ਬਗ਼ਾਵਤ: ਜਗਪ੍ਰੀਤ

ਇਹ ਅੰਬਰ ਕੱਲ੍ਹ ਵੀ ਮੇਰਾ ਸੀ,
ਇਹ ਅੰਬਰ ਅੱਜ ਵੀ ਮੇਰਾ ਹੈ
ਗਿੱਠ ਕੁ ਦਾ ਇਹ ਘੁੰਡ ਮੇਰੇ ਲਈ ਕੰਧ ਨਹੀਂ ਬਣਨਾ
ਨਾ ਤੁਹਾਡੇ ਕਹੇ ਮੈਂ ਹੀਰ ਬਣਦੀ ਹਾਂ
‘ਤੇ ਚਾਰ ਕੁ ਕਦਮਾਂ ਦਾ ਇਹ ਖਿੱਤਾ ਝੰਗ ਨਹੀਂ ਬਨਣਾ
ਮੈਨੂੰ ਪਤਾ ਤੁਸੀਂ ਮੇਰੇ ਹੱਥ ‘ਚ ਚੂਰੀ ਕਿਉਂ ਦਿੰਦੇ ਹੋ
ਕਿਉਂਕਿ ਹੀਰ ਮੱਝਾਂ ਹੱਕਦੀ ਤੁਹਾਨੂੰ ਚੰਗੀ ਨਹੀਂ ਲੱਗਣੀ
ਅੱਜ ਮੱਝਾਂ ਹੱਕਦੀ ਹੈ
ਕੱਲ ਨੂੰ ਤੁਹਾਨੂੰ ਹੱਕੇਗੀ
ਫੇਰ ਅਖੌਤੀ ਅਕਲ ਦੇ ਥੱਲੇ ਦੱਬ ਕੇ ਮਰ ਗਈ ਸਮਝ ਦੇ ਮਾਲਕੋ !
ਜ਼ਰਾ ਸੋਚੋ
ਭਲਾ ਗਮਲਿਆਂ ਵਿਚ ਬੋਹੜ ਕਦ ਤੱਕ ਉਗਾਓਗੇ
ਕਦ ਤੱਕ ਸਹਿਬਾਂ ਤੋਂ ਬੱਸ ਇਕੱਲੇ ਤੀਰ ਹੀ ਤੁੜਵਾਓਗੇ
ਇਹ ਸਹਿਬਾਂ ਹੁਣ ਹੋਰ ਵੀ ਬਹੁਤ ਕੁਝ ਤੋੜੇਗੀ
ਕਸਮਾਂ ਵੀ ਤੋੜੇਗੀ
ਰਸਮਾਂ ਵੀ ਤੋੜੇਗੀ
ਹੀਰ ਦੇ ਵੀ ਮੋਢਿਆਂ ਤੇ ਡੰਗੋਰੀ ਵੇਖ ਕੇ ਹੈਰਾਨ ਹੋਣ ਦੀ ਹੁਣ ਤੁਹਾਡੀ ਵਾਰੀ ਹੈ
ਕਿਉਂਕਿ ਸਿੱਖ ਲਈ ਹੈ ਹੀਰ ਨੇ ਵੰਝਲੀ ਵਜਾਉਣ ਦੀ ਜਾਂਚ ਵੀ
ਜਦ ਤੋਂ ਉਹਦਾ ਰਾਝਾਂ ਗੁਆਚ ਗਿਆ ਵਾਸਨਾ ਦੇ ਜੰਗਲ ‘ਚ ਕਿਤੇ

-ਜਗਪ੍ਰੀਤ


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com