ਆਪਣੀ ਬੋਲੀ, ਆਪਣਾ ਮਾਣ

ਕਹਾਣੀ । ਉਣੀਂਦੀ ਨਦੀ । ਅਜਮੇਰ ਸਿੱਧੂ

ਅੱਖਰ ਵੱਡੇ ਕਰੋ+=
ਕਈ ਦਿਨਾਂ ਦਾ ਮਨ ਕਾਹਲਾ ਪਿਆ ਹੋਇਆ। ਸਵੇਰ ਦੀ ਆਪਣੇ ਆਪ ਨੂੰ ਸਹਿਜ ਕਰਨ ਵਿਚ ਲੱਗੀ ਹੋਈ ਹਾਂ। ਆਪਣੇ ਸੇਵਕਾਂ ਦੇ ਚਿਹਰਿਆਂ ’ਤੇ ਜਲੌਅ ਦੇਖ ਕੇ ਖੁਸ਼ ਵੀ ਹਾਂ। ਉਨ੍ਹਾਂ ਦੇ ਸਿਰੜ ’ਤੇ ਹੈਰਾਨ ਵੀ। ਉਨ੍ਹਾਂ ਦੀ ਮਿਹਨਤ ਰੰਗ ਲੈ ਆਈ। ਵਿਚਾਰੇ ਦਿਨ ਰਾਤ ਨੱਠੇ ਭੱਜੇ ਫਿਰ ਰਹੇ ਹਨ। ਮੇਰੇ ਨਿੱਕੇ ਜਿਹੇ ਇਸ਼ਾਰੇ ’ਤੇ…। ਮੇਰੇ ਵਿਚ ਐਨੀ ਸ਼ਰਧਾ! ਮੈਂ ਤਾਂ ਉਸ ਪ੍ਰਭੂ ਦਾ ਇਕ ਅੰਸ਼ ਹਾਂ। ਉਹਦੀ ਅਨਿਨ ਭਗਤ। ਉਹ ਮੈਨੂੰ ਹੀ ਪ੍ਰਭੂ ਦੇ ਰੂਪ ਵਿਚ ਦੇਖ ਰਹੇ ਹਨ। ਮੇਰੀ ਭਗਤੀ ਵਿਚ ਲੀਨ ਰਹਿੰਦੇ ਨੇ। ਮੈਂ ਮੱਠ ’ਚੋਂ ਬਾਹਰ ਆਈ ਹਾਂ। ਮਨ ਹੋਰ ਪਾਸੇ ਪਾਉਣ ਲਈ ਫੁੱਲ ਬੂਟਿਆਂ ਵਿਚ ਗੁਆਚ ਜਾਣ ਦੀ ਕੋਸ਼ਿਸ਼ ਕਰਦੀ ਹਾਂ। ਮੇਰਾ ਵਾਰ-ਵਾਰ ਧਿਆਨ ਮੁੱਖ ਦੁਆਰ ’ਤੇ ਚਿਪਕੇ ਪੋਸਟਰ ਵੱਲ ਜਾ ਰਿਹਾ। …ਮੈਂ ਮੁੱਖ ਦੁਆਰ ਕੋਲ ਆਈ ਹਾਂ। ਪੋਸਟਰ ਪੜ੍ਹਨ ਲੱਗੀ ਹਾਂ-punjabi story writer ajmer sidhu short story unidi nadiਅਜਮੇਰ ਸਿੱਧੂਪਿਆਰੇ ਪ੍ਰੇਮੀ ਜਨੋ,ਆਪ ਸਭ ਦੇ ਆਦੇਸ਼ ਨੂੰ ਭਗਵਾਨ ਸ੍ਰੀ ਦਾ ਆਦੇਸ਼ ਸਮਝਦੇ ਹੋਏ, ਆਪ ਦੀ ਸ਼ਰਧਾ ਅਤੇ ਪ੍ਰੇਮ ਅੱਗੇ ਨਤ-ਮਸਤਕ ਹੁੰਦੇ ਹੋਏ 1008 ਸ੍ਰੀ ਸੁਆਮੀ ਪਰਮਾਨੰਦ ਜੀ ਮੰਡਲੇਸ਼ਵਰ ਦੀ ਯਾਦ ਵਿਚ ਮੱਠ ਦੀ ਉਸਾਰੀ ਦਾ ਕਾਰਜ ਸੰਪੂਰਨ ਹੋ ਗਿਆ ਹੈ। 27 ਮਾਰਚ ਦਾ ਸ਼ੁਭ ਦਿਵਸ ਮੂਰਤੀ ਸਥਾਪਨਾ ਲਈ ਨਿਯਤ ਕੀਤਾ ਗਿਆ ਹੈ। ਇਸ ਦਿਨ ਸਾਡੇ ਪੂਜਯ ਮਾਤਾ ਸ੍ਰੀ ਸਾਧਵੀ ਉਤਰਾ ਜੀ ਆਪਣੇ ਪਤਿਤ-ਪਾਵਨ ਕਰ ਕਮਲਾਂ ਨਾਲ ਸ਼ੁਭ ਆਰੰਭ ਕਰਨਗੇ। ਆਪ ਸਭ ਮਾਤਾ ਸ੍ਰੀ ਦੇ ਪਵਿੱਤਰ ਪ੍ਰਵਚਨ ਸ੍ਰਵਣ ਕਰਦੇ ਹੋਏ…ਪੋਸਟਰ ਪੜ੍ਹਨਾ ਵਿੱਚੇ ਛੱਡ ਬਗੀਚੀ ਵਿਚ ਆ ਬੈਠੀ ਹਾਂ। ਸਮਾਗਮ ਦੀ ਤਿਆਰੀ ਵੱਲ ਧਿਆਨ ਚਲਾ ਗਿਆ ਹੈ। ਮੇਰੇ ਭਰਾਵਾਂ ਹਰੀਸ਼ ਚੰਦਰ, ਸ਼ਾਮ ਲਾਲ ਤੇ ਸਮੂਹ ਸੇਵਕਾਂ ਨੇ ਦਿਨ ਰਾਤ ਇਕ ਕਰਕੇ ਇਸ ਮੱਠ ਦੀ ਉਸਾਰੀ ਕਰਵਾਈ ਹੈ। ਸਭੀ ਜਨ ਸਮਾਗਮ ਦੀਆਂ ਤਿਆਰੀਆਂ ਵਿਚ ਮਗਨ ਹਨ। ਉਹ ਆਪੋ-ਆਪਣੀਆਂ ਜ਼ੁੰਮੇਵਾਰੀਆਂ ਸ਼ਰਧਾ ਨਾਲ ਨਿਭਾਅ ਰਹੇ ਹਨ। ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਤੋਂ ਆਸ਼ੀਰਵਾਦ ਲੈਂਦੇ ਹਨ। ਪਰ ਉਹ…। ਪ੍ਰਭੂ ਦੇ ਵੈਰੀ ਨੇ ਮੇਰਾ ਲਹੂ ਪੀਤਾ ਪਿਆ। ਹੁਣ ਹਾਅ ਪੋਸਟਰ ਹੀ ਲੈ ਲਓ। ਇਹ ਮੈਂ ਨ੍ਹੀਂ ਛਪਵਾਇਆ। ਇਹਦੇ ਉਤੇ ਮੇਰੀ, ਸੁਆਮੀ ਪਰਮਾਨੰਦ ਜੀ ਅਤੇ ਮੱਠ ਦੀ ਫੋਟੋ ਛਪੀ ਹੋਈ ਹੈ। ਮੇਰੀ ਮਹਿਮਾ ਕੀਤੀ ਹੋਈ ਹੈ। ਮੂਰਤੀ ਸਥਾਪਨਾ ਲਈ… ਮੇਰੇ ਪ੍ਰਵਚਨ ਸੁਣਨ ਲਈ ਸ਼ਰਧਾਲੂਆਂ ਨੂੰ ਸੱਦਾ ਦਿੱਤਾ ਗਿਆ ਹੈ। ਮੈਂ ਆਪਣੇ ਸੇਵਕਾਂ ਨੂੰ ਕਿਵੇਂ ਨਾਂਹ ਕਰ ਸਕਦੀ ਹਾਂ। ਇਹ ਸਾਰਾ ਉਸ ਭਗਵਾਨ ਦਾ ਜਾਂ ਉਨ੍ਹਾਂ ਦਾ ਹੀ ਪ੍ਰਤਾਪ ਹੈ। ਦੂਜੇ ਮੱਠ ਵਾਲਿਆਂ ਬਥੇਰੇ ਅੜਿੱਕੇ ਡਾਹੇ। ਜਦੋਂ ਤਕ ਉੱਸਰ ਨ੍ਹੀਂ ਗਿਆ, ਮੈਂ ਚਿੰਤਾ ਵਿਚ ਡੁੱਬੀ ਰਹੀ। ਮੈਤੋਂ ਵੱਧ ਚਿੰਤਾ ਮੇਰੇ ਭਰਾਵਾਂ ਨੂੰ ਸੀ। ਹੁਣ ਉਹਨਾਂ ਦਾ ਸਾਰਾ ਜ਼ੋਰ ਸਮਾਗਮ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ। ਦੋਨੋਂ ਮੈਤੋਂ ਛੋਟੇ ਨੇ। ਮੱਠ ਚੜ੍ਹਾਉਣ ਵੇਲੇ ਵੀ ਇਨ੍ਹਾਂ ਪੂਰਾ ਸਟੈਂਡ ਲਿਆ ਸੀ-

‘‘ਉੱਤਰਾ ਭੈਣ, ਇਸ ਘਰ ਦਾ ਦਸਤੂਰ ਰਿਹਾ – ਜੋ ਮਾਪਿਆਂ ਨੇ ਕਹਿ ’ਤਾ। ਬੱਚਿਆਂ ਨੇ ਕਹੇ ’ਤੇ ਫੁੱਲ ਚੜ੍ਹਾ ਤੇ।’’ਉਦੋਂ ਮੇਰੀ ਹਾਲਤ ਬੜੀ ਤਰਸਯੋਗ ਸੀ। ਆਪਣੇ ਹੱਥੀਂ ਭਾਲੇ ਹਾਣ ਦਾ ਕੀ ਕਰਦੀ? ਮੈਂ ਤੇ ਰਿਸ਼ੀ ਇਕ ਹੋਣ ਦਾ ਫ਼ੈਸਲਾ ਲੈ ਚੁੱਕੇ ਸਾਂ। ਮੇਰੇ ਤਨ ਮਨ ’ਤੇ ਉਹਦਾ ਨਾਂ ਪੂਰੀ ਤਰ੍ਹਾਂ ਉਕਰਿਆ ਪਿਆ ਸੀ। ਕਿਹੜਾ ਰੀਮੂਵਰ ਲੈ ਕੇ ਮਿਟਾ ਦਿੰਦੀ।‘‘ਨਾਲੇ ਇਹ ਕੋਈ ਪਾਪ ਨ੍ਹੀਂ ਕਰ ਰਹੇ। ਭਗਵਾਨ ਦੇ ਚਰਨੀਂ ਲਾ ਰਹੇ ਆ।’’ ਸ਼ਾਮ ਲਾਲ ਪ੍ਰਵਚਨ ਸੁਣਾਉਣ ਵਾਂਗ ਬੋਲਿਆ ਸੀ।ਉਸ ਦਿਨ ਮੈਨੂੰ ਧਰਤੀ ਪ੍ਰੇਮ ਵਿਹੂਣੀ ਜਾਪੀ ਸੀ। ਮੈਂ ਧਰਤੀ ਵਿਚ ਧਸ ਜਾਣਾ ਚਾਹੁੰਦੀ ਸੀ। ਇਹ ਸੋਚ ਕੇ ਕਿ ਸਾਡੇ ਪਿਆਰ ਦੇ ਬੀਜੇ ਬੀਜ ਹੀ ਪੁੰਗਰ ਪੈਣਗੇ। ਸਾਡੀਆਂ ਰਹਿ ਗਈਆਂ ਖਾਹਸ਼ਾਂ ਪੂਰੀਆਂ ਕਰ ਦੇਣਗੇ। ਪਰ ਭਗਵਾਨ ਨੂੰ ਇਹ ਮਨਜ਼ੂੁਰ ਨ੍ਹੀਂ ਸੀ। ਮੋਈਆਂ ਸੱਧਰਾਂ ਨੂੰ ਫ਼ਲ ਕਿੱਥੋਂ ਲੱਗਣਾ ਸੀ। ਕਦੇ ਸੁੱਕੀਆਂ ਕੁੱਖਾਂ ਨੂੰ ਵੀ ਬੀਅ ਨਸੀਬ ਹੋਇਆ?‘‘ਸਾਡੀ ਸੁੱਖ ਦਾ ਕੀ ਬਣੂੰਗਾ, ਬੇਟਾ?’’ ਝਾਈ ਬੁੜਬੁੜਾਈ ਸੀ।ਮੈਂ ਆਪਣੇ ਮਾਂ-ਬਾਪ ਤੇ ਭਰਾਵਾਂ ਅੱਗੇ ਚੁੱਪ ਸੀ। ਮੇਰੀ ਹਾਲਤ ਤਾਂ ਸੁੱਕੇ ਪੱਤਿਆਂ ਵਰਗੀ ਸੀ। ਜਿਹੜੇ ਝੜ ਜਾਂਦੇ ਆ। ਰੁਲ਼ ਜਾਂਦੇ ਆ। ਸੜ ਜਾਂਦੇ ਆ। ਵਿਚਾਰੇ ਆਪਣੀ ਮੌਤੇ ਆਪ ਹੀ ਮਰ ਜਾਂਦੇ ਆ। ਹੁਣ ਤਾਂ ਜਲ਼ ਜਾਣਾ ਗੈਸਾਂ ਦਾ ਯੁੱਗ ਆ ਗਿਆ। ਪੱਤਿਆਂ ਦੀ ਕੋਈ ਅੱਗ ਵੀ ਨਈਂ ਬਾਲ਼ਦਾ। ਹੋਰ ਨ੍ਹੀਂ ਬੰਦਾ ਰਾਖ ਬਣ ਕੇ ‘ਸ਼ਾਂਤ’ ਹੋ ਜਾਂਦਾ ਸੀ। ਉਹਦਾ ਨਵਾਂ ‘ਜਨਮ’ ਹੋ ਜਾਂਦਾ। ਹੁਣ ਤੇ ‘ਰੂਹਾਂ’ ਦੇ ਭਟਕਣ ਤੋਂ ਸਿਵਾਅ ਕੋਈ ਚਾਰਾ ਨ੍ਹੀਂ ਰਹਿ ਗਿਆ।ਮੈਂ ਪਿੰਡ ਵਿਚ ਜੰਮੀ ਪਲੀ ਤੇ ਸ਼ਹਿਰ ’ਚ ਪੜ੍ਹੀ। ਕੀ ਪਤਾ ਸੀ ਮੇਰੀ ਤਕਦੀਰ ਵਿਚ ਜੇਜੋਂ ਲਿਖਿਆ ਹੋਇਆ ਸੀ? ਪਹਿਲੀ ਵਾਰ ਛੋਟੀ ਹੁੰਦੀ ਮਾਂ-ਪਿਓ ਨਾਲ ਇਥੇ ਮੱਠ ਵਿਚ ਆਈ ਸੀ। ਬੱਸ ਫੇਰ ਕੀ ਸੀ? ਮਹੀਨੇ ਵਿਚ ਇਕ ਦੋ ਵਾਰ ਆ ਹੀ ਜਾਈਦਾ ਸੀ। ਮੱਥਾ ਟੇਕਣ। ਮੱਠ ਦੀ ਸੇਵਾ ਕਰਨੀ। ਸੁਆਮੀ ਜੀ ਦੇ ਚਰਨ ਛੂਹਣੇ। ਸਾਡਾ ਸਾਰੇ ਪਰਿਵਾਰ ਦਾ ਮੱਠ ਵਿਚ ਅਥਾਹ ਵਿਸ਼ਵਾਸ ਸੀ। ਮੱਠ ਦੀ ਹਰ ਚੀਜ਼ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ ਸੀ। ਜਿੱਥੇ ਪ੍ਰਭੂ ਨਾਲ ਪ੍ਰੇਮ ਸੀ ਉੱਥੇ ਡਰ ਵੀ ਸੀ। ਮੈਨੂੰ ਮੱਠ ਚੰਗਾ ਲਗਦਾ ਸੀ। ਇਥੋਂ ਦੇ ਸੁਆਮੀ ਜੀ, ਪੰਡਤ ਤੇ ਸ਼ਰਧਾਲੂ ਚੰਗੇ ਲਗਦੇ ਸਨ। ਮੱਠ ਵਿਚ ਸਫ਼ਾਈ ਬੜੀ ਸੀ। ਫੁੱਲ ਬੂਟੇ… ਬਾਗ ਬਗੀਚੀ। ਹਰ ਚੀਜ਼ ਖਿੱਚਦੀ ਸੀ।ਇਕ ਵਾਰ ਡਾਇਟ ਦਾ ਟੂਰ ਵੀ ਇਥੇ ਆਇਆ ਸੀ। ਮੈਂ ਹੀ ਆਪਣੇ ਅਧਿਆਪਕਾਂ ਨੂੰ ਦੱਸ ਪਾਈ ਸੀ। ਉੱਚੀਆਂ-ਉੱਚੀਆਂ ਪਹਾੜੀਆਂ ਨੇ ਮਨ ਮੋਹ ਲਿਆ ਸੀ। ਮੀਂਹ ਪੈ ਕੇ ਹਟਿਆ ਸੀ। ਦੂਰ-ਦੂਰ ਤੱਕ ਫ਼ੈਲੀਆਂ ਪਹਾੜੀਆਂ ਉੱਤੇ ਹਰਿਆਵਲ, ਛੋਟੇ-ਵੱਡੇ ਦਰਖ਼ਤ, ਘਾਹ ਦੀਆਂ ਪੌੜੀਦਾਰ ਚਰਾਦਾਂ ਦੇ ਦ੍ਰਿਸ਼ ਵਾਤਾਵਰਣ ਨੂੰ ਸੁਹਾਵਣਾ ਬਣਾ ਰਹੇ ਸਨ। ਫੇਰ ਮੈਂ ਰਿਸ਼ੀ ਨਾਲ ਇਨ੍ਹਾਂ ਪਹਾੜੀਆਂ ਵਿਚ ਆਉਣ ਲੱਗ ਪਈ। ਉਸਨੇ ਆਪਣੀ ਫਿਲਾਸਫੀ ਘੋਟਣ ਲੱਗ ਪੈਣਾ।‘‘ਜੇਜੋਂ ਨੂੰ ਰਾਜਿਆਂ ਤੇ ਵਪਾਰੀਆਂ ਨੇ ਆਪਣੇ ਐਸ਼ੋ-ਆਰਾਮ ਲਈ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਾਇਆ ਹੋਣਾ।’’ਅਸੀਂ ਸੜਕ ਦੇ ਕੰਡੇ ਮਲ੍ਹੇ ਝਾੜੀਆਂ ਦਾ ਆਨੰਦ ਮਾਣਨਾ। ਨਾਲੇ ਕੰਡੇ ਲੁਆਉਣੇ, ਨਾਲੇ ਬੇਰ ਖਾਣੇ। ਬਾਂਦਰਾਂ ਦੀਆਂ ਝਪਟਾਂ। ਹਾਏ! ਮਰ ਜਾਂ।…ਰਿਸ਼ੀ ਦੀਆਂ ਸ਼ਰਾਰਤਾਂ ਮੇਰਾ ਖਹਿੜਾ ਨੀਂ ਛੱਡ ਰਹੀਆਂ।ਮੇਰੀ ਭੂਆ ਦੀ ਧੀ ਪੂਨਮ ਦਾ ਵਿਆਹ ਉਹਦੇ ਦੋਸਤ ਸੁਤੰਤਰ ਨਾਲ ਹੋਇਆ ਸੀ। ਰਿਸ਼ੀ ਪਹਿਲੀ ਵਾਰ ਬਰਾਤ ਵਿਚ ਦੇਖਿਆ ਸੀ। ਕੀ ਪਤਾ ਸੀ ਵਿਆਹ ਦਾ ਸ਼ੁਗਲ ਮੇਲਾ ਪ੍ਰੇਮ ਵਿਚ ਵੱਟ ਜਾਊਗਾ। ਇਹ ਚਾਰ-ਪੰਜ ਦੋਸਤ ਸੁਤੰਤਰ ਜੀਜਾ ਜੀ ਨਾਲ ਸਾਡੇ ਘਰ ਆਉਣ ਲੱਗ ਪਏ। ਮੈਂ ਪਹਿਲਾਂ ਹੀ ਕਿਸੇ ਅਣਜਾਣ ਰੂਹ ਦੀ ਤਲਾਸ਼ ਵਿਚ ਸਾਂ। ਕਿਸੇ ਲਈ ਸੁਪਨੇ ਸਾਂਭ ਕੇ ਰੱਖੇ ਹੋਏ ਸਨ। ਆਪਣੀਆਂ ਪਲਕਾਂ ’ਚ ਸਾਂਭੇ ਸੁਪਨੇ ਉਹਦੀ ਝੋਲੀ ਪਾ ਦਿੱਤੇ। ਆਪਣਾ ਇਕ-ਇਕ ਸਾਹ ਇਹਦੇ ਨਾਂ ਕਰ ਦਿੱਤਾ। ਇਹਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਟਿਕਿਆ ਰਹਿੰਦਾ। ਮੈਨੂੰ ਇਉਂ ਲੱਗਦਾ-ਜੇ ਉਹ ਮੇਰੀ ਜ਼ਿੰਦਗੀ ਵਿਚ ਨਾ ਆਉਂਦਾ ਤਾਂ ਮੇਰੀ ਜ਼ਿੰਦਗੀ ਕਬਰਾਂ ਦੇ ਕੁੱਜੇ ਵਰਗੀ ਹੋ ਜਾਣੀ ਸੀ।ਰਿਸ਼ੀ ਆਮ ਮੁੰਡਿਆਂ ਵਾਂਗ ਥੋੜ੍ਹਾ ਸੀ? ਉਹ ਮੈਨੂੰ ਸਭ ਤੋਂ ਅਲੱਗ ਲਗਦਾ। ਜਿੱਦਾਂ ਉਹਨੇ ਮੈਨੂੰ ਪਿਆਰ ਕੀਤਾ, ਇੱਦਾਂ ਦੁਨੀਆਂ ’ਚ ਕੋਈ ਨ੍ਹੀਂ ਕਰ ਸਕਦਾ। ਕਿੰਨਾ ਅਲੱਗ…ਕਿੰਨਾ ਚੰਗਾ…। ਮੇਰੇ ਕੰਡਾ ਵੀ ਚੁਭ ਜਾਣਾ। ਨੱਠੇ ਨੇ ਆਉਣਾ। ਮੇਰੀਆਂ ਅੱਖਾਂ ’ਚ ਹੰਝੂ ਤਾਂ ਕਦੇ ਆਉਣ ਹੀ ਨ੍ਹੀਂ ਸੀ ਦਿੰਦਾ। ਇਸ ਤੋਂ ਉੱਪਰ ਕੋਈ ਸੁੱਖ, ਕੋਈ ਪ੍ਰੇਮ ਨ੍ਹੀਂ ਹੋ ਸਕਦਾ। ਉਹ ਮੈਨੂੰ ਮੇਰਾ ਰੱਬ ਹੀ ਜਾਪਦਾ। ਜਿਉਂ ਇਸ ਧਰਤੀ ਉਪਰ ਕੋਈ ਫਰਿਸ਼ਤਾ ਉਤਰ ਆਇਆ ਹੋਵੇ।ਅਸੀਂ ਇਕ ਦੂਜੇ ਦਾ ਹੱਥ ਫੜੀ ਪਹਾੜੀ ਦੀ ਟੀਸੀ ’ਤੇ ਬੈਠੇ ਹਾਂ। ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾਈ।…ਕੋਈ ਸੁੱਧ ਨ੍ਹੀਂ ਹੈ। ਚਾਰੇ ਪਾਸੇ ਚੁੱਪ। ਪ੍ਰੇਮ ਦੇ ਸਰੋਵਰ ’ਚ ਐਨਾ ਡੂੰਘਾ ਉਤਰ ਜਾਂਦੇ ਹਾਂ ਕਿ ਕਿਸੇ ਭਾਸ਼ਾ ਦੀ ਲੋੜ ਨ੍ਹੀਂ ਰਹਿੰਦੀ। ਇਕ ਦੂਜੇ ਦਾ ਰੂਪ ਵਟਾ ਲੈਂਦੇ ਹਾਂ।…ਮੈਂ ਉਹ ਹੋ ਜਾਂਦੀ ਹਾਂ ਤੇ ਉਹ ਮੈਂ।ਇਕ ਸੁਪਨੇ ਵਿਚੋਂ ਨਿਕਲੀ ਹਾਂ। ਦੂਜੇ ਵਿਚ ਆ ਵੜੀ ਹਾਂ।…ਉਹ ਧਰਤੀ ’ਤੇ ਮਿਲਦਾ ਨਾ। ਉਹਨੂੰ ਲੱਭਦੀ ਬਾਵਰੀ ਹੋ ਜਾਂਦੀ।…ਦੂਰ ਕਿਸੇ ਹੋਰ ਗ੍ਰਹਿ ’ਤੇ ਪਹੁੰਚ ਜਾਂਦੀ। ਉਹ ਉਥੇ ਦੇਵਤਾ ਬਣ ਬੈਠਾ ਹੁੰਦਾ।…ਪ੍ਰੇਮ ਦਾ ਦੇਵਤਾ। ਮੈਂ ਪਰੀ ਬਣ ਜਾਂਦੀ। ਉਹ ਮੇਰੇ ਨਾਲ ਲੁਕਣ ਮੀਟੀ ਖੇਡਦਾ। ਲੁਕ ਜਾਂਦਾ। ਲੱਭਦਾ ਨਾ। ਮੈਂ ਹਾਰ ਕੇ ਧਰਤੀ ’ਤੇ ਆ ਜਾਂਦੀ। ਕੋਠੇ ’ਤੇ ਚੜ੍ਹ ਮੰਜੇ ਉੱਤੇ ਪੈ ਜਾਂਦੀ। ਤਾਰਿਆਂ ਵਿਚੋਂ ਉਹਦਾ ਚਿਹਰਾ ਤੱਕਦੀ। ਕੋਈ ਨਾ ਕੋਈ ਤਾਰਾ ਉਹਦਾ ਰੂਪ ਵਟਾ ਲੈਂਦਾ। ਉਸ ਤਾਰੇ ਨਾਲ ਪਿਆਰ ਉੱਮੜ-ਉੱਮੜ ਪੈਂਦਾ। ਆਪਣੀ ਬੁੱਕਲ ’ਚ ਉਸ ਤਾਰੇ ਨਾਲ ਇਕਮਿੱਕ ਹੋਈ ਸਾਰੀ ਰਾਤ ਭਿੱਜਦੀ ਰਹਿੰਦੀ। ਉਮਰਾਂ ਜਿੱਡੀ ਉਹ ਰਾਤ ਹੋ ਜਾਣ ਦੀ ਪ੍ਰਾਰਥਨਾ ਕਰਦੀ।ਟੱਲ ਵੱਜਾ ਹੈ। ਇਸਨੇ ਮੈਤੋਂ ਮੇਰਾ ਪ੍ਰੇਮ ਸੰਸਾਰ ਖੋਹ ਲਿਆ ਹੈ। ਜੇ ਮੇਰਾ ਪ੍ਰਭੂ ਮੇਰੇ ’ਤੇ ਮਿਹਰਬਾਨ ਹੋ ਜਾਂਦਾ। ਮੇਰਾ ਉਹਦੇ ਨਾਲ ਵਿਆਹ ਹੋ ਜਾਣਾ ਸੀ। ਰਿਸ਼ਤੇਦਾਰੀ ਵਿਚ ਹੋਏ ਇਕ ਵਿਆਹ ਨੇ ਹੀ ਸਾਰਾ ਪੰਗਾ ਪਾਇਆ ਸੀ। ਪੂਨਮ ਭੈਣ ਤੇ ਸੁਤੰਤਰ ਜੀਜਾ ਜੀ ਨਾਲ ਰਿਸ਼ੀ ਤੇ ਹੋਰ ਦੋ-ਤਿੰਨ ਦੋਸਤ ਵਿਆਹ ’ਤੇ ਆਏ ਹੋਏ ਸਨ। ਡੋਲੀ ਗਈ ਤਾਂ ਇਹ ਵੀ ਤੁਰ ਪਏ ਸਨ। ਮੇਰੀ ਜ਼ਿੱਦ ਸੀ ਕਿ ਰਾਤ ਰਹਿਣ। ਇਹ ਟੈਕਸੀ ਕਰਕੇ ਆਏ ਹੋਏ ਸਨ। ਮੈਂ ਟੈਕਸੀ ਦੇ ਪਹੀਏ ਮੋਹਰੇ ਇਕ ਪੈਰ ਕਰ ਦਿੱਤਾ ਸੀ। ਦੋਨਾਂ ਪਾਸਿਆਂ ਦੀ ਅੜੀ ਸੀ।ਇਸ ਇਮਤਿਹਾਨ ਵਿਚੋਂ ਮੈਂ ਪਾਸ ਹੋ ਗਈ ਸੀ।ਟੈਕਸੀ ਦਾ ਪਹੀਆ ਮੇਰੇ ਪੈਰ ਉੱਤੋਂ ਦੀ ਲੰਘ ਗਿਆ ਸੀ। ਮੇਰਾ ਪੈਰ ਜ਼ਖ਼ਮੀ ਹੋ ਗਿਆ ਸੀ। ਪਲੱਸਤਰ ਲਾਉਣਾ ਪਿਆ ਸੀ। ਡੇਢ ਮਹੀਨਾ ਮੰਜੇ ’ਤੇ ਪਈ ਰਹੀ ਸੀ। ਘਰਦਿਆਂ ਨੂੰ ਅਸਲ ਘਟਨਾ ਦਾ ਪਤਾ ਨ੍ਹੀਂ ਲੱਗਿਆ ਸੀ। ਉਸ ਤੋਂ ਬਾਅਦ ਰਿਸ਼ੀ ਮੇਰਾ ਹੋ ਕੇ ਰਹਿ ਗਿਆ ਸੀ। ਉਹ ਪੂਨਮ ਭੈਣ ਤੇ ਸੁਤੰਤਰ ਜੀਜਾ ਜੀ ਨਾਲ ਖ਼ਬਰ ਲੈਣ ਆ ਜਾਂਦਾ।ਮੇਰਾ ਪੈਰ ਠੀਕ ਹੋ ਗਿਆ ਸੀ। ਉਸ ਤੋਂ ਬਾਅਦ ਹੀ ਮੇਰੇ ਸੁਪਨੇ ਵੱਡੇ ਹੋਏ। ਰਿਸ਼ੀ ਘਰ ਆ ਜਾਂਦਾ। ਮੈਂ ਫੁਲਕਾਰੀ ਕੱਢ ਰਹੀ ਹੁੰਦੀ। ਉਹਦੇ ਉੱਤੇ ਦੇ ਦਿੰਦੀ। ਉਹ ਮੇਰੇ ਉੱਤੇ ਦੇ ਦਿੰਦਾ। ਮੇਰਾ ਚਿਹਰਾ ਸੂਹਾ ਲਾਲ ਹੋ ਜਾਂਦਾ।‘‘ਉੱਤਰਾ, ਬੜੀ ਫ਼ਬਦੀ ਏ।’’ਮੈਂ ਸੰਗ ਜਾਂਦੀ। ਮੂੰਹ ਗੋਡਿਆਂ ਵਿਚ ਲੈ ਲੈਂਦੀ। ਉਨ੍ਹਾਂ ਦਿਨਾਂ ਵਿਚ ਈ ਪਿਤਾ ਜੀ ਓਪਰੀਆਂ-ਓਪਰੀਆਂ ਗੱਲਾਂ ਕਰਨ ਲੱਗ ਪਏ-‘‘ਭਗਵਾਨ ਵੀ ਇਮਤਿਹਾਨ ਲੈਂਦਾ। ਬੜਾ ਧੋਖਾ ਕੀਤਾ ਉਹਨੇ ਮੇਰੇ ਨਾਲ। ਜੇ ਕਿਤੇ ਜੇਠਾ ਪੁੱਤ ਜੰਮ ਪੈਂਦਾ। ਐਨੇ ਖਲਜਗਣ ਨਾ ਕਰਨੇ ਪੈਂਦੇ।’’ਉਨ੍ਹਾਂ ਮੈਨੂੰ ਅਧਿਆਪਕ ਦੀ ਟ੍ਰੇਨਿੰਗ ਲਈ ਸ਼ਹਿਰ ਵਿਚ ਰਹਿੰਦੀ ਵਿਧਵਾ ਫ਼ੌਜਣ ਚਾਚੀ ਕੋਲ ਛੱਡ ਦਿੱਤਾ ਸੀ। ਸ਼ਰੀਕੇ ਵਿਚੋਂ ਚਾਚੀ ਲਗਦੀ ਸੀ। ਘਰਦਿਆਂ ਨੂੰ ਆਪਣੀ ਜ਼ੁੰਮੇਵਾਰੀ ਤੋਂ ਮੁਕਤ ਹੋਣ ਦੀ ਕਾਹਲ ਸੀ। ਰਿਸ਼ੀ ਨੇ ਵੀ ਥੋੜ੍ਹੀ ਦੂਰ ਕਮਰਾ ਕਿਰਾਏ ’ਤੇ ਲੈ ਲਿਆ ਸੀ। ਮੈਂ ਡਾਇਟ ਤੋਂ ਵਾਪਸੀ ’ਤੇ ਉਹਦੇ ਕੋਲ ਠਹਿਰ ਜਾਂਦੀ। ਉਹ ਮੁਹੱਬਤ ਦੇ ਤਾਰੇ ਤੋੜ ਕੇ ਮੇਰੀ ਝੋਲੀ ਪਾ ਦਿੰਦਾ। ਮੈਂ ਮਦਹੋਸ਼ ਹੋਈ ਮੀਰਾਂ ਵਾਂਗ ਰਾਗ ਅਲਾਪਣ ਲੱਗ ਪੈਂਦੀ। ਮੇਰੀਆਂ ਅੱਖਾਂ ਝੀਲ ਤੋਂ ਸਮੁੰਦਰ ਹੋ ਜਾਂਦੀਆਂ।ਚਾਚੀ ਸਾਡੀ ਮਦਦਗਾਰ ਬਣ ਗਈ ਸੀ। ਰਿਸ਼ੀ ਨੂੰ ਮਿਲਣ ਦਾ ਟਾਇਮ ਸੈੱਟ ਕਰਦੀ ਤਾਂ ਕਦੇ ਕਦਾਈਂ ਲੇਟ ਹੋ ਜਾਂਦੀ। ਇਕ ਐਤਵਾਰ ਚਾਚੀ ਦੇ ਬੱਚਿਆਂ ਨੇ ਫ਼ਿਲਮ ਦੇਖਣ ਦਾ ਮੂਡ ਬਣਾਇਆ। ਮੈਂ ਬਾਰ੍ਹਾਂ ਵਜੇ ਦਾ ਰਿਸ਼ੀ ਨਾਲ ਟਾਇਮ ਸੈੱਟ ਕਰ ਲਿਆ। ਬੱਚੇ ਫ਼ਿਲਮ ਦੇਖਣ ਨਾ ਗਏ। ਹਾਰ ਕੇ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਗਈ ਸੀ। ਦੁਪਿਹਰ ਦੇ ਦੋ ਵੱਜ ਗਏ ਸਨ। ਅੰਤਾਂ ਦੀ ਗਰਮੀ। ਆਰਾਮ ਨਾਲ ਬੂਹਾ ਢੋਅ ਕੇ ਸੁੱਤਾ ਹੋਇਆ। ਧੁੱਪ ਵਿਚ ਲੂਹ ਹੁੰਦੀ ਗਈ ਸੀ। ਮੇਰਾ ਸੁਰਖ ਹੋਇਆ ਚਿਹਰਾ ਦੇਖ ਕੇ ਘਾਬਰ ਗਿਆ ਸੀ। ਅੰਦਰ ਲਿਜਾ ਕੇ ਮੈਨੂੰ ਘੁੱਟ ਲਿਆ ਸੀ। ਮੈਂ ਉਹਦੇ ਕੋਲ ਦੋ ਘੰਟੇ ਰਹੀ ਸੀ। ਉੱਦਣ ਰਾਤ ਉਹਦੇ ਸੁਪਨਿਆਂ ਵਿਚ ਕੱਟ ਦਿੱਤੀ। ਤੜਕੇ ਭੈੜਾ ਜਿਹਾ ਸੁਪਨਾ ਆਇਆ-ਘਰ ਰਿਸ਼ੀ ਬਾਰੇ ਪਤਾ ਲੱਗ ਗਿਆ ਸੀ। ਹਫ਼ੜਾ-ਦਫ਼ੜੀ ਮੱਚ ਗਈ। ਅਸੀਂ ਘਰਾਂ ਤੋਂ ਭੱਜ ਗਏ ਸਾਂ। ਮੰਦਰ ਵਿਚ ਜਾ ਕੇ ਵਿਆਹ ਕਰਵਾ ਲਿਆ। ਕਿਰਾਏ ਦੇ ਕਮਰੇ ਵਿਚ ਰਹਿਣ ਲੱਗ ਪਏ ਸੀ। ਅਸੀਂ ਇਕ ਦੂਜੇ ਦੀਆਂ ਬਾਹਾਂ ਵਿਚ ਬੇਸੁਰਤ ਪਏ ਸਾਂ। ਪਿਉ-ਭਰਾ ਤੇ ਚਾਚੇ-ਤਾਏ ਆਏੇ। ਉਨ੍ਹਾਂ ਸਾਨੂੰ ਵੱਢ ਸੁੱਟਿਆ। ਸਾਡੇ ਲਾਗੇ ਪਿੰਡ ਮਹਿੰਦਪੁਰ ਹੈ। ਪਿੰਡ ਵਿਚ ਬਾਬੇ ਦਿਆਲੇ ਦਾ ਮੰਦਰ ਹੈ। ਪਿਤਾ ਜੀ ਦੱਸਿਆ ਕਰਦੇ ਸਨ ਕਿ ਰਾਤ ਸਮੇਂ ਉਨ੍ਹਾਂ ਦੇ ਅੰਗ ਖਿੱਲਰ ਜਾਂਦੇ। ਦਿਨੇ ਬਾਬਾ ਜੀ ਦੀ ਕਰਾਮਾਤ ਨਾਲ ਜੁੜ ਜਾਂਦੇ।ਜੇ ਅਸੀਂ ਵੀ ਸੁਪਨਾ ਸੱਚ ਕਰ ਲੈਂਦੇ। ਜਿੰਨੇ ਵੀ ਸਾਡੇ ਅੰਗ ਘਰਦਿਆਂ ਨੇ, ਸਮਾਜ ਨੇ, ਸ਼ਰਧਾ ਨੇ ਤੇ ਵਿਸ਼ਵਾਸ ਨੇ ਵੱਢੇ ਸਨ। ਸ਼ਾਇਦ ਮੁੜ ਜੁੜ ਜਾਂਦੇ। ਹੁਣ ਤੇ ਯਾਦਾਂ ਹੀ ਰਹਿ ਗਈਆਂ ਹਨ।ਥੋੜ੍ਹੇ ਦਿਨਾਂ ਬਾਅਦ ਰਿਸ਼ੀ ਨੂੰ ਮਿਲਣ ਦੀ ਫੇਰ ਗੜਬੜ ਹੋ ਗਈ ਸੀ। ਚਾਚੀ ਨੇ ਹੌਂਸਲਾ ਦਿੱਤਾ ਸੀ-‘‘ਉੱਤਰਾ, ਤੜਕੇ ਚਲੇ ਜਾਈਂ। ਉਹ ਕਿਹੜਾ ਕੁੰਡਾ ਲਾ ਕੇ ਰੱਖਦਾ।’’ਤੜਕੇ ਘਰੋਂ ਨਿਕਲੀ ਤਾਂ ਨ੍ਹੇਰਾ ਵੱਢ ਖਾਣ ਨੂੰ ਪਵੇ। ਮੈਂ ਔਖੀ ਸੌਖੀ ਕਮਰੇ ਤੱਕ ਪੁੱਜ ਗਈ ਸੀ। ਉਹਦੇ ਘਰਾੜਿਆਂ ਦੀਆਂ ਡਰਾਉਣੀਆਂ-ਡਰਾਉਣੀਆਂ ਆਵਾਜ਼ਾਂ ਨੇ ਮੈਨੂੰ ਹੋਰ ਡਰਾ ਦਿੱਤਾ ਸੀ। ਟੇਬਲ ’ਤੇ ਕਿਤਾਬਾਂ, ਨੋਟਸ, ਪੈੱਨ ਖਿੱਲਰੇ ਪਏ ਸਨ। ਇਵੇਂ ਲੱਗਾ ਜਿਵੇਂ ਬਹੁਤ ਲੇਟ ਸੁੱਤਾ ਹੋਵੇ। ਉਹਨੂੰ ਕੋਈ ਸੁਰਤ ਨ੍ਹੀਂ ਸੀ। ਮੈਂ ਸਭ ਤੋਂ ਪਹਿਲਾ ਕੰਮ ਸਫ਼ਾਈ ਕਰਨ ਦਾ ਕੀਤਾ। ਫੇਰ ਭਾਂਡੇ ਮਾਂਜੇ, ਨਲਕੇ ਕੋਲ ਬਹਿ ਕੇ ਕੱਪੜੇ ਧੋਤੇ। ਦਿਨ ਚੜ੍ਹ ਆਇਆ ਸੀ। ਸਾਰੇ ਕੰਮ ਨਿਬੇੜ ਕੇ ਪਰੌਂਠੇ ਪਕਾਉਣ ਲੱਗ ਪਈ। ਜਿਉਂ ਹੀ ਰਸੋਈ ਚੋਂ ਧੂੰਆਂ ਉੱਠਿਆ। ਉਦੋਂ ਤੱਕ ਉਹਦੀ ਅੱਖ ਖੁੱਲ੍ਹ ਗਈ ਸੀ।ਰਸੋਈ ਵਿਚ ਆ ਵੜਿਆ ਸੀ। ਭਾਂਡਿਆਂ ਦੀ ਟੋਕਰੀ ਵੱਲ ਨਿਗ੍ਹਾ ਮਾਰੀ। ਧੋਤੇ ਹੋਏ ਕੱਪੜਿਆਂ ਵੱਲ ਵੇਖਣ ਲੱਗ ਗਿਆ। ਸਾਫ਼-ਸੁਥਰਾ ਕਮਰਾ ਟੇਢੀਆਂ ਅੱਖਾਂ ਨਾਲ ਦੇਖਿਆ ਸੀ। ਮੈਂ ਪਰੌਂਠਿਆਂ ਵਾਲਾ ਥਾਲ ਉਹਦੇ ਮੋਹਰੇ ਰੱਖ ਦਿੱਤਾ ਸੀ। ਉਹਦਾ ਗੁੱਸਾ ਜਾਂਦਾ ਲੱਗਾ ਸੀ।ਫਾਈਨਲ ਪੇਪਰ ਆਏ ਤਾਂ ਚਾਚੀ ਨੇ ਰਿਸ਼ੀ ਨੂੰ ਮਿਲਣ ਤੋਂ ਵਰਜ ਦਿੱਤਾ ਸੀ। ਮੇਰੀ ਫ਼ੇਵਰੇਟ ਟੀਚਰ ਨੇ ਸਾਰੀਆਂ ਕੁੜੀਆਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ-‘‘ਇਨਸਾਨ ਨੂੰ ਪਰਫ਼ੈਕਟ ਬਣਨਾ ਚਾਹੀਦਾ।…ਜੋ ਲੋਕ ਪਰਫ਼ੈਕਟ ਹੁੰਦੇ ਹਨ, ਉਹ ਪੜ੍ਹਾਈ…ਪਿਆਰ…ਹਰ ਖੇਤਰ ਵਿਚ ਮੰਜ਼ਲਾਂ ਮਾਰ ਲੈਂਦੇ ਨੇ।’’ਮੈਂ ਪੜ੍ਹਾਈ ਦੇ ਇਮਤਿਹਾਨ ਵਿਚੋਂ ਤਾਂ ਪਾਸ ਹੋ ਗਈ। ਦੋਨਾਂ ਨੂੰ ਸਕੂਲ ਟੀਚਰ ਦੀ ਨੌਕਰੀ ਮਿਲ ਗਈ। ਖੁਸ਼ੀ ਦੀ ਕੋਈ ਹੱਦ ਨ੍ਹੀਂ ਸੀ। ਮੈਂ ਤੇ ਰਿਸ਼ੀ ਖੁਸ਼ੀ ਵਿਚ ਉੱਡੇ ਫਿਰ ਰਹੇ ਸਾਂ। ਅਸੀਂ ਚਾਚੀ ਨਾਲ ਵਿਆਹ ਦੀ ਗੱਲ ਕੀਤੀ ਸੀ।ਚਾਚੀ ਨੇ ਪਿਤਾ ਜੀ ਨਾਲ ਗੱਲ ਤੋਰੀ। ਉਹ ਲੋਹਾ ਲਾਖਾ ਨਾ ਹੋਏ। ਉਹਨਾਂ ਮੋਹਰੋਂ ਆਪਣੀ ਸਮੱਸਿਆ ਰੱਖ ਦਿੱਤੀ-‘‘ਪੁੱਤ, ਸਾਡੇ ਬੱਚਾ ਨੀਂ ਸੀ ਹੋ ਰਿਹਾ। ਅਸੀਂ ਵੈਦਾਂ, ਹਕੀਮਾਂ, ਡਾਕਟਰਾਂ, ਸਾਧਾਂ-ਸੰਤਾਂ ਕੋਲੋਂ ਬਥੇਰਾ ਇਲਾਜ ਕਰਵਾਇਆ। ਦੋਨੋਂ ਜੀਅ ਬਾਰਾਂ ਸਾਲ ਭੱਸੜਾਂ ਭੰਨਾਉਂਦੇ ਰਹੇ। ਪਰ ਤੇਰੀ ਮਾਂ ਦੀ ਕੁੱਖ ਹਰੀ ਨਾ ਹੋਈ। ਕਿਸੇ ਨੇ ਮੱਠ ਸੁੱਖ ਸੁੱਖਣ ਦੀ ਦੱਸ ਪਾਈ ਸੀ।’’ਮੇਰਾ ਬਾਪ ਮੇਰੇ ਜੰਮਣ ਤੋਂ ਪਹਿਲਾਂ ਦੀ ਕਹਾਣੀ ਸੁਣਾਉਣ ਲੱਗ ਪਿਆ ਸੀ। ਅਸਿੱਧੇ ਢੰਗ ਨਾਲ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਸਨ। ਮੈਨੂੰ ਮੱਠ ਲਿਜਾਂਦੇ ਰਹਿਣਾ। ਉੱਥੇ ਕਈ-ਕਈ ਦਿਨ ਰੱਖੀ ਛੱਡਣਾ। ਪਰ ਮੈਨੂੰ ਅਸਲ ਕਹਾਣੀ ਦੀ ਹੁਣ ਸਮਝ ਆਉਣ ਲੱਗੀ ਸੀ। ਝਾਈ ਨੇ ਸਿੱਖਿਆ ਦੇਣੀ-‘‘ਪੁੱਤ, ਇਹ ਭਗਵਾਨ ਸ਼ਿਵ ਦਾ ਮੱਠ ਆ। ਤੇਰਾ ਆਪਣਾ ਘਰ। ਤੂੰ ਬਹੁਤੀ ਦੁਨਿਆਵੀਂ ਚੱਕਰਾਂ ’ਚ ਨਾ ਪਵੀਂ। ਸੁਆਮੀ ਜੀ ਦੇ ਚਰਨੀਂ ਲੱਗ ਜਾਈਂ।’’ਉਦੋਂ ਮੈਂ ਇਹਦੇ ਅਰਥ ਨ੍ਹੀਂ ਸੀ ਸਮਝਦੀ। ਕੋਈ ਖੁੱਲ੍ਹ ਕੇ ਗੱਲ ਵੀ ਨ੍ਹੀਂ ਸੀ ਕਰਦਾ। ਮੱਠ ਸਾਡਾ ਸੀ। ਸ਼ਰਧਾ ਨਾਲ ਮੱਥਾ ਟੇਕਣ ਜਾਣਾ। ਮੱਠ ਦੀ ਤੇ ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਕਰਮ ਸੀ। ਜਿੱਥੇ ਜਾ ਕੇ ਸਾਡੇ ਸਿਰ ਝੁਕਦੇ ਸਨ। ਜਿਸ ਥਾਂ ਤੋਂ ਬਿਨਾਂ ਜੀਉਣਾ ਸਾਡੇ ਲਈ ਅਸੰਭਵ ਸੀ। ਉਸ ਨੂੰ ਲੈ ਕੇ ਘਰ ਵਿਚ ਸੋਗ ਪੈ ਗਿਆ ਸੀ। ਪਿਤਾ ਜੀ ਦੇ ਬੋਲ ਮਸਾਂ ਹੀ ਨਿਕਲ ਰਹੇ ਸਨ-‘‘ਮੈਂ ਭਗਵਾਨ ਸ਼ਿਵ ਦੇ ਮੱਠ ਸੁੱਖ ਸੁੱਖੀ ਸੀ। ਹੇ ਮੇਰੇ ਪ੍ਰਭੂ, ਤਿੰਨ-ਚਾਰ ਬੱਚੇ ਮੇਰੀ ਝੋਲੀ ਪਾ ਦਿਓ। ਪਹਿਲਾ ਬੱਚਾ ਤੇਰੇ ਚੜ੍ਹਾਊਂਗਾ। ਉਸ ਪਰਮੇਸ਼ਵਰ ਨੇ ਮਿਹਰ ਕੀਤੀ। ਪਰ ਪਹਿਲੀ ਬੇਟੀ ਦੇ ਦਿੱਤੀ। ਮੈਂ ਸੁੱਖ ਸੁੱਖਣ ਵੇਲੇ ਧੋਖਾ ਖਾ ਗਿਆ। ਮੇਰੇ ਲਾਲ ਹੁੰਦਾ। ਮੈਂ ਪੰਜ-ਛੇ ਸਾਲ ਦੇ ਨੂੰ ਚੜ੍ਹਾ ਦੇਣਾ ਸੀ।’’ ਪਿਤਾ ਜੀ ਦੁਹੱਥੜੀ ਮਾਰ ਕੇ ਭੁੱਬੀਂ ਰੋ ਪਏ ਸਨ। ‘‘ਧੀਆਂ ਦੇ ਦੁੱਖ ਡਾਹਢੇ ਹੁੰਦੇ ਨੇ। ਪਤਾ ਨ੍ਹੀਂ ਤੂੰ ਕਿਹੜੇ ਕਸ਼ਟਾਂ ਵਿੱਚੋਂ ਲੰਘੇਂ। ਇਸੇ ਕਰਕੇ ਅਸੀਂ ਤੈਨੂੰ ਪੜ੍ਹਾਇਆ। ਨੌਕਰੀ ਲੁਆਇਆ। ਪੁੱਤ, ਅਸੀਂ ਆਪਣਾ ਫ਼ਰਜ਼ ਪੂਰਾ ਕੀਤਾ। ਹੁਣ ਤੂੰ ਪਿੱਠ ਨਾ ਦਿਖਾਈਂ। ਨ੍ਹੀਂ ਤੇ ਟੱਬਰ ’ਤੇ ਕਹਿਰ ਵਾਪਰੂ। ਸ਼ਿਵ ਬੜੀ ਕਰਨੀ ਵਾਲੇ ਨੇ। ਬਖਸ਼ਣ ਨ੍ਹੀਂ ਲੱਗੇ।’’ ਝਾਈ ਜੀ ਨੇ ਮੈਨੂੰ ਕਲਾਵੇ ਵਿਚ ਲੈ ਲਿਆ ਸੀ।‘‘ਬੇਟਾ, ਭਾਰਤ ਦਾ ਇਹ ਪਹਿਲਾ ਮੱਠ ਹੈ, ਜਿੱਥੇ ਸ਼ੇਸ਼ਨਾਗ ਤੇ ਪੰਚਮੁਖੀ ਸ਼ਿਵਲਿੰਗ ਸਥਾਪਤ ਹੈ। ਇਹਨੂੰ ਮੁਗਲ ਬਾਦਸ਼ਾਹ ਬਾਬਰ ਨੇ ਬਣਾਇਆ ਸੀ। ਨੇਪਾਲ ਦੇ ਸ਼ਹਿਨਸ਼ਾਹ ਨੇ ਚਾਲੀ ਮਣ ਦਾ ਅਸ਼ਟਧਾਤੂ ਦਾ ਟੱਲ ਭੇਂਟ ਕੀਤਾ ਸੀ। ਇੱਥੇ ਜਿਹਨੇ ਸੁੱਖ ਸੁੱਖੀ, ਪੂਰੀ ਹੋਈ। ਜਿਹਨੇ ਸੁੱਖ ਨ੍ਹੀਂ ਉਤਾਰੀ, ਉਨ੍ਹਾਂ ਦੇ ਕੁਲ ਦਾ ਬੀਅ ਨਾਸ਼ ਹੋ ਗਿਆ। …ਭਗਵਾਨ ਸਾਡੇ ’ਤੇ ਰਹਿਮ ਕਰੋ।’’ ਪਿਤਾ ਜੀ ਮੱਠ ਅਤੇ ਭਗਵਾਨ ਦੀਆਂ ਫੋਟੋਆਂ ਅੱਗੇ ਝੁਕੇ ਹੋਏ ਸਨ।ਮੈਂ ਤੀਏ ਦਿਨ ਸਕੂਲ ਗਈ। ਰੋਣਹਾਕੀ ਹੋਈ ਪਈ ਸੀ। ਰਿਸ਼ੀ ਪਹਿਲੋਂ ਆਇਆ ਬੈਠਾ ਸੀ। ਉਸਨੂੰ ਸਾਰੀ ਗੱਲ ਦੱਸੀ। ਉਹ ਮੈਨੂੰ ਪੈ ਨਿਕਲਿਆ- ‘‘ਆਪਣੇ ਝੂਠੇ ਵਿਸ਼ਵਾਸਾਂ ਨੂੰ ਪੱਠੇ ਪਾਉਣ ਲਈ ਤੈਨੂੰ ਕਿਉਂ ਦਾਅ ’ਤੇ ਲਾਇਆ ਜਾ ਰਿਹਾ। ਦੋ ਹੋਰ ਹੈਗੇ ਆ। ਉਨ੍ਹਾਂ ਨੂੰ…।’’ਮੈਂ ਉਹਨੂੰ ਜੇਠੇ ਬੱਚੇ ਦੀ ਸੁੱਖ ਬਾਰੇ ਸਮਝਾਉਣ ਲੱਗ ਪਈ। ਮੈਂ ਭਗਵਾਨ ਅਤੇ ਮੱਠ ਨਾਲ ਜੁੜੀਆਂ ਕਰਾਮਾਤਾਂ ਬਾਰੇ ਦੱਸਿਆ। ਜਿਨ੍ਹਾਂ ਪਰਿਵਾਰਾਂ ਨੇ ਸੁੱਖਾਂ ਨ੍ਹੀਂ ਉਤਾਰੀਆਂ, ਉਨ੍ਹਾਂ ਦੇ ਉੱਜੜੇ ਵੰਸ਼ਾਂ ਬਾਰੇ ਦੱਸਿਆ। ਪਿਤਾ ਜੀ ਦੀਆਂ ਸੁਣਾਈਆਂ ਗੱਲਾਂ ਰਿਸ਼ੀ ਨੂੰ ਦੱਸੀਆਂ। ਮੇਰੇ ਅੰਦਰ ਭਗਵਾਨ ਦੇ ਘਰ ਬਾਰੇ ਜੋ ਡਰ ਸੀ, ਉਹ ਮੈਂ ਵਿਅਕਤ ਕਰ ਦਿੱਤਾ। ਰਿਸ਼ੀ ਭੜਕ ਪਿਆ ਸੀ- ‘‘ਇਥੇ ਕੋਈ ਭਗਵਾਨ ਦਾ ਘਰ ਨ੍ਹੀਂ ਹੈ। ਸਭ ਰੱਬ ਦੇ ਨਾਂ ’ਤੇ ਸਿਆਸਤ ਹੋ ਰਹੀ ਹੈ। ਸਿਆਸਤਦਾਨ ਡੇਰਿਆਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਤੇ ਗਿਰਜਿਆਂ ਜ਼ਰੀਏ ਸਿਆਸਤ ਚਲਾਉਂਦੇ ਆ। ਭਾਰਤ ਦੀ ਬਦਕਿਸਮਤੀ ਆ ਕਿ ਧਰਮ ਸਿਆਸਤ ਦੇ ਘੋੜੇ ਚੜ੍ਹਿਆ ਹੋਇਆ ਹੈ।…ਤੇ ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ ਉਨ੍ਹਾਂ ਦੀ ਮਾਰ ਹੇਠ ਆਏ ਹੋਏ ਆ।’’ਉਦੋਂ ਉਹਦੀਆਂ ਗੱਲਾਂ ਦੀ ਮੈਨੂੰ ਸਮਝ ਨ੍ਹੀਂ ਸੀ ਲੱਗੀ। ਉਹਨੇ ਦੱਬ ਕੇ ਮੱਠ ਦੇ ਖਿਲਾਫ਼… ਉਥੋਂ ਦੇ ਸੁਆਮੀ ਜੀ ਅਤੇ ਚੇਲਿਆਂ ਦੇ ਖਿਲਾਫ਼ ਭੜਾਸ ਕੱਢੀ ਸੀ। ਅਜਿਹਾ ਸੁਣਨਾ ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਮੈਂ ਮੱਠ ਦੇ ਖਿਲਾਫ਼ ਇਕ ਸ਼ਬਦ ਵੀ ਨ੍ਹੀਂ ਸੁਣਨਾ ਚਾਹੁੰਦੀ ਸੀ। ਮੈਂ ਇਹ ਵੀ ਨ੍ਹੀਂ ਚਾਹੁੰਦੀ ਸੀ ਕਿ ਮੇਰਾ ਰਿਸ਼ੀ ਪਾਪ ਦਾ ਭਾਗੀਦਾਰ ਬਣੇ। ਉਹ ਮੇਰਾ ਪਿਆਰ ਸੀ। ਉਹਦੇ ਪਿਆਰ ਵਿਚ ਡੁੱਬੀ ਰਹਿਣਾ ਚਾਹੁੰਦੀ ਸਾਂ। ਮੈਂ ਪਿਆਰ ਦੀ ਨਦੀ ਨੂੰ ਕਿੱਦਾਂ ਆਖ ਦਿੰਦੀ ਕਿ ਆਪਣਾ ਵਹਾਅ ਮੋੜ ਲੈ। ਪਰ ਉਹਦਾ ਕਹਿਣਾ ਸੀ-‘‘ਤੂੰ ਮੱਲੋ ਮੱਲੀ ਉਸ ਦਰਿਆ ਵਿਚ ਰਲਣਾ ਚਾਹੁੰਦੀ ਆਂ। ਜਿਹੜਾ ਪਹਿਲੋਂ ਹੀ ਰੇਗਿਸਤਾਨ ਬਣਿਆ ਹੋਇਆ।’’ਮੈਂ ਰਿਸ਼ੀ ਨਾਲ ਸਹਿਮਤ ਨ੍ਹੀਂ ਸੀ। ਮੱਠ ਤੋਂ ਕਿਵੇਂ ਮੂੰਹ ਮੋੜ ਲੈਂਦੀ। ਸਾਨੂੰ ਸਾਰੇ ਸਾਹ ਉਥੋਂ ਹੀ ਮਿਲੇ ਹੋਏ ਸਨ। ਮੱਠ ਦੇ ਕਣ-ਕਣ ਨਾਲ ਰਿਸ਼ੀ ਜਿੰਨਾ ਹੀ ਪਿਆਰ ਤੇ ਵਿਸ਼ਵਾਸ ਸੀ। ਅਸੀਂ ਲਾਚਾਰ ਸੀ। ਸਾਡੇ ਵਿਸ਼ਵਾਸ ਸਨ। ਮੈਨੂੰ ਬੇਵੱਸ ਦੇਖ ਰਿਸ਼ੀ ਤੁਰ ਪਿਆ ਸੀ।‘‘ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਮਹਿਸੂਸ ਹੋਇਆ ਕਿ ਦੋਸਤੀ, ਪਿਆਰ ਤੇ ਚਾਹਤ ਵੀ ਕਦੇ-ਕਦੇ ਬੇਵੱਸ ਹੋ ਜਾਂਦੇ ਹਨ।..ਜੇ ਤੂੰ ਮੱਠ ਚੜ੍ਹਨਾਂ, ਇਹਨੂੰ ਮੇਰੀ ਆਖ਼ਰੀ ਮੁਲਾਕਾਤ ਸਮਝੀਂ।’’ਮੇਰੇ ਲੱਖ ਤਰਲੇ ਕੱਢਣ ਦੇ ਬਾਵਜੂਦ ਉਹ ਤੁਰਦਾ ਬਣਿਆ ਸੀ। ਮੈਂ ਉਸ ਦਿਨ ਘਰ ਨ੍ਹੀਂ ਜਾਣਾ ਚਾਹੁੰਦੀ ਸੀ। ਛੁੱਟੀ ਹੋਈ ਤਾਂ ਪਿਤਾ ਜੀ ਲੈਣ ਆਏ ਹੋਏ ਸਨ। ਮੈਂ ਘਰ ਗਈ ਤਾਂ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ।‘‘ਭਗਵਾਨ, ਮੈਨੂੰ ਮਾਫ਼ ਕਰੇ। ਆਪਣੀ ਬੱਚੇ ਸਮਝ ਕੇ। ਮੈਂ ਰਿਸ਼ੀ ਨਾਲ…।’’ਸ਼ਬਦ ਮੇਰੇ ਮੂੰਹ ਵਿਚ ਹੀ ਸਨ। ਬਾਪ ਮੇਰੇ ਦੇ ਹੱਥ ਕੰਬਣ ਲੱਗ ਪਏ ਸਨ। ਝਾਈ ਨੂੰ ਦੰਦਲ ਪੈ ਗਈ। ਭਰਾ ਉਹਨੂੰ ਸੰਭਾਲਣ ਲੱਗ ਪਏ। ਪਿਤਾ ਜੀ ਮੇਰੇ ਦੁਆਲੇ ਹੋ ਗਏ। ਮੇਰੀਆਂ ਮਿੰਨਤਾਂ ਕਰਨ ਲੱਗ ਪਏ। ਮੈਂ ਚੁੱਪ ਸੀ। ਫੇਰ ਉਹ ਵੀ ਚੁੱਪ ਕਰਕੇ ਬੈਠ ਗਏ। ਉਨ੍ਹਾਂ ਦੇ ਚਿਹਰੇ ਦੇ ਕਈ ਰੰਗ ਬਦਲੇ। ਕਾਹਲੀ ਨਾਲ ਉਠੇ, ਪਤਾ ਨ੍ਹੀਂ ਕਿੱਧਰ ਨੂੰ ਚਲੇ ਗਏ। ਝਾਈ ਨੂੰ ਹੋਸ਼ ਆ ਗਈ ਸੀ।ਹਰੀਸ਼ ਵੀ ਬਾਹਰ ਨਿਕਲ ਗਿਆ ਸੀ। ਉਹਨੀਂ ਪੈਰੀਂ ਚੀਕਾਂ ਮਾਰਦਾ ਮੁੜ ਆਇਆ ਸੀ। ਸਾਰੇ ਜਣੇ ਉਹਦੇ ਦੁਆਲੇ ਇਕੱਠੇ ਹੋ ਗਏ ਸਨ।‘‘ਪਿਤਾ ਜੀ ਨੇ ਖੂਹ ਵਿਚ…।’’ਅਸੀਂ ਸਾਰੇ ਖੂਹ ਵੱਲ ਭੱਜ ਲਏ। ਉਨ੍ਹਾਂ ਦੁਆਲੇ ਲੋਕਾਂ ਦਾ ਝੁਰਮਟ ਸੀ। ਉਨ੍ਹਾਂ ਦੇ ਢਿੱਡ ਵਿਚੋਂ ਪਾਣੀ ਕੱਢਿਆ ਜਾ ਰਿਹਾ ਸੀ। ਸਾਡੇ ਸ਼ਰੀਕੇ ਵਿਚੋਂ ਲੱਗਦੇ ਬਾਬੇ ਨੇ ਧਰਵਾਸ ਦਿੱਤਾ ਸੀ-‘‘ਜੈ ਚੰਦ ਬਚ ਗਿਆ। ਭਾਈ, ਹੁਣ ਇਹਨੂੰ ਦੂਜੀ ਵਾਰ ਮਰਨ ਲਈ ਮਜ਼ਬੂਰ ਨਾ ਕਰਿਓ।’’ਬਾਬੇ ਨੇ ਸ਼ਾਇਦ ਮੈਨੂੰ ਸੁਣਾ ਕੇ ਕਿਹਾ ਸੀ। ਹੁਣ ਸਭ ਕੁਝ ਮੇਰੇ ’ਤੇ ਨਿਰਭਰ ਸੀ। ਮੈਂ ਦੋਨਾਂ ਧਿਰਾਂ ਦੇ ਵਿਚਕਾਰ ਲਟਕ ਗਈ ਸੀ। ਨਾ ਜਮਾਉਣ ਤੇ ਪਾਲਣ ਵਾਲਿਆਂ ਨੂੰ ਛੱਡ ਸਕਦੀ ਸੀ ਤੇ ਨਾ ਆਪਣੇ ਪਿਆਰ ਨੂੰ ਧੱਕਾ ਦੇ ਸਕਦੀ ਸੀ। ਮੈਂ ਕਮਰੇ ਵਿਚ ਆ ਕੇ ਸੋਚਾਂ ਵਿਚ ਡੁੱਬ ਗਈ ਸੀ। ਮੈਂ ਰਿਸ਼ਤਿਆਂ ਦੇ ਚੱਕਰਵਿਊ ’ਚੋਂ ਬਾਹਰ ਕੱਢਣ ਵਾਲੇ ਅਭਿਮੰਨਿਯੂ ਦਾ ਇੰਤਜ਼ਾਰ ਕਰਨ ਲਗਦੀ। ਪਰ ਮੇਰਾ ਅਭਿਮੰਨਿਯੂ…। ਉਸੇ ਵਕਤ ਪਿਤਾ ਜੀ ਦੀ ਲਾਸ਼ ਖੂਹ ਵਿਚੋਂ ਨਿਕਲਦੀ ਪ੍ਰਤੀਤ ਹੁੰਦੀ।…ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ। ਦਿਨ ਦਿਹਾੜੇ ਭੈੜੇ-ਭੈੜੇ ਸੁਪਨੇ ਆਉਣ ਲੱਗ ਪਏ। ਹਨੇਰੀ ਆ ਗਈ ਸੀ। ਬਿਜਲੀ ਕੜਕੀ ਸੀ। ਮੈਨੂੰ ਲੱਗਿਆ ਭਗਵਾਨ ਸ਼ਿਵ ਆ ਗਏ ਹਨ। ਮੈਨੂੰ ਉਨ੍ਹਾਂ ਦਾ ਖੌਫ਼ ਖਾਣ ਲੱਗਾ। ਤ੍ਰਿਸ਼ੂਲ ਨਿਕਲਿਆ। ਮੈਂ ਸਹਿਮ ਗਈ। ਮੈਂ ਡਰਦੀ ਨੇ ਹੱਥ ਜੋੜ ਦਿੱਤੇ।‘‘ਭਗਵਾਨ, ਮੈਂ ਤੇਰੇ ਦਰ ਦੀ ਦਾਸੀ ਬਣਾਂਗੀ।’’ਮੈਨੂੰ ਲੱਗਿਆ ਕਮਰੇ ਵਿਚ ਰੋਸ਼ਨੀ ਹੋ ਗਈ ਹੈ। ਭਗਵਾਨ ਦੀ ਮੂਰਤੀ ਵੱਲ ਨਿਗਾਹ ਮਾਰੀ। ਉਹਨਾਂ ਦੇ ਚਿਹਰੇ ’ਤੇ ਮੁਸਕਰਾਹਟ ਸੀ। ਮੇਰਾ ਫ਼ੈਸਲਾ ਸੁਣ ਕੇ ਘਰ ਵਿਚ ਮਾਹੌਲ ਸੁਖਾਵਾਂ ਹੋ ਗਿਆ ਸੀ।ਮੈਂ ਅਗਲੇ ਹਫ਼ਤੇ ਉੱਤਰਾ ਤੋਂ ਮਾਤਾ ਸ੍ਰੀ ਬਣ ਗਈ ਸੀ।ਮੈਨੂੰ ਭਗਵਾਂ ਪੁਆਇਆ ਜਾ ਰਿਹਾ ਸੀ।…ਪਰ ਮੈਂ ਤਾਂ ਪਹਿਲਾਂ ਹੀ ਰਿਸ਼ੀ ਦੇ ਪਿਆਰ ’ਚ ਭਗਵਾਂ ਪਾਈ ਜੋਗਣ ਹੋਈ ਬੈਠੀ ਸੀ। ਮੈਨੂੰ ਸਾਧਣੀ ਬਣਾਉਣ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਮੈਨੂੰ ਰਿਸ਼ੀ ਦਾ ਖਿਆਲ ਆਈ ਜਾ ਰਿਹਾ ਸੀ। ਕਿਸੇ ਖੂੰਜੇ ਬੈਠਾ ਕੁਰਲਾ ਰਿਹਾ ਨਜ਼ਰ ਆ ਰਿਹਾ ਸੀ। ਉਹਦੀਆਂ ਅੱਖਾਂ ’ਚ ਵੀ ਪਾਣੀ ਸੀ ਤੇ ਮੇਰੀਆਂ ਅੱਖਾਂ ਵਿਚ ਵੀ। ਉਹਦੀ ਉੱਤਰਾ ਸਾਧਣੀ ਬਣ ਗਈ ਸੀ।ਮੈਂ ਮੱਠ ਰਹਿਣ ਲੱਗੀ। ਮੱਠ ਘਰ ਤੋਂ 25. . .

lalla_logo_blue

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ ਇੱਥੇ ਕਲਿੱਕ ਕਰ ਕੇ ਵੀਡੀਉ ਦੇਖੋ।

ਜਾਂ 87279-87379 ਉੱਤੇ ਵੱਟਸ-ਐਪ ਕਰੋ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com