Parley Pul Punjabi Story by Surjit
ਦੋ ਦਿਨਾਂ ਤੋਂ ਬਾਰਸ਼ ਰੁਕ ਹੀ ਨਹੀਂ ਰਹੀ। ਇਸ ਸਮੇਂ ਵੀ ਕਾਲੇ ਘਨਘੋਰ ਬੱਦਲ ਅਸਮਾਨ ਉੱਪਰ ਛਾਏ ਹੋਏ ਹਨ। ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹਾ ਹੈ ਤੇ ਮੇਰੇ ਦਿਲ ਵਿਚ ਆਇਆ ਹੈ, ‘ਇਹੋ ਜਿਹੇ ਮੌਸਮ ’ਚ ਦਫ਼ਤਰ ’ਚ ਬਹਿ ਕੇ ਵੀ ਕੀ ਕਰਨਾ ਹੈ, ਘਰ ਚਲਦੀ ਹਾਂ।’
ਇਹ ਸੋਚ ਕੇ ਮੈਂ ਕਾਰ ਸਟਾਰਟ ਕੀਤੀ ਏ ਤੇ ਘਰ ਵੱਲ ਤੁਰ ਪਈ ਹਾਂ ਪਰ ਕੈਲੇਫੋਰਨੀਆ ਦਾ ਮੀਂਹ, ਤੋਬਾ ਤੋਬਾ! ਇੰਝ ਲਗਦੈ ਜਿਵੇਂ ਵਿੰਡ ਸ਼ੀਲਡ ਨੂੰ ਵੱਟੇ ਪੈ ਰਹੇ ਹੋਣ। ਮੂਸਲੇਧਾਰ ਮੀਂਹ ਤੇ ਧੁੰਦਲੇ ਸ਼ੀਸ਼ੇ! ਇਹ ਸ਼ੀਸ਼ੇ ਕਿਤੇ ਸਾਫ਼ ਹੁੰਦੇ ਨੇ ਵਾਇਪਰਾਂ ਨਾਲ! ਇਹੋ ਜਿਹੇ ਮੌਸਮ ਵਿਚ ਕਾਰ ਚਲਾਉਂਦਿਆਂ ਇਹ ਮੁਸੀਬਤ ਤਾਂ ਝੱਲਣੀ ਹੀ ਪੈਂਦੀ ਹੈ, ਉਪਰੋਂ ਠੰਢ ਵੀ ਏਨੀ ਵਧ ਗਈ ਹੈ ਕਿ ਮੈਂ ਕੰਬੀਂ ਜਾ ਰਹੀ ਹਾਂ। ਪਰ ਮੈਨੂੰ ਇਹ ਪਤਾ ਨਹੀਂ ਲੱਗ ਰਿਹੈ ਕਿ ਮੇਰਾ ਕਾਂਬਾ ਸਿਰਫ਼ ਠੰਡ ਨਾਲ ਹੈ ਕਿ ਜਾਂ ਧੁੰਦਲੇ ਸ਼ੀਸਿ਼ਆਂ ਕਰਕੇ ਵੀ ਹੈ, ਤੇ ਘਰ ਵਾਲੇ ਪੁਲ ਦੇ ਕੋਲ ਪਹੁੰਚ ਕੇ ਰਤਾ ਸੁੱਖ ਦਾ ਸਾਹ ਆਇਆ ਹੈ।ਸਾਡਾ ਇਹ ਪੁਲ, ਵਾਹ! ਇਕ ਤਰ੍ਹਾਂ ਨਾਲ ਸਬ-ਡਵੀਜ਼ਨ ਦੇ ਗੇਟ-ਵੇਅ ਦਾ ਕੰਮ ਕਰ ਰਹੇ ਇਸ ਪੁਲ ਤੋਂ ਦੂਰ-ਦੂਰ ਤੱਕ ਕਿੰਨਾ ਖ਼ੂਬਸੂਰਤ ਨਜ਼ਾਰਾ ਦਿਸਦਾ ਹੈ। ਸੁਣਿਆ ਹੈ, ਇਸ ਹੇਠੋਂ ਕੋਈ ਮਾਲ ਗੱਡੀ ਵੀ ਲੰਘਦੀ ਹੈ। ‘ਲੰਘਦੀ ਹੋਊ! ਪਰ ਮੈਂ ਤੇ ਕਦੇ ਦੇਖੀ ਦੂਖੀ ਨਹੀਂ ਕੋਈ ਗੱਡੀ।’ ਸਾਡੇ ਲਈ ਤੇ ਇਹ ਖੂਬਸੂਰਤ ਲੈਂਡ ਸਕੇਪ ਦਾ ਕੰਮ ਹੀ ਕਰਦਾ ਹੈ। ਇਹ ਸਾਡੀ ਸਬ-ਡਵੀਜ਼ਨ ਦੀ ਦਿੱਖ ਨੂੰ ਅਤਿਅੰਤ ਖ਼ੂਬਸੂਰਤ ਬਣਾਉਂਦਾ ਹੈ।
Leave a Reply