ਮੈਂ ਅਕਸਰ ਸੋਚਦਾ ਸੀ ਕਿ ਇਹ ਬਜ਼ੁਰਗ ਜ਼ਰੂਰ ਹੀ ਇੰਡੀਅਨ ਨੈਸ਼ਨਲ ਆਰਮੀ ਦਾ ਜੋ ਸੁਭਾਸ਼ ਚੰਦਰ ਬੌਸ ਨੇ ਬਣਾਈ ਸੀ ਦਾ ਫੌਜੀ ਰਿਹਾ ਹੋਵੇਗਾ। ਜ਼ਰੂਰ ਹੀ ਇਹਨੇ ਭਾਰਤੀ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਹੋਵੇਗਾ। ਜਿਹੜੇ ਪੰਜਾਬੀ ਵਰਗੀ ਨਾਬਰ ਭਾਸ਼ਾ ਦੇ ਲੇਖਕ ਸਿਰ ਉੱਚਾ ਕਰਕੇ ਉਹਦੇ ਨਾਂ ‘ਤੇ ਦਿੱਤਾ ਜਾ ਰਿਹਾ ਇਨਾਮ ਲੈਂਦੇ ਨੇ। ਮੈਂ ਇਸ ਬਜ਼ੁਰਗ ਦੀ ਜੀਵਨੀ ਪੜ੍ਹਨੀ ਸ਼ੁਰੂ ਕਰ ਦਿੱਤੀ ਪਰ ਇਹ ਬਾਬਾ ਤਾਂ ਸਾਰੀ ਉਮਰ ਅੰਗਰੇਜ਼-ਪ੍ਰਸਤੀ ਕਰਦਾ ਰਿਹਾ। ਇਹ 1931 ਵਿਚ ਅੰਗਰੇਜ਼ੀ ਫੌਜ ਵਿਚ ਭਰਤੀ ਹੋਇਆ ਤੇ ਅੰਗਰੇਜ਼ੀ ਸਾਮਰਾਜ ਦੇ ਭਾੜੇ ਦੇ ਬਾਕੀ ਫੌਜੀਆਂ ਵਾਂਗ ਚੰਦ ਛਿੱਲੜਾਂ ਲਈ ਆਪਣਾ ਖੂਨ ਡੋਲਦਾ ਰਿਹਾ ਤੇ ਲੋਕਾਂ ਦੀਆਂ ਆਜ਼ਾਦੀ ਦੀ ਭਾਵਨਾਵਾਂ ਨੂੰ ਪੈਰਾਂ ਥੱਲੇ ਰੋਂਦਦਾ ਰਿਹਾ।
Gadar Party Flag ਗਦਰ ਪਾਰਟੀ ਦਾ ਝੰਡਾ |
ਇਹਦੀ ਜੀਵਨੀ ਜੋ ਕਿਸੇ ਗੁਰਮੀਤ ਸਿੱਧੂ ਨਾਂ ਦੇ ਡਾਕਟਰ ਨੇ ਲਿਖੀ ਹੈ, ਵਿਚ ਇੱਕ ਲੜਾਈ ਦਾ ਵੇਰਵਾ ਆਉਂਦਾ ਹੈ। ਇਸ ਵਿਚ ਇਹਦੀ ਫੌਜੀ ਟੁਕੜੀ ਦੀ ਡਿਊਟੀ ਪਠਾਣਾਂ ਦੇ ਵਿਦਰੋਹ ਨੂੰ ਕੁਚਲਣ ਲਈ ਲੱਗੀ ਸੀ, ਪਰ ਫੌਜੀ ਕਰਨਲ ਨੇ ਕਰਤਾਰ ਸਿੰਘ ਨੂੰ ਕਿਹਾ ਕਿ ਤੂੰ ਐਥਲੀਟ ਹੈਂ ਇਸ ਲਈ ਲੜਾਈ ਵਿਚ ਨਾ ਜਾਹ। ਪਰੰਤੂ ਇਹ ਆਪਣੀ ਅੰਗਰੇਜ਼ ਪ੍ਰਸਤੀ ਦਿਖਾਉਣ ਲਈ ਕਾਹਲਾ ਸੀ ਇਹਨੇ ਜ਼ਿੱਦ ਕੀਤੀ ਤਾਂ ਕਰਨਲ ਨੇ ਇਜਾਜ਼ਤ ਦੇ ਦਿੱਤੀ। ਇਹਨਾਂ ਨੇ ਬਾਗੀ ਪਠਾਣਾਂ ਦੇ ਵਿਰੋਧ ਨੂੰ ਕੁਚਲ ਦਿੱਤਾ। ਪਰ ਇਸ ਲੜਾਈ ਦੌਰਾਨ ਇਹਦੇ ਗੋਲੀ ਵੱਜੀ ਜਿਸਦੇ ਇਵਜ਼ ਵਜੋਂ ਇਹਨੂੰ ਪਹਾੜਾਂ ਨੇੜੇ ਇੱਕ ਮੁਰੱਬਾ ਜ਼ਮੀਨ ਮਿਲੀ। ਜਿਹੜੀ ਇਹਨੇ ਵੇਚ ਕੇ ਰੱਖੜੇ ਲੈ ਲਈ ਇਸ ਤੋਂ ਬਾਅਦ ਇਹਨੇ ਦੂਸਰੀ ਸੰਸਾਰ ਜੰਗ ਵਿਚ ਵੀ ਅੰਗਰੇਜ਼ੀ ਸਾਮਰਾਜ ਲਈ ਲੜਾਈ ਲੜੀ ਅਤੇ ਸਿੰਘਾਪੁਰ ‘ਚ ਜਪਾਨੀਆਂ ਹੱਥੋਂ ਗ੍ਰਿਫਤਾਰ ਹੋ ਗਿਆ। ਜਿਹੜੇ ਕਣ ਵਾਲੇ ਫੌਜੀ ਸੀ ਉਹ ਤਾਂ ਇੰਡੀਅਨ ਨੈਸ਼ਨਲ ਆਰਮੀ ਵਿਚ ਸ਼ਾਮਲ ਹੋ ਕੇ ਦੇਸ਼ ਆਜ਼ਾਦ ਕਰਾਉਣ ਤੁਰ ਪਏ, ਪਰ ਇਹਨੇ ਅੰਗਰੇਜ਼ਪ੍ਰਸਤੀ ਨਾ ਤਿਆਗੀ ਅਤੇ 6 ਸਾਲ ਜੇਲ੍ਹ ਵਿਚ ਰਿਹਾ। ਜਦੋਂ 1945 ਵਿਚ ਜੰਗ ਮੁੱਕੀ ਤਾਂ ਇਹ ਵਾਪਸ ਪਿੰਡ ਪਰਤਿਆ ਪਰ ਤਰੱਕੀ ਨਾ ਮਿਲਣ ਕਾਰਨ ਉਦਾਸ ਰਹਿਣ ਲੱਗਿਆ। ਜਦੋਂ ਇਹਦੇ ਕਰਨਲ ਨੂੰ ਪਤਾ ਲੱਗਿਆ ਤਾਂ ਉਹਨੇ ਆਪਣੇ ਖਾਸ ਬੰਦੇ ਨੂੰ ਦੋ ਤਰੱਕੀਆਂ ਦਿਵਾ ਕੇ ਸੂਬੇਦਾਰ ਬਣਾ ਦਿੱਤਾ ਤੇ ਇਹ ਆਪਣੀ ਅੰਗਰੇਜ਼ਪ੍ਰਸਤੀ 1947 ਤੱਕ ਦੀ ਸੱਤਾ ਤਬਦੀਲੀ ਤੱਕ ਨਿਭਾਉਂਦਾ ਰਿਹਾ।
ਭਾਵੇਂ ਹੁਣ ਪਿਛਲੇ ਦੋ ਸਾਲ ਤੋਂ ਸੂਬੇਦਾਰ ਕਰਤਾਰ ਸਿੰਘ ਦੇ ਨਾਂ ‘ਤੇ ਦਿੱਤਾ ਜਾਂਦਾ ਇਨਾਮ ਬੰਦ ਹੋ ਗਿਆ ਹੈ। ਪਰ ਸਵਾਲ ਉੱਠਦਾ ਹੈ ਕਿ ਪੰਜਾਬੀ ਦੇ ਅਗਾਂਹਵਧੂ ਲੋਕਪੱਖੀ ਅਤੇ ਸਥਾਪਤੀ ਦੇ ਉਲਟ ਖੜ੍ਹਨ ਦਾ ਦਾਅਵਾ ਕਰਨ ਵਾਲੇ ਲੇਖਕ ਵੀ ਇਹ ਇਨਾਮ ਲੈਂਦੇ ਰਹੇ ਹਨ। ਜਿਵੇਂ ਇਹਨੇ ਆਜ਼ਾਦੀ ਮੰਗਦੇ ਪਠਾਣਾਂ ਦਾ ਲਹੂ ਡੋਲ੍ਹਿਆ ਇਵੇਂ ਹੀ ਅੰਗਰੇਜ਼ੀ ਫੌਜ ਦੇ ਕਰਿੰਦਿਆਂ ਨੇ ਜਲ੍ਹਿਆਂਵਾਲੇ ਬਾਗ ਵਿਚ ਆਜ਼ਾਦੀ ਮੰਗਦੇ ਲੋਕਾਂ ਦਾ ਲਹੂ ਡੋਲ੍ਹਿਆ ਸੀ। ਥੋੜ੍ਹੇ ਸਮੇਂ ਲਈ ਅਸੀਂ ਇਹ ਮੰਨ ਲਈਏ ਕਿ ਜੇ ਅਜਿਹੇ ਕਿਸੇ ਕਰਿੰਦੇ ਦੀ ਔਲਾਦ ਬਾਅਦ ਵਿਚ ਅਮੀਰ ਹੋ ਜਾਵੇ ਅਤੇ ਕਿਸੇ ਦੂਜੀ ਭਾਸ਼ਾ ਵਿਚ ਉਸਦੇ ਨਾਂ ‘ਤੇ ਇਨਾਮ ਦੇਵੇ ਅਤੇ ਉਸ ਭਾਸ਼ਾ ਦੇ ਅਗਾਂਹਵਧੂ ਲੋਕਪੱਖੀ ਲੇਖਕ ਇਨਾਮ ਲੈਣ ਤਾਂ ਸਾਡੀ ਕੀ ਸਮਝ ਹੋਵੇਗੀ। ਜਦੋਂ ਮੈਂ ਇਨਾਮ ਪ੍ਰਾਪਤ ਲੇਖਕਾਂ ਦੀ ਲਿਸਟ ਵੇਖ ਰਿਹਾ ਸੀ ਤਾਂ ਇਹਨਾਂ ਵਿਚ ਵਰਿਆਮ ਸੰਧੂ ਦਾ ਨਾਂ ਵੀ ਸੀ। ਵਰਿਆਮ ਸੰਧੂ ਇਸ ਵੇਲੇ ਉਹਨਾਂ ਦੇਸ਼ ਭਗਤਾਂ ਦੀ ਬਾਅਦ ‘ਚ ਬਣੀ ਟਰੱਸਟ ਦਾ ਮੈਂਬਰ ਹੈ ਜਿਹਨਾਂ ਨੇ ਅੰਗਰੇਜ਼ੀ ਸਾਮਰਾਜ ਦਾ ਜੂਲਾ ਗਲੋਂ ਲਾਹੁਣ ਲਈ ਫਾਂਸੀਆਂ, ਕਾਲੇ ਪਾਣੀ, ਜੇਲ੍ਹਾਂ ਕੱਟੀਆਂ। ਉਹ ਇਹਨਾਂ ਬਾਬਿਆਂ ਦੇ ਹੱਕ ‘ਚ ਥਾਂ-ਥਾਂ ਬੋਲਦਾ ਅਤੇ ਲਿਖਦਾ ਹੈ। ਉਹ ਧਾਰਮਿਕ ਕੱਟੜਪ੍ਰਸਤਾਂ ਵਲੋਂ ਗਦਰੀ ਬਾਬਿਆਂ ਬਾਰੇ ਕੀਤੇ ਜਾਂਦੇ ਗਲਤ ਪ੍ਰਚਾਰ ਵਿਰੁੱਧ ਡਟ ਜਾਂਦਾ ਹੈ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਬਾਬਿਆਂ ਦੇ ਉਲਟ ਅੰਗਰੇਜ਼ੀ ਸਾਮਰਾਜ ਦੀ ਸੇਵਾ ਕਰਨ ਵਾਲੇ ਦੇ ਨਾਂ ‘ਤੇ ਮਿਲੇ ਇਨਾਮ ਨੂੰ ਉਹ ਸਵੀਕਾਰੀ ਬੈਠਾ ਹੈ ਤਾਂ ਵਰਿਆਮ ਸੰਧੂ ਪੂਰੇ ਦਾ ਪੂਰਾ ਸਥਾਪਤੀ ਦੇ ਹੱਕ ਵਿਚ ਭੁਗਤਦਾ ਨਜ਼ਰ ਆਉਂਦਾ ਹੈ।
ਇਸ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ, ਜਗਜੀਤ ਸਿੰਘ ਆਨੰਦ, ਅਜਮੇਰ ਔਲਖ, ਡਾ.ਸੁਰਜੀਤ ਸਿੰਘ ਭਾਟੀਆ, ਤੇਜਵੰਤ ਗਿੱਲ, ਅਜਮੇਰ ਸਿੱਧੂ, ਦੇਸ ਰਾਜ ਕਾਲੀ, ਹਰਵਿੰਦਰ ਭੰਡਾਲ, ਡਾ. ਜੁਗਿੰਦਰ ਸਿੰਘ ਕੈਰੋਂ, ਡਾ. ਜਸਵਿੰਦਰ ਸਿੰਘ, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਬਲਦੇਵ ਸਿੰਘ ਸੜਕਨਾਮਾ, ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਪ੍ਰੋਫੈਸਰ ਗੁਰਦਿਆਲ ਸਿੰਘ ਜੈਤੋ ਤੋਂ ਇਲਾਵਾ ਇੱਕਾ-ਦੁੱਕਾ ਫੌਤ ਹੋ ਗਏ ਸਾਹਿਤਕਾਰ ਵੀ ਇਹ ਕਲੰਕ ਲਵਾ ਕੇ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ। ਸਿਰਫ ਵਰਿਆਮ ਸੰਧੂ ਹੀ ਨਹੀਂ ਬਾਕੀ ਨਾਬਰ ਪੰਜਾਬੀ ਭਾਸ਼ਾ ਦੇ ਲੇਖਕਾਂ ਨੁੰ ਵੀ ਇਹ ਇਨਾਮ ਵਾਪਸ ਕਰ ਦੇਣਾ ਚਾਹੀਦਾ ਹੈ ਅਸੀਂ ਆਸ ਵੀ ਕਰਦੇ ਹਾਂ ਕਿ ਉਹ ਇਹ ਇਨਾਮ ਜ਼ਰੂਰ ਵਾਪਸ ਕਰ ਦੇਣਗੇ ਜਾਂ ਫਿਰ ਇਹਨਾਂ ਨੂੰ ਦੇਸ਼ ਭਗਤਾਂ ਗਦਰੀ ਬਾਬਿਆਂ ਦੇ ਵਾਰਸ ਅਤੇ ਲੋਕ-
ਪੱਖੀ ਅਖਵਾਉਣ ਦਾ ਕੋਈ ਹੱਕ ਨਹੀਂ।
ਪੱਖੀ ਅਖਵਾਉਣ ਦਾ ਕੋਈ ਹੱਕ ਨਹੀਂ।
-ਸੁਖਵਿੰਦਰ ਖਟੜਾ
(ਵਿਦਿਆਰਥੀ ਸੰਘਰਸ਼ ਦੇ ਜੁਲਾਈ-ਸਤੰਬਰ ਅੰਕ ਵਿਚੋਂ ਧੰਨਵਾਦ ਸਹਿਤ)
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
Leave a Reply