ਜਿਨਮੇਂ ਬਸਤੇ ਭਾਈ ਵੀਰ ਸਿੰਘ
Legendary Punjabi Writer Bhai Veer Singh ਮਹਾਨ ਪੰਜਾਬੀ ਲੇਖਕ ਭਾਈ ਵੀਰ ਸਿੰਘਚਿਹਰੇ ਉਪਰ ਇਲਾਹੀ ਨੂਰ, ਸਾਦਾ-ਸਾਫ਼ 'ਤੇ ਬੇਦਾਗ ਬਾਣਾ, ਉੱਚ-ਸੁੱਚ ਜਾਪਦੀਆ ਸਖਸ਼ੀਅਤਾਂ!!! ਸਚਿਓਂ ਕਿਸੇ ਲੇਖਕ ਦੀ ਕ਼ਲਮ ਜਾਂ ਪਾਠਕ ਦੀ ਦਿਲਚਸਪੀ ਇਨਸਾਨ ਨੂੰ ਇਸ ਕਦਰ ਵੀ ਪ੍ਰਭਾਵਿਤ ਕਰ ਸਕਦੀ ਹੈਂ? ਸੁਣ ਕੇ ਮੰਨ ਨੂੰ ਇਕ ਅਚੰਭਾ ਹੀ ਹੁੰਦਾ ਹੈ! ਦਾਸ ਅਰਜ਼ ਕਰ ਰਿਹਾ ਹੈ ਓਹਨਾ ਦੋ ਕਿਤਾਬੀ-ਆਸ਼ਿਕਾਂ ਦੀ; ਜੋ ਰਹਿਣ ਵਾਲੇ ਤਾਂ ਅਨੂਪਗੜ੍ਹ, ਰਾਜਸਥਾਨ ਦੇ ਹਨ ਪ੍ਰੰਤੂ ਸਿੱਖ ਲਿਖਾਰੀ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਦਾ ਓਹਨਾ ਉੱਪਰ ਇਸ ਕਦਰ ਰੰਗ ਚੜ੍ਹਿਆ ਕਿ ਅੱਜ ਉਨ੍ਹਾ ਨੇ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਨੂੰ ਦੁਨਿਆ ਭਰ ਦੇ ਕੋਨੇ-ਕੋਨੇ ਵਿਚ ਬੈਠੇ ਪਾਠਕਾਂ ਤਕ ਪਹੁੰਚਾਉਣ ਦਾ ਟੀਚਾ ਮਿੱਥ ਲਿਆ ਹੈ । ਇਸੇ ਉੱਤਮ ਕਾਰਜ ਹਿੱਤ ਓਹ ਵੱਖ-ਵੱਖ ਜਗਾਹਾਂ ਉਪਰ ਪਹੁੰਚ ਕਰ ਕੇ ਅਧ-ਮੁੱਲ ਉਪਰ ਭਾਈ ਸਾਹਿਬ ਦੀਆਂ ਰਚਨਾਵਾਂ ਦੀ ਵਿਕਰੀ ਲਈ ਪ੍ਰਦਰਸ਼ਨੀ ਲਗਾਓਦੇਂ ਹਨ। ਇਸੇ ਸਿਲਸਿਲੇ ਵਿਚ ਜਦੋ ਓਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਲੱਗਣ ਵਾਲੇ ਛਿਮਾਹੀ ਕਿਸਾਨ ਮੇਲਿਆਂ ਵਿਚੋ ਪੰਜਾਵੀ ਵਰੇਗੰਢ 'ਤੇ ਲਗੇ ਸਿਤੰਬਰ, 2012 ਦੇ ਖ਼ਾਸ ਮੇਲੇ ਵਿਚ ਪਹੁੰਚੇ ਤਾਂ ਦਾਸ ਦਾ ਓਹਨਾ ਨਾਲ ਸਬੱਬੀ ਮੇਲ ਹੋਇਆ। ਉਸੇ ਅਨੁਭਵ ਨੂੰ ਦਾਸ ਆਪ ਸਭ ਜੀ ਨਾਲ ਸਾਂਝਾ ਕਰਨ ਜਾ ਰਿਹਾ ਹੈ-ਹਉਮੈਂ ਆਸ-ਪਾਸ ਨਹੀ; ਕੱਦ ਵਿਚ ਖੂਬ ਲੰਬੇ; ਮੁਖ ਵਿਚ ਵਾਹਿਗੁਰੂ ਦਾ ਨਾਮ 'ਤੇ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਲਗਭਗ ਸਾਰੀਆਂ ਜੁਬਾਨੀ ਯਾਦ!! ਇਵੇਂ ਲੱਗੇ ਜਿਵੇਂ ਓਹਨਾ ਦੇ ਜੀਵਨ ਦੇ ਕਣ-ਕਣ ਵਿਚ ਭਾਈ ਵੀਰ ਸਿੰਘ ਜੀ ਵੱਸ ਰਹੇ ਹੋਣ। ਮੰਨੋ ਜੀਵਨ ਜਿਓਣ ਦੀ ਜਾਚ ਅਤੇ ਵਿਓਂਤਬੰਦੀ ਓਹਨਾ ਨੇ ਭਾਈ ਸਾਹਿਬ ਜੀ ਦੇ ਸਾਹਿਤ ਵਿਚੋਂ ਹੀ ਲਈ ਹੋਵੇ! ਨਿੱਜੀ ਜੀਵਨ ਬਾਰੇ ਗੱਲ ਕਰੀਏ ਤਾਂ ਜੀਤ ਸਿੰਘ ਅਨੂਪਗੜ, ਰਾਜਸਥਾਨ ਦੇ ਹਨ। ਪਹਿਲਾਂ ਸਿਹਤ ਵਿਭਾਗ ਵਿਚ ਓਹਨਾ ਨੇ ਚਾਕਰੀ ਕੀਤੀ ਪ੍ਰੰਤੂ ਫਿਰ ਪੁਸ਼ਤੈਨੀ ਧੰਦੇ ਖੇਤੀ ਵੱਲ ਆ ਗਏ। ਓਹਨਾ ਦੇ ਸਾਥੀ ਗੁਰਦੇਵ ਸਿੰਘ ਵੀ ਰਹਿਣ ਵਾਲੇ ਉਸੇ ਇਲਾਕੇ ਦੇ ਹਨ ਅਤੇ ਓਹਨਾ ਪਹਿਲੋਂ ਪੀ.ਡਬਲਿਉ.ਡੀ. ਵਿਭਾਗ, ਰਾਜਸਥਾਨ ਵਿਚ ਬਤੌਰ ਐਕਸੀਅਨ ਸੇਵਾ ਮੁਕਤੀ ਲਈ। ਦੋਨਾਂ ਸਾਥੀਆਂ ਨੇ ਲਗ- ਭਗ '94 ਵਿਚ ਪਹਿਲੀ ਵਾਰੀ ਸਿੱਖ ਲਿਖਾਰੀ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ ਅਤੇ ਨਿਰਅੰਤਰ ਹੁਣ ਤੱਕ ਪੜ੍ਹ ਰਹੇ ਹਨ। ਓਹ ਭਾਈ ਸਾਹਿਬ ਜੀ ਦੇ ਪਾਠਕ ਵੱਜੋਂ ਹੀ ਇਕ ਦੂਜੇ ਨੂੰ ਮਿਲੇ ਅਤੇ ਇੱਕ-ਦੂਜੇ ਦੇ ਚੰਗੇ ਸੰਗੀ-ਸਾਥੀ ਬਣ ਗਏ। ਦੋਨਾਂ ਹੀ ਸਿੰਘਾ ਉੱਪਰ ਭਾਈ ਸਾਹਿਬ ਜੀ ਦੇ ਸਾਹਿਤ ਦਾ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਓਹਨਾ ਸੰਨ '95 'ਚ ਆਪਣੇ ਆਪਣੇ ਜੱਦੀ ਜਾਂ ਨਿੱਜੀ ਕੰਮਾਂ-ਕਾਰਾਂ ਤਰਫੋਂ ਸੇਵਾ-ਮੁਕਤੀ ਲੈਣ ਉਪਰੰਤ ਭਾਈ ਵੀਰ ਸਿੰਘ ਜੀ ਦੀਆਂ ਅਮੁੱਲ ਰਚਨਾਵਾਂ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚ ਕਰ ਕੇ ਪ੍ਰਚਾਰਿਤ ਕਰਨ ਦਾ ਟੀਚਾ ਮਿੱਥ ਲਿਆ।