ਪੰਜਾਬੀ ਪਿਆਰਿਓ!!! ਜਨਮੇਜਾ ਸਿੰਘ ਜੌਹਲ ਬਹੁਪੱਖੀ ਸ਼ਖਸਿਅਤ ਦੇ ਮਾਲਿਕ ਹਨ। ਪੰਜਾਬੀ ਸੱਭਿਆਚਾਰ ਦੀ ਫੋਟੋਕਾਰੀ ਵਾਸਤੇ ਉਹ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਚਿੱਤਰਕਾਰੀ ਵੀ ਉਨ੍ਹਾਂ ਦਾ ਦੂਸਰਾ ਹੁਨਰ ਹੈ।
ਕੰਪਿਊਟਰ ਵਿੱਚ ਪੰਜਾਬੀ ਨੂੰ ਵਰਤਣ ਦੀ ਸ਼ੁਰੂਆਤ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਬਾਲ ਸਾਹਿੱਤ ਵਰਗੇ ਕੋਮਲ ਕਾਰਜ ਵਿੱਚ ਵੀ ਉਨ੍ਹਾਂ ਦੀ ਮੁਹਾਰਤ ਹਾਸਿਲ ਹੈ। ਪਰ ਅੱਜ ਅਸੀ ਉਨ੍ਹਾਂ ਦਾ ਜਿਹੜਾ ਰੂਪ ਤੁਹਾਡੇ ਰੂ-ਬ-ਰੂ ਕਰ ਰਹੇ ਹਾਂ ਉਹ ਸੁਹਿਰਦ ਕਵੀ ਵਾਲਾ ਹੈ। ਕੈਮਰੇ ਦੀ ਅੱਖ ਨਾਲ ਪੰਜਾਬੀਅਤ ਦੇ ਰੰਗ ਸੰਜੋ ਕੇ ਰੱਖਣ ਵਾਲਾ ਜਨਮੇਜਾ ਸਿੰਘ ਜੌਹਲ ਕਵਿਤਾਵਾਂ ਵਿੱਚ ਵੀ ਖਿਆਲਾਂ ਦੇ ਖੂਬਸੂਰਤ ਰੰਗ ਭਰਦਾ ਹੈ। ਆਉ ਉਨ੍ਹਾਂ ਦੇ ਇਨ੍ਹਾਂ ਰੰਗਾਂ ਨੂੰ ਮਾਣਦੇ ਹਾਂ, ਉਨਾਂ ਦੀਆਂ ਜੁਲਾਈ 1973 ‘ਚ ਲਿਖੀਆਂ ਦੋ ਕਵਿਤਾਵਾਂ ਦੇ ਨਾਲ
ਯਾਰਾਂ ਨੇ
ਸਾਡੇ ਗੀਤ ਅਸਾਥੋਂ ਯਾਰੋ
ਖੋਹ ਲਏ ਸਾਡੇ ਯਾਰਾਂ ਨੇ
ਸਾਡੇ ਮੀਤ ਅਸਾਥੋਂ ਯਾਰੋ
ਮੋਹ ਲਏ ਸਾਡੇ ਯਾਰਾਂ ਨੇ
ਇਕ ਉਹਨਾ ਨੂੰ ਵਹਿਮ ਜੁ ਹੋਇਆ
ਟੁੱਟੇ ਦਿਲ ਦੇ ਚੂਰੇ ਤੋਂ
ਸਾਡੇ ਦਿਲ ਦੇ ਟੁਕੜੇ ਯਾਰੋ
ਛੋਹ ਲਏ ਸਾਡੇ ਯਾਰਾਂ ਨੇ
ਆਈਆਂ ਫੁੱਟ ਬਿਆਈਆਂ ਪੈਰੀਂ
ਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ
ਸਾਡੇ ਸਾਰੇ ਛਾਲੇ ਯਾਰੋ
ਧੋ ਲਏ ਸਾਡੇ ਯਾਰਾਂ ਨੇ
ਪਤਝੜ ਰੁੱਤੇ ਆਖਰੀ ਪੱਤਾ
ਰੰਗ ਸੁਨਹਿਰੀ, ਨੇੜੇ ਮੌਤ
ਸਾਡੇ ਸੋਹਣੇ ਮੁੱਖੜੇ ਯਾਰੋ
ਕੋਹ ਲਏ ਸਾਡੇ ਯਾਰਾਂ ਨੇ
—-
ਮਰਨ ਤੋਂ ਬਾਅਦ
ਮਰਨ ਤੋਂ ਬਾਅਦ
ਬਣ ਕੇ ਹਵਾ ਦਾ ਬੁੱਲਾ
ਤੇਰੇ ਦੁਪੱਟੇ ਨੂੰ ਲਹਿਰਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਜ਼ੁਲਫਾਂ ਦਾ ਘੁੰਘਟ ਚੁੱਕ
ਤੇਰਾ ਚਿਹਰਾ ਨਿਹਾਰ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਤੂੰ ਜਿਸ ਫੁੱਲ ਨੂੰ ਚਾਹੇਂਗੀ
ਤੇਰੇ ਚੁੰਮਣ ਤੋਂ ਪਹਿਲਾਂ
ਪੱਤੀ ਪੱਤੀ ਉਡਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਤੇਰੇ ਕਦੇ ਜੋ ਹੰਝੂ ਆਉਣਗੇ
ਪੂੰਝਣ ਤੋਂ ਪਹਿਲਾਂ
ਆਪਣੇ ਆਪ ਨਾਲ ਰਲਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਭਾਵੇਂ ਜੀਂਦੇ ਜੀਅ ਤਾਂ ਤੁਰਨ ਨਾ ਦਿੱਤਾ
ਬਣ ਹਵਾ,
ਤੇਰੇ ਕਦਮ ਨਾਲ ਕਦਮ ਵਧਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਓਹ! ਤੇਰੇ ਲਬਾਂ ਨੂੰ ਛੂਹਣ ਦੀ ਖਾਹਿਸ਼
ਜੋ ਪੂਰੀ ਨਾ ਹੋਈ
ਆਖ਼ਿਰ ਛੁਹਾ ਤਾਂ ਲਵਾਂਗਾ ਮੈਂ
Leave a Reply