ਅਪਨਾ ਮੂਲ ਪਛਾਣ: ਕਰਮਜੀਤ ਸਿੰਘ ‘ਨੂਰ’

ਫ਼ੁੱਲ ਇਕ ਦਿਨ ਫੁੱਲ ਕੇ ਕਹਿਣ ਲੱਗਾ, ਮਹਿਕਾਂ ਵੰਡਦਾਂ ਮੈਂ ਗ਼ੁਲਜ਼ਾਰ ਅੰਦਰ
ਕਰਨਾ ਕਿਸੇ ਦਾ ਮਾਣ ਸਤਿਕਾਰ ਹੋਵੇ, ਲੋਕੀ ਮੈਨੂੰ ਪਰੋਂਦੇ ਨੇ ਹਾਰ ਅੰਦਰ


ਭੌਰੇ, ਤਿਤਲੀਆਂ, ਚੂਸਦੇ ਰਸ ਮੇਰਾ, ਬੁਲਬੁਲ ਚਹਿਕਦੀ ਮੇਰੇ ਪਿਆਰ ਅੰਦਰ
ਕੌਣ ਪੁੱਛਦੈ ਟਹਿਣੀਆਂ ਪੱਤਿਆਂ ਨੂੰ, ਕੀਮਤ ਪੈਂਦੀ ਹੈ ਮੇਰੀ ਬਾਜ਼ਾਰ ਅੰਦਰ

ਫ਼ੇਰ ਆਣ ਕੇ ਫ਼ਲ ਨੇ ਫ਼ੜ੍ਹ ਮਾਰੀ, ਯਾਰੋ ਆਸ਼ਕ ਜ਼ਮਾਨਾ ਹੈ ਕੁੱਲ ਮੇਰਾ
ਮੈਨੂੰ ਖਾਂਦੇ ਨੇ ਸਿਰਫ਼ ਅਮੀਰ ਲੋਕੀ, ਕੀ ਜਾਣ ਸਕਦੈ ਰੁਤਬਾ ਫ਼ੁੱਲ ਮੇਰਾ
ਮੈਨੂੰ ਖਾਧਿਆਂ ਜਿਸਮ ਨੂੰ ਮਿਲੇ ਤਾਕਤ, ਮਿੱਠਾ ਰਸ ਹੈ ਅੰਮ੍ਰਿਤ ਦੇ ਤੁੱਲ ਮੇਰਾ
ਕੀਹ ਔਕਾਤ ਹੈ ਫ਼ੁੱਲਾਂ ਤੇ ਪੱਤਿਆਂ ਦੀ, ਜਿੰਨਾ ਪੈਂਦੈ ਬਾਜ਼ਾਰ ਵਿਚ ਮੁੱਲ ਮੇਰਾ

ਫ਼ੇਰ ਉਠਿੱਆ ਤਨਾ ਤੇ ਕਹਿਣ ਲੱਗਾ, ਕਿਸੇ ਮੇਰੀ ਵੀ ਸੁਣੀ ਤਕਰੀਰ ਹੁੰਦੀ
ਪੈਂਦਾ ਮੁੱਲ ਬਾਜ਼ਾਰ ਵਿਚ ਉਦੋਂ ਮੇਰਾ, ਆਰੇ ਨਾਲ ਛਾਤੀ ਜਦੋਂ ਚੀਰ ਹੁੰਦੀ।
ਮੇਰੇ ਈ ਬੱਲੀਆਂ ਤੇ ਫ਼ੱਟੇ ਕੰਮ ਆਉਂਦੇ, ਜਦ ਵੀ ਕੋਈ ਇਮਾਰਤ ਤਾਮੀਰ ਹੁੰਦੀ
ਮੇਰੀ ਲੱਕੜ ਦੇ ਸੋਫ਼ੇ ਜਦ ਸਜਣ ਘਰ ਵਿਚ, ਓਦੋਂ ਘਰ ਦੀ ਬਦਲ ਤਸਵੀਰ ਹੁੰਦੀ

ਚੁਪ ਜਿਹੇ ਸਭ ਸੁਣ ਲਿਆ ਪੱਤਿਆਂ ਨੇ, ਉਹ ਵੀ ਆ ਗਏ ਮੁੱਛਾਂ ਨੂੰ ਤਾਅ ਦਿੰਦੇ
ਕਹਿੰਦੇ ਸਾਡਾ ਮੁਕਾਬਲਾ ਕਿੰਨ੍ਹੇ ਕਰਨੈ, ਅਸੀਂ ਧਰਤੀ ਨੂੰ ਸਵਰਗ ਬਣਾ ਦਿੰਦੇ
ਅੱਖਾਂ ਸਾਡੀ ਹਰਿਆਲੀ ਤੋਂ ਲੈਣ ਜੋਤੀ, ਆਕਸੀਜ਼ਨ ਦੀ ਭਰੀ ਹਵਾ ਦਿੰਦੇ
ਅਸੀਂ ਪੱਤੇ ਦੁਅਈਆਂ ਦੇ ਵਿਚ ਪੈ ਕੇ, ਮੁੜਕੇ ਮੁਰਦਿਆਂ ਵਿਚ ਜਾਨਾਂ ਪਾ ਦਿੰਦੇ

ਸਭਨੂੰ ਸੁਨਣ ਪਿੱਛੋ ਆਖਿਰ ਜੜ੍ਹ ਬੋਲੀ, ਕਾਹਨੂੰ ਬੰਨੀ ਤਾਰੀਫ਼ਾਂ ਦੇ ਪੁਲ ਜਾਂਦੇ
ਫੁੱਲ, ਫ਼ਲ, ਪੱਤੇ ਜਾਂਦੇ ਝੜ ਸਾਰੇ, ਝੱਖੜ ਜਦੋਂ ਜ਼ਮਾਨੇ ਦੇ, ਝੁੱਲ ਜਾਂਦੇ
ਕਰਦੇ ਮਾਣ ਜੋ ਆਪਣੇ ਗੁਣਾਂ ਉੱਤੇ, ਆਖ਼ਿਰ ਇਕ ਦਿਨ ਮਿੱਟੀ ’ਚ ਰੁਲ ਜਾਂਦੇ
ਜੁੜੇ ਰਹਿੰਦੇ ਨੇ ਜੜ੍ਹ ਦੇ ਨਾਲ ਜਿਹੜੇ, ਉਹ ਸਭ ਤੋਂ ਵੱਧ ਪੁਆ ਕੇ ਮੁੱਲ ਜਾਂਦੇ

ਇਹ ਕਿਰਦਾਰ ਹੁੰਦੈ ਹੋਛੇ ਬੰਦਿਆਂ ਦਾ, ਐਂਵੇਂ ਨਿੱਕੀ ਜਹੀ ਗੱਲ ਤੇ ਫੁੱਲ ਜਾਂਦੇ
‘ਨੂਰ’ ਜਗ ਤੇ ਜਿਉਂਦੇ ਨਹੀਂ ਰਹਿ ਸਕਦੇ, ਜਿਹੜੇ ਆਪਣੇ ਮੂਲ ਨੂੰ ਭੁੱਲ ਜਾਦੇ।

-ਕਰਮਜੀਤ ਸਿੰਘ ‘ਨੂਰ’

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: