤੇ ਬੱਚੇ ਨਹੀਂ ਚਾਹੀਦੇ? ਚੱਲ ਦਫ਼ਾ ਹੋ ਜਾ ਇਥੋਂ, ਹਰਾਮਜ਼ਾਦੀ ਕਿਤੋਂ ਦੀ ਨਾ ਹੋਵੇ।’’ ਉਸ ਨੂੰ ਰੋਹਿਤ ਦੀ ਗੱਡੀ ’ਚ ਹੀ ਵਾਪਿਸ ਭੇਜ ਦੇਵਾਂਗਾ ਸਾਰਾ ਦਿਨ ਕੁੱਤਿਆਂ ਵਾਂਗ ਉਸੇ ਨਾਲ ਤੁਰੀ ਫਿਰਦੀ ਰਹਿੰਦੀ ਹੈ। ਹੁਣ ਰਾਤ ਦਾ ਇਕ ਵੱਜ ਚੁੱਕਾ ਹੈ। ਗੋਇਲ ਦਾ ਗੁੱਸਾ ਠੰਡਾ ਹੋਇਆ ਹੈ। ਹੁਣ ਉਸ ਨੂੰ ਆਪਣੀ ਧਰਮ ਪਤਨੀ ਬਾਰੇ ਫ਼ਿਕਰ ਹੋਣ ਲੱਗਾ ਹੈ ਅਤੇ ਇਹ ਅੰਦੇਸ਼ਾ ਹੋਣ ਲੱਗਾ ਕਿ ਕਿਤੇ ਰਾਸਤੇ ’ਚ ਕੋਈ ਐਕਸੀਡੈਂਟ ਨਾ ਹੋ ਗਿਆ ਹੋਵੇ? ਪਰ ਜੇ ਇਥੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ। ਉਸ ਨੇ ਅਜਿਹਾ ਕਿਉਂ ਕੀਤਾ ਹੋਵੇਗਾ। ਫਿਰ ਗੋਇਲ ਨੇ ਸਿਗਰਟ ਪੀ ਕੇ ਕਮਰੇ ’ਚ ਧੂੰਆਂ ਹੀ ਧੂੰਆਂ ਕਰ ਦਿੱਤਾ ਤੇ ਆਖਿਰ ’ਚ ਉਸ ਨੇ ਆਪਣੇ ਸਾਰੇ ਅਤੀਤ ਨੂੰ ਫਰੋਲ ਕੇ ਵੇਖਿਆ। ਪਿੰਡੋਂ ਆ ਸ਼ਹਿਰ ਪੜ੍ਹਾਈ ਕੀਤੀ ਤੇ ਕਾਲਜ ਦਾ ਲੈਕਚਰਾਰ ਲੱਗ ਗਿਆ। ਬਾਅਦ ’ਚ ਮੀਨਾ ਦੇ ਵਿਆਹ ਦਾ ‘ਪ੍ਰਪੋਜ਼ਲ’ ਆਇਆ ਕਿ ਲੁਧਿਆਣੇ ਸ਼ਹਿਰ ਦੀ ਕੁੜੀ ਸੋਹਣੀ ਸੀ। ਡੇਲੀ ਮਿਜ਼ਾਈਲ ਅਖ਼ਬਾਰ ਦੇ ਚੀਫ਼ ਐਡੀਟਰ ਰੋਹਿਤ ਸਾਹਬ ਦੀ ਸਟੈਨੋ ਸੀ। ਕਿਸਮਤ ਜਾਗ ਉੱਠੀ ਤੇ ਉਸ ਨੂੰ ਵੇਖਦੇ ਹੀ ‘‘ਹਾਂ’’ ਕਹਿ ਦਿੱਤੀ। ਉਸ ਦਾ ਨਸੀਬ ਚੰਗਾ ਸੀ। ਉਸ ਦੇ ਚਾਚਾ ਦੇ ਕਾਰਨ ਰਣਧੀਰ ਨਗਰ ਵਿਚ ਚੰਗੀ ਕੋਠੀ ਵੀ ਮਿਲ ਗਈ। ਗੋਇਲ ਨੇ ਵੀ ਆਪਣੀ ਬਦਲੀ ਲੁਧਿਆਣੇ ਦੀ ਕਰਵਾ ਲਈ। ਫ਼ਿਲਮੀ ਤੇ ਨਾਟਕੀ ਸਟਾਇਲ ਦੇ ਪਾਰਟ ਵਾਂਗ ਦੋ ਸੋਹਣੇ ਬੱਚੇ ਨੇ ਇਕ ਲੜਕਾ ਤੇ ਇਕ ਲੜਕੀ। ਗੋਇਲ ਦੀ ਚੰਗੀ ਨੌਕਰੀ ਇਸ ਪ੍ਰਕਾਰ ਸਭ ਠੀਕ ਠਾਕ ਸੀ। ਗੋਇਲ ਦਾ ਜੀਵਨ ਆਰਾਮ ਨਾਲ ਕੱਟ ਰਿਹਾ ਸੀ। ਜੋ ਵੀ ਮਿਲਿਆ ਉਹ ‘‘ਗੌਡ ਗਿਫ਼ਟ’’ ਦੇ ਰੂਪ ’ਚ ਹੈ। ਪਰ ਕਿਸੇ ਦੀ ਚਿੰਤਾ ਕਿਉਂ? ਪਤਨੀ ਤੇ ਬੱਚਿਆਂ ਦੇ ਇਲਾਵਾ ਉਸ ਨੂੰ ਹੋਰ ਕੋਈ ਕਸ਼ਟ ਨਹੀਂ ਸੀ। ਹਾਂ ਜੀਵਨ ਨੂੰ ਇਸ ਪ੍ਰਕਾਰ ਸਰਲ ਰੂਪ ’ਚ ਕਰ ਲਈਏ ਤਾਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਹੀ ਸੁੱਖ ਪ੍ਰਾਪਤ ਹੈ, ਸ਼ਾਂਤੀ ਹੈ। ਵਿਆਹ ਤੋਂ ਪਹਿਲਾਂ ਉਸ ਨੂੰ ਇਕ ਗੁੰਮਨਾਮ ਪੱਤਰ ਮਿਲਿਆ ਸੀ। ‘‘ਜਿਸ ਔਰਤ ਨਾਲ ਤੁਸੀਂ ਵਿਆਹ ਕਰਨ ਜਾ ਰਹੇ ਹੋ, ਉਹ ਪਹਿਲਾਂ ਪ੍ਰੋਫੈਸਰ ਖੁੱਲਰ ਦੀ ਲਵਰ ਸੀ। ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ?’’ ਉਸ ਚਿੱਠੀ ਨੂੰ ਪੜ੍ਹ ਕੇ ਗੋਇਲ ਬਹੁਤ ਹੱਸਿਆ ਸੀ। ਉਸ ਨੇ ਕੇਵਲ ਇੰਨਾ ਹੀ ਕਿਹਾ ਸੀ ‘‘ਇਹ ਕਿਸੇ ਨੇ ਜਲਨ ਦੇ ਮਾਰੇ ਲਿਖਿਆ ਹੈ।’’ ‘‘ਤੁਸੀਂ ਇਸ ਤੇ ਯਕੀਨ ਕਰਨਾ ਚਾਹੁੰਦੇ ਹੋ ਤਾਂ ਕਰ ਲਉ?’’ ਮੀਨਾ ਨੇ ਕਿਹਾ ਸੀ। ‘‘ਜਾਣ ਦੇ ਯਾਰ’’ ਇਹ ਕਹਿੰਦੇ ਸਮੇਂ ਉਸ ਦੀਆਂ ਅੱਖਾਂ ਨੂੰ ਵੇਖਦੇ ਗੋਇਲ ਨੇ ਏਨਾ ਹੀ ਕਿਹਾ ਸੀ ਕਿ ਇਹ ਸਮੱਸਿਆ ਇੱਥੇ ਹੀ ਖ਼ਤਮ ਕਰ ਦਿੱਤੀ ਸੀ। ਪਰ ਉਸ ਦੇ ਦਿਮਾਗ਼ ਦੇ ਕਿਸੇ ਕੋਨੇ ’ਚ ਇਹ ਗੱਲ ਰਹਿ ਗਈ ਸੀ।ਇੱਕ ਦਿਨ ਬੈਂਕ ਦੇ ਕੰਮ ਜਾਂਦੇ ਸਮੇਂ ਉਸ ਨੇ ਮੀਨਾ ਨੂੰ ਕਿਸੇ ਗੈਰ ਆਦਮੀ ਨਾਲ ਵੇਖਿਆ ਸੀ। ਉਸ ਨੂੰ ਸ਼ੱਕ ਹੋਇਆ ਕਿ ਕਿਤੇ ਉਹ ਪ੍ਰੋਫ਼ੈਸਰ ਖੁੱਲਰ ਤਾਂ ਨਹੀਂ। ਆਪਣੀ ਇਕ ਸਹੇਲੀ ਨਾਲ ਪਿਕਚਰ ਵੇਖਣ ਜਾਉਂਗੀ ਕਹਿ ਕੇ ਉਹ ਗਈ ਸੀ। ‘‘ਪ੍ਰੋਫੈਸਰ ਖੁੱਲਰ ਨਾਲ ਕਿਵੇਂ?’’ ਇਹ ਸੋਚ ਕੇ ਉਹ ਚਿੰਤਤ ਹੋਇਆ ਸੀ। ਘਰ ਆ ਜਾਣ ਤੇ ਪੁੱਛਣ ’ਤੇ ਉਹ ਕਹਿਣ ਲੱਗੀ ‘‘ਪਿਕਚਰ ਵੇਖਣ ਗਈ ਸੀ ਪਰ ਭੀੜ ਜ਼ਿਆਦਾ ਹੋਣ ਕਰਕੇ ਟਿਕਟ ਨਹੀਂ ਮਿਲੀ ਵਾਪਸ ਆਉਂਦੇ ਹੋਏ ਸਾਡੇ ਪੁਰਾਣੇ ਸਰ ਖੁੱਲਰ ਮਿਲ ਗਏ।’’ ਇਹ ਗੱਲ ਉਸ ਨੇ ਬੇਝਿਜਕ ਹੋ ਕੇ ਦਿਲ ਨਾਲ ਕਹੀ ਸੀ। ਗੋਇਲ ਦਾ ਸਾਰਾ ਸ਼ੱਕ ਦੂਰ ਹੋ ਗਿਆ ਸੀ। ਤਦ ਉਸ ਨੂੰ ਲੱਗਾ ਕਿ ਉਸ ਨੂੰ ਜ਼ਿਆਦਾ ਗੁੱਸਾ ਨਹੀਂ ਆਉਂਦਾ। ਉਸ ਵਿਚ ਸਹਿਣ ਸ਼ਕਤੀ ਹੈ। ਸ਼ੱਕ ਕਰਨ ਦੀ ਪ੍ਰਵ੍ਰਿਤੀ ਵੀ ਨਹੀਂ ਹੈ। ਵੈਸੇ ਸ਼ੱਕ ਦੀ ਅੱਗ ’ਚ ਜਲ ਕੇ ਰਾਖ ਹੋਣ ਵਿਚ ਕਿਹੜਾ ਸਵਾਦ ਹੈ। ਉਸ ਪਾਗਲ, ਮੂਰਖ ਸੁਖਜੀਤ ਦਾ ਅੰਤ ਕੀ ਹੋਇਆ, ਇਹ ਪਤਾ ਹੈ…..? ਉਸ ਨੂੰ ਬਰੇਨ ਹੈਮਰੇਜ ਹੋ ਗਈ ਸੀ। ਸੁਖਜੀਤ ਗੋਇਲ ਨਾਲ ਹੀ ਨੌਕਰੀ ਕਰਦਾ ਸੀ। ਉਸ ਦੀ ਘਰਵਾਲੀ ਹਰਾਮਜ਼ਾਦੀ ਬੈਂਕ ਦੀ ਨੌਕਰੀ ਕਰਦੀ, ਬੈਂਕ ਮੈਨੇਜਰ ਨਾਲ ਰਹਿਣ ਲੱਗ ਪਈ ਸੀ। ਸੁਖਜੀਤ ਤਾਂ ਸਾਲਾ ਡਿਪਰੈਸ਼ਨ ਦਾ ਮਰੀਜ਼ ਸੀ। ਇਕ ਦਿਨ ਉਸ ਦੇ ਆਪਣੇ ਬੈਂਕ ਦੇ ਕੈਸ਼ੀਅਰ ਮਿਸਟਰ ਸ਼ਰਮਾ ਨੇ ਕਿਹਾ ‘‘ਤੁਹਾਡੀ ਮਿਸਿਜ਼ ਨੂੰ ਕੱਲ੍ਹ ਮੈਂ ਸ਼ਾਮ ਨੂੰ ਚੌੜੇ ਬਜ਼ਾਰ ’ਚ ਸ਼ਾਇਦ ਵੇਖਿਆ ਸੀ।’’ ‘‘ਹੋ ਸਕਦੈ ਵੇਖਿਆ ਹੋਵੇ, ਉਹ ਘੁੰਮਣ ਗਈ ਹੋਵੇਗੀ।’’ ਕਹਿ ਕੇ ਗੋਇਲ ਨੇ ਸ਼ਰਮਾ ਜੀ ਦਾ ਮੂੰਹ ਬੰਦ ਕੀਤਾ। ‘‘ਉਸਦੇ ਨਾਲ…..।’’ ਅਜੇ ਉਸ ਨੇ ਐਨਾ ਹੀ ਕਿਹਾ ਸੀ ਕਿ ਵਿਚੋਂ ਗੋਇਲ ਬੋਲਿਆ ‘‘ਉਸਦੇ ਨਾਲ ਮੇਰਾ ਕਜ਼ਨ ਸੀ।’’ ਕਹਿ ਕੇ ਗੋਇਲ ਨੇ ਸਿਗਰਟ ਸੁਲਗਾ ਲਈ ਤੇ ਸ਼ਰਮਾ ਜੀ ਨੂੰ ਪੁੱਛਿਆ ਕਿ ‘ਆਰਤੀ ’ਚ ਕਹਿੜੀ ਫ਼ਿਲਮ ਚੱਲ ਰਹੀ ਹੈ? ਜੇ ਤੁਸੀਂ ਚੱਲਦੇ ਤਾਂ ਮੈਂ ਵੀ ਵੇਖ ਲੈਂਦਾ?’’ ਗੋਇਲ ਨੇ ਗੱਲ ਬਦਲ ਦਿੱਤੀ ਸੀ। ਸ਼ਰਮਾ ਜੀ ਨੇ ‘‘ਨਾਂ ਕਿਹਾ’’ ਘਰ ਪਹੁੰਚਦੇ ਹੀ ਉਸਨੇ ਮੀਨਾ ਨੂੰ ਪੁੱਛਿਆ‘‘ਕੱਲ੍ਹ ਤੂੰ ਚੌੜੇ ਬਜ਼ਾਰ ਗਈ? ਇਸ ਸਵਾਲ ’ਤੇ ਪਤਨੀ ਦਾ ਕਹਿਣਾ ਸੀ। ‘‘ਆਫ਼ਿਸ ਤੋਂ ਬਾਅਦ ਸਲਹੋਤਰਾ ਸਾਹਬ ਜੀ ਦੇ ਘਰ ਗਈ ਸੀ ਉਨ੍ਹਾਂ ਘਰ ਸ਼ਾਂਤੀ ਦਾ ਹਵਨ ਸੀ, ਤੁਸੀਂ ਤਾਂ ਕਿਹਾ ਸੀ ਜਾ ਕੇ ਆਈਂ’’ ਇਹ ਜਵਾਬ ਉਸ ਦੇ ਲਈ ਸੰਤੋਸ਼ਜਨਕ ਸੀ। ਪਤਨੀ ਦੀ ਮੁਹੱਬਤ ਭਰੀਆਂ ਗੱਲਾਂ ਨੂੰ ਉਹ ਸੰਤੋਖ ਪੂਰਵਕ ਪਚਾ ਲੈਂਦਾ, ਜਿਵੇਂ ਆਪਣੇ ਆਪ ਨੂੰ ਹਿਲਾਉਣ ਵਾਲੇ ਪੱਥਰ ਨੂੰ ਖੂਹ ਦਾ ਪਾਣੀ ਨਿਗਲ ਲੈਂਦਾ ਹੈ। ਬੱਚੇ ਪੈਦਾ ਹੋਏ। ਵੱਡੇ ਹੋਏ। ਇਕ ਚੰਗਾ ਦਰੱਖਤ ਜਿਵੇਂ ਫਲਦਾ ਫੁੱਲਦਾ ਹੈ। ਉਸੇ ਪ੍ਰਕਾਰ ਉਹ ਆਪਣੇ ਕੰਮ, ਆਪਣੇ ਬਾਲ ਬੱਚਿਆਂ ਅਤੇ ਘਰ ਗ੍ਰਹਿਸਥੀ ਵਿਚ ਮਗਨ ਰਹਿੰਦਾ। ਅੱਗੇ ਅੱਖਾਂ ਦੇ ਸਾਹਮਣੇ ਕਸ਼ਟ ਦੇਣ ਵਾਲੇ ਕੀੜੇ ਮਕੌੜੇ ਨੂੰ ਤਾਂ ਉਹ ਬੇਲਿਹਾਜ਼ ਹੋ ਕੇ ਕੁਚਲ ਦਿੰਦਾ ਸੀ। ਪਰ…….। ਇਹ ਡੈਨੀ ਸਾਹਬ ਬੜਾ ਸਮਾਰਟ ਸੀ। ਉਹ ਤਾਂ ਇਕ ਚੰਗਾ ਐਕਟਰ ਤੇ ਕਹਾਣੀਕਾਰ ਹੇੈ। ਦੋ ਫਲੈਟ ਛੱਡ ਕੇ ਸਾਰੇ ਬਿਲਕੁਲ ਬੈਕ ’ਤੇ ਇੱਕਲਾ ਹੀ ਰਹਿੰਦਾ ਹੇੈ। ਉਹ ਸਾਡੇ ਘਰ ਵਾਰ-ਵਾਰ ਆ ਕੇ ਮੈਨੂੰ ਤੇ ਪਤਨੀ ਨੂੰ ਅਪਣੀਆਂ ਕਹਾਣੀਆਂ ਸੁਣਾਂਦਾ। ਆਪਣੇ ਕਿਸੇ ਨਵੇਂ ਸੀਰੀਅਲ ਦੀਆਂ ਗੱਲਾਂ ਕਰਦਾ। ਗੋਇਲ ਦੀ ਗ਼ੈਰ ਮੌਜੂਦਗੀ ’ਚ ਵੀ ਉਹ ਮੀਨਾ ਨਾਲ ਨਾਟਕਾਂ ਤੇ ਕਹਾਣੀਆਂ ਦੀਆਂ ਗੱਲਾਂ ਕਰਦਾ ਰਹਿੰਦਾ। ਗੋਇਲ ਉਸ ਨੂੰ ਬਹੁਤ ਘੱਟ ਮੁੂੰਹ ਲਾਉਂਦਾ ਤੇ ਕਦੇ ਕਦੇ ਬਲਾਉਂਦਾ ਵੀ ਨਹੀਂ। ਉਹ ਫ਼ਿਲਮੀ ਸਟਾਇਲ ਨਾਲ ‘‘ਹਾਏ’’ ਕਹਿ ਕੇ ਸਿੱਧਾ ਸਾਡੇ ਘਰ ਆ ਜਾਂਦਾ। ਇਕ ਦਿਨ ਗੋਇਲ ਬਾਹਰ ਲਾਅਨ ‘ਚ ਬੈਠਾ ਸੀ ਤਾਂ ਉਹ ਸਿੱਧਾ ਰਸੋਈ ‘ਚ ਵੜ ਗਿਆ। ਰਸੋਈ ਚੋਂ ਵਾਪਸ ਆ ਕੇ ਕਹਿੰਦਾ ‘‘ਚਲੋ ਗੋਇਲ ਸਾਹਬ ਆਪਾਂ ਘੁੰਮ ਆਈਏ? ਘਰ ਤਾਂ ਬੋਰ ਹੋ ਜਾਵਾਂਗੇ।’’ ‘‘ਨਹੀਂ ਮੈਂ ਨਹੀਂ ਜਾਣਾ, ਮੈਂ ਦਫ਼ਤਰ ਦਾ ਕੰਮ ਕਰਦਾ ਹਾਂ।’’ ‘‘ਜੇ ਇਜਾਜ਼ਤ ਹੋਵੇ ਤਾਂ ਮੈਂ ਭਾਬੀ ਜੀ ਨੂੰ ਲੈ ਜਾਵਾਂ।’’ ਉਸ ਦਿਨ ਉਹ ਮੀਨਾ ਤੇ ਬੱਚਿਆਂ ਨਾਲ ਜਿਉਂ ਗਿਆ ਸਾਰਾ ਦਿਨ ਘੁੰਮ ਫਿਰ ਕੇ ਸ਼ਾਮ ਨੂੰ ਘਰ ਪਰਤੇ। ਸ਼ਾਮ ਨੂੰ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਕਿ ਸੀਮੂ ਦੇ ਗਲਤ ਸਵਾਲ ਕੱਢਣ ਤੇ ਉਸਦੇ ਜ਼ੋਰਦਾਰ ਥੱਪੜ ਜੜ ਦਿੱਤਾ। ਇਹ ਪਹਿਲੀ ਵਾਰ ਮੈਂ ਆਪਣੇ ਬੱਚੇ ਦੇ ਥੱਪੜ ਮਾਰਿਆ ਸੀ। ਮੀਨਾ ਨੇ ਮੇਰੇ ਵੱਲ ਗੁੱਸੇ ’ਚ ਵੇਖਿਆ। ਸ਼ਾਇਦ ਉਹ ਸਮਝ ਗਈ ਸੀ। ਇਕ ਦਿਨ ਗੋਇਲ ਆਫ਼ਿਸ ਜਾ ਰਿਹਾ ਤਾਂ ਸਵੇਰੇ ਸਵੇਰੇ ਖੜ੍ਹੇ ਕਲੌਨੀ ਦੇ ਮੁੰਡਿਆਂ ਨੇ ਉਸ ਦਾ ਮਜ਼ਾਕ ਉਡਾਇਆ ਸੀ। ‘‘ਯਾਰ ਸੰਨੀ ਜਿਹੜਾ ਥੋਡੇ ਘਰ ਅਮਰੂਦ ਲੱਗਾ ਹੈ ਨਾ ਉਹ ਤਾਂ ਸਾਰੇ ਦਾ ਸਾਰਾ ਸਾਡੀ ਕੰਧ ਤੇ ਸਾਡੇ ਵੱਲ ਝੁਕਿਆ ਪਿਆ, ਸਾਨੂੰ ਮੌਜ ਆ, ਅਮਰੂਦ ਤੁਸੀਂ ਲਾਇਆ, ਫ਼ਲ ਅਸੀਂ ਖਾਂਦੇ ਆਂ, ਬਜ਼ਾਰ ਜਾਣ ਦੀ ਲੋੜ ਨਹੀਂ ਪੈਂਦੀ।’’ ਸਾਰੇ ਮੁੰਡੇ ਹੱਸ ਪੈਂਦੇ ਆ। ਗੋਇਲ ਨੇ ਸਿੱਧਾ ਦਫ਼ਤਰ ਜਾ ਕੇ ਡੈਨੀ ਨੂੰ ਫ਼ੋਨ ਕੀਤਾ। ‘‘ਤੁਸੀਂ ਅੱਜ ਤੋਂ ਬਾਅਦ ਸਾਡੇ ਘਰ ਨਹੀਂ ਆਉਂਗੇ, ਨੋ ਕਮੈਂਟਸ।’’ ਇਕ ਦਿਨ ਪਤਨੀ ਨੇ ਪੁੱਛਿਆ,‘‘ਕਿਉਂ ਜੀ, ਉਸ ਵਿਚਾਰੇ ਨੂੰ ਘਰ ਆਉਣ ਲਈ ਮਨ੍ਹਾ ਕਿਉਂ ਕੀਤਾ?’’ ‘‘ਹਾਂ ਵੈਸੇ ਹੀ…..।’’ ‘‘ਕਿਤੇ ਉਹ ਮੈਨੂੰ ਭਜਾ ਕੇ ਹੀ ਨਾ ਲੈ ਜਾਂਦਾ? ਪਤਨੀ ਨੇ ਹੱਸ ਕੇ ਪੁੱਛਿਆ।‘‘ਹੋ ਵੀ ਸਕਦੈ? ਕਿਸੇ ਦਾ ਕੀ ਪਤਾ ਲਗਦੈ? ਗੋਇਲ ਨੇ ਇੱਥੇ ਹੀ ਗੱਲ ਬੰਦ ਕਰ ਦਿੱਤੀ। ਉਸ ਨੂੰ ਜ਼ਿੰਦਗੀ ’ਚ ਕਿਸੇ ਤਰ੍ਹਾਂ ਦੀ ਉਲਝਣ ਪਸੰਦ ਨਹੀਂ ਸੀ। ਸਭ ਕੁਝ ਆਰਾਮ ਨਾਲ ਚੱਲ ਰਿਹਾ ਸੀ। ਇਸੇ ਕਰਕੇ ਉਸ ਨੂੰ ਡੈਨੀ ਸਾਹਬ ਦਾ ਦੁੱਧ ’ਚਨਮਕ ਮਿਲਾਉਣਾ ਪਸੰਦ ਨਹੀਂ ਆਇਆ ਸੀ। ਉਸ ਨੇ ਉਸ ਵਿਸ਼ੇ ਨੂੰ ਇਕ ਟੈਲੀਫ਼ੋਨ ਤੇ ਹੀ ਖ਼ਤਮ ਕਰ ਦਿੱਤਾ। ਉਸ ਦੇ ਮਨ ਨੂੰ ਬਹੁਤ ਸ਼ਾਂਤੀ ਸੀ। ਉਹ ਵੀ ਅੱਗੇ ਚਰਚਾ ਨਾ ਕਰਕੇ ਚੁੱਪ ਰਹਿ ਗਈ ਸੀ। ਇਸ ਨਾਲ ਗੋਇਲ ਦੇੋ ਮਨ ਨੂੰ ਸ਼ਾਂਤੀ ਮਿਲੀ ਸੀ। ‘‘ਚਲੋ ਇਕ ਫ਼ਜ਼ੂਲ ਜਿਹਾ ਪ੍ਰਸੰਗ ਖ਼ਤਮ ਹੋ ਗਿਆ।’’ ਉਸ ਨੇ ਕਹਿ ਕੇ ਇਕ ਲੰਬਾ ਕਸ਼ ਲਾਇਆ ਤੇ ਜ਼ੋਰ ਨਾਲ ਸਾਰਾ ਧੂੰਆਂ ਬਾਹਰ ਕੱਢ ਦਿੱਤਾ। ਕੀ ਹੁਣ ਕੋਈ ਨਵਾਂ ਪਾਠ ਸ਼ੁਰੂ ਹੋਣਾ ਹੈ? ਹੁਣ ਉਸ ਦੀ ਨਿਗਾਹ ਰੋਹਿਤ ਤੇ ਹੈ। ਉਸ ਨੇ ਦੱਸਿਆ ਕਿ ਰੋਹਿਤ ਬਹੁਤ ਭ੍ਰਿਸ਼ਟੀ ਆਦਮੀ ਹੈ…..। ‘‘ਅੱਜ ਆਫ਼ਿਸ ’ਚ ਕੰਮ ਜ਼ਿਆਦਾ ਸੀ।’’ ‘‘ਇਕ ਕੁਲੀਗ ਸਾਥੀ ਦਾ ਵਿਦਾਇਗੀ ਸਮਾਰੋਹ ਵੀ ਸੀ।’’ ‘‘ਸ਼ਾਮ ਨੂੰ ਰੋਹਿਤ ਦਾ ਜਨਮ ਦਿਨ ਸੀ।’’ ਇਵੇਂ ਹੀ ਉਹ ਇਕ ਜਾਂ ਦੋ ਵਾਰ ਹਫ਼ਤੇ ਵਿੱਚ ਇਕ ਦਿਨ ਜ਼ੂਰਰ ਲੇਟ ਆਉਂਦੀ। ਇਹ ਸਭ ਵੇਖ ਕੇ ਗੋਇਲ ਨੇ ਕਿਹਾ ਸੀ। ‘‘ਤੇ ਆਫ਼ਿਸ ਦਾ ਕੰਮ ਜ਼ਿਆਦਾ ਹੀ ਵੱਧ ਗਿਆ ਹੈ, ਤੂੰ ਨੌਕਰੀ ਕਿਉਂ ਨਹੀਂ ਛੱਡ ਦਿੰਦੀ?’’ ‘‘ਕਿਉਂ ਕੀ ਹੋਇਆ?’’ ‘‘ਤੂੰ ਘਬਰਾਈ ਜਿਹੀ ਥੱਕੀ ਜਿਹੀ ਰਹਿੰਦੀ ਏਂ….।’’ ‘‘ਮੈਂ ਕਦੋਂ ਕਹਿ ਰਹੀ ਹਾਂ ਕਿ ਮੈਂ ਨੌਕਰੀ ਤੋਂ ਘਬਰਾ ਗਈ ਹਾਂ, ਸਭ ਠੀਕ ਠਾਕ ਹੈ।’’ ‘‘ਰੋਹਿਤ ਤੈਨੂੰ ਜ਼ਿਆਦਾ ਹੀ ਲਿਫ਼ਟ ਦੇ ਰਿਹਾ ਹੈ? ਜ਼ਰਾ ਧਿਆਨ ਨਾਲ ਰਹਿਣਾ?’’ ‘‘ਹੁਣ ਜਾਣ ਵੀ ਦਿਉ ਤੁਸੀਂ ਕੀ ਸਮਝਿਆ ਉਹਨੂੰ? ਉਸ ਨੂੰ ਕੀ ਕੋਈ ਕੁੜੀਆਂ ਦੀ ਕਮੀ ਆਂ, ਜਿਹੜਾ ਮੇਰੇ ਵਰਗੀ ਬੁੱਢੀ ਬਾਲ ਬੱਚੇਦਾਰ ਪਿੱਛੇ ਪਵੇ? ਵੀਹ ਫਿਰਦੀਆਂ ਨੇ ਕੁੜੀਆਂ ਕੁੱਤਿਆਂ ਵਾਂਗੂੰ।’’ ਕਦੇ ਕਦੇ ਉਹ ਮਨ ਦੀ ਗੱਲ ਬੁੱਝ ਜਾਂਦਾ ਸੀ। ਉਸ ਨੂੰ ਇਸ ਦੇ ਉੱਤਰ ਨਾਲ ਸ਼ਾਂਤੀ ਮਿਲਦੀ ਸੀ। ਪਰੰਤੂ ਪਤਾ ਨਹੀਂ ਉਸ ਨੂੰ ਆਪਣਾ ਸਰੀਰ ਇਕਦਮ ਸੁੰਨ ਲੱਗਿਆ ਸੀ। ਪਰੰਤੂ ਅੱਜ ਗੱਲ ਹੀ ਕੁਝ ਹੋਰ ਸੀ। ਹੁਣ ਉਸ ਦੇ ਆਉਣ ’ਤੇ ਦੇਰ ਕਿਉਂ ਹੋ ਗਈ? ਪੁੱਛਣ ਤੇ ਜੇ ਉਹ ਉਸ ਦੇ ਮੂੰਹ ’ਤੇ ਸੱਚ ਹੀ ਥੱਪ ਕਰਕੇ ਥੁੱਕ ਦੇਵੇ ਤਾਂ? ਗੋਇਲ ਨੂੰ ਅਜੀਬ ਜਿਹਾ ਡਰ ਲੱਗਾ। ਜਿਵੇਂ ਉਸ ਦੇ ਮੂੰਹ ਤੇ ਕਿਸੇ ਨੇ ਥੁੱਕ ਦਿੱਤਾ ਹੋਵੇ ਉਸਨੇ ਆਪਣੇ ਮੂੰਹ ’ਤੇ ਹੱਥ ਲਾ ਕੇ ਵੇਖਿਆ। ‘‘ਦੇਰ ਕਿਉਂ ਹੋਈ?’’ ‘‘ਤੁਹਾਡੀ ਅਕਲ ਨੂੰ ਕੀ ਹੋਇਆ? ਤੁਹਾਡੀ ਅਕਲ ’ਚ ਏਨੀ ਗੱਲ ਵੀ ਨਹੀਂ ਪੈਂਦੀ?’’ ‘‘ਜੇ ਉਹ ਮੈਨੂੰ ਦੋ ਟੁੱਕ ਗੱਲ ਕਰ ਦੇਵੇ ਤਾਂ ਮੈਂ ਕੀ ਕਰਾਂਗਾ?’’ ਤਾਂ ਉਸ ਦੇ ਨਾਲ ਹੀ ਚਲੀ ਜਾਂਦੀ ਇੱਥੇ ਕਿਉਂ ਆਈ ਸੀ?’’ ਇਹ ਸੋਚਦੋ-ਸੋਚਦੇ ਉਸ ਨੂੰ ਬਹੁਤ ਬੇਚੈਨੀ ਹੋਈ। ਉਸ ਨੂੰ ਲੱਗਾ ਜਿਵੇਂ ਚੱਲ ਰਿਹਾ ਪੱਖਾ ਉਸ ਦੇ ਸਿਰ ਦੇ ਚਿੱਥੜੇ-ਚਿੱਥੜੇ ਕਰ ਦੇਵੇਗਾ। ਨਹੀਂ ਮੈਂ ਸੁਖਜੀਤ ਵਾਂਗ ਨਹੀਂ ਮਰਾਂਗਾ। ਸਿਗਰਟ ਕੇਸ ’ਚ ਉਂਗਲੀ ਪਾ ਕੇ ਵੇਖਿਆ ਉਹ ਖ਼ਾਲੀ ਹੋ ਗਈ ਸੀ। ਇਹ ਚੌਥੀ ਤੇ ਅੰਤਿਮ ਡੱਬੀ ਸੀ। ‘‘ਜੇ ਉਹ ਸੱਚਮੁੱਚ ਹੀ ਚਲੀ ਜਾਵੇ ਤਾਂ….? ਇਹ ਗੱਲ ਦਿਮਾਗ਼ ’ਚ ਆਉਂਦਿਆਂ ਹੀ ਗੋਇਲ ਨੇ ਸਿਰ ਫੜ ਲਿਆ ਅਤੇ ਅੱਖਾਂ ਬੰਦ ਕਰਕੇ ਸੋਚਣ ਲੱਗਾ। ਪਤਾ ਨਹੀਂ ਕਦੋਂ ਨੀਂਦ ਆ ਗਈ। ਦਰਵਾਜੇ ਦੀ ਘੰਟੀ ਵੱਜੀ ਤੇ ਨੀਂਦ ਟੁੱਟੀ। ‘‘ਕੌਣ…..?’’ ‘‘ਮੈਂ ਤੁਹਾਡੀ…..।’’ ‘‘ਖੋਲ੍ਹਦਾਂ।’’ ਕਹਿ ਕੇ ਉਸਨੇ ਮੇਨ ਡੋਰ ਖੋਲ੍ਹਿਆ। ‘‘ਬਹੁਤ ਦੇਰ ਹੋ ਗਈ, ਸੌਰੀ, ਪਾਰਟੀ ਬਹੁਤ ਦੇਰ ਤੱਕ ਚੱਲਦੀ ਰਹੀ, ਹੁਣ ਖ਼ਤਮ ਹੋਈ ਆ, ਰੋਹਿਤ ਜੀ ਮੈਨੂੰ ਖ਼ੁਦ ਛੱਡ ਕੇ ਗਏ ‘‘ਘਰ ਤੱਕ ਆਏ ਸੀ ਅੰਦਰ ਤਾਂ ਬੁਲਾਉਣਾ ਸੀ?’’ ‘‘ਬੁਲਾਇਆ ਸੀ, ਫਿਰ ਕਦੇ ਆਊਂਗਾ ਕਹਿ ਕੇ ਚਲੇ ਗਏ।’’ ‘‘ਪਾਰਟੀ ਕਿਵੇਂ ਰਹੀ….?’’ ‘‘ਚੰਗੀ ਸੀ…..ਬੱਚਿਆਂ ਨੇ ਠੀਕ ਤਰ੍ਹਾਂ ਖਾਣਾ ਖਾਧਾ?’’ ‘‘ਹਾਂ…..।’’ ‘‘ਤੇ ਤੁਸੀਂ?’’ ‘‘ਹਾਂ ਮੈਂ ਵੀ ਖਾਧਾ।’’ ‘‘ਤੁਸੀਂ ਦਵਾਈ ਲੈ ਲਈ ਸੀ….?’’ ‘‘ਹੈਂ….ਹਾਂ…ਹਾਂ ਹਾਂ ਲੈ ਲਈ ਸੀ।’’ ‘‘ਤੁਸੀਂ ਹੁਣ ਤੱਕ ਨਹੀਂ ਸੁੱਤੇ, ਕੀ ਮੇਰੇ ਘਰ ਨਾ ਆਉਣ ਦੀ ਚਿੰਤਾ ਹੋਈ?’’ ‘‘ਨਹੀਂ ਐਂਵੇ ਹੀ ਦਿਮਾਗ਼ ਪਰੇਸ਼ਾਨ ਸੀ, ਨੀਂਦ ਨਹੀਂ ਆਈ, ਲਗਦੈ ਬੈੱਡ ’ਤੇ ਭੂਰੀਆਂ ਕੀੜੀਆਂ ਨੇ।’’ ‘‘ਚਲੋ, ਐਨੀ ਸਿਗਰਟ ਨਹੀਂ ਪੀਣੀ ਚਾਹੀਦੀ, ਤਬੀਅਤ ਤਾਂ ਠੀਕ ਹੈ? ਬਾਹਰ ਕਿੰਨੀ ਠੰਡ ਹੈ, ਪਤਾ ਹੈ? ਚਲੋ ਬਿਸਤਰ ’ਚ ਜਾ ਕੇ ਸੌਂ ਜਾਈਏ।’’ ਕਹਿੰਦੇ ਹੀ ਉਸ ਨੇ ਗੋਇਲ ਦੇ ਵਾਲਾਂ ’ਚ ਉਂਗਲਾਂ ਫੇਰੀਆਂ। ਗੋਇਲ ਨੂੰ ਬਹੁਤ ਆਰਾਮ ਮਿਲਿਆ ਤੇ ਉਹ ਸੁਪਨਿਆਂ ’ਚ ਖੋ ਗਿਆ।
-ਅਮਰੀਕ ਸਿੰਘ ਕੰਡਾ, ਮੋਗਾ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Comments
One response to “ਕਬੂਤਰ । ਅਮਰੀਕ ਸਿੰਘ ਕੰਡਾ”
NICE REGULAR STORY KANDA SIR
Leave a Reply