ਆਪਣੀ ਬੋਲੀ, ਆਪਣਾ ਮਾਣ

ਵਿਅੰਗ । ਭੈਣ ਦੀ ਚਿੱਠੀ । ਦੀਪ ਕਿਲਾ ਹਾਂਸ

ਅੱਖਰ ਵੱਡੇ ਕਰੋ+=
ਸਾਸਰੀਕਾਲ ਸੀਮਾਂ ਭੈਣੇ !
punjabi writer deep kila haans
ਦੀਪ ਕਿਲਾ ਹਾਂਸ
ਪਹਿਲਾਂ ਤਾਂ ਸੋਚਿਆਂ ਤੀ ਕਿ ਚਿੱਠੀ ਪੌਣੀ ਓ ਨੀ। ਬੱਸ ਐਥੇ ਈ ਕੋਈ ਖੂਹ ਖਾਤਾ ਗੰਦਾ ਕਰ ਦੇਣਾ ਛਾਲ ਮਾਰਕੇ । ਪਰ ਫੇਰ ਯਾਦ ਆਇਆ ਕਿ ਪਿਛਲੀ ਆਰੀ ਬੀ ਟੋਬੇ ‘ਚ ਛਾਲ ਮਾਰੀ ਤੀ ਪਰ ਪਾਣੀ ਥੇ ਹੋਣਾ ਗੋਡਿਆ ਤੱਕ ਈ ਤੀਗਾ ਤੇ ਮੈ ਅਪਣਾ ਚੂਲਾ ਹਲਾ ਕੇ ਮੰਜੇ ਤੇ ਛੇ ਮਹੀਨੇ ਡੰਨ ਭੁਗਤਿਆ ਜੇ ਮਰ ਜਾਂਦੀ ਤੂੰ ਭੋਗ ਤੇ ਆਕੇ ਆਪੇ ਹਾਲ ਦੇਖ ਜਾਂਦੀ। ਪਰ ਹੁਣ ਢਿੱਡ ਕਿੱਥੇ ਫੋਲਾਂ । ਏਹੇ ਤਾਂ ਹਰਾਮਦਾ ਰੋਟੀ ਮਸਾਂ ਪਚਾਉਂਦਾ। ਕਈ ਦਿਨ ਪੈਲਾਂ ਮੇਲੋ ਕੀ ਨੂੰਹ ਤੋਂ ਚਿੱਠੀ ਲਿਖਾਉਣ ਗਈ ਤੀ ! ਕਹਿੰਦੇ ਓ ਪੰਜ ਪਾਸ ਐ। ਪਰ ਜੈ ਵੱਡੀ ਨੇ ਉੱਕਾ ਈ ਮਨ੍ਹਾਂ ਕਰਤਾ, ਨਪੁੱਤੀ ਕਹਿੰਦੀ ਭੂਆ ਮੈਨੂੰ ਤਾਂ ਪੜ੍ਹਨਾ ਲਿਖਣਾ ਔਂਦਾ ਈ ਨੀ, ਮਖਾਂ ਲੈ ਫੋਟ, ਨੀ ਨਿਗਾ ਆਲੀਆ ਐਨਕਾਂ ਤਾਂ ਆਂਏ ਲਾਈਆ ਜਿਵੇਂ ਪੜ੍ਹਦੀ-ਪੜ੍ਹਦੀ ਕਲਕੱਤੇ ਪੌਂਚਗੀ ਹੋਂਵੇਗੀ ਤੇ ਫੇਰ ਨੀ ਟੰਡੀਏ ਜਹੀਏ ਫੇਰ ਆਹਾ ਖਬਾਰ (ਅਖ਼ਬਾਰ) ਸਿਆਪਾ ਪੌਣ ਨੂੰ ਲਬਾਇਆ ! ਬੱਸ ਮੈਨੂੰ ਤਾਂ ਲੱਗ ਗਿਆ ਪਤਾ ਕਿ ਓਨਾਂ ਨੇ ਬੀ ਤੇਰੇ ਤਾਏ ਆਂਗ ਖਬਾਰ ਬੱਸ ਫੋਟੂਆਂ ਦੇਖਣ ਨੂੰ ਈ ਲਬਾਇਆ ਤੀ।
ਆਹਾ ਹੁੱਣ ਝਿਓਰਾਂ ਦੇ ਸੀਤੇ ਦੀ ਛੋਟੀ ਪੋਤੀ ਤੋਂ ਚਿੱਠੀ ਲਖਬਾ ਰਹੀ ਆਂ ! “ਹਾਂ ਭਾਈ ਕੁੜੇ ਅੱਗੇ ਲਿਖ ਚਿੱਠੀ ‘ਚ” ਕਿ ਅੱਗੇ ਸਮਾਚਾਰ ਜਮਾਂ ਲੋਟ ਨਹੀਂ ਭੈਣੇ ! ਤੂੰ ਜਲਦੀ ਤੋ ਜਲਦੀ ਜਹਾਜੇ ਚੜ੍ਹ ਕੇ ਪਿੰਡ ਆਜਾ। ਨਹੀਂ ਤੇ ਮੈ ਡੂਡ ਵਜੇ ਆਲਾ ਟੈਪੂ ਫੜ ਕੇ ਤੇਰੇ ਕੋਲ ਪੌਂਚ ਜਾਣਾ ! ਬੱਸ ਕੀ ਦੱਸਾਂ? ਇਕ ਤਾਂ ਲਾਦ ਗੰਦ, ਦੂਜੀ ਨੂੰਹ ਓਸ ਤੋਂ ਚੰਦ ਟੱਕਰਗੀ ! ਮੇਰੇ ਮੁੰਡੇ ਕੇਬੇ ਬਾਰੇ ਤਾਂ ਤੈਨੂੰ ਪਤਾ ਈ ਐ, ਕੰਜਰ ਕਿਸੇ ਥਾਂ, ਸਿਰ ! ਕੱਖ ਕੰਮ ਨੀ ਕਰਦਾ ! ਚੱਤੋ ਪਹਿਰ ਬੱਸ ਸੌਣ ਦੇ ਤੇ ਖਾਣ ਦੇ ਚਲੂੰਣੇ ਲੜਦੇ ਰਹਿੰਦੇ ਆ ਬੇਲਡੇ ਦੇ ! ਕੀ ਦੱਸਾਂ ਓਹਦੀਆਂ ਕਰਤੂਤਾਂ, ਲੱਕੜਬੱਗਾ ਜਿਹਾ ਜੰਗਲ ਪਾਣੀ ਗਿਆ ਐਨਾਂ ਟੈਮ ਲਾ ਔਂਦਾ ਕਿ ਓਹਦੇ ਔਂਦੇ ਤੀਕ ਮੈ ਮੰਜਾਂ ਬੁਣ ਲੈਨੀਂ ਐ ! ਪਤਾ ਨੀ ਕੀ ਓਥੇ ਜਲੇਬੀਆਂ ਕੱਢਣ ਲੱਗ ਜਾਂਦਾ ਕਿ ਆਹਾ ਮਗਲੈਨ ਜਹੇ ਤੇ ਸੱਪ ਸਲੂੰਡੀ ਆਲੀ ਖੇਡ ਜਹੀ ਖੇਡਦਾ ਰਹਿੰਦਾਂ ! ਸੁੱਚਾਂ ਦੱਬ ਦੱਬਕੇ ਅਖੇ ਵੇਹਲੀ ਰੰਨ ਪਰੌਣਿਆ ਯੋਗੀ ! ਆਦਤਾਂ ਜਮਾਂ ਅਪਣੇ ਲੰਡਰ ਪਿਓ ਤੇ ਗਈਆਂ ! ਨਾਸਾਂ ਚੋ ਸਾਰਾ ਦਿਨ ਉਗਲ ਨੀ ਕੱਢਦਾ ! ਪਤਾ ਨੀ ਵਿਚੋ ਖ਼ੋਆ ਨਿਕਲਨਾ ਹੁੰਦਾ ਓਹਦੇ ਚੋ ! ਐਨੀਂ ਚੌੜੀਆ ਨਾਸਾ ਕਰ ਲੀਆ ਕੁਤੇ ਦੇ ਹੱਡ ਨੇ ਕਿ ਦੂਰੋਂ ਔਦੇਂ ਦਾ ਭਲੇਖਾ ਪੈਦਾਂ ਕਿ ਕੋਈ ਬੂਥੇ ਤੇ ਦੋਨਾਲੀ ਰੱਖੀ ਔਂਦਾ ! ਨਾਸਾਂ ਦੀਆ ਗਲੀਆਂ ਦੇ ਮੋਘੇ ਬਣਾ ਲੇ ! ਉਤੋ ਮੂਰ੍ਹੇ ਬੋਲਦਾ ਅੱਡ ! ਗੋਡੇ ਤੇ ਹੋਏ ਫੋੜੇ ਅਰਗੀ ਤਾਂ ਓਹਦੀ ਬੂਥੀ ਪੈਲਾਂ ਈ ਆ ਉਤੋ ਬੋਲਣ ਲੱਗਾ ਅੱਡ ਐਦਾ ਦੀ ਸੁੰਗੜੀ ਜਹੀ ਬੂਥੀ ਬਣਾਂ ਲੈਦਾ ਜਿਵੇ ਕੁੱਤੀ ਤੇ ਲੂਣ ਆਲਾ ਦਹੀ ਪੀ ਲਿਆ ਹੋਵੇ ਮਖਾਂ ਚੱਲ ਵਿਆ ਤੋ ਬਾਦ ਏਹੇ ਲੋਟ ਹੋਜੂ ਪਰ ! ਕਿਥੇ। ਨੂੰਹ ਤਾਂ ਏਹਤੋ ਬੀ ਪਰੇ ! ਕਾਲੀ ਬੰਦਣੀ ਜਹੀ ! ਓਹਦਾ ਬੀ ਓਹੀ ਹਾਲ ਆ ਅਖੇ ਤੜਕੇ ਉਠ ਕੇ ਦਾਤਣ ਨੀ ਕਰਦੀ, ਸੀਸੇ ਮੂਰ੍ਹੇ ਬੈਠ ਕੇ ਬੂਥਾ ਵਿਹੜੇ ਆਂਗ ਲਿਪਣ ਲੱਗ ਜਾਂਦੀ ਆ, ਐਨਾਂ ਖੇਹ ਸਵਾਹ ਮਸਾਲਾ ਤਾਂ ਮੈ ਸਾਗ ‘ਚ ਨੀ ਪਾਂਊਦੀ ਜਿੰਨਾ ਓਹੋ ਘੋਲ ਘੋਲ ਬਥਾੜੇ ਤੇ ਲਿਪ ਲੈਂਦੀ ਆ ਇਕ ਦਿਨ ਤੰਗ ਆਕੇ ਮੈ ਤਾਂ ਕਹਿਤਾ “ਨੀ ਕੁੜੇ ਕਾਲੀ ਮੈਂਹ ‘ਤੇ ਜੇ ਚਿਟੀ ਕਲੀ ਕਰਦੀਏ ਤਾਂ ਓਹੋ ਗਰੇਜਣ ਮੈਂਹ ਨੀ ਬਣ ਜਾਂਦੀ। ਰਹਿਂਦੀ ਤਾਂ ਮੈਂਹ ਹੀ ਆਂ ! ਅੱਗੋ ਤਿੱਤਰ-ਖੰਬੀ ਜਹੀ ਚਾਰੇ ਪੌਚੇ ਚੱਕ ਕੇ ਮਜੀਠੀਏ ਆਂਗ ਪੈਗੀ ਮੈਨੂੰ, ਕਹਿੰਦੀ ਅਪਣੀ ਬੂਥੀ ਦੇਖੀ ਆ ਜਿਵੇਂ ਕੱਚੇ ਮੋੜ ਤੇ ਬੋਡ ਲੱਗਾ ਹੁੰਦਾ ਤੇ ਉਤੇ ਲਿਖਿਆ ਹੋਵੇ “ਅੱਗੇ ਟੋਭਾ ਹੈ” ਨਰਿੰਦਰ ਮੋਦੀ ਆਂਗ ਪੁਠਾ ਈ ਜਬਾਬ ਓਹਦਾ ਮੁੰਹ ਬੀ ਆਏ ਖੁਲਦਾ ਜਿਵੇ ਗਰੀਬ ਦੇ ਪਜਾਮੇ ਦੇ ਤੋਪੇ !
ਤੇ ਬਾਕੀ ਜੋ ਦੋ ਕੱਟੀਆਂ ਆਪਾ ਨਾਅਰੇ ਕੇਆ ਤੋਂ ਦਿਆਰੇ ਤੇ ਲਈਆਂ ਤੀ ! ਓਹੋ ਖਾਲੀ ਨਿਕਲ ਗੀਆਂ, ਲੋਹੜੀ ਬੰਪਰ ਦੇ ਆਂਗੂ ਤੇ ਓਨਾਂ ਚੋ ਇਕ ਪੂਰੀ ਹੋਗੀ। ਗੁਰਨਾਮੇ ਕੀ ਸੱਤਿਆ ਆਟੇ ਦੇ ਗੋਲੇ ਚ ਮੇਖਾਂ ਪਾ ਕੇ ਓਨੂੰ ਖਵਾਗੀ ਤੀਗ਼ੀ। ਬੜਾ ਘਸਮਾਣ ਪਿਆ। ਬਾਪੂ ਨੇ ਗੁਰਨਾਮੇ ਦੇ ਫ੍ਹੌੜਾ ਮਾਰ ਕੇ ਓਹਦਾ ਖੋਤਾ ਭਿਓਂ ਤਾ (ਜ਼ਿਆਦਾ ਕੁੱਟਤਾ) ਬਾਦ ‘ਚ ਪੰਚੈਤ ‘ਚ ਫੈਸਲਾ ਹੋਇਆ ! ਤੇ ਅਪਣੇ ਪਿੰਡ ਆਲੇ ਧੂਤੇ ਦੀ ਘਰਵਾਲੀ ਨਾਲ ਤਾਂ ਜੱਗੋਂ ਤੇਰਵੀ ਹੋਗੀ। ਇਕ ਤਾਂ ਪੈਲਾ ਈ ਓ ਐਦਾਂ ਦੀ ਜਿਵੇ ਕੀੜੀ ਨੇ ਮਰਨ ਵਰਤ ਰੱਖਾ ਹੁੰਦਾਂ, ਦੂਜਾ ਇਕ ਨਿਆਣਾ ਜੰਮਤਾ। ਤੇ ਜੰਮੀ ਬੀ ਕੁੜੀ। ਤੇ ਓਹਦੀ ਸੱਸ ਕੁੜੀ ਦੇ ਤਾਅਨੇ ਮਾਰਦੀ ਰੈਂਦੀ ਆ ! ਤੇ ਬੀੜੀ ਪੀਣੀ ਜਹੀ ਓਹਨੂੰ ਚੱਕਦੀ ਬੀ ਨੀ। ਕੁੜੀ ਨੂੰ ਦੇਖ ਕੇ ਤਾਂ ਓ ਮੂੰਹ ਆਂਏ ਬਣਾ ਲੈਂਦੀ ਆ ਜਿਵੇ ਅੱਖਾਂ ਆਲੇ ਡਾਕਟਰ ਤੋਂ ਜਾੜ ਪਟਾ ਕੇ ਆਈ ਹੋਵੇ, ਤੇ ਓ ਬੀ ਪਲਾਸ ਨਾਲ ਤੇ ਓਹੋ ਇਕ ਹੋਰ ਬਹੁਤੀ ਪੜ੍ਹੀ ਲਿਖੀ ਦਾ ਕਾਰਨਾਮਾਂ ਸੁਣ ਲਾ। ਬਿਸਨ ਸਿਓਂ ਨੀ ਹੁੰਦਾ ਤੀ ਅਪਣੇ ਪਿੰਡ ਰੂੜੀਆਂ ਕੋਲ ਘਰ ਤੀ ਜੀਹਨਾਂ ਦਾ ! ਓਹਨਾਂ ਦੇ ਕਾਕੇ ਨੇ ਸ਼ਹਿਰ ਦੀ ਕੁੜੀ ਨਾਲ ਬਿਆ ਕਰ ਲਿਆ ! ਇਕ ਦਿਨ ਗਵਾਂਡੀਆ ਦੇ ਮੇਘੇ ਗਿਆਨੀ ਬਾਬੇ ਦਾ ਕਛਹਿਰਾ ਤਾਰ ਤੋਂ ਹਵਾ ਨਾਲ ਉਡਕੇ ਬਿਸਨੇ ਕੇ ਵਿਹੜੇ ‘ਚ ਜਾ ਡਿਗਾ ! ਬਹੁਤੀ ਪੜੀ ਲਿਖੀ ਨੂੰ ਪਹਿਲਾਂ ਤਾਂ ਪਤਾ ਨਾ ਲੱਗੇ ਕਿ ਏਹੇ ਹੈ ਕੀ ! ਥੱਕ ਹਾਰ ਕੇ ਪਾੜਕੇ ਓਹਨੇ ਪੋਣੇ ਬਣਾ ਤੇ ! ਤੇ ਇਕ ਪੋਣੇ ‘ਚ ਰੋਟੀਆ ਲਪੇਟ ਤੀਆਂ ! ਬਾਬਾ ਕਛਹਿਰਾ ਲੱਭਦਾ ਫਿਰੇ ! ਓਦਰੋਂ ਆਥਣ ਨੂੰ ਜਦ ਘਰ ਦੇ ਰੋਟੀ ਖਾਣ ਲੱਗੇ ਤਾਂ ਸਾਰੇ ਕਹੀ ਜਾਣ ਕਿ ਰੋਟੀਆਂ ਚੋਂ ਐਦਾਂ ਦਾ ਮੁਸਕ ਔਂਦਾਂ ਜਿਵੇ ਕਿਤੇ ਬਿੱਲੀ ਮਰੀ ਹੋਵੇ ! ਓਦਰੋਂ ਕਿਤੇ ਗਿਆਨੀ ਬਾਬਾ ਬੀ ਪੌਂਚ ਗਿਆਂ ! ਕਛਰਿਰੇ ਆਲੇ ਕੱਪੜੇ ਚ ਰੋਟੀਆਂ ਲਪੇਟੀਆਂ ਦੇਖ ਕੇ ਬਾਬੇ ਨੇ ਇੰਜਣ ਆਂਗ ਕੂਕ ਮਾਰੀ ! ਜਦੋਂ ਸਬ ਨੂੰ ਪਤਾ ਚੱਲਾ, ਫੇਰ ਸੰਘ ‘ਚ ਉਗਲਾਂ ਮਾਰ ਕੇ ਉਲਟੀਆਂ ਕਰਦੇ ਫਿਰਨ। ਆਹਾ ਹਾਲ ਆ ਬਹੁਤੇ ਪੜੇ ਲਿਖਿਆਂ ਦਾ !
ਤੇ ਅਪਣੇ ਗਵਾਢ ਦੀ ਓਹੋ ਸੁੱਟੜ ਜਹੀ ਬੁੜ੍ਹੀ, ਬੀ ਬੇਬੇ ਨਾਲ ਨਾਲੀ ਦੇ ਪਾਣੀ ਪਿੱਛੇ ਗੁੱਤੋ-ਗੁੱਤੀ ਹੋਗੀ ! ਬੇਬੇ ਨੇ ਮਰਗਾਡ ਮਾਰਕੇ ਓਹਦੇ ਤਿੰਨ ਦੰਦ ਤੋੜਤੇ ! ਹੁਣ ਜੈ ਬੱਡੀ ਹੱਸਦੀ ਬੀ ਆ ਤਾਂ ਆਂਏ ਲੱਗਦੀ ਆ ਜਿਵੇ ਮੰਜੇ ਦੀ ਦੌਣ ਟੁੱਟੀ ਹੋਵੇ ! ਲੋਕੀ ਕਹਿਣਗੇ ਏਹ ਨੂੰ ਤਾਂ ਬਿਓ ਮਾਤਾ ਐਦਾਂ ਹਸਾਂਊਦੀ ਆ ! ਅਪਣੇ ਦਰਾਂ ਅੱਗੋ ਤਾਂ ਚੱਬੀ ਦਾਤਣ ਅਰਗੀ ਬੂਥੀ ਕਰਕੇ ਪਾਸੇ ਮਾਰਦੀ ਫੂੰ-ਫੂੰ ਕਰਦੀ ਲੰਘਦੀ ਆ ਅਪਣੀ ਗਲੀ ਵਾਲੀ ਓਹੋ ਕਾਲੀ ਕੁੱਤੀ ਜੀਹਨੂੰ ਬੀਰਬਾਰ ਨੂੰ ਤੇਲ ਨਾਲ ਰੋਟੀ ਚੋਪੜ ਕੇ ਪਾਂਊਦੀ ਤੀ ਓਹੋ ਸੂ ਪਈ ਆ। ਨੌ ਕਤੂਰੇ ਦਿੱਤੇ ਆ ! ਪਰ ਕੱਤੀਹੜ ਖਾਨਾ ਅਪਣੇ ਵੇਹੜੇ ‘ਚ ਈ ਖਾ-ਖਾ ਗੰਦ ਪਾਉਂਦਾ ਰੈਂਦਾ। ਮੇਰੇ ਤਾਂ ਹੱਥ ‘ਚੌ ਖੁਰਪਾ ਨੀ ਛੁੱਟਦਾ ਸਾਰੀ ਦਿਹਾੜੀ । ਮੈ ਤਾਂ ਕਦੀ ਦੀ ਬੋਰੀ ‘ਚ ਪਾ ਕੇ ਭੀਖੀ ਆਲੇ ਗੁਰਦਾਰੇ ਛੱਡ ਆਂਉਦੀ ਜੇ ਕਿਤੇ ਓਹੋ ਤੇਰੀ ਨਿਸਾਨੀ ਦੇ ਬੱਚੇ ਨਾਂ ਹੁੰਦੇ।
ਹੁਣ, ਹੁਣ ਚਿੱਠੀ ਬੜੀ ਲੰਮੀ ਹੋਗੀ ! ਕੈਂਦੋ ਦੀ ਲੱਤ ਜਿੱਡੀ ਤਾਂ ਲਿਖੀ ਓ ਗਈ ਹੋਣੀ ਆ। ਚੱਲ ਚੰਗਾ ਭੈਣੇ। ਮੈਂ ਹੁਣ ਚੌਣੇ ਨੂੰ ਖੋਤੇ ਵੀ ਭੁੰਨ ਕੇ ਖਵਾਂਊਣੇ ਆਂ (ਰੋਟੀ ਬਣਾਕੇ) ਜੰਮ ਚਿੰਬੜੇ ਆਂ ਮੈਨੂੰ। ਚੰਗਾਂ ਭੈਣੇ ! ਜਲਦੀ ਪਿੰਡ ਫੇਰਾ ਪਾਂਈ ! ਮੈ ਡੀਕ ਕਰਦੀ ਆਂ ।
ਤੇਰੀ ਛੋਟੀ ਭੈਣ ਛਿੰਦੋ
-ਦੀਪ ਕਿਲਾ ਹਾਂਸ
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.


Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com