Punjabi Short Story – ਕਹਾਣੀ – ਭੁੱਖ – ਤ੍ਰਿਪਤਾ ਕੇ ਸਿੰਘ

ਨਹਾ ਧੋ ਕੇ ਫਰੈਸ਼ ਜਿਹੀ ਹੋਈ, ਮੈਂ ਆਪਣੀ ਅਲਮਾਰੀ ਅੱਗੇ ਖੜ੍ਹੀ ਹੈਂਗਰਾਂ ਨੂੰ ਅੱਗੇ- ਪਿੱਛੇ ਕਰ ਕੇ ਸੂਟ ਪਸੰਦ ਕਰ ਰਹੀ ਹਾਂ। ਆਖ਼ਿਰ ਮਜੈਂਟਾ ਸੂਟ ਲਾਹ ਕੇ ਬੈੱਡ ’ਤੇ ਰੱਖਿਆ। ਇਕ ਮਿੰਟ ਲਈ ਅਲਮਾਰੀ ਵੱਲ ਝਾਤੀ ਮਾਰੀ। ਤਰ੍ਹਾਂ-ਤਰ੍ਹਾਂ ਦੇ ਸੂਟਾਂ ਨਾਲ਼ ਅਲਮਾਰੀ ਭਰੀ ਪਈ ਸੀ। ਕਦੀ ਉਹ ਵੀ ਦਿਨ ਸੀ ਕਿ ਦੋ ਹੀ ਸੂਟ ਹੁੰਦੇ ਸਨ। ਇਕ ਧੋ ਲੈਂਦੀ ਇਕ ਪਾ ਲੈਂਦੀ। ਪਰ ਅੱਜ ਅਲਮਾਰੀ ਨੂੰ ਸਾਹ ਨਹੀਂ ਸੀ ਆਉਂਦਾ।
ਮੈਂ ਗਿੱਲੇ ਵਾਲ਼ਾਂ ਨੂੰ ਤੌਲੀਏ ਤੋਂ ਆਜ਼ਾਦ ਕੀਤਾ ਤੇ ਸਿਰ ਨੂੰ ਝਟਕ ਕੇ ਵਾਲ ਪਿਛਾਂਹ ਵੱਲ ਨੂੰ ਕੀਤੇ। ਗਿੱਲੇ ਵਾਲ਼ਾਂ ਵਿਚੋਂ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਮੇਰੇ ਚਿਹਰੇ ‘ਤੇ ਆ ਕੇ ਮੈਨੂੰ ਠੰਢਕ ਦਾ ਅਹਿਸਾਸ ਕਰਵਾ ਗਈਆਂ। ਵਾਲ਼ਾਂ ਨੂੰ ਡ੍ਰਾਇਰ ਨਾਲ਼ ਸੁਕਾ, ਮਜੈਂਟਾ ਸੂਟ ਪਾ ਮੈਂ ਵਾਲ਼ਾਂ ਦੀ ਢਿੱਲੀ ਜਿਹੀ ਗੁੱਤ ਕਰ ਕੇ ਹਲਕਾ ਜਿਹਾ ਮੇਕਅੱਪ ਕਰਕੇ ਆਪਣੇ ਆਪ ਨੂੰ ਪੂਰੀ ਦੀ ਪੂਰੀ ਨੂੰ ਸ਼ੀਸ਼ੇ ਵਿਚ ਨਿਹਾਰਿਆ।
“ਹਾਏ ਰੱਬਾ……! ਕਿਤੇ ਸ਼ੀਸ਼ਾ ਹੀ ਨਾ ਮੱਚ ਜਾਏ!” ਕੱਸਵੀਂ ਫਿਟਿੰਗ ਤੇ ਥੋੜ੍ਹਾ ਡੀਪ ਨੈੱਕ ਤੇ ਬਿਨਾਂ ਬਾਹਵਾਂ ਵਾਲ਼ੇ ਸੂਟ ਵਿਚ ਆਪਣੇ-ਆਪ ਨੂੰ ਤੱਕ ਮੈਂ ਖ਼ੁਦ ਹੀ ਨਸ਼ਿਆ ਜਿਹੀ ਗਈ। ਕਿੰਨਾ ਚਿਰ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੱਖ-ਵੱਖ ਕੋਣਾਂ ਤੋਂ ਨਿਹਾਰਦੀ ਰਹੀ। ਗੁਲਾਬੀ ਲਿਪਸਟਿਕ ਨਾਲ਼ ਰੰਗੇ ਬੁੱਲ੍ਹਾਂ ਨੂੰ ਚੁੰਮਣ ਦੀ ਸ਼ਕਲ ਵਿਚ ਗੋਲ ਕਰਕੇ ਅੱਖਾਂ ਮੀਟ ਮੈਂ ‘ਪੁੱਚ’ ਦੀ ਆਵਾਜ਼ ਕੱਢੀ ਤੇ ਆਪ ਹੀ ਮੁਸਕਰਾ ਪਈ। ਮੀਟੀਆਂ ਅੱਖਾਂ ਵਿਚ ‘ਪੁੱਚ’ ਕਰਨ ਵੇਲੇ ਮੈਂ ਕਿਸ ਨੂੰ ਤਸੱਵਰ ਕੀਤਾ…… ਮੇਰੇ ਤਸੱਵਰ ਤੇ ਤਾਂ ਮੇਰਾ ਆਪਣਾ ਅਧਿਕਾਰ ਹੈ ਸੋਚ ਮੈਂ ਮੁਸਕਰਾਈ।
ਤਿਆਰ ਸ਼ਿਆਰ ਹੋ ਕੇ ਲਾਬੀ ʼਚ ਬੈਠ ਮੈਂ ਟੀ. ਵੀ. ਦੇ ਚੈਨਲ ਬਦਲਣ ਲੱਗੀ। ਬਾਹਰ ਗੇਟ ਖੜਕਣ ਦੀ ਆਵਾਜ਼ ਆਈ। ਛਿੰਦਰੋ ਹੀ ਹੋਣੀ ਆਂ, ਬਿਨਾਂ ਬੈੱਲ ਕੀਤਿਆਂ ਤਾਂ ਉਹੀ ਆਉਂਦੀ ਹੁੰਦੀ ਆ ਗੇਟ ਖੋਲ੍ਹ ਕੇ, ਮੈਂ ਮਨ ਹੀ ਮਨ ਸੋਚਿਆ।

“ਭਾਬੀ ਜੀ ਘਰੇ ਈਂ ਉਂ……” ਇਹ ਤਾਂ ਮੱਖਣ ਦੀ ਆਵਾਜ਼ ਲੱਗਦੀ ਸੀ। ਮੈਂ ਝਟਪਟ ਅੰਦਰ ਗਈ ਤੇ ਚੁੰਨੀ ਚੁੱਕ ਕੇ ਖਲਾਰ ਕੇ ਲੈ ਲਈ ਤੇ ਲਾਬੀ ਦੀ ਕੁੰਡੀ ਖੋਲ੍ਹੀ।
“ਸਾਸਰੀਕਾਲ ਭਾਬੀ ਜੀ”
“ਸਾਸਰੀਕਾਲ! ਸਾਸਰੀਕਾਲ ਵੇ ਅੱਜ ਕਿੱਧਰੋਂ ਰਾਹ ਭੁੱਲ ਗਿਆ ਮੱਖਣਾ”, ਮੈਂ ਨਿਹੋਰਾ ਜਿਹਾ ਮਾਰਿਆ।
“ਨਹੀਂ…… ਉਹ ਤਾਂ ਜੀ ਬੀਜੀ ਨੇ ਅੱਜ ਕੜ੍ਹੀ ਬਣਾਈ ਸੀ ਕਹਿੰਦੇ ਆਪਣੀ ਭਾਬੀ ਨੂੰ ਦੇ ਆ।”
“ਚੰਗਾ ਬਹਿ ਜਾ ਮੈਂ ਚਾਹ ਬਣਾਉਂਦੀ ਆਂ”
“ਨਹੀਂ ਤੁਸੀਂ ਬਹਿ ਜਾਉ”
ਕਿਉਂ ਭਾਬੀ ਦੇ ਹੱਥ ਦੀ ਸਵਾਦ ਨਹੀਂ ਲੱਗਦੀ, ਮੈਂ ਸ਼ਰਾਰਤ ਨਾਲ਼ ਪੁੱਛਿਆ ਤਾਂ ਮੱਖਣ ਸੰਗ ਗਿਆ।
ਮੈਂ ਰਸੋਈ ʼਚ ਜਾਣ ਨੂੰ ਉੱਠੀ ਤਾਂ ਮੈਂ ਮਹਿਸੂਸ ਕੀਤਾ ਕਿ ਮੱਖਣ ਦੀਆਂ ਨਜ਼ਰਾਂ ਮੇਰੇ ਸੂਟ ਦੇ ਡੀਪ ਗਲ਼ੇ ‘ਤੇ ਗੱਡੀਆਂ ਗਈਆਂ ਸਨ। ਉਨ੍ਹਾਂ ਦੀ ਚੋਭ ਮੈਂ ਮਹਿਸੂਸ ਕੀਤੀ ਸੀ।
ਮੱਖਣ ਮੇਰੇ ਪਤਿਓਰੇ ਦਾ ਮੁੰਡਾ। ਸਾਡੇ ਘਰ ਤੋਂ ਇਕ ਗਲ਼ੀ ਛੱਡ ਇਨ੍ਹਾਂ ਦਾ ਘਰ ਆ। ਜਦੋਂ ਦਾ ਜੀਤ ਦੁਬਈ ਗਿਆ ਆ, ਛੋਟੇ ਮੋਟੇ ਕੰਮਾਂ ਲਈ ਮੈਂ ਇਹਨੂੰ ਸੱਦ ਲੈਂਦੀ ਹਾਂ। ਮੇਰੇ ਵਿਆਹ ਨੂੰ ਇਹ ਅਜੇ ਇਹ ਲੈਰਾ ਜਿਹਾ ਹੀ ਸੀ। ਜਵਾਂ ਮੁੱਛ-ਫੁੱਟ ਸੁੱਕਾ ਜਿਹਾ। ਪਰ ਹੁਣ ਇਹ ਭਰ ਜੁਆਨ ਹੋ ਕੇ ਸੁਹਣਾ ਨਿਕਲ਼ ਆਇਆ ਸੀ।
“ਹੋਰ ਭਾਬੀ, ਵੀਰ ਦਾ ਫੋਨ ਫਾਨ ਆਇਆ? ਕਦੋਂ ਤਕ ਆਉਣ ਨੂੰ ਕਹਿੰਦਾ।”
“ਆਉਣ ਬਾਰੇ ਤਾਂ ਅਜੇ ਕੁੱਝ ਨੀ ਪਤਾ, ਪਰ ਕੰਮ ਚੰਗੀ ਕੰਪਨੀ ʼਚ ਆ, ਕਹਿੰਦਾ ਲਾ ਲਵਾਂ ਅਜੇ ਥੋੜ੍ਹਾ ਚਿਰ ਹੋਰ।”
“ਆਹੋ ਕੰਪਨੀ ਚੰਗੀ ਹੋਵੇ ਤਾਂ ਚਾਰ ਪੈਸੇ ਬਣ ਜਾਂਦੇ ਆ, ਨਹੀਂ ਕਈਆਂ ਦੀ ਤਾਂ ਰੋਟੀ ਵੀ ਪੂਰੀ ਨਹੀਂ ਪੈਂਦੀ।”
“ਇਹ ਤਾਂ ਤੇਰੀ ਗੱਲ ਠੀਕ ਆ”, ਆਖ ਮੈਂ ਚਾਹ ਦੀ ਟ੍ਰੇਅ ਤੇ ਬਿਸਕੁਟਾਂ ਦਾ ਡੱਬਾ ਮੱਖਣ ਸਾਹਮਣੇ ਲਿਆ ਧਰਿਆ।
ਚਾਹ ਪੀਂਦੇ ਮੱਖਣ ਨੂੰ ਮੈਂ ਚੋਰੀ-ਚੋਰੀ ਕਈ ਵਾਰ ਤੱਕਿਆ ਸੀ। ਅੱਗੇ ਵੀ ਤੱਕਦੀ ਹੁੰਦੀ ਸਾਂ ਮੈਂ ਇਹਨੂੰ। ਪਰ ਇਹਨੂੰ ਨਹੀਂ ਪਤਾ ਸ਼ਾਇਦ।
“ਪਤਾ ਹੋ ਵੀ ਸਕਦਾ ਵੈਸੇ, ਏਨਾ ਘੁੱਗੂ ਤਾਂ ਨੀ ਹੈਗਾ”, ਮੈਂ ਮਨ ਹੀ ਮਨ ਸੋਚਿਆ।
ਚਾਹ ਪੀਂਦਿਆਂ ਛੋਟੀਆਂ-ਮੋਟੀਆਂ ਗੱਲਾਂ ਕਰਦਾ ਮੱਖਣ ਕਮਰੇ ਵਿਚ ਪਈਆਂ ਚੀਜ਼ਾਂ ਨੂੰ ਨਿਹਾਰਦਾ ਰਿਹਾ। ਉਸ ਦੇ ਜਾਣ ਤੋਂ ਬਾਅਦ ਮੈਨੂੰ ਕਿੰਨਾ ਚਿਰ ਕਮਰਾ ਮੱਖਣ ਦੀ ਦੇਹੀ ਦੀ ਖੁਸ਼ਬੋ ਨਾਲ਼ ਮਹਿਕਦਾ ਮਹਿਕਦਾ ਜਿਹਾ ਮਹਿਸੂਸ ਹੁੰਦਾ ਰਿਹਾ। ਮੈਂ ਦੀਵਾਨ ‘ਤੇ ਬੈਠੀ ਲੰਮੇ-ਲੰਮੇ ਸਾਹ ਭਰ ਕੇ ਇਸ ਖੁਸ਼ਬੋਈ ਨੂੰ ਕਿੰਨਾ ਚਿਰ ਆਪਣੇ ਅੰਦਰ ਉਤਾਰਦੀ ਰਹੀ। ਨਹਾਉਣ ਤੋਂ ਬਾਅਦ ਵੀ ਮੈਨੂੰ ਆਪਣਾ ਪਿੰਡਾ ਤਪਿਆ ਤਪਿਆ ਮਹਿਸੂਸ ਹੋਣ ਲੱਗਾ। ਜੀਤ ਮੇਰੇ ਚੇਤਿਆਂ ʼਚ ਘੁੰਮਣ ਲੱਗਾ। ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਉਸਨੂੰ ਗਏ ਨੂੰ। ਬਹੁਤ ਯਾਦ ਆਉਂਦੀ ਹੈ ਉਸਦੀ। ਅੱਖਾਂ ਮੀਟ ਮੈਂ ਜੀਤ ਬਾਰੇ ਸੋਚਣ ਲੱਗਦੀ ਹਾਂ। ਉਸ ਨਾਲ਼ ਬਿਤਾਏ ਦਿਨ ਤੇ ਉਸ ਨਾਲ਼ ਬਿਤਾਈਆਂ ਰਾਤਾਂ ਨੂੰ ਯਾਦ ਕਰਕੇ ਮੈਂਨੂੰ ਮੇਰਾ ਆਪਾ ਤਪਦਾ ਮਹਿਸੂਸ ਹੋਣ ਲੱਗਾ। ਕਿਵੇਂ ਦੱਸਾਂ ਜੀਤ ਨੂੰ ਉਸ ਬਿਨਾਂ ਮੇਰਾ ਕੀ ਹਾਲ ਹੈ। ਉੱਠ ਕੇ ਮੈਂ ਇਕ ਵਾਰ ਫਿਰ ਤੋਂ ਨਹਾਉਣ ਲਈ ਬਾਥਰੂਮ ਵਲ ਨੂੰ ਹੋ ਤੁਰੀ।
ਗੇਟ ਫਿਰ ਖੜਕਿਆ ਸੀ।

ਸ਼ਾਇਦ ਛਿੰਦਰੋ ਆ ਗਈ ਸੀ। ਘੜੀ ਵਲ ਨਿਗਾਹ ਮਾਰੀ, ਬੱਚਿਆਂ ਦੇ ਸਕੂਲੋਂ ਆਉਣ ʼਚ ਅਜੇ ਸਮਾਂ ਬਾਕੀ ਸੀ।
“ਸਾਸਰੀਕਾਲ ਦੀਦੀ”, ਛਿੰਦਰੋ ਨੇ ਢਿੱਲੇ ਜਿਹੇ ਮੂੰਹ ਨਾਲ਼ ਸਾਸਰੀਕਾਲ ਆਖੀ ਤਾਂ ਮੈਂ ਉਸਨੂੰ ਧਿਆਨ ਨਾਲ਼ ਵੇਖਿਆ। ਉਹ ਹੌਲ਼ੀ-ਹੌਲ਼ੀ ਤੁਰ ਰਹੀ ਸੀ। ਮੱਥੇ ‘ਤੇ ਝਰੀਟ ਤੇ ਛੋਟਾ ਜਿਹਾ ਜਖ਼ਮ ਵੀ ਸੀ।
“ਸਾਸਰੀਕਾਲ ਤਾਂ ਹੋਈ, ਨਾ ਆ ਕੀ ਕਰਾ ਕੇ ਆਈ ਆਂ”
“ਤੁਹਾਡੇ ਤੋਂ ਕਿਹੜਾ ਕੁਝ ਲੁਕਿਆ ਆ ਦੀਦੀ, ਮੇਹਸ਼ੀ ਮਰ ਜਾਣੇ ਦੀ ਮਕਾਣ ਦੇ ਕੇ ਆਈ ਹਾਂ। ਹਰਾਮਦੇ ਨੇ ਰਾਤੀਂ ਫਿਰ ਮੈਨੂੰ ਕੁੱਟਿਆ।”
ਮੈਂ ਰਸੋਈ ʼਚੋਂ ਪਾਣੀ ਦਾ ਗਿਲਾਸ ਭਰ ਕੇ ਛਿੰਦਰੋ ਨੂੰ ਫੜਾ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ।
“ਨਾ ਹੁਣ ਕੀ ਹੋ ਗਿਆ ਉਸ ਬਿਮਾਰੀ ਪੈਣੇ ਨੂੰ, ਹੁਣ ਕਿਉਂ ਕੁੱਟਿਆ ਤੈਨੂੰ”, ਮੈਂ ਹਮਦਰਦੀ ਨਾਲ਼ ਪੁੱਛਿਆ।
ਬਿਮਾਰੀ ਕੋਈ ਨਵੀਂ ਥੋੜ੍ਹੋ ਆ ਉਹਨੂੰ। ਉਹੀ ਬਿਮਾਰੀ ਆ ਉਹਨੂੰ ਇਕੋ ਈ। ਜਦੋਂ ਦਾ ਲੱਤ ਇਹਦੀ ‘ਤੇ ਟੈਕ ਹੋਇਆ, ਉਦੋਂ ਦਾ ਹੀ ਇਹਦਾ ਨਿੱਤ ਦਾ ਸਿਆਪਾ, ਛਿੰਦਰੋ ਅੱਖਾਂ ਪੂੰਝਦੀ ਬੋਲੀ।
“ਹੁਣ ਮੈਂ ਦੱਸਾਂ ਤਾਂ ਕੀ ਦੱਸਾਂ ਪਈ ਕਿਉਂ ਮਾਰਦਾ।”
“ਕੀ ਕਹਿੰਦਾ”, ਮੈਂ ਤਸੱਲੀ ਦੇਣ ਲਈ ਪੁੱਛਿਆ।
“ਕਹਿਣਾ ਉਹਨੇ ਆਪਣੀ ਮਾਂ ਦਾ ਸਿਰ ਆ। ਸਾਰੀ ਰਾਤ ਮੇਰੇ ਨਾਲ਼ ਘੌਝਲ਼ਦਾ ਰਹਿੰਦਾ। ਜਦੋਂ ਦਾ ਲੱਤ ‘ਤੇ ਟੈਕ ਹੋਇਆ, ਹੁੰਦਾ-ਹਾਂਦਾ ਹੈ ਨੀ ਕੁਸ਼ ਇਹਦੇ ਤੋਂ ਉਲਟਾ ਮੈਨੂੰ ਕੁੱਟਦਾ। ਕਹਿੰਦਾ ਤੂੰ ਫਲਾਣੇ ਨਾਲ਼ ਰਹਿੰਦੀ ਆਂ, ਤੂੰ ਢਮਕਾਣੇ ਨਾਲ਼ ਰਹਿੰਦੀ ਆਂ। ਇਕ ਵਾਰ ਤਾਂ ਮੇਰਾ ਜੀਅ ਕਰੇ ਗਲ਼ੀ ʼਚ ਖਲੋਅ ਕੇ ਮੈਂ ਵੀ ਚੁੰਨੀ ਲਾਹ ਕੇ ਆਖਾਂ ਕਿ ਆ ਮੇਰੇ ਪਿਉ ਦਿਆ ਸਾਲ਼ਿਆ, ਆ ਤੈਨੂੰ ਦੱਸਾਂ ਮੈਂ ਕੀਹਦੇ ਨਾਲ਼ ਰਹਿੰਦੀ ਆਂ, ਕਿਉਂ ਰਹਿੰਦੀ ਆਂ, ਆ ਤੈਨੂੰ ਨੰਗਾ ਕਰਾਂ ਸਾਰੇ ਜਗ ਦੇ ਸਾਹਮਣੇ…… ਫਿਰ ਸੋਚ ਕੇ ਚੁੱਪ ਕਰ ਜਾਂਦੀ ਆਂ, ਮਨਾਂ ਛੱਡ ਪਰ੍ਹਾਂ ਨਿਆਣੇ ਰੁਲਣਗੇ, ਇਹਦਾ ਕੀ ਬਿਗੜਨਾ।
“ਕੋਈ ਸਮਝਾਉਂਦਾ ਨਹੀਂ ਇਹਨੂੰ”
“ਹਾਂਅ…… ਇਹਨੂੰ ਕੀਹਨੇ ਸਮਝਾਉਣਾ ਇਕ ਦਿਓਰ ਆ ਉਹਦਾ ਵੀ ਸਿਆਪਾ ਮੈਂ ਹੀ ਕਰਦੀ ਆਂ। ਮੰਨੀਆਂ ਖਾ ਕੇ ਅੰਦਰ ਵੜ ਕੇ ਸੌਂ ਜਾਂਦਾ।”
“ਕੋਈ ਕੰਮ-ਕੁੰਮ ਨਹੀਂ ਕਰਦਾ ਉਹ”
ਕਰਦਾ……ਮੁੰਸੀਪਲਟੀ ʼਚ ਸੀਪਰ ਲੱਗਿਆ। ਅਜੇ ਕੱਚਾ ਈ ਆ।
“ਵਿਆਹ ਕਰਾ ਦੇ ਉਹਦਾ, ਤੇਰਾ ਥੋੜ੍ਹਾ ਕੰਮ ਘਟ ਜੂ”, ਮੈਂ ਸ਼ਰਾਰਤ ਨਾਲ਼ ਉਹਦਾ ਧਿਅਨ ਵਟਾਉਣ ਲਈ ਕਿਹਾ।
“ਵਿਆਹ ਨੂੰ ਤਾਂ ਮੈਂ ਕਿਹਾ ਕਿਤੇ ਨਿੱਤ ਸਾਕ ਮੁੜਦੇ ਆ ਉਹਨੂੰ!”, ਛਿੰਦਰੋ ਵਿਅੰਗ ਨਾਲ਼ ਬੋਲੀ।
“ਕਿਉਂ……?”
“ਵਿਆਹ ਤਾਂ ਤਦ ਹੀ ਹੋਊ ਜੇ ਉਹਦੇ ਪੱਲੇ ਕੱਖ ਹੋਊ। ਮਾਤਾ ਦਾ ਮਾਲ ਈ ਆ ਉਹ ਨਿਰਾ।”
“ਅੱਛਾ, ਤੈਨੂੰ ਕਿਵੇਂ ਪਤਾ”, ਮੈਂ ਹੱਸ ਕੇ ਅੱਖ ਦੱਬ ਕੇ ਪੁੱਛਿਆ।

”ਪਤਾ ਲੱਗ ਜਾਂਦਾ, ਇਹੋ ਜਿਹੇ ਘੁੱਗੂ ਕਿਤੇ ਗੁੱਝੇ ਰਹਿੰਦੇ ਆ……”
ਛਿੰਦਰੋ ਦਾ ਹਾਸਾ ਮੇਰੇ ਹਾਸੇ ਵਿਚ ਰਲ਼ ਗਿਆ।
ਗੱਲਾਂ ਕਰਕੇ ਉਹਦਾ ਚਿੱਤ ਵੱਲ ਹੋ ਗਿਆ ਤੇ ਉਹ ਉੱਠ ਕੇ ਕੰਮ ਵਿਚ ਰੁੱਝ ਗਈ। ਮੈਂ ਆਪਣਾ ਵਟਸਅੱਪ ਖੋਲ੍ਹ ਕੇ ਬੈਠ ਗਈ। ਰਿਸ਼ਤੇਦਾਰਾਂ, ਭੈਣਾਂ ਭਾਈਆਂ ਦੇ ਗੁੱਡ ਮਾਰਨਿੰਗ ਦੇ ਸੁਨੇਹੇ ਮੈਨੂੰ ਅਕਾ ਦਿੰਦੇ।
ਘਰ ਵਲ ਨਿਗਾਹ ਮਾਰਦੀ ਹਾਂ ਤਾਂ ਘਰ ਵਿਚ ਜ਼ਰੂਰਤ ਦੀ ਹਰ ਚੀਜ਼ ਮੌਜੂਦ ਹੈ। ਆਪਣੇ ਅੰਦਰ ਝਾਤੀ ਮਾਰਦੀ ਹਾਂ ਤਾਂ ਅੰਦਰ ਸੱਖਣਾ-ਸੱਖਣਾ ਲੱਗਦਾ ਹੈ। ਬੈੱਡ ‘ਤੇ ਲੰਮੀ ਪਈ ਜੀਤ ਨੂੰ ਚਿਤਵਦੀ ਹਾਂ। ਜੀਅ ਕਰਦਾ ਜੀਤ ਹੁਣ ਉੱਡ ਕੇ ਮੇਰੇ ਕੋਲ਼ ਪਹੁੰਚ ਜਾਵੇ ਤੇ ਮੈਨੂੰ ਆਪਣੀਆਂ ਬਾਹਵਾਂ ਵਿਚ ਭਰ ਲਵੇ। ਪਰ ਇਹ ਹੋ ਨਹੀਂ ਨਾ ਸਕਦਾ।
ਕਿੰਨਾ ਔਖਾ ਹੈ ਇਹੋ ਜਿਹੇ ਹਾਲਾਤ ਨਾਲ਼ ਦੋ-ਚਾਰ ਹੋਣਾ। ਜਦੋਂ ਰਸੋਈ ਦੇ ਸਾਰੇ ਖਾਲੀ ਭਾਂਡੇ ਖੜਕਦੇ ਸਨ ਤਾਂ ਉਦੋਂ ਮਨ ਦੇ ਹਾਲਾਤ ਹੋਰ ਸਨ। ਜੀਅ ਕਰਦਾ ਸੀ ਕਿ ਕਿਹੜੀ ਘੜੀ ਜੀਤ ਬਾਹਰ ਚਲਾ ਜਾਵੇ। ਦੋਵੇਂ ਡੰਗ ਰੱਜਵੀਂ ਰੋਟੀ ਖਾਈਏ। ਪਰ ਹੁਣ ਜੀਅ ਕਰਦਾ ਹੈ ਕਿ ਕਿਹੜੀ ਘੜੀ ਜੀਤ ਪਰਤ ਆਵੇ। ਮੈਂ ਅੱਧੀ ਖਾ ਕੇ ਹੀ ਗੁਜ਼ਾਰਾ ਕਰ ਲਉਂ। ਪਰ……
ਖਾਲੀ-ਖਾਲੀ ਮਨ ਕਦੀ-ਕਦੀ ਬਹੁਤ ਉਦਾਸ ਹੋ ਜਾਂਦਾ ਤੇ ਕਦੀ ਕਾਹਲ਼ਾ ਪੈਣ ਲੱਗਦਾ।
”ਕੀ ਭੁੱਖ ਸਿਰਫ ਰੋਟੀ ਦੀ ਹੀ ਹੁੰਦੀ ਹੈ……? ਮੈਂ ਆਪਣੇ ਕੱਸਵੇਂ ਸੂਟ ‘ਚ ਕੈਦ ਆਪਣੀ ਦੇਹ ਵਲ ਵੇਖ ਕੇ ਸੋਚਦੀ।

ਮੇਰੇ ਖਿਆਲਾਂ ਵਿਚ ਮੱਖਣ ਦਾ ਚਿਹਰਾ ਘੁੰਮ ਗਿਆ। ਨਾਲ਼ ਹੀ ਜੀਤ ਦੇ ਨਕਸ਼ ਵੀ ਉੱਭਰ ਆਏ। ਦੁਬਈ ਨੂੰ ਤੁਰਨ ਵੇਲੇ ਜੀਤ ਨੇ ਮੈਨੂੰ ਕਲ਼ਾਵੇ ‘ਚ ਭਰ ਕੇ ਆਖਿਆ ਸੀ, ”ਰਹਿ ਲਵੇਂਗੀ ਮੇਰੇ ਬਗ਼ੈਰ?”
”ਹਾਂ, ਰਹਿ ਲਵਾਂਗੀ ਜਿਵੇਂ ਤੁਸੀਂ ਮੇਰੇ ਬਗ਼ੈਰ ਰਹਿ ਲਉਗੇ, ”ਮੈਂ ਚਾਂਭਲ੍ਹੇ ਹਾਸੇ ਨਾਲ਼ ਕਿਹਾ ਸੀ।
ਉਦੋਂ ਨਹੀਂ ਪਤਾ ਸੀ ਕਿ ਬੰਦੇ ਤੋਂ ਬਿਨਾਂ ਰਹਿਣਾ ਕਿੰਨਾ ਔਖਾ ਆ।
ਦਿਨ ਚੜ੍ਹਦਾ ਲੱਥ ਜਾਂਦਾ। ਜੀਤ ਘਰ ਖਰਚ ਲਈ ਖੁੱਲੇ ਪੈਸੇ ਭੇਜਦਾ। ਹਰ ਜ਼ਰੂਰਤ ਪੂਰੀ ਹੋ ਜਾਂਦੀ ਸੀ। ਪਰ ਜੀਤ ਦੀ ਲੋੜ ਕਿਵੇਂ ਪੂਰੀ ਹੋ ਸਕਦੀ ਸੀ। ਹਰ ਵੇਲੇ ਇਕ ਅੱਚੋਤਾਈ ਲੱਗੀ ਰਹਿੰਦੀ ਮੈਨੂੰ।
”ਤੁਹਾਨੂੰ ਕਦੋਂ ਛੁੱਟੀ ਮਿਲਣੀ ਆਂ……?”, ਇਕ ਦਿਨ ਜੀਤ ਦੇ ਫੋਨ ਆਉਣ ‘ਤੇ ਮੈਂ ਪੁੱਛਿਆ।
”ਛੁੱਟੀ ਤਾਂ ਹਾਲੇ ਠਹਿਰ ਕੇ ਹੀ ਮਿਲ਼ੂ। ਕੰਮ ਚੰਗਾ ਚੱਲੀ ਜਾਂਦਾ ਆ। ਚਾਰ ਪੈਸੇ ਕਮਾ ਲਵਾਂ। ਤੇਰੀ ਹਰ ਰੀਝ ਪੂਰੀ ਕਰਨੀ ਆਂ।”
”ਮੇਰੀਆਂ ਰੀਝਾਂ ਕਿਵੇਂ ਤਿਲ-ਤਿਲ ਕਰਕੇ ਮੱਚ ਰਹੀਆਂ ਹਨ, ਕਿਵੇਂ ਦੱਸਾਂ ਤੈਨੂੰ”, ਮੈਂ ਮਨ ਹੀ ਮਨ ਸੋਚਿਆ।
”ਕੀ ਗੱਲ ਚੁੱਪ ਕਿਉਂ ਕਰ ਗਈ”
”ਨਹੀਂ ਬੱਸ ਓਦਾਂ ਈਂ, ਬੱਚੇ ਤੁਹਾਨੂੰ ਬਹੁਤ ਯਾਦ ਕਰਦੇ ਆ”
”ਬੱਚਿਆਂ ਦੀ ਮੰਮੀ ਨਹੀਂ ਕਰਦੀ……?”, ਜੀਤ ਹੱਸਿਆ।
”ਅੱਛਾ ਬੱਚੇ ਕਿੱਥੇ ਆ”
”ਸਕੂਲ ਗਏ ਆ, ਘੰਟੇ ਕੁ ਤਕ ਆਉਣਾ।”
”ਚੱਲ ਫਿਰ ਕਰ ਦੇ ਭੌਰ ਨੂੰ ਖੁਸ਼”, ਜੀਤ ਨੇ ਮਚਲ ਕੇ ਆਖਿਆ।

ਫੋਨ ‘ਤੇ ਕੀਤੀ ਵੀਡੀਓ ਕਾਲ ‘ਤੇ ਭੌਰ ਤਾਂ ਖੁਸ਼ ਹੋ ਜਾਂਦਾ, ਪਰ ਉਸਤੋਂ ਬਾਅਦ ਮੇਰਾ ਜੋ ਹਾਲ ਹੁੰਦਾ, ਉਹ ਕਿਸ ਨੂੰ ਦੱਸਾਂ……
ਇਕ ਦਿਨ ਛਿੰਦਰੋ ਦੇ ਘਰੋਂ ਸੁਨੇਹਾ ਮਿਲ਼ਿਆ। ਉਹਦਾ ਪਤੀ ਮੇਹਸ਼ੀ ਚੱਲ ਵਸਿਆ ਸੀ। ਸ਼ਰਾਬ ਦੇ ਨਸ਼ੇ ‘ਚ ਟੱਲੀ ਹੋਏ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਸੀ। ਥਾਂ ‘ਤੇ ਹੀ ਮੁੱਕ ਗਿਆ। ਮੈਂ ਛਿੰਦਰੋ ਦੇ ਘਰ ਅਫ਼ਸੋਸ ਲਈ ਗਈ। ਛਿੰਦਰੋ ਦਾ ਚਿਹਰਾ ਸਪਾਟ ਸੀ। ਨਾ ਉਹ ਰੋ ਰਹੀ ਸੀ ਨਾ ਗੱਲ ਕਰ ਰਹੀ ਸੀ ਜਾਂ ਸ਼ਾਇਦ ਉਹ ਸਮਝ ਹੀ ਨਹੀਂ ਪਾ ਰਹੀ ਸੀ ਕਿ ਮੇਹਸ਼ੀ ਜਿਹਨੇ ਕੁੱਟ-ਕੁੱਟ ਕੇ ਉਹਦਾ ਜੀਣਾ ਹਰਾਮ ਕੀਤਾ ਹੋਇਆ ਸੀ, ਉਹਦੀ ਮੌਤ ਦਾ ਉਹ ਸੋਗ ਮਨਾਵੇ ਕਿ ਖੁਸ਼ੀ। ਮੈਂ ਕੁਝ ਪੈਸੇ ਉਸ ਦੀ ਮੁੱਠੀ ਵਿਚ ਘੁੱਟ ਕੇ ਘਰ ਆ ਗਈ।
ਅੱਜ-ਕੱਲ੍ਹ ਮੱਖਣ ਦਾ ਸਾਡੇ ਘਰ ਵਲ ਆਉਣਾ-ਜਾਣਾ ਕੁੱਝ ਜ਼ਿਆਦਾ ਹੀ ਹੋ ਗਿਆ ਸੀ। ਮੈਂ ਮਨ ਹੀ ਮਨ ਆਪਣੇ ਆਪ ‘ਤੇ ਹੱਸਦੀ ਹਾਂ। ਮੱਖਣ ਜੋਗਾ ਜ਼ਰੂਰੀ ਜਾਂ ਫਿਰ ਗ਼ੈਰ ਜ਼ਰੂਰੀ ਕੰਮ ਮੈਂ ਪਤਾ ਨਹੀਂ ਕਿਥੋਂ ਕੱਢ ਲੈਂਦੀ ਸਾਂ ਅੱਜ ਕੱਲ੍ਹ। ਤੇ ਉਹ ਜਿਵੇਂ ਫੋਨ ਦੀ ਉਡੀਕ ‘ਚ ਹੀ ਬੈਠਾ ਹੁੰਦਾ। ਝੱਟ ਬੁਲਾਓ ਪੱਟ ਹਾਜ਼ਰ। ਕੰਮ ਕਰਨ ਤੋਂ ਬਾਅਦ ਕਿੰਨਾ ਚਿਰ ਬੈਠਾ ਏਧਰ-ਓਧਰ ਦੀਆਂ ਮਾਰਦਾ ਕਈ ਵਾਰ ਤਾਂ ਰੋਟੀ ਲਈ ਵੀ ਰੁਕ ਜਾਂਦਾ ਜਾਂ ਕਹਿ ਲਉ ਮੈਂ ਰੋਕ ਲੈਂਦੀ। ਉਹ ਅਕਸਰ ਮੇਰੀਆਂ ਸਿਫ਼ਤਾਂ ਕਰਦਾ। ਮੈਨੂੰ ਚੰਗਾ-ਚੰਗਾ ਲੱਗਦਾ। ਮੈਨੂੰ ਆਪਣਾ ਸੱਜਣਾ ਫੱਬਣਾ ਵਰ ਆਇਆ ਜਾਪਦਾ। ਕਿਤੇ-ਕਿਤੇ ਮਜ਼ਾਕ ਕਰਦਾ ਮੱਖਣ ਕਦੋਂ, ਮੈਨੂੰ ਵਟਸਐੱਪ ‘ਤੇ ਮੈਸੇਜ ਭੇਜਣ ਲੱਗ ਪਿਆ, ਮੈਨੂੰ ਪਤਾ ਵੀ ਨਹੀਂ ਲੱਗਾ। ਉਹਦੇ ਭੇਜੇ ਮੈਸਜਾਂ ਨੂੰ ਪੜ੍ਹ ਕੇ ਜਵਾਬ ਦੇਣ ਵਿਚ ਮੈਨੂੰ ਵੀ ਸਵਾਦ ਆਉਣ ਲੱਗਾ।
”ਕੀ ਮੱਖਣ ਵੀ ਮੇਰੇ ਬਾਰੇ ਇਵੇਂ ਹੀ ਸੋਚਦਾ ਹੋਵੇਗਾ, ਜਿਵੇਂ ਮੈਂ……” ਮੈਂ ਮਨ ਹੀ ਮਨ ਸੋਚਦੀ।
”ਉਹ ਮਰਦ ਹੈ, ਉਹ ਤਾਂ ਸਗੋਂ ਮੇਰੇ ਤੋਂ ਵੀ ਦੋ ਕਦਮ ਅਗਾਂਹ ਹੀ ਸੋਚਦਾ ਹੋਊਗਾ।” ਮੈਂ ਮਨ ਹੀ ਮਨ ਮੁਸਕਰਾ ਕੇ ਮੱਖਣ ਨੂੰ ਚਿਤਵਣ ਲੱਗੀ। ਖ਼ਿਆਲਾਂ ਵਿਚ ਉਸ ਦੀ ਦੇਹ ਨੂੰ ਪੋਟਿਆਂ ਨਾਲ਼ ਛੂਹਣ ਲੱਗੀ। ਮੈਂ ਤ੍ਰਭਕ ਗਈ ਮੈਨੂੰ ਆਪਣਾ ਪਿੰਡਾ ਤੰਦੂਰ ਵਾਂਗ ਤਪਦਾ ਮਹਿਸੂਸ ਹੋਇਆ। ਮੈਂ ਸਿਰ ਝਟਕ ਕੇ ਰਸੋਈ ‘ਚ ਆ ਗਈ। ਠੰਡੇ ਪਾਣੀ ਦਾ ਗਲਾਸ ਪੀਤਾ, ਕੁੱਝ ਧਰਵਾਸ ਹੋਇਆ।
ਮਨ ਨੂੰ ਹੋਰ ਪਾਸੇ ਪਾਉਣ ਲਈ ਫੋਟੇ ਐਲਬਮ ਖੋਲ੍ਹ ਕੇ ਤੱਕਣ ਲੱਗੀ। ਆਪਣੇ ਵਿਆਹ ਦੀਆਂ ਫੋਟੋਆਂ। ਰਿਸ਼ਤੇਦਾਰਾਂ ਦੀਆਂ ਫੋਟੋਆਂ। ਬੱਚਿਆਂ ਦੀਆਂ ਫੋਟੋਆਂ। ਪਰ ਕੁੱਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਪਰ੍ਹੇ ਪਏ ਫੋਨ ‘ਤੇ ਮੈਸੇਜ ਵਾਲੀ ਬੀਪ ਵੱਜੀ। ਫੋਨ ਖੋਲ੍ਹਿਆ, ਮੱਖਣ ਦਾ ਮੈਸੇਜ ਸੀ। ਹਾਸੇ ਵਾਲਾ ਜਾਂ ਕਹਿ ਲਓ ਹਾਸੇ ਤੋਂ ਕੁੱਝ ਵਧ ਕੇ ਸੀ ਥੋੜਾ ਅਸ਼ਲੀਲ ਜਿਹਾ।
ਮੈਂ ਹਾਸੇ ਵਾਲੇ ਇਮੇਜ ਭੇਜ ਦਿੱਤੇ।
ਫੇਰ ਤਾਂ ਇਹ ਸਿਲਸਿਲਾ ਚੱਲ ਨਿੱਕਲਿਆ। ਦਿਨ ‘ਚ ਕਿੰਨੇ ਕਿੰਨੇ ਮੈਸੇਜ।
ਵਾਪਸੀ ਤੇ ਮੇਰੇ ਹਾ-ਹਾ-ਹਾ ਵਾਲੇ ਮੈਸੇਜ।
ਮੱਖਣ ਹੁਣ ਬਿਨਾਂ ਕੰਮ ਤੋਂ ਵੀ ਘੰਟਿਆਂ ਬੱਧੀ ਮੇਰੇ ਘਰ ਆ ਕੇ ਬੈਠਾ ਰਹਿੰਦਾ। ਏਧਰਲੀਆਂ-ਓਧਰਲੀਆਂ ਗੱਲਾਂ ਮਾਰ-ਮਾਰ ਮੈਨੂੰ ਹਸਾਉਂਦਾ ਰਹਿੰਦਾ। ਪਹਿਲਾਂ ਜਦੋਂ ਮੈਂ ਮੱਖਣ ਦਾ ਚਿਹਰਾ ਚਿਤਵਦੀ ਤਾਂ ਉਸ ਵਿਚ ਜੀਤ ਦਾ ਚਿਹਰਾ ਆ ਰਲ਼ਦਾ। ਪਰ ਹੁਣ ਜੀਤ ਦਾ ਚਿਹਰਾ ਆ ਕੇ ਮੱਖਣ ਦੇ ਨਕਸ਼ਾਂ ਵਿਚ ਰਲ ਗੱਡ ਹੋ ਜਾਂਦਾ।
ਮੱਖਣ ਨਾਲ਼ ਮੇਰੀਆਂ ਨਜ਼ਦੀਕੀਆਂ ਹੁਣ ਬਹੁਤ ਨਾਜ਼ੁਕ ਮੋੜ ‘ਤੇ ਪਹੁੰਚ ਰਹੀਆਂ ਸਨ। ਦਿਲ ਇਕ ਕਦਮ ਅਗਾਂਹ ਧਰਦਾ ਤੇ ਦਿਮਾਗ਼ ਇਕ ਕਦਮ ਪਿਛਾਂਹ ਕਰ ਲੈਂਦਾ।
ਛਿੰਦਰੋ ਨੇ ਕਈ ਦਿਨਾਂ ਤੋਂ ਕੰਮ ਤੋਂ ਛੁੱਟੀਆਂ ਲਈਆਂ ਹੋਈਆਂ ਸਨ।
ਅੱਜ ਬੜੇ ਦਿਨਾਂ ਬਾਅਦ ਉਹ ਕੰਮ ‘ਤੇ ਆਈ ਸੀ। ਮੈਂ ਉਸ ਨੂੰ ਗਹੁ ਨਾਲ਼ ਵੇਖਿਆ। ਉਸਦੇ ਸੋਹਣਾ ਸੂਟ, ਬਾਹਵਾਂ ਵਿਚ ਵੰਗਾਂ ਤੇ ਬੁੱਲ੍ਹਾਂ ‘ਤੇ ਹਲਕੀ ਸੁਰਖੀ ਸੀ। ਉਹਦਾ ਚਿਹਰਾ ਗੁਲਾਬੀ ਭਾਅ ਮਾਰ ਰਿਹਾ ਸੀ। ਛਿੰਦਰੋ ਮੇਰੀ ਕੁ ਉਮਰ ਦੀ ਸੀ ਜਾਂ ਮੇਰੇ ਤੋਂ ਸਾਲ-ਖੰਡ ਛੋਟੀ ਹੋਊ।
”ਕੁੜੇ ਅੱਜ ਬੜਾ ਫੱਬੀ ਫਿਰਦੀ ਐਂ, ਸੁੱਖ ਤਾਂ ਹੈ……” ਮੈਂ ਹੱਸ ਕੇ ਪੁੱਛਿਆ।
”ਹਾਂ ਜੀ ਦੀਦੀ, ਉਹ ਮੈਂ ਤੁਹਾਨੂੰ ਦੱਸਿਆ ਨਹੀਂ। ਮੇਰੀ ਮਾਂ ਤੇ ਭਰਾ ਆਏ ਸਨ। ਵਿਹੜੇ ਵਾਲ਼ਿਆਂ ਨਾਲ਼ ਸਲਾਹ ਕਰਕੇ ਮੈਨੂੰ ਮੇਹਸ਼ੀ ਦੇ ਭਰਾ ਬੀਰ੍ਹੇ ਦੇ ਘਰ ਬਿਠਾ ਦਿੱਤਾ। ਮੇਰਾ ਤੇ ਬੱਚਿਆਂ ਦਾ ਸਿਰ ਢੱਕਣ ਹੋ ਗਿਆ ਤੇ ਉਹਦੀ ਰੋਟੀ ਪੱਕਦੀ ਹੋ ਗਈ।”
”ਉਹ ਤੇਰਾ ਦਿਓਰ, ਜਿਹੜਾ ਮਿਊਂਸੀਪੈਲਟੀ ‘ਚ ਨੌਕਰੀ ਕਰਦਾ ਸੀ?”
”ਹਾਂ ਦੀਦੀ, ਹੁਣ ਉਹ ਪੱਕਾ ਹੋ ਗਿਆ”, ਛਿੰਦਰੋ ਚਹਿਕ ਕੇ ਦੱਸ ਰਹੀ ਸੀ।
”ਪਹਿਲਾਂ ਮੇਹਸ਼ੀ ਨੇ ਤੈਨੂੰ ਇਕ ਵੀ ਦਿਨ ਚੱਜ ਦਾ ਨਹੀਂ ਵਿਖਾਇਆ ਤੇ ਹੁਣ ਆ ਬੀਰ੍ਹਾ…… ਤੂੰ ਤਾਂ ਕਹਿੰਦੀ ਸੀ ਕਿ ਉਹ ਮਾਤਾ ਦਾ ਮਾਲ ਈ ਆ। ਹੁਣ ਉਹ ਠੀਕ ਹੋ ਗਿਆ? ਮੈਂ ਖਿੱਝ ਕੇ ਪੁੱਛਿਆ।
”ਹੈ ਤਾਂ ਦੀਦੀ ਉਹ ਅਜੇ ਵੀ ਉਹੋ ਜਿਹਾ ਘੁੱਗੂ ਈ, ਪਰ ਮੈਨੂੰ ਤੇ ਮੇਰੇ ਬੱਚਿਆਂ ਨੂੰ ਰੋਟੀ ਤਾਂ ਮਿਲੂ ਢਿੱਡ ਭਰ ਕੇ ਖਾਣ ਨੂੰ।”
”ਕੀ ਤੀਵੀਂ ਨੂੰ ਸਿਰਫ਼ ਰੋਟੀ ਦੀ ਈ ਭੁੱਖ ਹੁੰਦੀ ਆ? ਹੋਰ ਕੋਈ ਭੁੱਖ ਨਹੀਂ।”
ਮੇਰਾ ਸਰੀਰ ਤੱਪਣ ਲੱਗ ਪਿਆ।
”ਕੀ ਕਰਾਂ ਦੀਦੀ ਢਿੱਡ ਨੂੰ ਝੁਲਕਾ ਤਾਂ ਦੇਣਾ ਈ ਹੋਇਆ। ਭੁੱਖਾਂ ਤਾਂ ਹੋਰ ਵੀ ਬਥੇਰੀਆਂ ਨੇ ਪਰ ਬੰਦੇ ਦੀਆਂ ਸਾਰੀਆਂ ਭੁੱਖਾਂ ਪੂਰੀਆਂ ਕਦੋਂ ਹੁੰਦੀਆਂ ਨੇ।”
ਛਿੰਦਰੋ ਦਾ ਇਹ ਵਾਕ ਸ਼ਾਮ ਤਕ ਮੇਰੇ ਸਿਰ ਵਿਚ ਹਥੌੜੇ ਵਾਂਗ ਵੱਜਦਾ ਰਿਹਾ।
ਦੂਜੇ ਦਿਨ ਜੀਤ ਦੀ ਵੀਡੀਓ ਕਾਲ ਆਈ। ਵੀਡੀਓ ਰਾਹੀਂ ਉਸਨੇ ਪੱਚੀਵੀਂ ਮੰਜ਼ਿਲ ‘ਤੇ ਕੰਮ ਕਰਦੇ ਆਪਣੇ ਇਕ ਦੋਸਤ ਨੂੰ ਵਿਖਾ ਕੇ ਦੱਸਿਆ ਕਿ ਵੇਖ ਲੈ ਹੁਣੇ-ਹੁਣੇ ਮੈਂ ਵੀ ਓਥੋਂ ਹੀ ਉੱਤਰ ਕੇ ਆਇਆਂ। ਅੱਧ ਅਸਮਾਨ ‘ਤੇ ਟੰਗ ਹੋ ਕੇ ਦਰਾਮ ਮਿਲਦੇ ਆ। ਓਥੋਂ ਖਲੋਅ ਕੇ ਹੇਠਾਂ ਵੇਖਣ ਦਾ ਜਿਗਰਾ ਨਹੀਂ ਪੈਂਦਾ। ਥੱਲੇ ਤੁਰਦੇ ਬੰਦੇ ਕੀੜੇ-ਮਕੌੜੇ ਵਿਖਾਈ ਦਿੰਦੇ ਨੇ। ਸਭ ਕੁਝ ਵੇਖ ਕੇ ਮੇਰਾ ਤ੍ਰਾਹ ਨਿਕਲ ਗਿਆ।
”ਜੀ ਤੁਸੀਂ ਆਉਣਾ ਕਦੋਂ ਕੁ ਨੂੰ ਆ…… ਮੇਰਾ ਜੀਅ ਨਹੀਂ ਲੱਗਦਾ ਹੁਣ।”
”ਉਹ ਜਿਗਰਾ ਰੱਖ, ਅਜੇ ਆਉਣ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ। ਕੰਮ ਬਾਹਵਾ ਲੱਗਾ ਆ। ਬੱਚਿਆਂ ਦੀ ਪੜ੍ਹਾਈ ਦਾ ਖ਼ਿਆਲ ਰੱਖੀਂ। ਤੇ ਨਾਲ਼ੇ ਆਪਣਾ ਵੀ, ਚੰਗਾ ਹੁਣ ਮੈਂ ਰੱਖਦਾਂ”, ਆਖ ਕੇ ਜੀਤ ਨੇ ਫੋਨ ਕੱਟ ਦਿੱਤਾ।
ਜੀਤ ਬਾਰੇ ਸੋਚ-ਸੋਚ ਮੇਰੀ ਅੱਖ ਕਦੋਂ ਲੱਗ ਗਈ ਮੈਨੂੰ ਪਤਾ ਵੀ ਨਹੀਂ ਲੱਗਾ।
ਉੱਠ ਕੇ ਵਟਸਅੱਪ ਖੋਲ੍ਹਿਆ। ਮੱਖਣ ਦੇ ਕਿੰਨੇ ਸਾਰੇ ਮੈਸੇਜ ਆਏ ਹੋਏ ਸਨ। ਹਾਸੇ ਵਾਲ਼ੇ, ਮੁਹੱਬਤੀ ਤੇ ਕੁਝ ਨਾਨਵੈਜ ਵੀ।
”ਭੁੱਖਾਂ ਤਾਂ ਹੋਰ ਵੀ ਬਥੇਰੀਆਂ ਨੇ ਪਰ ਸਾਰੀਆਂ ਪੂਰੀਆਂ ਕਿੱਥੇ ਹੁੰਦੀਆਂ ਆਂ ਦੀਦੀ”
ਛਿੰਦਰੋ ਦੇ ਬੋਲ ਫਿਰ ਤੋਂ ਮੇਰੇ ਜ਼ਿਹਨ ਵਿਚ ਖੌਰੂ ਪਾਉਣ ਲੱਗੇ। ਮੈਂ ਮੱਖਣ ਦੇ ਕਿਸੇ ਵੀ ਮੈਸੇਜ ਦਾ ਕੋਈ ਜੁਆਬ ਨਹੀਂ ਦਿੱਤਾ। ਉਸਦੇ ਸਾਰੇ ਮੈਸੇਜ ਡਿਲੀਟ ਕਰਕੇ ਉਸਦੇ ਨੰਬਰ ਨੂੰ ਬਲਾਕ ਕਰ ਕੇ ਫੋਨ ਪਰ੍ਹਾਂ ਰੱਖ ਕੇ ਇਕ ਲੰਬਾ ਸਾਹ ਲਿਆ।

ਹੋਰ ਪੰਜਾਬੀ ਕਹਾਣੀਆਂ ਪੜ੍ਹੋ

ਘਰ ਬੈਠੇ ਕਿਤਾਬਾਂ ਮੰਗਵਾਉ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: