ਸ਼ਿਵ ਦੀ ਕਵਿਤਾ ਵਿੱਚ ਬਿਰਹਾ /ਅਕਾਸ਼ ਦੀਪ ‘ਭੀਖੀ’

woman, kid, rain-1807533.jpg

ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ । ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ, ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗੁਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ, ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ। ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀੜਾ ਅਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਧਾਨ ਹੈ। ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁੜਤੀ ਲੈ ਕੇ ਜੰਮਿਆ ਸੀ। ਇਸੇ ਲਈ ਤਾਂ ਸ਼ਾਇਦ ਉਹ ਆਖ ਰਿਹਾ

ਅਸੀਂ ਸਭ ਬਿਰਹਾ ਘਰ ਜੰਮਦੇ
ਬਿਰਹਾ ਆਏ ਹੰਢਾਣ
ਬਿਰਹਾ ਖਾਈਏ
ਬਿਰਹਾ ਪਾਈਏ
ਬਿਰਹਾ ਆਏ ਹੰਢਾਣ ।

ਸ਼ਿਵ ਅਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ। ਜਿਵੇਂ ਕਲਮ ਸਿਆਹੀ ਬਿਨਾਂ ਅਧੂਰੀ ਹੈ, ਸ਼ਿਵ ਅਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ, ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਅਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ। ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪੜ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ, ਮੌਤ ,ਪੀੜਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ ।  ਸਮੁੱਚਾ ਕਾਵਿ ਸੰਗ੍ਰਹਿ ਪੜਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਦਾ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ ਤਾਂ ਉਹ ਆਖ ਰਿਹਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸੀਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਿਕਰਮਾ
ਅਸਾਂ ਤਾਂ ਜੋਬਨ ਰੁਤੇ ਮਰਨਾਂ

ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ਉਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬੜੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ ਬਹੁੜਿਆ।

ਕਿੱਥੇ ਸਉਂ ਜਦ ਅੰਗ ਸੰਗ ਸਾਡੇ ਰੁੱਤ ਜੋਬਨ ਦੀ ਮੋਲੀ
ਕਿੱਥੇ ਸਉਂ ਜਦ ਤਨ ਮਨ ਸਾਡੇ ਗਈ ਕਥੂਰੀ ਘੋਲੀ
ਕਿੱਥੇ ਸਉਂ ਜਦ ਧਰਮੀ ਬਾਬਲ ਸਾਡੇ ਕਾਜ ਰਚਾਏ
ਮੇਰੇ ਰਾਮ ਜੀਉ ।

ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤੜਫ-ਤੜਫ ਕੇ ਜਿਹੜੇ ਪਲ ਬੀਤਦੇ ਨੇ , ਉਹਨਾਂ ਪਲਾਂ ਦਾ ਨਾਮਕਰਨ ‘ਬਿਰਹੋ’’ ਕੀਤਾ ਜਾ ਸਕਦਾ ਹੈ। ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕਿ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋੜੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁੜਿਆ
ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ ਸਾਉਣ ਮਹੀਨੇ ਬੀਤੇ
ਕਿੱਥੇ ਸਉਂ ਜਦ ਮਹਿਕਾਂ ਦੇ ਅਸੀਂ ਦੀਪ ਚਮੁਖੀਏ ਸੀਖੇ
ਕਿੱਥੇ ਸਉਂ ਉਸ ਰੁੱਤੇ ਤੇ ਤੁਸੀਂ ਉਦੋ ਕਿਉਂ ਨਾਂ ਆਏ
ਮੇਰੇ ਰਾਮ ਜੀਉ

ਸ਼ਿਵ, ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ ਵਸਲ ਦਾ ਸਵਾਦ ਤਾਂ ਇੱਕ ਪਲ ਦੀ ਮੌਜ ਤੋਂ ਵੱਧ ਨਹੀਂ ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ। ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ, ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਦੇ ਨੈਣਾਂ ਵਿੱਚ ਬਿਰਹੋ ਦੀ ਰੜਕ ਪੈਂਦੀ ਹੈ। ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੋ ਮੱਕਿਅਆਂ ਦਾ ਹੱਜ ਹੈ-

ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ
ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹੜਾ ।

-ਅਕਾਸ਼ ਦੀਪ ‘ਭੀਖੀ’ ਪ੍ਰੀਤ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Posted

in

by

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com