ਕੁੱਖ ਦੀ ਕੁਰਲਾਹਟ: ਆਰਜ਼ੂ ਬਰਾੜ

ਪਿਛਲੇ ਸਾਲ ਨਾਰੀ ਦਿਵਸ ਵਾਲੇ ਦਿਨ ਅਸੀ ਨਾਰੀ ਦਿਵਸ ਨਹੀਂ, ਨਾਰੀ ਵਰ੍ਹਾਂ ਮਨਾਉਣ ਦਾ ਫੈਸਲਾ ਕੀਤਾ ਸੀ। ਲਫ਼ਜ਼ਾਂ ਦਾ ਪੁਲ ਨੇ ਸਿਰਫ ਕਹਿਣ ਹੀ ਨਹੀਂ ਅਮਲ ਕਰਨ ਵਿਚ ਯਕੀਨ ਰੱਖਦਿਆਂ, ਇਸ ਐਲਾਨਨਾਮੇ ਉੱਤੇ ਤੁਰਨ ਦੀ ਕੌਸ਼ਿਸ਼ ਕੀਤੀ। ਕਵੀਆਂ ਤੇ ਕਵਿਤੱਰੀਆਂ ਵੱਲੋਂ ਇਸ ਵਿਸ਼ੇ ਤੇ ਲਿਖੀਆਂ ਰਚਨਾਵਾਂ ਵੀ ਪ੍ਰਕਾਸ਼ਿਤ ਕੀਤੀਆਂ ਅਤੇ ਲਫ਼ਜ਼ਾਂ ਦਾ ਪੁਲ ਤੇ ਇਸਤਰੀ ਰਚਨਾਕਾਰਾਂ ਦਾ ਪ੍ਰਕਾਸ਼ਿਤ ਹੋਣਾ ਵੀ ਲਗਾਤਾਰ ਜਾਰੀ ਰਿਹਾ। ਅਸੀ 33 ਜਾਂ ਕਿਸੇ ਵੀ ਫ਼ੀਸਦੀ ਦੇ ਰਸਮੀ ਰਾਖਵੇਂਕਰਨ ਨਾਲੋਂ ਜਿਆਦਾ ਜਮੀਨੀ ਤੌਰ ਉੱਤੇ ਬਰਾਬਰੀ ਦੇ ਹੱਕ ਨੂੰ ਤਰਜੀਹ ਦਿੰਦੇ ਹਾਂ। ਆਸ ਹੈ ਪਾਠਕ ਅਤੇ ਕਲਮਕਾਰ, ਸਾਡੀ ਇਸ ਮੁੰਹਿਮ ਵਿਚ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹਿਣਗੇ। ਸਾਲ ਭਰ ਅਸੀ ਇਸ ਵਿਸ਼ੇ ਤੇ ਰਚਨਾਵਾਂ ਛਾਪਦੇ ਰਹਾਂਗੇ, ਨਾਰੀ ਸੰਵੇਦਨਾ ਨੂੰ ਆਵਾਜ਼ ਬਣਾਉਂਦੀਆਂ ਤੁਹਾਡੀਆਂ ਰਚਨਾਵਾਂ ਦਾ ਸਵਾਗਤ ਹੈ, ਸੋ ਜਲਦੀ ਭੇਜੋ।

ਆ ਵੇ ਸੁਰਜਨਾ, ਬਹਿ ਵੇ ਸੁਰਜਨਾ
ਅੱਜ ਦਿਲ ਦੀਆਂ ਖ੍ਹੋਲ ਸੁਣਾਵਾਂ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

ਦੀਵਿਆਂ ਵਾਲੀ ਰਾਤ ‘ਚ ਚਾਨਣ
ਪਾਉਂਦੈ ਮਾਤ ਹਨੇਰੇ ਥੀਂ
ਖੁੱਸ਼ੀ ਨਾ ਦਿੱਸਦੀ ਕਿਸੇ ਵੀ ਪਾਸੇ
ਤਾਂ ਹੀ ਦਿਲ ਡੁੱਬਦੈ ਮੇਰਾ ਵੀ
ਤੂੰ ਸੁਣ ਹਟਕੋਰੇ ਕੁੱਖਾਂ ਦੇ, ਤੈਨੂੰ ਕੀਕਣ ਆਖ ਸੁਣਾਵਾਂ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

ਇੱਕ ਅਣ-ਸੁਲੱਖਣੀ ਕੁੱਖ ਪਈ ਵਿਲਕੇ
ਦਾਤਾਂ ਮੰਗਦੀ ਦਾਤੇ ਤੋਂ
ਇੱਕ ਕੁੱਖ ਲੁੱਕ-ਲੁੱਕ ਹੁੱਭਕੀਆਂ ਭਰਦੀ
ਭੁੱਲਾਂ ਬਖ਼ਸ਼ਾਓਦੀ ਦਾਤੇ ਤੋਂ
ਡਾਹਢੇ ਇਹ ਪਾਪ ਕਰਵਾਓਦੇ ਨੇ, ਮੈਂ ਆਪ ਨਾ ਪਾਪ ਕਮਾਂਵਾ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

ਇੱਕ ਕੁੱਖ ਨੇ ਜੇ ਹਿੰਮਤ ਕੀਤੀ
ਆਹ ! ਪਾਪ ਕਰਣ ਤੋਂ ਗ਼ੁਰੇਜ਼ ਕੀਤਾ
ਹੋ ਸਾਰੀ ਦੁਨੀਆ ਤੋਂ ਬਾਗ਼ੀ
ਧੀ ਧਿਆਣੀ ਨੂੰ ਜਨਮ ਦਿੱਤਾ
ਕਹਿਰ ਕਮਾਇਆ ਫਿਰ ਜੱਗ ਚੰਦਰੇ ਨੇ, ਬਣ ਦਾਜ ਦਾ ਸਿਰਨਾਂਵਾਂ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

ਇੱਕ ਕੁੱਖ ਜੋ ਭਾਗਾਂ ਵਾਲੀ
ਰੱਬ ਰੰਗ ਭਾਗ ਜੀਹਨੂੰ ਲਾਏ ਸੀ
ਪਾ ਪੁੱਤਰ ਦੀ ਦਾਤ
ਜਿਸ ਨੇ ਲੱਖਾਂ ਸ਼ਗਨ ਮਨਾਏ ਸੀ
ਲ਼ਾਡ ਲਡਾ ਕੇ ਪਾਲ-ਪੋਸ ਕੇ, ਲੱਖ ਆਸਾਂ ਲਾਈਆਂ ਸੀ ਮਾਵਾਂ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

ਇਹ ਦੁਨੀਆ ਖ਼ੁਸ਼ੀਆਂ ਦੀ ਵੈਰੀ,
ਮਾਂ ਦੇ ਹਾਸੇ ਤੇ ਵਾਰ ਕੀਤਾ
‘ਮਾਂ ਦੇ ਫ਼ੁੱਲ’ ਤੋਂ ਨਸ਼ਈ ‘ਸੂਲ’ ਬਣਾਤਾ
ਸੂਲ, ਮਾਂ ਨੂੰ ਹੀ ਲਹੂ ਲੁਹਾਨ ਕੀਤਾ
ਕੁੱਖ ਸੁਲੱਖਣੀ ਹੋ ਕੇ ਜ਼ਖ਼ਮੀ
ਬੇ-ਵੱਸ ਜਿਹੀ ਕੁਰਲ਼ਾਉਦੀ ਐ
ਫ਼ੁੱਲ ਤੋਂ ਮੂੰਹ ਨਾ ਮੋੜਿਆ ਜਾਵੇ,
ਨਾ ਹੀ ਸੂਲ ਤੋੜਨਾ ਚਾਹੁੰਦੀ ਐ
ਸੂਲਾਂ ਲਈ ਇਹ ਨਸ਼ਾ ਜ਼ਿੰਦਗੀ,
ਇਹ ਨਸ਼ਾ ਜ਼ਹਿਰ ਤੋਂ ਮਾੜਾ
ਭਰੀ ਜਵਾਨੀ ਪੁੱਤ ਤੋਰ ਕੇ, ਵਿਲਕਦੀਆਂ ਨੇ ਮਾਂਵਾਂ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

ਆ ਵੇ ਸੁਰਜਨਾ, ਬਹਿ ਵੇ ਸੁਰਜਨਾ
ਅੱਜ ਦਿਲ ਦੀਆਂ ਖ੍ਹੋਲ ਸੁਣਾਵਾਂ
ਆਈ ਦੀਵਾਲੀ ਜੱਗ ਖੁਸ਼ੀਆਂ ਮਾਣੇ, ਮੈਂ ਤੱਤੜੀ ਕੁਰਲਾਂਵਾਂ

-ਆਰਜ਼ੂ ਬਰਾੜ, ਲੁਧਿਆਣਾ

ਕਲਾਕ੍ਰਿਤ-ਸਟੀਵ ਗ੍ਰਿਬੇਨ ਦੀ ਪ੍ਰੈਗਨੇਂਟ ਵੂਮਨ
(ਫਾਈਨਆਰਟ ਡੌਟ ਕੌਮ ਤੋਂ ਧੰਨਵਾਦ ਸਹਿਤ)

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: