ਕਹਾਣੀ । ਜਿੱਤ । ਜਿੰਦਰ

punjabi short story writer jinder american army in iraq
ਜਿੰਦਰ

ਨੀਂਦ ਮੇਰੇ ਵੱਸ ’ਚ ਨਹੀਂ ਰਹੀ। ਮੇਰੇ ਸਾਹਮਣੇ ਤਾਂ ਪ੍ਰਸ਼ਨਾਂ ਦੀ ਵਿਸ਼ਾਲ ਦੁਨੀਆਂ ਉਸਰੀ ਹੋਈ ਹੈ। ਮਸਲਨ :
ਔਰਤ ਨੂੰ ਮੌਤ ਤੋਂ ਡਰ ਕਿਉਂ ਨਹੀਂ ਲੱਗਾ?
ਕੀ ਉਹ ਪਾਗਲ ਸੀ?
ਕੀ ਉਸ ਮੌਤ ਦੇ ਅਰਥਾਂ ਨੂੰ ਸਮਝ ਲਿਆ ਸੀ?
ਕੀ ਉਹ ਆਪਣੇ ਬੱਚੇ ਦੀ ਬੀਮਾਰੀ ’ਤੇ ਐਨੀ ਚਿੰਤੁਤ ਸੀ ਕਿ ਉਹਨੂੰ ਮੌਤ ਦਾ ਡਰ ਹੀ ਭੁੱਲ ਗਿਆ ਸੀ?
ਕੀ ਕਾਰ ’ਚ ਮਰਣ ਵਾਲਿਆਂ ’ਚ ਉਸ ਦਾ ਖਾਵੰਦ ਵੀ ਸੀ?
ਉਹ ਕੌਣ ਸੀ?
ਉਹ ਕਿਥੋਂ ਆਈ ਸੀ?
ਉਹ ਕਿਥੇ ਚਲੀ ਸੀ?
ਉਹ ਕਿਨ•ਾਂ ਨਾਲ ਜਾ ਰਹੀ ਸੀ?
ਉਹ ਕਾਰ ’ਚੋਂ ਕਿਵੇਂ ਭੱਜ ਗਈ ਸੀ?
ਕੀ ਕੁਦਰਤ ਨੇ ਉਸ ਨੂੰ ਜਿਉਣ ਦਾ ਮੌਕਾ ਦਿੱਤਾ ਸੀ?
ਜੇ ਉਸਨੂੰ ਜੀਉਣ ਦਾ ਮੌਕਾ ਦਿੱਤਾ ਸੀ ਤਾਂ ਕੀ ਉਸ ਮੇਰੇ ਹੱਥੋਂ ਹੀ ਮਰਣਾ ਸੀ?
ਮੈਂ ਪੌਣੀ ਕੁ ਬੋਤਲ ਪੀ ਚੁੱਕਾ ਸਾਂ। ਪਰ, ਜਿਵੇਂ ਮੇਰੇ ਨਾਲ ਪਹਿਲਾਂ ਵੀ ਕਈ ਵਾਰ ਹੋਇਆ ਸੀ, ਉਵੇਂ ਮੈਂ ਬੇਸੁਰਤ ਨਹੀਂ ਹੋਇਆ ਸੀ। ਮੈਨੂੰ ਪੂਰੀ ਸੁਰਤ ਸੀ। ਮੈਂ ਮੋਬਾਇਲ ’ਤੇ ਬਲਿੳੂ ਫ਼ਿਲਮ ਲਾਈ ਸੀ। ਪੰਜ ਕੁ ਮਿੰਟ ਦੇਖਣ ਬਾਅਦ ਮੈਂ ਬੰਦ ਕਰ ਦਿੱਤੀ ਸੀ। ਸੂਫ਼ੀਆਨਾ ਗੀਤ ਲਾਏ ਸਨ। ਪਰ ਮਨ ਸੀ ਕਿ ਕਿਸੇ ਇਕ ਬਿੰਦੂ ’ਤੇ ਅਟਕ ਨਹੀਂ ਰਿਹਾ ਸੀ। ਮੈਨੂੰ ਆਪਣੀ ਇਸ ਭਟਕਣ ਬਾਰੇ ਪਤਾ ਸੀ। ਮੈਂ ਉਨ੍ਹਾਂ ਪਲਾਂ ਨੂੰ ਯਾਦ ਨਹੀਂ ਕਰਨਾ ਚਾਹੁੰਦਾ ਸੀ। ਯਾਦ ਨਹੀਂ ਰੱਖਣਾ ਚਾਹੁੰਦਾ ਸੀ। ਪਰ ਉਹ ਪਲ ਮੈਨੂੰ ਵਾਰ-ਵਾਰ ਦਿੱਸ ਰਹੇ ਸੀ। ਜਦੋਂ ਦਾ ਇਥੇ ਆਇਆ ਹਾਂ, ਪਤਾ ਨਹੀਂ ਮੈਂ ਕਿੰਨੀ ਵਾਰ ‘ਸ਼ੂਟ ਆਊਟ’ ਕੀਤਾ ਹੈ। ਮੈਨੂੰ ਤਾਂ ਐਨਾ ਕੁ ਪਤਾ ਹੈ ਕਿ ਮੈਨੂੰ ‘ਹੁਕਮ’ ਮਿਲਦਾ ਸੀ ਤੇ ਮੈਂ ਉਸ ਹੁਕਮ ਨੂੰ ‘ਉਬੇਅ’ ਕਰਦਾ ਸੀ। ਇਸ ਵਿਚਕਾਰ ‘ਸੋਚਣ’ ਤੇ ‘ਭਾਵੁਕ’ ਹੋਣ ਦਾ ਕਦੇ ਸਮਾਂ ਹੀ ਨਹੀਂ ਮਿਲਿਆ ਸੀ। ਅੱਖਾਂ ਤੇਜ਼ੀ ਨਾਲ ਇਧਰ ਉਧਰ ਘੁੰਮਦੀਆਂ ਸਨ। ਕੰਨ ਹੋਰ ਚੌਕਸ ਹੋ ਜਾਂਦੇ ਸਨ। ਦਿਮਾਗ ਹੋਰ ਸੁਚੇਤ ਹੋ ਜਾਂਦਾ ਸੀ। ਕੀ ਪਤਾ ਲੱਗਦਾ ਕਿ ਦੁਸ਼ਮਣ ਕਿੱਥੋਂ ਨਿਕਲ ਆਵੇਗਾ। ਕਿਹੜਾ ਦੁਸ਼ਮਣ ਹੋਵੇਗਾ। ਕਿਹੜੇ ਰੂਪ ’ਚ ਹੋਵੇਗਾ।
ਮੇਰਾ ਮਨ ਖੁੱਲ੍ਹੀ ਫਿਜ਼ਾ ’ਚ ਘੁੰਮਣ ਨੂੰ ਕੀਤਾ ਸੀ। ਕਮਰੇ ਅੰਦਰ ਮੇਰਾ ਦਮ ਘੁੱਟ ਰਿਹਾ ਸੀ। ਮੈਂ ਬਾਹਰ ਜਾਂਦਾ-ਜਾਂਦਾ ਮੁੜ ਫੇਰ ਬੈੱਡ ’ਤੇ ਆ ਕੇ ਡਿਗ ਪਿਆ ਸੀ। ਬਾਹਰ ਵੀ ਮੌਤ ਸੀ। ਅੰਦਰ ਵੀ ਮੌਤ ਸੀ। ਸੰਨਾਟਾ ਸੀ। ਕਿਸੇ ਪਾਸੇਉਂ ਵੀ ਕੋਈ ਆਵਾਜ਼ ਨਹੀਂ ਆ ਰਹੀ ਸੀ। ਮੈਂ ਜੈਕਿਟ ਦੀ ਅੰਦਰਲੀ ਜੇਬ ’ਚ ਰੱਖੀ ‘ਗੀਤਾ’ ’ਚੋਂ ਮੌਤ ਦੇ ਅਰਥ ਲੱਭਣੇ ਸ਼ੁਰੂ ਕੀਤੇ ਸਨ। ਦੂਜੇ ਅਧਿਆਇ ਦੇ ਸਲੋਕ ਨੰ: 28 ’ਤੇ ਲਿਖਿਆ ਸੀ- ‘‘ਸਾਰੇ ਜੀਵ ਜਨਮ ਤੋਂ ਪਹਿਲਾਂ ਅਪ੍ਰਗਟ ਸਨ ਤੇ ਮਰਨ ਤੋਂ ਬਾਅਦ ਮੁੜ ਅਪ੍ਰਗਟ ਹੋ ਜਾਣਗੇ। ਉਹ ਤਾਂ ਸਿਰਫ਼ ਵਿਚਕਾਰ ਹੀ ਕੁਝ ਦੇਰ ਲਈ ਪ੍ਰਗਟ ਨਜ਼ਰ ਆਉਂਦੇ ਹਨ। ਇਸ ਲਈ ਸ਼ੋਕ ਕਰਨ ਵਾਲੀ ਕਿਹੜੀ ਗੱਲ ਹੈ?’’
ਕੁਝ ਚਿਰ ਲਈ ਮੇਰਾ ਮਨ ਸ਼ਾਂਤ ਹੋ ਗਿਆ ਸੀ। ਮੈਨੂੰ ਲੱਗਾ ਸੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਸੀ। ਮੈਂ ਤਾਂ ਆਪਣੇ ਫਰਜ਼ ਨਿਭਾਏ ਸਨ। ਮੇਰੀ ਡਿਊਟੀ ਸੀ ਜਿਹੜੀ ਕਿ ਮੈਂ ਨਿਭਾਈ ਸੀ। ਜੇ ਕਿਤੇ ਕੁਤਾਹੀ ਕਰ ਜਾਂਦਾ ਤਾਂ ਇਹ ਕੰਮ ਮਾਈਕਲ ਜਾਂ ਨੈਸ਼ ਨੇ ਕਰ ਦੇਣਾ ਸੀ। ਇਹ ਵੀ ਹੋ ਸਕਦਾ ਸੀ ਕਿ ਮੈਂ ਉਨ੍ਹਾਂ ਦੀਆਂ ਨਜ਼ਰਾਂ ’ਚ ‘ਸ਼ੱਕੀ ਬੰਦਾ’ ਹੋ ਜਾਂਦਾ। ਤੇ ਉਹ ਕਿਸੇ ਵੇਲੇ ਵੀ ਮੈਨੂੰ ਮੌਤ ਦਾ ਮੂੰਹ ਦਿਖਾ ਦਿੰਦੇ। ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਸਨ।

ਮੈਂ ਆਪਣੇ ਆਪ ਨੂੰ ਤਕੜਾ ਕਰਨ ਲਈ ਬੋਤਲ ’ਚ ਬਚੀ ਸ਼ਰਾਬ ਨਾਲ ਗਿਲਾਸ ਭਰ ਲਿਆ ਸੀ। ਇਕੋ ਸਾਹੇ ਹੀ ਪੀ ਗਿਆ ਸੀ। ਮੈਥੋਂ ਫ਼ਰਜ਼ਾਂ ਦੇ ਅਰਥ  ਦੀ ਕੋਈ ਕੰਨੀ ਨਹੀਂ ਫੜੀ ਗਈ ਸੀ। ਮੈਂ ਇਸ ਸੰਬੰਧੀ ਕਿਸੇ ਨਾਲ ਗੱਲ ਕਰਨੀ ਚਾਹੁੰਦਾ ਸੀ। ਮੈਨੂੰ ‘ਗੀਤਾ’ ’ਚ ਕ੍ਰਿਸ਼ਨ ਦੇ ਅਰਜੁਨ ਨੂੰ ਕਹੇ ਸ਼ਬਦ ਯਾਦ ਆਏ ਸਨ : ‘ਆਪਣੇ ਫ਼ਰਜ਼ਾਂ ਲਈ ਯੁੱਧ ਕਰਨ ਤੋਂ ਵੱਧ ਕੇ ਕਿਸੇ ਯੋਧੇ ਲਈ ਹੋਰ ਕੁਝ ਨਹੀਂ ਹੈ।’ ਫੇਰ ਮੈਨੂੰ  ਇੰਡੀਆ ’ਚ ਬੈਠੀ ਮੰਮੀ ਦਾ ਖਿਆਲ ਆਇਆ ਸੀ। ਉਨ੍ਹਾਂ ਹਟਕੋਰੇ ਭਰਦਿਆਂ ਹੋਇਆਂ ਕਹਿ ਦੇਣਾ ਸੀ, ‘‘ਹਰਮਿੰਦਰ, ਸਾਨੂੰ ਨ੍ਹੀਂ ਚਾਹੀਦੀ ਤੇਰੀ ਆਹ ਮਰਜਾਣੀ ਨੌਕਰੀ। ਅਸੀਂ ਅਮਰੀਕਾ ਤੋਂ ਕੀ ਲੈਣਾ। ਤੂੰ ਘਰ ਆ ਜਾ। ਦੋ ਰੋਟੀਆਂ ਆਚਾਰ ਨਾਲ ਖਾ ਲਵਾਂਗੇ। ਸੁੱਖ ਦੀ ਨੀਂਦ ਤਾਂ ਸੌਵਾਂਗੇ। ਮੈਂ ਤੇਰੀ ਕੋਈ ਗੱਲ ਨ੍ਹੀਂ ਸੁਣਨੀ। ਸਾਡੇ ਧਰਮ ’ਚ ਗਾਂ ਤੇ ਔਰਤ ਨੂੰ ਮਾਰਣਾ ਘੋਰ ਪਾਪ ਹੁੰਦਾ। ਮੇਰਾ ਆਪਣਾ ਪੁੱਤ ਇਹ ਪਾਪ ਕਰੇ-ਇਹਦੂੰ ਤਾਂ ਰੱਬ ਮੈਨੂੰ ਚੁੱਕ ਲਵੇ। ਸਾਨੂੰ ਕਿਸੇ ਦੀ ਜਿੱਤ ਨ੍ਹੀਂ ਚਾਹੀਦੀ।…ਐਦਾਂ ਦੀ ਜਿੱਤ ਨਾਲੋਂ ਹਾਰ ਹੀ ਚੰਗੀ ਆ……।’’ ਦੂਜਾ ਖਿਆਲ ਮੇਰੀ ਗੋਰੀ ਗਰਲ-ਫਰਿੰਡ ਮੈਰੀ ਦਾ ਆਇਆ ਸੀ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਹਿਲਾਂ ਉਸ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਸੀ। ਫੇਰ ਸਮਝਾਉਣ ਦੇ ਲਹਿਜੇ ’ਚ ਕਹਿਣਾ ਸੀ, ‘‘ਹੈਰੀ, ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕੀ ਆਂ ਕਿ ਪਹਿਲਾਂ ਆਪਣੇ ਅੰਦਰ ਬੈਠੇ ਇੰਡੀਅਨ ਨੂੰ ਮਾਰ। ਤੂੰ ਇਸ ਗੱਲ ਨੂੰ ਕਿਉਂ ਭੁੱਲ ਜਾਣਾਂ ਕਿ ਤੂੰ ਹੁਣ ਅਮੈਰਕਿਨ ਆਂ। ਤੂੰ ਅਮੈਰਕਿਨ ਆਰਮੀ ਦਾ ਅਹਿਮ ਸੋਲੀਜ਼ਰ ਆਂ। ਸਰਕਾਰ ਤੈਨੂੰ ਇਸੇ ਗੱਲ ਦੀ ਤਨਖਾਹ ਦਿੰਦੀ ਆ। ਤੂੰ ਸਿਰਫ਼ ਤੇ ਸਿਰਫ਼ ਜਿੱਤ ਬਾਰੇ ਸੋਚ।’’ ਹੁਣ ਸੁਆਲ ਜਿੱਤ ਤੇ ਹਾਰ ਦਾ ਖੜਾ ਹੋ ਗਿਆ ਸੀ। ਕਿਸ ਦੀ ਹਾਰ ਹੋਈ? ਕਿਸ ਦੀ ਜਿੱਤ ਹੋਈ ਸੀ? ਇਸ ਬਾਰੇ ਮੈਂ ਕੀ ਕਹਾਂ? ਫੇਰ ਮੇਰਾ ਧਿਆਨ ਤੇਰੇ ਵੱਲ ਗਿਆ ਸੀ। ਮੈਂ ਘੜੀ ’ਤੇ ਸਮਾਂ ਦੇਖਿਆ ਸੀ। ਇੰਡੀਆ ਦੀ ਰਾਤ ਦਾ ਡੇਢ ਵੱਜਿਆ ਸੀ। ਤੂੰ ਤਾਂ ਘੂਕ-ਸੁੱਤਾ ਪਿਆ ਹੋਵੇਂਗਾ ਆਪਣੀ ਬੀਵੀ ਨਾਲ। ਜੇ ਮੈਂ ਤੈਨੂੰ ਉਠਾਲਦਾ ਤਾਂ ਤੂੰ ਔਖ ਮਹਿਸੂਸ ਕਰਨੀ ਸੀ। ਹੋ ਸਕਦਾ ਸੀ ਕਿ ਤੂੰ ਮੇਰਾ ਫ਼ੋਨ ਵੀ ਨਾ ਚੁੱਕਦਾ।

ਮੈਂ ਕੰਧ ਨਾਲ ਢੋਅ ਲਾ ਕੇ ਅੱਜ ਦੀ ਹੋਈ ਬੀਤੀ ਤੈਨੂੰ ਲਿਖ ਰਿਹਾ ਹਾਂ। ਮੇਰੀ ਡਿਊਟੀ ਚੈੱਕ ਪੋਸਟ ਨੰਬਰ ਤਿੰਨ ’ਤੇ ਹੈ। ਸ਼ਹਿਰ ਨੂੰ ਜਾਣ ਲਈ ਜਿਹੜੀ ਸੜਕ ਮੇਰੇ ਕੋਲ ਦੀ ਜਾਂਦੀ ਹੈ, ਉਸ ’ਤੇ ਪਹਿਲੀ ਚੈੱਕ ਪੋਸਟ ਸ਼ਹਿਰੋਂ ਕਾਫੀ ਬਾਹਰ ਹੈ। ਸ਼ਹਿਰ ’ਚ ਜਾਣ ਵਾਲਿਆਂ ਦੀ ਚੈਕਿੰਗ ਸਭ ਤੋਂ ਪਹਿਲਾਂ ਇਸੇ ਚੈੱਕ ਪੋਸਟ ’ਤੇ ਹੁੰਦੀ ਹੈ। ਦੂਸਰੀ ਚੈੱਕ ਪੋਸਟ ਇਸ ਤੋਂ ਮੀਲ ਕੁ ਦੂਰ ਹੈ। ਉਸ ’ਤੇ ਪਹਿਲੀ ਚੈੱਕ ਪੋਸਟ ’ਤੋਂ ਲੰਘ ਆਏ ਲੋਕਾਂ ਦੀ ਫੇਰ ਚੈਕਿੰਗ ਹੁੰਦੀ ਹੈ। ਮੇਰੇ ਵਾਲੀ ਚੈੱਕ ਪੋਸਟ ਸ਼ਹਿਰ ਦੇ ਬਿਲਕੁਲ ਨੇੜੇ ਹੈ। ਪਹਿਲੀਆਂ ਦੋ ਚੈੱਕ ਪੋਸਟਾਂ ’ਚੋਂ ਲੰਘ ਕੇ ਆਈ ਟਰੈਫਿਕ ਦੀ ਚੈਕਿੰਗ ਵੇਲੇ ਜੇ ਕੋਈ ਮਾੜੀ ਮੋਟੀ ਅਣਗਹਿਲੀ ਰਹਿ ਵੀ ਜਾਂਦੀ ਹੈ ਤਾਂ ਉਹ ਮੇਰੇ ਕੋਲੋਂ ਨਹੀਂ ਲੁਕ ਸਕਦੀ। ਮੇਰੇ ਵਾਲੀ ਚੈੱਕ ਪੋਸਟ ਤਾਂ ਬਿਲਕੁਲ ਬਰੀਕ ਛਾਲਣੀ ਵਰਗੀ ਹੈ।
ਸਾਡੇ ਇੰਚਾਰਜ ਤੋਂ ਬਿਨਾਂ ਸਾਡੇ ’ਚੋਂ ਕੋਈ ਵੀ ਵੱਡੀ ਉਮਰ ਦਾ ਨਹੀਂ ਹੈ। ਸਿਰਫ਼ ਮਾਈਕਲ ਪੱਚੀ ਸਾਲਾਂ ਦਾ ਹੈ। ਬਾਕੀ ਸਭ ਉਨੀਂ ਤੋਂ ਤੇਈ ਸਾਲਾਂ ਦੇ ਵਿਚਕਾਰ ਦੇ ਹਨ। ਕਿਸੇ ਨੇ ਵੀ ਆਰਮੀ ਕੈਰੀਅਰ ਸ਼ੌਂਕ ਵਜੋਂ ਨਹੀਂ ਚੁਣਿਆ। ਹਰੇਕ ਜਣਾ ਕਿਸੇ ਨਾ ਕਿਸੇ ਮਜ਼ਬੂਰੀਵੱਸ ਆਰਮੀ ’ਚ ਆਇਆ ਹੈ। ਇਨ੍ਹਾਂ ਮੁੰਡਿਆਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਲਈ ਸਰਕਾਰ ਤੋਂ ਆਰਥਿਕ ਮਦਦ ਲਈ ਸੀ। ਇਸੇ ਮਦਦ ਕਰਕੇ ਇਹਨਾਂ ਨੂੰ ਰਿਜਰਵ ਆਰਮੀ ਵਿੱਚ ਭਰਤੀ ਹੋਣਾ ਪਿਆ ਸੀ। ‘ਰਿਜਰਵ’ ਉਹ ਜਿਹਨਾਂ ਨੂੰ ਐਮਰਜੈਂਸੀ ਵੇਲੇ ਆਰਮੀ ’ਚ ਬੁਲਾਇਆ ਜਾਂਦਾ ਹੈ। ਇਨ੍ਹਾਂ ਨੂੰ ਆਪਣੀ ਪੜ੍ਹਾਈ ਤੇ ਨੌਕਰੀਆਂ ਕਰਨ ਦੀ ਖੁੱਲ੍ਹ ਹੈ। ਇਹਨਾਂ ’ਚੋਂ ਬਹੁਤਿਆਂ ਨੇ ਅਜੇ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਸੀ ਕਿ ਇਰਾਕ ਵਿੱਚ ‘ਅਪਰੇਸ਼ਨ ਇਰਾਕੀ ਫਰੀਡਮ’ ਸ਼ੁਰੂ ਹੋ ਗਿਆ ਸੀ।
ਮੇਰੀ ਮਜ਼ਬੂਰੀ ਇਨ੍ਹਾਂ ਤੋਂ ਵੱਖਰੀ ਕਿਸਮ ਦੀ ਹੈ। ਮੈਨੂੰ ਆਰਮੀ ਵਿੱਚ ਭਰਤੀ ਹੋਣ ਕਰਕੇ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲੀ ਹੈ। ਹੁਣ ਮੈਂ ਆਪਣੇ ਇੰਡੀਆ ਰਹਿੰਦੇ ਫੈਮਲੀ ਮੈਂਬਰਾਂ ਨੂੰ ਅਮਰੀਕਾ ਬੁਲਾ ਸਕਦਾ ਹਾਂ। ਮੈਨੂੰ ਆਰਮੀ ਦੀ ਪੂਰੀ ਟਰੇਨਿੰਗ ਨਹੀਂ ਮਿਲੀ ਸੀ। ਇਰਾਕ ’ਚ ਭੇਜਣ ਤੋਂ ਤਿੰਨ ਮਹੀਨੇ ਪਹਿਲਾਂ ਮੈਨੂੰ ‘ਨਾਰਫੋਕ ਅਲਟੌਸ’ ਆਰਮੀ ਬੇਸ ’ਚ ਭੇਜਿਆ ਸੀ। ਤਿੰਨ ਮਹੀਨਿਆਂ ’ਚ ਜਿੰਨੀ ਕੁ ਸੰਭਵ ਹੋ ਸਕਦੀ ਸੀ ਉਨੀ ਕੁ ਮੈਨੂੰ ਟਰੇਨਿੰਗ ਦਿੱਤੀ ਗਈ ਸੀ। ਫਿਰ ਅਲਟੌਸ ਏਅਰਫੋਰਸ ਤੋਂ ਮੈਨੂੰ ਜਹਾਜ਼ ’ਚ ਚੜਾ ਕੇ ਇਥੇ ਲਿਆ ਉਤਾਰਿਆ ਸੀ। ਮੈਨੂੰ ਇਰਾਕ ਦੇ ਭੂਗੋਲ ਬਾਰੇ ਮਾੜਾ ਮੋਟਾ ਪਤਾ ਸੀ। ਮੈਂ ਤਿੰਨ-ਚਾਰ ਕਿਤਾਬਾਂ ਪੜ੍ਹੀਆਂ ਸਨ। ਕੁਝ ਵੇਰਵੇ ਇੰਟਰਨੈਟ ਤੋਂ ਲੱਭੇ ਸਨ। ਮੈਨੂੰ ਪਤਾ ਲੱਗਾ ਸੀ ਕਿ ਸਦਾਮ ਹੁਸੈਨ ਦੇ ਰਾਜ ਦਾ ਤਖਤਾ ਪਲਟਣ ਉਪਰੰਤ ਸਰਕਾਰੀ ਦਫ਼ਤਰਾਂ, ਸਕੂਲਾਂ, ਯੂਨੀਵਰਸਿਟੀਆਂ, ਬੈਂਕਾਂ ਤੇ ਹਸਪਤਾਲਾਂ ਨੂੰ ਲੁੱਟ ਲਿਆ ਗਿਆ ਸੀ। ਵੱਡੇ ਪੱਧਰ ’ਤੇ ਤਬਾਈ ਹੋਈ ਸੀ। ਜਦੋਂ ਮੈਨੂੰ ਬਗਦਾਦ ਲਿਆ ਉਤਾਰਿਆ ਸੀ ਤਾਂ ਅਚਨਚੇਤ ਮੇਰੇ ਮੂੰਹੋਂ ਨਿਕਲਿਆ ਸੀ ਕਿ ਵਾਹ ਸਮਿਆਂ-ਤੂੰ ਇਹ ਧਰਤੀ ਵੀ ਦਿਖਾਉਣੀ ਸੀ। ਤੈਨੂੰ ਯਾਦ ਹੋਣਾ ਕਿ ਆਪਾਂ ਨੂੰ ਮੈਟ੍ਰਿਕ ’ਚ ਮਾਸਟਰ ਲਾਭ ਸਿੰਘ ਇਤਿਹਾਸ ਪੜ੍ਹਾਉਂਦਾ ਹੁੰਦਾ ਸੀ। ਉਹ ਪੜ੍ਹਾਉਂਦਾ-ਪੜ੍ਹਾਉਂਦਾ ਇਤਿਹਾਸ ਤੋਂ ਬਾਹਰ ਦੀਆਂ ਗੱਲਾਂ ਵੀ ਦੱਸਦਾ ਸੀ। ਇਕ ਵਾਰ ਉਸ ਦੱਸਿਆ ਸੀ ਕਿ ਕਿਤੇ ਨਾ ਕਿਤੇ ਇਰਾਕ ਦੇ ਲੋਕਾਂ ਨਾਲ ਸਾਡੀ ਪੁਰਾਣੀ ਸਾਂਝ ਹੈ। ਸਬੂਤ ਵਜੋਂ ਉਸ ਦੱਸਿਆ ਸੀ ਕਿ ਇਕ ਵਾਰ ਉਸ ਦੇ ਦੋਸਤ ਦਾ ਬਾਪ ਈਰਾਕ ਦੇ ਕਿਸੇ ਪਿੰਡ ’ਚ ਗਿਆ ਸੀ। ਉਥੇ ਇਕ ਔਰਤ ਤਵੀ ’ਤੇ ਰੋਟੀਆਂ ਪੱਕਾ ਰਹੀ ਸੀ। ਬਿਲਕੁਲ ਉਸ ਦੀ ਮਾਂ ਵਾਂਗ। ਉਸ ਔਰਤ ਦੇ ਪੈਰੀਂ ਹੱਥ ਲਾਇਆ ਸੀ। ਉਸ ਅਸੀਸਾਂ ਦਿੱਤੀਆਂ ਸਨ। ਪਿਆਰ ਦਿੱਤਾ ਸੀ।
ਮੈਂ ਬੜੀ ਚੌਕਸੀ ਨਾਲ ਆਪਣੀ ਡਿਊਟੀ ਕਰ ਰਿਹਾ ਸੀ। ਮਨ ’ਚ ਕਿਤੇ ਨਾ ਕਿਤੇ ਹਮੇਸ਼ਾਂ ਹੀ ਡਰ ਰਹਿੰਦਾ। ਇਹ ਡਰ ਤਾਂ ਕਮਰੇ ’ਚ ਆ ਕੇ ਵੀ ਖਤਮ ਨਹੀਂ ਹੁੰਦਾ। ਆਮ ਇਰਾਕੀਆਂ ਦਾ ਹਾਲ ਵੀ ਸਾਡੇ ਵਰਗਾ ਹੀ ਹੈ। ਜਦੋਂ ਕੋਈ ਟਰੱਕ/ਕਾਰ ਰੁਕਦੀ ਹੈ ਤਾਂ ਅੰਦਰ ਬੈਠੀਆਂ ਸਵਾਰੀਆਂ ਦੇ ਮੂੰਹ ਬੱਗੇ ਹੋ ਜਾਂਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮਾੜੀ ਜਿਹੀ ਗਲਤ ਫਹਿਮੀ ਹੋਈ ਨਹੀਂ ਕਿ ਫ਼ੌਜੀਆਂ ਨੇ ਤਾੜ ਤਾੜ ਗੋਲੀਆਂ ਚਲਾ ਦੇਣੀਆਂ ਹਨ। ਇਸ ਸ਼ਹਿਰ ’ਚ ਹਰ ਰੋਜ਼ ਬੰਬ ਧਮਾਕੇ ਹੋ ਰਹੇ ਹਨ। ਪਰ ਇਹ ਬੰਬ ਧਮਾਕੇ ਕਰਨ ਵਾਲੇ ਕਿਸ ਰਸਤੇ ਅੰਦਰ ਬਾਹਰ ਲੰਘ ਜਾਂਦੇ ਹਨ, ਇਸ ਦਾ ਫ਼ੌਜੀਆਂ ਨੂੰ ਪਤਾ ਨਹੀਂ ਲੱਗਦਾ। ਫ਼ੌਜੀਆਂ ਦਾ ਵਾਹ ਤਾਂ ਅਕਸਰ ਆਮ ਸ਼ਹਿਰੀਆਂ ਨਾਲ ਹੀ ਪੈਂਦਾ ਹੈ। ਇੱਥੇ ਕੀ ਕੁਝ ਹੋ ਰਿਹਾ ਹੈ, ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ। ਇਹ ਤਾਂ ਗੈਰੀ ਦਾ ਫ਼ੋਨ ਆ ਜਾਵੇ ਤਾਂ ਉਹ ਕਈ ਗੱਲਾਂ ਦੱਸਦੀ ਹੈ। ਜਾਂ ਬਰਲਿਨ ਤੋਂ ਜਸਵੰਤ ਦੱਸਦਾ ਹੈ। ਇਕ ਦਿਨ ਉਸ ਦੱਸਿਆ ਸੀ ਕਿ ਨਸੀਰੀਆਹ ਦੀ ਇਕ ਅਠਾਰ੍ਹਾਂ ਸਾਲਾਂ ਦੀ ਮੁਟਿਆਰ ਹੋਣਾ ਥਾਮੀਰ ਜੇਹਦ ਨੇ ਆਪਣੀ ਡਾਇਰੀ ਲਿਖੀ ਹੈ। ਉਸ ਇਹ ਡਾਇਰੀ ਇੰਟਰਨੈਟ ’ਤੇ ਚਾੜ੍ਹੀ ਹੈ। ਉਹ ਲਿਖਦੀ ਹੈ : ਬਾਅਦ ਦੁਪਹਿਰ ਤਿੰਨ ਕੁ ਵਜੇ ਉਹਨੂੰ ਆਪਣੀ ਦੋਸਤ ਦਾ ਫੋਨ ਆਇਆ ਕਿ ਉਸ ਦੀ ਨੇੜਲੀ ਸਹੇਲੀ ਇਸ ਦੁਨੀਆਂ ’ਚ ਨਹੀਂ ਸੀ। ਉਹ ਆਪਣੇ ਘਰ ਦੇ ਬਗੀਚੇ ’ਚ ਘੁੰਮ ਫਿਰ ਰਹੀ ਸੀ ਕਿ ਪਤਾ ਨਹੀਂ ਕਿਸ ਪਾਸਿਉਂ ਗੋਲੀ ਆਈ ਤੇ ਸਿੱਧੀ ਹੀ ਉਸ ਦੇ ਸਿਰ ’ਚ ਲੱਗੀ। ਇਹ ਖ਼ਬਰ ਐਨੀ ਭਿਆਨਕ ਸੀ ਕਿ ਇਸ ਮੈਨੂੰ ਪਾਗਲ ਹੀ ਕਰ ਦਿੱਤਾ। ਮੈਨੂੰ ਪਤਾ ਨਹੀਂ ਲੱਗਾ ਰਿਹਾ ਸੀ ਕਿ ਮੈਨੂੰ ਕੀ ਕੁਝ ਹੋ ਰਿਹਾ ਸੀ। ਅੱਜ ਮੈਂ ਆਪਣੀ ਸਹੇਲੀ ਗੁਆਈ ਸੀ। ਕਲ੍ਹ ਨੂੰ ਕੀ ਕੁਝ ਹੋਣਾ ਹੈ? ਇਸ ਬਾਰੇ ਅੱਲ੍ਹਾ ਹੀ ਜਾਣਦਾ ਹੈ। ਕੁਝ ਦਿਨ ਪਹਿਲਾਂ ਸਾਡੇ ਗੁਆਂਢ ’ਚ ਇਕ ਔਰਤ ਨੂੰ ਫ਼ੌਜੀਆਂ ਨੇ ਮਾਰਿਆ ਸੀ। ਉਸ ਔਰਤ ਨੇ ਉੱਚੀ-ਉੱਚੀ ਰੌਲਾ ਪਾਇਆ ਸੀ ਪਰ ਕਿਸੇ ਨੇ ਉਸ ਦੇ ਰੌਲੇ ਵੱਲ ਧਿਆਨ ਨਹੀਂ ਦਿੱਤਾ ਸੀ। ਫੇਰ ਗਲੀ ਦੀ ਨੁੱਕਰ ’ਚ ਪੈਂਦੇ ਮਕਾਨ ’ਚੋਂ ਤਿੰਨ ਮੁੰਡੇ ਉਸ ਔਰਤ ਦੇ ਘਰ ਵੱਲ ਨੂੰ ਦੌੜੇ ਸਨ। ਫ਼ੌਜੀਆਂ ਨੇ ਉਨ੍ਹਾਂ ਨੂੰ ਰੋਕਿਆ ਸੀ। ਉਹ ਰੁਕੇ ਨਹੀਂ ਸੀ। ਫ਼ੌਜੀਆਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਸੀ। ਉਹ ਕਿਸੇ ’ਤੇ ਦਇਆ ਨਹੀਂ ਕਰਦੇ। ਕੀ ਇਥੋਂ ਦਾ ਹਰੇਕ ਬਾਸ਼ਿੰਦਾ ਫਿਦਾਇਨ ਹੈ?
ਸ਼ਾਮ ਦੇ ਪੰਜ ਕੁ ਵਜੇ ਸਨ। ਸੜਕ ’ਤੇ ਟਰੈਫਿਕ ਘਟ ਗਿਆ ਸੀ। ਅਸੀਂ ਯਾਨੀਕਿ ਗੋਰਾ ਮਾਈਕਲ, ਕਾਲਾ ਨੈਸ਼ ਤੇ ਮੈਂ ਜ਼ਰਾ ਕੁ ਆਰਾਮ ’ਚ ਹੋ ਕੇ ਖੜ ਗਏ। ਸ਼ੀਤ ਲਹਿਰ ਵਗ ਰਹੀ ਸੀ। ਅਚਾਨਕ ਹੀ ਰੇਡਿਉ ’ਤੇ ਉੱਚੀ ਆਵਾਜ਼ ਆਈ ਸੀ, ‘‘ਏ ਸਸਪੈਕਟ ਇਸਕੇਪਡ ਦਾ ਚੈੱਕ ਪੋਸਟ ਨੰਬਰ ਵਨ।’’
ਸਾਡੇ ਕੰਨ ਖੜ ਗਏ ਸੀ। ਫੇਰ ਵਾਰ-ਵਾਰ ਮੈਸਿਜ ਸੁਣਨ ਲੱਗਾ ਸੀ। ਜਦੋਂ ਸਾਨੂੰ ਇਹ ਪਤਾ ਲੱਗਾ ਸੀ ਕਿ ਸਸਪੈਕਟ ਸ਼ਹਿਰ ਵੱਲ ਵਧ ਰਿਹਾ ਤਾਂ ਅਸੀਂ ਆਪੋ ਆਪਣੇ ਮਿੱਟੀ ਦੇ ਬਣੇ ਮੋਰਚਿਆਂ ’ਚ ਖੜ ਕੇ ਸਿੱਧੇ ਹੀ ਦੇਖਣ ਲੱਗੇ ਸੀ।
‘‘ਸਸਪੈਕਟ ਇਕ ਔਰਤ ਆ ਜਿਹਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਆ।’’
ਕੁਝ ਦਿਨ ਪਹਿਲਾਂ ਹੀ ਕਿਸੇ ਇਰਾਕੀ ਔਰਤ ਨੇ ਆਪਣੇ ਢਿੱਡ ਨਾਲ ਬੰਬ ਬੰਨ ਕੇ ਸ਼ਹਿਰ ਦੇ ਲੋਕਲ ਪੁਲਸ ਸਟੇਸ਼ਨ ਨੂੰ ਉਡਾਇਆ ਸੀ।
ਪਹਿਲੀ ਚੈੱਕ ਪੋਸਟ ਵੱਲੋਂ ਹੈੱਡ ਆਫਿਸ ਨੂੰ ਰਿਪੋਰਟ ਕੀਤੀ ਜਾ ਰਹੀ ਸੀ: ‘‘ਬਾਹਰੋਂ ਇੱਕ ਕਾਰ ਆ ਰਹੀ ਸੀ। ਇਸ ਵਿਚ ਤਕਰੀਬਨ ਦਸ ਕੁ ਜਣੇ ਬੈਠੇ ਸੀ। ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਹੌਲੀ ਤਾਂ ਹੋ ਗਈ ਪਰ ਚੈੱਕ ਪੋਸਟ ਤੋਂ ਸੌ ਫੁੱਟ ਪਿੱਛੇ ਹੀ ਰੁਕ ਗਈ। ਕਾਰ ਵਿੱਚ ਬੈਠੇ ਲੋਕ ਬਾਹਰ ਬਾਂਹਾਂ ਕੱਢ ਕੱਢ ਕੇ ਕੋਈ ਇਸ਼ਾਰਾ ਕਰਨ ਲੱਗੇ। ਦੁਭਾਸ਼ੀਏ ਨੇ ਉਨ੍ਹਾਂ ਨੂੰ ਕਾਰ ਅੱਗੇ ਲਿਆਉਣ ਨੂੰ ਕਿਹਾ। ਪਰ ਕਾਰ ਉਥੇ ਹੀ ਖੜੀ ਰਹੀ। ਦੁਭਾਸ਼ੀਏ ਨੇ ਉਨ੍ਹਾਂ ਨੂੰ ਬਾਹਰ ਨਿਕਲ ਕੇ ਹੱਥ ਖੜੇ ਕਰਨ ਨੂੰ ਕਿਹਾ। ਪਰ ਉਨ੍ਹਾਂ ਇਹ ਹੁਕਮ ਨਾ ਮੰਨਿਆਂ। ਫੇਰ ਕਾਰ ਸਟਾਰਟ ਹੋਈ ਤੇ ਹਿਚਕੌਲੇ ਜਿਹੇ ਖਾਂਦੀ ਚੈੱਕ ਪੋਸਟ ਵੱਲ ਵੱਧਣ ਲੱਗੀ। ਇੰਚਾਰਜ ਨੂੰ ਇਸ ’ਚ ਆਤਮਘਾਤੀ ਦਸਤਾ ਹੋਣ ਦਾ ਸ਼ੱਕ ਹੋਇਆ।  ਉਸਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਜਵਾਨਾਂ ਨੇ ਕਾਰ ’ਚ ਬੈਠੇ ਸਾਰਿਆਂ ਨੂੰ ਮਾਰ ਮੁਕਾਇਆ। ਪਰ………….। ਕਾਰ ਵਿਚੋਂ ਇਕ ਔਰਤ ਦੌੜਣ ਵਿੱਚ ਕਾਮਯਾਬ ਹੋ ਗਈ। ਸ਼ੱਕ ਆ ਕਿ ਉਸਨੇ ਆਪਣੇ ਢਿੱਡ ਨਾਲ ਬੰਬ ਬੰਨਿਆ ਹੋਇਆ।’’
ਅਸੀਂ ਖੌਫ਼ ਭਰੀਆਂ ਨਜ਼ਰਾਂ ਨਾਲ ਸੜਕ ਵੱਲ ਦੇਖਣ ਲੱਗੇ ਸੀ ਜਿਵੇਂ ਉਹ ਔਰਤ ਸਾਡੇ ਵੱਲ ਹੀ ਆ ਰਹੀ ਹੋਵੇ। ਕੱਲ੍ਹ ਹੀ ਸੱਦਾਮ ਹੁਸੈਨ ਨੂੰ ਫੜਿਆ ਸੀ। ਵੱਡੀ ਗੜਬੜੀ ਦਾ ਖਦਸ਼ਾ ਸੀ। ਫੇਰ ਇੱਕ ਹੈਲੀਕਾਪਟਰ ਆ ਗਿਆ ਸੀ। ਉਹ ਉਸ ਔਰਤ ਨੂੰ ਲੱਭਣ ’ਚ ਮਦਦ ਕਰਨ ਲਈ ਆਇਆ ਸੀ। ਉਸ ਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਸੜਕ ਦੇ ਦੋਹੀਂ ਪਾਸੀਂ ਉੱਚੀਆਂ ਝਾੜੀਆਂ ਸੀ। ਰੇਡਿਉ ਫੇਰ ਬੋਲਿਆ ਸੀ: ‘‘ਸਸਪੈਕਟਡ ਔਰਤ ਚੈੱਕ ਪੋਸਟ ਨੰਬਰ ਦੋ ਕਰਾਸ ਕਰ ਗਈ ਆ। ਉਹ ਮੇਨ ਸੜਕ ਛੱਡ ਕੇ ਖੱਬੇ ਪਾਸੇ ਦੀਆਂ ਝਾੜੀਆਂ ਵਿਚੋਂ ਦੀ ਲੰਘ ਗਈ ਆ। ਹੁਣ ਉਹ ਸ਼ਹਿਰ ਵੱਲ ਜਾ ਰਹੀ ਆ।’’
ਇਹ ਖ਼ਬਰ ਸੁਣਦਿਆਂ ਹੀ ਸਾਡੀਆਂ ਉਂਗਲਾਂ ਟਰਾਈਗਰ ’ਤੇ ਦਬਾਅ ਪਾਉਣ ਲਗੀਆਂ ਸੀ। ਪਹਿਲਾਂ ਤਾਂ ਸਾਨੂੰ ਇਹ ਲੱਗਾ ਸੀ ਕਿ ਉਸ ਔਰਤ ਨੂੰ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਦੋ ਨੰਬਰ ਚੈੱਕ ਪੋਸਟ ਵਾਲੇ ਉਡਾ ਦੇਣਗੇ। ਹੁਣ ਜਦੋਂ ਉਹ ਉਥੋਂ ਵੀ ਲੰਘ ਆਈ ਤਾਂ ਅਸੀਂ ਸਮਝ ਗਏ ਕਿ ਉਸ ਦਾ ਅਗਲਾ ਨਿਸ਼ਾਨਾ ਅਸੀਂ ਹੋਵਾਂਗੇ। ਇੱਕ ਹੋਰ ਹੈਲੀਕਾਪਟਰ ਆ ਗਿਆ ਸੀ। ਹੈਲੀਕਾਪਟਰ ’ਚ ਬੈਠਿਆਂ ਨੂੰ ਹੇਠਾਂ ਝਾੜੀਆਂ ’ਚੋਂ ਲੰਘਦੀ ਉਸ ਔਰਤ ਦੀ ਕੋਈ ਝਲਕ ਮਿਲੀ, ਜਿਸ ਤੋਂ ਉਨ੍ਹਾਂ ਨੇ ਇਹ ਇਨਫਰਮੇਸ਼ਨ ਰੇਡਿਉ ’ਤੇ ਅਨਾਊਂਸ ਕਰਵਾ ਦਿੱਤੀ ਸੀ: ‘‘ਸਸਪੈਕਟਰ ਸੂਈਸਾਈਡਲ ਔਰਤ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਆ। ਉਸ ਨੇ ਅਕਸਪਲੋਸਿਵ ਡਿਵਾਈਸ ਦੋਨਾਂ ਹੱਥਾਂ ਨਾਲ ਆਪਣੇ ਢਿੱਡ ਨਾਲ ਲਾ ਕੇ ਘੁੱਟਕੇ ਫੜੀ ਹੋਈ ਆ। ਉਹ ਤੇਜ਼ੀ ਨਾਲ ਅਗਾਂਹ ਜਾ ਰਹੀ ਆ। ਸਾਰੇ ਕੇਅਰਫੁਲ ਰਹਿਣ।’’
ਅਸੀਂ ਅਟੈਨਸ਼ਨ ਹੋ ਕੇ ਖੜ ਗਏ ਸੀ। ਹੁਣ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਉਸ ਦਾ ਨਿਸ਼ਾਨਾ ਸਾਡੀ ਪੋਸਟ ਹੀ ਸੀ। ਸ਼ਾਮ ਦੇ ਘੁਸਮੁਮੇ ’ਚ ਮੈਨੂੰ ਚਾਰ ਕੁ ਸੌ ਫੁੱਟ ਦੀ ਦੂਰੀ ’ਤੇ ਕਾਲੀ ਸ਼ਕਲ ਦਿੱਸੀ ਜੋ ਕਿ ਝਾੜੀਆਂ ’ਚੋਂ ਨਿਕਲ ਕੇ ਸੜਕ ’ਤੇ ਆ ਗਈ ਸੀ। ਸੜਕ ’ਤੇ ਆ ਕੇ ਉਸ ਨੇ ਆਲੇ ਦੁਆਲੇ ਦੇਖਿਆ ਸੀ। ਮੈਂ ਦੂਰੋਂ ਹੀ ਪਹਿਚਾਣ ਲਿਆ ਕਿ ਇਹ ਉਹੀ ਔਰਤ ਸੀ ਜਿਸ ਬਾਰੇ ਰੇਡਿਉ ’ਤੇ ਵਾਰ-ਵਾਰ ਦੱਸਿਆ ਜਾ ਰਿਹਾ ਸੀ।
‘‘ਅਟੈਨਸ਼ਨ! ਸ਼ੀ ਇਜ਼ ਮੂਵਿੰਗ ਟੂਵਰਡਜ਼ ਅਸ।’’ ਮਾਈਕਲ ਨੇ ਚੀਕਦਿਆਂ ਹੋਇਆਂ ਮੈਨੂੰ ਤੇ ਨੈਸ਼ ਨੂੰ ਚੇਤੰਨ ਕੀਤਾ ਸੀ। ਸਾਰਿਆਂ ਦੀਆਂ ਨਜ਼ਰਾਂ ਉਸ ’ਤੇ ਲੱਗ ਗਈਆਂ ਸੀ। ਫੇਰ ਉਹ ਸਾਡੇ ਵੱਲ ਨੂੰ ਤੁਰ ਪਈ ਸੀ। ਦੁਭਾਸ਼ੀਏ ਨੇ ਉਸਨੂੰ ਥਾਈਂ ਹੀ ਰੁਕਣ ਨੂੰ ਕਿਹਾ ਸੀ। ਸ਼ਾਇਦ ਉਸ ਦੀ ਆਵਾਜ਼ ਉਸ ਤੱਕ ਨਹੀਂ ਪਹੁੰਚੀ ਸੀ। ਉਹ ਹੌਲੀ-ਹੌਲੀ ਤੁਰਦੀ ਸਾਡੇ ਵੱਲ ਆ ਰਹੀ ਸੀ। ਫੇਰ ਉਹ ਇੰਨਾ ਨੇੜੇ ਆ ਗਈ ਕਿ ਮੈਨੂੰ ਉਸਦੀ ਸ਼ਕਲ ਚੰਗੀ ਤਰ੍ਹਾਂ ਦਿੱਸੀ ਸੀ। ਉਹ ਖੜ ਗਈ ਸੀ। ਉਹ ਬਾਈ-ਤੇਈ ਕੁ ਸਾਲਾਂ ਦੀ ਦਰਮਿਆਨੇ ਕੱਦ ਦੀ ਔਰਤ ਸੀ। ਉਸ ਨੇ ਚੰਗੇ ਕੱਪੜੇ ਪਾਏ ਹੋਏ ਸੀ। ਉਸ ਨੇ ਦੋਹਾਂ ਹੱਥਾਂ ’ਚ ਫੜੀ ਹੋਈ ਪੋਟਲੀ ਜਿਹੀ ਘੁੱਟ ਕੇ ਢਿੱਡ ਨਾਲ ਲਾਈ ਹੋਈ ਸੀ।
ਉਹ ਫੇਰ ਤੁਰ ਪਈ ਸੀ। ਦੁਭਾਸ਼ੀਏ ਨੇ ਉਸਨੂੰ ਵਾਰ-ਵਾਰ ਰੁਕਣ ਨੂੰ ਕਿਹਾ ਸੀ। ਉਤਾਂਹ ਉੱਡ ਰਹੇ ਹੈਲੀਕਾਪਟਰਾਂ ਦੀ ਆਵਾਜ਼ ਕਰਕੇ ਸ਼ਾਇਦ ਉਸ ਨੂੰ ਦੁਭਾਸ਼ੀਏ ਦੀ ਆਵਾਜ਼ ਸੁਣੀ ਨਹੀਂ ਸੀ। ਜਦੋਂ ਉਸ ਨੂੰ ਦੁਭਾਸ਼ੀਏ ਦੀ ਆਵਾਜ਼ ਸੁਣੀ ਸੀ ਉਦੋਂ ਉਹ ਚੈੱਕ ਪੋਸਟ ਤੋਂ ਸਿਰਫ਼ ਸੌ ਕੁ ਫੁੱਟ ਦੀ ਦੂਰੀ ’ਤੇ ਆ ਗਈ ਸੀ। ਉਹ ਪੈਰ ਜਿਹੇ ਮਲਦੀ ਉੱਥੇ ਹੀ ਖੜ ਗਈ ਸੀ।
‘‘ਮੈਨੂੰ ਪੋਟਲੀ ’ਚ ਬੰਬ ਨ੍ਹੀਂ, ਕੋਈ ਬੱਚਾ ਲੱਗਦਾ,’’ ਮੈਂ, ਮੇਰੇ ਸੱਜੇ ਪਾਸੇ ਖੜੇ ਮਾਈਕਲ ਨੂੰ ਦੱਸਿਆ ਸੀ।
‘‘ਤੂੰ ਕਿਵੇਂ ਕਹਿਨਾ?’’
‘‘ਮੈਨੂੰ ਪੋਟਲੀ ’ਚੋਂ ਕੁਸ਼ ਹਿਲਦਾ ਦਿੱਸਦਾ।’’ ਮੈਂ ਪੂਰੇ ਯਕੀਨ ਨਾਲ ਉਸ ਨੂੰ ਦੱਸਿਆ ਸੀ।
‘‘ਨੈਸ਼, ਤੂੰ ਹੈਰੀ ਦੀ ਗੱਲ ਸੁਣੀ ਆ। ਕੀ ਇਹ ਗੱਲ ਸੱਚੀ ਹੋ ਸਕਦੀ ਆ?’’
‘‘ਮੈਂ ਇਸ ਬਾਰੇ ਸ਼ਿਉਰ ਨ੍ਹੀਂ ਆਂ।’’
‘‘ਸ਼ਿਉਰ ਤਾਂ ਮੈਂ ਵੀ ਨ੍ਹੀਂ ਆਂ। ਪਰ ਮੈਨੂੰ ਐਦਾਂ ਲੱਗਦਾ…….।’’ ਮੈਂ ਜਲਦੀ-ਜਲਦੀ ਦੱਸਿਆ ਸੀ।
ਮਾਈਕਲ ਤੇ ਨੈਸ਼ ਨੇ ਮੇਰੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ। ਉਹ ਪਹਿਲਾਂ ਨਾਲੋਂ ਜ਼ਿਆਦਾ ਚੇਤੰਨ ਹੋ ਗਏ ਸਨ। ਉਨ੍ਹਾਂ ਦੀਆਂ ਨਜ਼ਰਾਂ ਉਸ ਔਰਤ ’ਤੇ ਕੇਂਦਰਤ ਸਨ। ਉਂਗਲਾਂ ਟਰਾਈਗਰ ’ਤੇ ਟਿੱਕੀਆਂ ਹੋਈਆਂ ਸਨ। ਕੰਨ ਅਗਲੇ ਹੁਕਮ ਨੂੰ ਉਡੀਕ ਰਹੇ ਸਨ।
‘‘ਉਹ ਸਾਡੀ ਚੈੱਕ ਪੋਸਟ ਤੋਂ ਸਿਰਫ ਸੌ ਫੁੱਟ ਦੂਰੀ ਤੇ ਆ ਕੇ ਖੜ ਗਈ ਆ।’’ ਸਾਡੇ ਰੇਡਿਉ ਅਪਰੇਟਰ ਨੇ ਸਾਡੇ ਇੰਚਾਰਜ ਦਾ ਮੈਸਿਜ਼ ਹੈੱਡ ਕੁਆਟਰ ਨੂੰ ਭੇਜਿਆ ਸੀ।
‘‘ਉਸਨੂੰ ਉੱਥੇ ਹੀ ਰੋਕਣ ਦੀ ਕੋਸ਼ਿਸ਼ ਕਰੋ। ਜੇ ਉਹ ਅਗਾਂਹ ਵਧੀ ਤਾਂ ਸ਼ੂਟ ਕਰ ਦਿਉ।’’
‘‘ਓਕੇ।’’
ਕੁਝ ਚਿਰ ਰੇਡਿਉ ਚੁੱਪ ਰਿਹਾ ਸੀ। ਮੇਰੀਆਂ ਨਜ਼ਰਾਂ ਉਸ ਔਰਤ ਦੇ ਚਿਹਰੇ ’ਤੇ ਜਾ ਟਿਕੀਆਂ ਸਨ। ਉਸ ਦੇ ਚਿਹਰੇ ’ਤੇ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ। ਚਿੰਤਾ ਅਵੱਸ਼ ਸੀ। ਉਹ ਇਕ ਪਲ ਸਾਡੇ ਵੱਲ ਦੇਖਦੀ ਸੀ ਤੇ ਫੇਰ ਨੀਵੀਂ ਪਾ ਲੈਂਦੀ ਸੀ। ਉਹਨੂੰ ਕੋਈ ਕਾਹਲ ਨਹੀਂ ਸੀ। ਸ਼ਾਇਦ ਉਸ ਸੋਚਿਆ ਹੋਵੇਗਾ ਕਿ ਇਕ ਔਰਤ ’ਤੇ ਕਿਹੜਾ ਬੇਵਕੂਫ ਗੋਲੀ ਚਲਾਵੇਗਾ। ਮੈਂ ਨੈਸ਼ ਨੂੰ ਕਿਹਾ ਸੀ, ‘‘ਦੇਖ ਇਹ ਦਾ ਚਿਹਰਾ ਕਿਵੇਂ ਪੀਲਾ ਜਿਹਾ ਆ। ਲੱਗਦਾ ਜਿਵੇਂ ਕੁਸ਼ ਦਿਨ ਪਹਿਲਾਂ ਇਸ ਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਹੋਵੇ।’’ ਨੈਸ਼ ਨੇ ਪੁੱਛਿਆ ਸੀ, ‘‘ਤੈਨੂੰ ਇਸ ਗੱਲ ਦਾ ਕਿਦਾਂ ਪਤਾ?’’ ਮੈਂ ਉਹਨੂੰ ਦੱਸਿਆ ਸੀ ਕਿ ਮੈਂ ਆਪਣੇ ਪਿੰਡ ’ਚ ਆਪਣੀਆਂ ਚਾਚੀਆਂ/ਭਾਬੀਆਂ ਦੇਖੀਆਂ ਹਨ। ਨੈਸ਼ ਨੇ ਇਹੀ ਗੱਲ ਮਾਈਕਲ ਨੂੰ ਦੱਸੀ ਸੀ। ਮਾਈਕਲ ਨੇ ਕਿਹਾ ਸੀ, ‘‘ਇਸ ਦਾ ਸੰਬੰਧ ਅਵੱਸ਼ ਹੀ ਫਿਦਾਇਨ ਨਾਲ ਹੋਣਾ। ਮੈਂ ਦਾਅਵੇ ਨਾਲ ਕਹਿਨਾ-ਇਹਦੇ ਕੋਲ ਟਾਈਮ ਬੰਬ ਆ। ਜੇ ਇਹ ਬਚਣਾ ਚਾਹੁੰਦੀ ਹੁੰਦੀ ਤਾਂ ਆਪਣੇ ਦੋਵੇਂ ਹੱਥ ਖੜੇ ਕਰਕੇ ਥਾਈਂ ਖੜ ਜਾਂਦੀ। ਕਾਫੀ ਸੁੰਦਰ ਔਰਤ ਆ। ਪਰ ਕਿਹੜੇ ਕੰਮਾਂ ’ਚ ਪੈ ਗਈ ਕਮਲੀ। ਤੁਸੀਂ ਬਿਲਕੁਲ ਢਿੱਲੇ ਨ੍ਹੀਂ ਪੈਣਾ। ਮਾੜੀ ਜਿੰਨੀ ਅਣਗਹਿਲੀ ਵੀ ਸਾਡੀ ਮੌਤ ਦਾ ਕਾਰਨ ਬਣ ਸਕਦੀ ਆ….।’’
ਮੈਂ ਅਜੇ ਤੱਕ ਕਿਸੇ ਮਰਦੀ ਹੋਈ ਔਰਤ ਨੂੰ ਨੇੜਿਉਂ ਨਹੀਂ ਦੇਖਿਆ ਸੀ।
‘‘ਆਪਣੇ ਹੱਥ ਖੜੇ ਕਰ ਲੈ।….ਜਿਥੇ ਹੈਂ ਤੂੰ ਉਥੇ ਹੀ ਬੈਹਜਾ।’’ ਸਾਡੇ ਇੰਚਾਰਜ ਦਾ ਹੁਕਮ ਦੁਭਾਸ਼ੀਏ ਨੇ ਉੱਚੀ ਬੋਲ ਕੇ ਉਸਨੂੰ ਸੁਣਾਇਆ ਸੀ। ਪਰ ਉਸ ’ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਸੀ। ਉਹ ਸਾਡੇ ਵੱਲ ਸਿੱਧੀ ਹੀ ਦੇਖ ਰਹੀ ਸੀ। ਇਸੇ ਵਿਚਕਾਰ ਉਸ ਨੇ ਢਿੱਡ ਨਾਲ ਲਾਈ ਹੋਈ ਪੋਟਲੀ ਨੂੰ ਖੱਬੇ ਪਾਸੇ ਵੱਲ ਖਿਸਕਾਇਆ ਸੀ।
‘‘ਹੁਣ ਕੀ ਪੁਜੀਸ਼ਨ ਆ?’’ ਹੈੱਡ ਕੁਆਰਟਰ ਵੱਲੋਂ ਪੁੱਛਿਆ ਗਿਆ ਸੀ।
‘‘ਉਹ ਕੋਈ ਵੀ ਹੁਕਮ ਨਹੀਂ ਮੰਨ ਰਹੀ। ਇਕੋ ਥਾਂ ’ਤੇ ਹੀ ਖੜੀ ਆ। ਮੈਨੂੰ ਸ਼ੱਕ ਆ ਕਿ ਉਸ ਕੋਲ ਟਾਈਮ ਬੰਬ ਆ। ਉਸੇ ਦੇ ਫਟਣ ਦਾ ਇੰਤਜ਼ਾਰ ਕਰ ਰਹੀ ਆ।’’
‘‘ਠੀਕ ਆ, ਦੋ ਵਾਰਨਿੰਗਜ਼ ਦੇ ਕੇ ਉਸਨੂੰ ਸ਼ੂਟ ਕਰ ਦਿਉ।’’
‘‘ਓਕੇ।’’
ਫੇਰ ਇੰਚਾਰਜ ਦੇ ਕਹਿਣ ’ਤੇ ਦੁਭਾਸ਼ੀਏ ਨੇ ਦੋ ਵਾਰ ਵਾਰਨਿੰਗ ਦਿੱਤੀ ਸੀ। ਇੰਚਾਰਜ ਦੇ ਮੂੰਹੋਂ ਸ਼ੂਟ ਲਫਜ਼ ਸੁਣਦਿਆਂ ਹੀ ਮੇਰੀ ਰਾਈਫਲ ’ਚੋਂ ਅੱਗ ਦੀ ਲਾਟ ਨਿਕਲੀ ਸੀ। ਅੱਖ ਦੇ ਝਮਕਣ ’ਚ ਹੀ ਉਹ ਔਰਤ ਮੂਧੇ ਮੂੰਹ ਸੜਕ ’ਤੇ ਡਿੱਗ ਪਈ ਸੀ। ਉਸ ਦਾ ਸਿਰ ਉੱਡ ਗਿਆ ਸੀ। ਪਰ ਉਸ ਦੇ ਹੱਥ ਜਿਉਂ ਦੇ ਤਿਉਂ ਢਿੱਡ ਦੁਆਲੇ ਪਏ ਸਨ। ਮਰ ਜਾਣ ਉਪਰੰਤ ਵੀ ਉਸ ਨੇ ਢਿੱਡ ਨਾਲ ਲਾਈ ਪੋਟਲੀ ਨਹੀਂ ਛੱਡੀ ਸੀ। ਇੰਚਾਰਜ ਨੇ ਸਾਨੂੰ ਪਿਛਾਂਹ ਹਟ ਜਾਣ ਦਾ ਹੁਕਮ ਦਿੱਤਾ ਸੀ। ਉਹਨੇ ਖਬਰਦਾਰ ਕੀਤਾ ਸੀ ਕਿ ਔਰਤ ਦੇ ਢਿੱਡ ਨਾਲ ਲੱਗਾ ਬੰਬ ਕਿਸੇ ਸਮੇਂ ਵੀ ਫਟ ਸਕਦਾ ਸੀ। ਅਸੀਂ ਛੇਤੀ ਦੇਣੇ ਪੋਸਟ ਖਾਲੀ ਕਰਕੇ ਪਿੱਛਾਂਹ ਹੱਟ ਗਏ ਸੀ। ਫੇਰ ਬੰਬ ਨਿਕਾਰਾ ਕਰਨ ਵਾਲੀ ਟੀਮ ਆਈ ਸੀ। ਦਸ ਕੁ ਮਿੰਟਾਂ ’ਚ ਉਨ੍ਹਾਂ ਨੇ ਔਰਤ ਦਾ ਮ੍ਰਿਤਕ ਸਰੀਰ ਸਿੱਧਾ ਕੀਤਾ ਸੀ। ਉਸ ਦੇ ਹੱਥਾਂ ਨੂੰ ਪਿੱਛੇ ਹਟਾਇਆ ਸੀ। ਪੋਟਲੀ ਦੁਆਲਿਉਂ ਕੱਪੜਾ ਲਾਹਿਆ ਸੀ।
ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ।
ਉਥੇ ਬੰਬ ਨਹੀਂ ਸੀ। ਉਹ ਤਾਂ ਉਸ ਦਾ ਬੁਖਾਰ ਤੋਂ ਪੀੜਤ ਪੁੱਤ ਸੀ।

-ਜਿੰਦਰ, ਜਲੰਧਰ
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: