ਉਹ ਸ਼ਾਇਰ ਸੀ, ਸਿਰਫ਼ ਸ਼ਾਇਰ, ਜ਼ਿੰਦਗੀ ਦਾ ਸ਼ਾਇਰ, ਜੇਬ ਵਿਚ ਤੰਗੀਆਂ, ਤੁਰਸ਼ੀਆਂ, ਹੱਥੀਂ ਮਿਹਨਤ ਤੇ ਚਿਹਰੇ ‘ਤੇ ਮੁਸਕਾਨ, ਮੈਨੂੰ ਜਦ ਵੀ ਮਿਲਿਆ ਇੰਜ ਹੀ ਮਿਲੀਆ। ਉਸ ਨੂੰ ਮੈਂ ਕਦੇ ਉਦਾਸ ਨਹੀਂ ਦੇਖਿਆ। ਉਸ ਦਿਨ ਮੈਂ ਉਸ ਨੂੰ ਬਹੁਤ ਖੁਸ਼ ਦੇਖਿਆ ਸੀ, ਜਿਸ ਦਿਨ ਉਸ ਨੇ ਆਪਣੇ ਪੁੱਤਰ ਦੀ ਲੁਧਿਆਣੇ ਦੇ ਈ.ਐੱਸ.ਆਈ ਹਸਪਤਾਲ ਵਿਚ ਪੱਕੀ ਨੌਕਰੀ ਲੱਗ ਜਾਣ ਦੀ ਖ਼ਬਰ ਸੁਣਾਈ ਸੀ। ਤਲਖ਼ ਵੀ ਬੜਾ ਸੀ, ਸੱਚਾ ਜੁ ਸੀ। ਕਿਸੇ ਗ਼ਜ਼ਲ ਵਿਚ ਵਾਲ ਜਿੰਨੀ ਵੀ ਊਣਤਾਈ ਉਸ ਨੂੰ ਖਿਝਾ ਦਿੰਦੀ ਸੀ, ਆਪੇ ਤੋਂ ਬਾਹਰਾ ਕਰ ਦਿੰਦੀ ਸੀ, ਬਿਨ੍ਹਾਂ ਕਿਸੇ ਦੀ ਪਰਵਾਹ ਕਰੇ ਉਹ ਜਵਾਲਾਮੁਖੀ ਵਾਂਗ ਫੱਟ ਪੈਂਦਾ ਸੀ। ਫ਼ਿਰ ਹੱਸ ਕੇ ਗੱਲ ਮੁਕਾਉਂਦਿਆਂ ਕਹਿੰਦਾ ਸੀ, “ਸਹੀ ਗੱਲ ਤੇ ਇਹੀ ਊ, ਬਾਕੀ ਤੁਸੀਂ ਜੋ ਮਰਜ਼ੀ ਚਲਾਈ ਜਾਉ।” ਆਖ਼ਰੀ ਵਾਰ ਇਹ ਲਫ਼ਜ਼ ਮੈਂ ਉਸ ਨੂੰ ਤਰਲੋਚਨ ਲੋਚੀ ਨੂੰ ਕਹਿੰਦੇ ਸੁਣਿਆ ਸੀ। ਉਸ ਨਾਲ ਮੇਰੀ ਲੰਬੀ ਗੱਲਬਾਤ ਉਹਦੇ ਨਾਲ ਫੋਨ ਤੇ ਓਦੋਂ ਹੋਈ ਸੀ, ਜਦੋਂ ਉਹ ਆਪਣੇ ਦਿਲ ਦਾ ਓਪਰੇਸ਼ਨ ਕਰਾ ਕੇ ਹਟਿਆ ਸੀ, ਉਦੋਂ ਵੀ ਉਹ ਪੂਰੀ ਤਰ੍ਹਾਂ ਜ਼ਿੰਦਾਦਿਲ ਸੀ। ਉਸ ਤੋਂ ਬਾਅਦ ਹੋਈ ਇਕ ਮੁਲਾਕਾਤ ਵਿਚ ਉਸ ਨੇ ਮੈਨੂੰ ਸਾਹਿਤਕ ਚੋਣਾਂ ਦੇ ਰੌਲ-ਘਚੌਲੇ ਵਿਚ ਫਸਣ ਤੋਂ ਵਰਜਣ ਲਈ ਦਲੀਲ ਭਰੀ ਸਲਾਹ ਦਿੱਤੀ ਸੀ। ਉਨ੍ਹਾਂ ਦਿਨਾਂ ਵਿਚ ਉਹ ਸ਼ਰੀਰਕ ਪੱਖੋਂ ਬੜਾ ਕਮਜ਼ੋਰ ਹੋ ਗਿਆ ਸੀ। ਹੁਣ ਮਿਲੀਆਂ ਖ਼ਬਰਾਂ ਮੁਤਾਬਕ ਜਿਨ੍ਹਾਂ ਹਾਲਾਤ ਵਿਚ ‘ਕਲਾਕਾਰ’ ਦੀ ਮੌਤ ਹੋਈ ਹੈ, ਉਨ੍ਹਾਂ ਬਾਰੇ ਸੋਚਦਿਆਂ ਇਕ ਸਾਧਨਹੀਣ ਸ਼ਾਇਰ ਦੀ ਹੋਂਦ ‘ਤੇ ਹੀ ਸਵਾਲ ਖੜ੍ਹੇ ਹੋ ਜਾਂਦੇ ਹਨ। ਜਵਾਬ ਲੱਭਣ ਦੀ ਵਿਹਲ ਕਿਸ ਕੋਲ ਹੈ? ਉਹ ਖ਼ੁਦ ਨੂੰ ਇਸ ਧਰਤੀ ‘ਤੇ ਮੁਹਾਜਰ ਮੰਨਦਾ ਸੀ, ਸ਼ਾਇਦ ਉਹ ਆਪਣੇ ਦੇਸ਼ ਚਲਾ ਗਿਆ ਹੈ। ਖ਼ੈਰ ਆਲਮ ਅੱਜ ਉਦਾਸ ਹੈ। ਸੁਭਾਸ਼ ਕਲਾਕਾਰ ਨਹੀਂ ਰਿਹਾ।
-ਦੀਪ ਜਗਦੀਪ
|
ਸੁਭਾਸ਼ ਕਲਾਕਾਰ ਫੋਟੋਕਾਰੀ-ਜਨਮੇਜਾ ਜੌਹਲ |
ਐ ਮੁਹਾਜਰ! ਜਾ ਨਵੀਂ ਦੁਨੀਆਂ ਵਸਾ,
ਐ ਹੁਮਾ! ਤੂੰ ਆਪਣੇ ਪਰ ਤੋਲ ਰੱਖ।
ਐ ਜ਼ਮਾਨਾ ਸਾਜ ਪਿਆਰੇ ਬੁੱਤ ਸ਼ਿਕਨ,
ਨਾਲ ਇਕ ਮੇਰੇ ਜਿਹਾ ਅਨਭੋਲ ਰੱਖ।
ਬਾਹਰਲੇ ਦਰਵਾਜ਼ਿਆਂ ਨੂੰ ਭੇੜ ਪਰ,
ਅੰਦਰਲੇ ਦਰਵਾਜ਼ਿਆਂ ਨੂੰ ਖੋਲ ਰੱਖ।
ਸ਼ਹਿਰ ਦੇ ਪਤਵੰਤਿਆਂ ਨੂੰ ਭੰਡ ਫਿਰ,
ਸ਼ਹਿਰ ਵਿੱਚੋਂ ਬਿਸਤਰਾ ਵੀ ਗੋਲ ਰੱਖ।
ਐ ਦਿਲਾ ਕੁਝ ਹੋਰ ਖ਼ੁਦਮੁਖ਼ਤਾਰ ਹੋ,
ਖੂਹ ਲੁਆਇਆ ਏ ਤੇ ਲਾਗੇ ਡੋਲ ਰੱਖ।
ਹੋ ਸਕੇ ਤਾਂ ਦੂਜਿਆਂ ਦਾ ਜ਼ਹਿਰ ਚੂਸ,
ਆਪਣੇ ਲਫਜ਼ਾਂ ‘ਚ ਮਿਸ਼ਰੀ ਘੋਲ ਰੱਖ।
ਜਾ ਕਿਸੇ ਮਜ਼ਬੂਰ ਦੀ ਤੂੰ ਸੁਣ ਪੁਕਾਰ,
ਜਾ ਕਿਸੇ ਦਾ ਤਖਤ ਡਾਵਾਂਡੋਲ ਰੱਖ।
=+=+=++=+=+=+=+=+=+=+=
ਝੂਮ ਕੇ ਅਪਣਾ ਪਤਾ ਦੇ, ਜ਼ਿੰਦਗੀ ਐ ਜ਼ਿੰਦਗੀ।
ਦੱਸ ਤੇਰੇ ਕੀ ਇਰਾਦੇ, ਜ਼ਿੰਦਗੀ ਐ ਜ਼ਿੰਦਗੀ।
ਰੋਂਦ ਮਾਰਨ ਵਾਲਿਆਂ ਨੂੰ ਰੋਣ ਦੇ, ਖੁਸ਼ ਹੋਣ ਦੇ,
ਮੁਸਕਰਾ ਦੇ, ਮੁਸਕੁਰਾ ਦੇ, ਜ਼ਿੰਦਗੀ ਐ ਜ਼ਿੰਦਗੀ।
ਜ਼ਰਦ ਰੁੱਤ ਨੂੰ ਸਬਜ਼ ਰੁੱਤ ਦੇ ਅੰਗ ਵਿਚ ਢਲ ਜਾਣ ਗੇ,
ਆਸ ਦੇ ਗੁੰਚੇ ਖਿੜਾ ਦੇ, ਜ਼ਿੰਦਗੀ ਐ ਜ਼ਿੰਦਗੀ।
ਮੈਂ ਜੋ ਤਨਹਾ ਤਨ ਖੜਾ ਹਾਂ ਦੇਰ ਤੋਂ ਇਸ ਮੋੜ ਤੇ,
ਹਮ ਸਫ਼ਰ ਕੋਈ ਮਿਲਾ ਦੇ, ਜ਼ਿੰਦਗੀ ਐ ਜ਼ਿੰਦਗੀ।
ਵੇਖ ਉਹ ਹਮਜ਼ਾਦ ਮੇਰਾ ਜਾ ਰਿਹਾ ਸ਼ਮਸ਼ਾਨ ਨੂੰ,
ਓਸ ਨੂੰ ਦੁਲਹਾ ਸਜਾ ਦੇ, ਜ਼ਿੰਦਗੀ ਐ ਜ਼ਿੰਦਗੀ।
ਮੈਂ ਤੇ ਅਪਣੇ ਸ਼ਹਿਰ ਵਿਚ ਵੀ ਅਜਨਬੀ ਹਾਂ ਅਜਨਬੀ,
ਇਸ ਤਰਾਂ ਨਾ ਬਦਦੁਆ ਦੇ, ਜ਼ਿੰਦਗੀ ਐ ਜ਼ਿੰਦਗੀ।
ਆਸ ਦਾ ਇਹ ਬੋਟ ਮੇਰਾ ਆਲ੍ਹਣੇ ਚੋਂ ਡਿਗ ਰਿਹਾ,
ਬੋਟ ਨੂੰ ਉੱਡਣਾ ਸਿਖਾ ਦੇ, ਜ਼ਿੰਦਗੀ ਐ ਜ਼ਿੰਦਗੀ।
– ਸੁਭਾਸ਼ ਕਲਾਕਾਰ
Leave a Reply