ਧੀ ਦੀ ਹੂਕ: ਦੇਵਿੰਦਰ ਕੌਰ

ਮਾਤਾ ਗਊ ਤੋਂ ਵੱਛਾ ਖੋਂਹਦੇ,
ਮਾਂ ਦੀ ਕੁੱਖ ਚੋਂ ਧੀ ਨੂੰ,
ਪੱਥਰਾਂ ਨੂੰ ਖ਼ੁਦ ਪੂਜਣ ਵਾਲੇ,
ਪੱਥਰ ਸਮਝਣ ਧੀ ਨੂੰ।
—–
ਲੱਖਾਂ ਧੀਆਂ ਅੱਗ ‘ਚ ਸੜਦੀਆਂ,
ਕੀ ਕੀ ਜ਼ੁਲਮ ਨਹੀਂ ਹੋਇਆ,
ਪੜ੍ਹ ਕੇ ਖ਼ਬਰਾਂ ਮੁੱਖ ਸਫ਼ੇ ਤੇ,
ਦਿਲ ਦਾ ਪੰਛੀ ਰੋਇਆ।
—–
ਢੇਰ ਦਾ ਕੂੜਾ ਢੇਰੀਂ ਸੁੱਟਣਾ,
ਇਹੀ ਖ਼ਿਤਾਬ ਨੇ ਦਿੰਦੇ,
ਜਿਮੀਦਾਰ  ਅਖਵਾਉਣ ਵਾਲੇ,
ਧੀ  ਨੂੰ ਜਮੀਨ ਨਾ ਦਿੰਦੇ।
—–
ਚਾਰ ਕੁ ਲੀਰਾਂ ਦੇ ਕੇ ਤੋਰਨ,
ਸੁਹਰੇ ਦਿੰਦੇ ਤਾਂਹਨੇਂ ।
ਦਾਜ ਦਾਜ ਦਾ ਰੌਲਾ ਪਾਉਂਦੇ,
ਆਪਣੇਂ ਬਣੇ ਬਿਗਾਨੇ।
—–
ਪੁੱਤ ਪੀਵੇ ਬਦਾਮ ਦੇ ਬੱਤੇ,
ਧੀ ਲਈ ਹਉਕੇ ਭਰਦੇ ।
ਧੀ ਨੂੰ ਪਿਉ ਦੀ ਪੱਗੜੀ ਆਖਣ ।
ਪੁੱਤ ਨੇ ਖਾਂਦੇ ਜਰਦੇ
—–
ਭੈਣ ਸਦਾ ਭਰਾ ਦਾ ਸੋਚੇ,
ਕੀ ਕੀ ਸਿਤਮ ਉਠਾਂਦੀ।
ਇਕ ਭੈਣ ਭਰਾ ਲਈ ਦੇਖੀ,
ਜੇਲ੍ਹੀਂ ਚੱਕਰ ਖਾਂਦੀ।
—–
ਬਾਹਰੌਂ ਆਇਆ ਮੁੰਡਾਂ ਸੁਣਕੇ
ਧੀ ਦਾ ਰਿਸ਼ਤਾ ਕਰਦੇ।
ਇਕ ਅੱਧਾ ਖੇਤ ਵੇਚ ਕੇ,
ਵਿਆਹ ਦਾ ਸੌਦਾ ਕਰਦੇ।
—–
ਮੌਜ ਲਵਾਂਗੇ ਟੱਬਰ ਸਾਰਾ ,
ਵਿਚ ਜਹਾਜੇ ਚੜ੍ਹ ਕੇ,
ਧੀ ਦਾ ਦਿਲ ਨਾ ਜਾਣੇ ਕੋਈ,
ਹੌਲ ਨੇ ਪੈਂਦੇ ਪ੍ਹੜ ਕੇ।
—–
ਦਿਲੋਂ ਕੁਆਰੀਆਂ ਉਂਞ ਵਿਆਹੀਆਂ,
ਕਈਆਂ ਕੋਲ਼ ਨੇ ਬੱਚੇ,
ਬਾਹਰਲੇ ਲਾੜੇ ,ਪੰਛੀ ਉੱਡ ਗਏ,
ਕਿੰਝ ਕੋਈ ਪੈੜਾਂ ਨੱਪੇ ।
—–
ਧੀਆਂ ਵਾਲ਼ਿਓ! ਘਰ ਨੂੰ ਮੁੜ ਜਾਉ,
ਹੋਰ ਉਲ਼ਝ ਜਾਊ ਤਾਣੀ,
ਚੁੱਲ੍ਹੇ ਤੁਹਾਡੇ ਅੱਗ ਨਹੀ ਰਹਿਣੀ,
ਘੜੇ ਨਹੀ ਰਹਿਣਾ ਪਾਣੀ।
—–
ਬੀਤ ਗਏ ਪਲ ਹੱਥ ਨਹੀ ਆਂਉਣੇਂ,
ਕਹਿ ਗਏ ਕਈ ਸਿਆਣੇ,
ਰਹਿੰਦੀ ਖੂੰਹਦੀ ਇੱਜ਼ਤ ਲੁੱਟ ਜੂ,
ਵਿਚ ਕਚਿਹਰੀਆਂ, ਥਾਣੇ।
—–
ਚੀਸ ਦਿਲਾਂ ਦੀ ਮਹਿਰਮ ਜਾਣੇ,
ਰਹਿ ਗਏ ਕੱਲੇ ਕੱਲੇ ।
ਕਦੇ ਨੀ ਮੁੜਦੇ ਦਿੱਤੇ ਹੋਏ,
ਮੁੰਦੀਆਂ ਛਾਪਾਂ ਛੱਲੇ।
—–
ਇਹੀ ਪੈਸਾ ਲਾ ਕੇ ਜੇਕਰ,
ਧੀ ਪੜ੍ਹਾਈ ਕਰਦੀ,
ਤਰ ਜਾਣੀਆਂ ਸੀ ਕਈ ਕੁੱਲਾਂ,
ਧੀ ਨਾ ਮਰਦੀ ਘਰਦੀ ।
—–
ਮੈਂ ਹਾਂ ਪੁੱਤਰੀ ਭਾਰਤ ਮਾਂ ਦੀ,
ਅਜੇ ਗੁਲਾਮੀ ਕਰਦੀ,
ਭਾਰਤ ਭਾਵੇਂ ਅਜਾਦ ਹੋ ਗਿਆ,
ਮੈ ਅੱਜ ਵੀ ਅੱਗੀਂ ਸੜਦੀ ।

-ਦੇਵਿੰਦਰ ਕੌਰ


Posted

in

,

by

Tags:

Comments

One response to “ਧੀ ਦੀ ਹੂਕ: ਦੇਵਿੰਦਰ ਕੌਰ”

  1. Anonymous Avatar
    Anonymous

    Punjab´s menfolk is coward,selfish and is void of love and selfrespect.Our culture has gone static.There is no hope till we change our way of thinking.Our mothers,teachers and our religious leaders and our most hated feudal system do not allow us to think properly and this system has to go. " is dal dal wichon niklan lay hath pair mark,o kalma awalio."

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com