ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-9

ਅੱਜ ਤੱਕ ਦੀ ਮੇਰੀ ਜ਼ਿੰਦਗੀ ਵੰਨ-ਸੁਵੰਨੀ ਤੇ ਬਹੁਰੰਗੀ ਹੀ ਰਹੀ ਸੀ। ਕੁਝ ਵੀ ਸੰਗਠਿਤ ਜਾਂ ਯੋਜਨਾਬਧ ਨਹੀਂ ਸੀ, ਨਾ ਭਵਿੱਖ ਦੀ ਕੋਈ ਯੋਜਨਾ, ਨਾ ਸੋਚ। ਸਲਾਹਾਂ ਵੀ ਕੁਝ ਆਪਾ-ਵਿਰੋਧੀ ਮਿਲ ਰਹੀਆਂ ਸਨ। ਹਾਂ, ਵੱਡੇ ਭਾਅ ਜੀ ਕੋਲ ਠਹਿਰਣ ਵੇਲੇ ਉਨ੍ਹਾਂ ਕਈ ਰਾਹ ਦੱਸੇ ਸਨ, ਪਰ ਮਨ ਕੋਈ ਸਪੱਸ਼ਟ ਨਹੀਂ ਬਣ ਰਿਹਾ ਸੀ। ਹਾਂ, ਕੁਝ ਠਹਿਰਾਅ ਜ਼ਰੂਰ ਅਨੁਭਵ ਕਰ ਰਿਹਾ ਸੀ। ਜਲੰਧਰ ਪਹੁੰਚਦਿਆਂ ਪਹਿਲਾ ਪ੍ਰਸ਼ਨ ਜ਼ਿਹਨ ਵਿਚ ਜੋ ਆ ਰਿਹਾ ਸੀ ਕਿ ਅਗਲੇਰੀ ਪੜ੍ਹਾਈ ਲਈ ਕਿਸ ਕਾਲਜ ਦਾਖ਼ਿਲ ਹੋਣਾ ਹੈ। ਡੀ.ਏ.ਵੀ.,ਖਾਲਸਾ ਜਾਂ ਦੁਆਬਾ। ਫਿਰ ਦੂਜਾ ਮਸਲਾ ਸੀ ਕਿ ਵਿਸ਼ਾ ਕੀ ਪੜ੍ਹਣਾ ਹੈ। ਇਹ ਤਾਂ ਸਪੱਸ਼ਟ ਸੀ ਕਿ ਸਾਇੰਸ ਤਾਂ ਪੜ੍ਹਨੀ ਨਹੀਂ, ਫਿਰ ਆਰਟਸ ਵਿਚ ਕਿਹੜੇ ਵਿਸ਼ੇ ਚੁਣਨੇ, ਰੱਖਣੇ ਹਨ ? ਬਹੁਤ ਸੋਚ-ਵਿਚਾਰ ਬਾਅਦ ਡੀ.ਏ.ਵੀ. ਕਾਲਜ ਦਾ ਸੋਚ ਲਿਆ। ਕਾਲਜਾਂ ਵਿਚ ਤਲਾਸ਼ ਕਰਨ ਲੱਗਾ ਕਿ ਕੋਈ ਵਾਕਿਫ਼ ਮਿਲ ਜਾਏ ਤਾਂ ਵਿਸ਼ਿਆਂ ਬਾਰੇ ਗੱਲ-ਬਾਤ ਕਰ ਸਕਾਂ, ਪਰ ਅਸਫ਼ਲ ਰਿਹਾ। ਭਾਅ ਜੀ ਦੀਆਂ ਨਸੀਹਤਾਂ ਯਾਦ ਆਈਆਂ ਤਾਂ ਇਕਨੋਮਿਕਸ, ਪੋਲਿਟੀਕਲ ਸਾਇੰਸ ਤੇ ਇਤਿਹਾਸ ਚੁਣ ਲਏ। ਅੰਗਰੇਜ਼ੀ ਲਾਜ਼ਮੀ ਵਿਸ਼ਾ ਪੜ੍ਹਣਾ ਪੈਂਦਾ ਸੀ। ਬੜੇ ਚਾਅ ਨਾਲ ਫ਼ਾਰਮ ਖ਼ਰੀਦ ਕੇ, ਭਰ ਕੇ ਜਮ੍ਹਾਂ ਕਰਵਾ ਆਇਆ। ਪਤਾ ਲੱਗਾ ਕਿ ਦਾਖ਼ਲੇ ਲਈ ਇੰਟਰਵਿਉ ਹੋਏਗੀ ਜੋ ਪ੍ਰਿੰਸੀਪਲ ਲਵੇਗਾ। ਤਾਰੀਖ਼ ਪਤਾ ਕਰਕੇ ਮੁੜ ਆਇਆ ਤਾਂ ਕਈ ਤਰ੍ਹਾਂ ਦੀਆਂ ਕਨਸੋਆਂ ਕੰਨੀਂ ਪਈਆਂ, ਜੋ ਕਿ ਇਕ ਗੱਲ ਦਾ ਸੰਕੇਤ ਸਨ ਕਿ ਪ੍ਰਿੰਸੀਪਲ ਬਹਿਲ ਬਹੁਤ ਸਖ਼ਤ ਤੇ ਅਨੁਸ਼ਾਸਣੀ ਸੁਭਾਅ ਦਾ ਹੈ। ਨਿਸ਼ਚਿਤ ਦਿਨ ਪਹੁੰਚ ਗਿਆ ਤੇ ਫ਼ਾਰਮ ਚੈੱਕ ਕਰਵਾ ਕੇ, ਪ੍ਰਿੰਸੀਪਲ ਦਫ਼ਤਰ ਸਾਹਮਣੇ ਲੱਗੀ ਕਤਾਰ ਵਿਚ ਖਲ੍ਹੋ ਗਿਆ। ਵਾਰੀ ਆਉਣ ਤੇ ਫਿਰ ਫ਼ਾਰਮ ਪੜਤਾਲ ਕਰਕੇ, ਅੰਦਰ ਭੇਜ ਦਿੱਤਾ ਗਿਆ। ਪ੍ਰਿੰਸੀਪਲ ਨੇ ਗਹੁ ਨਾਲ ਵੇਖਦਿਆਂ ਫ਼ਾਰਮ ਪੜ੍ਹਿਆ ਤੇ ਦੋ ਸਾਲਾਂ ਦੇ ਗੈਪ ਦਾ ਕਾਰਣ ਪੁੱਛਿਆ। ਮੈਂ ਸੱਚ ਦੱਸ ਦਿੱਤਾ ਤਾਂ ਉਨ੍ਹਾਂ ਵਾਇਸ-ਪ੍ਰਿੰਸੀਪਲ ਕੋਲ ਜਾਣ ਲਈ ਕਿਹਾ। ਖ਼ੈਰ ਉਨ੍ਹਾਂ ਪੁੱਛ-ਜਾਂਚ ਕਰ ਦਸਤਖ਼ਤ ਕਰ, ਪ੍ਰਿੰਸੀਪਲ ਕੋਲ ਜਾਣ ਲਈ ਕਿਹਾ। ਦਾਖ਼ਲਾ ਮਿਲ ਗਿਆ ਤੇ ਪੈਸੇ ਜਮ੍ਹਾਂ ਕਰਵਾ ਕੇ ਕੁਝ ਸੁੱਖ ਦਾ ਸਾਹ ਲਿਆ।
 
ਤੈਅ ਦਿਨ ਕਾਲਜ ਪਹੁੰਚੇ ਤਾਂ ਪਤਾ ਲੱਗਾ ਕਿ ਹਰ ਨਵੇਂ ਸੈਸ਼ਨ ਦਾ ਅਰੰਭ ਹਵਨ-ਯੱਗ ਨਾਲ ਕੀਤਾ ਜਾਂਦਾ ਹੈ ਤੇ ਬਾਅਦ ਵਿਚ ਟਾਇਮ-ਟੇਬਲ ਦਿੱਤਾ ਜਾਂਦਾ ਹੈ। ਅਸਲ ਪੜ੍ਹਾਈ ਅਗਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਕੁਝ ਜਾਣ-ਪਛਾਣ ਵਾਲੇ ਚਿਹਰੇ ਮਿਲ ਗਏ। ਅਗਲੇ ਦਿਨ ਲੈਕਚਰ ਸ਼ੁਰੂ, ਹਰ ਪ੍ਰੋਫੈਸਰ ਆਪਣੇ ਤੇ ਵਿਸ਼ੇ ਬਾਰੇ ਜਣਕਾਰੀ ਦੇ ਕੇ ਪੜ੍ਹਨ-ਪੜ੍ਹਾਉਣ ਦੇ ਢੰਗ-ਵਿਧੀ ਬਾਰੇ ਦੱਸ ਰਿਹਾ ਸੀ। ਸਭ ਕੁਝ ਰਲੇ-ਮਿਲੇ ਪ੍ਰਭਾਵ ਵਾਲਾ, ਕੁਝ ਚੰਗਾ ਤੇ ਕੁਝ ਬੋਰ ਜਿਹਾ। ਕੁਝ ਦਿਨਾਂ ਬਾਅਦ ਸੂਚਨਾ ਸੀ ਕਿ ਖੇਡਾਂ, ਕਲਚਰਲ ਸਰਗਰਮੀਾਆਂ ਵਿਚ ਹਿੱਸਾ ਲੈਣ ਦੇ ਚਾਹਵਾਨ ਫਲਾਣੀ-ਫਲਾਣੀ ਥਾਂ ‘ਤੇ ਫਲਾਣੇ-ਫਲਾਣੇ ਵਕਤ ਪਹੁੰਚਣ। ਮੈਂ ਕਲਚਰਲ ਰੁਚੀ ਸਦਕਾ ਭੰਗੜੇ ਵਿਚ ਹਿੱਸਾ ਲੈਣ ਲਈ ਪਹੁੰਚ ਗਿਆ। ਕਪਤਾਨ ਨਰਿੰਦਰ ਪੰਡਿਤ ਹੁੰਦਾ ਸੀ, ਜੋ ਜੰਡੂਸਿੰਘੇ ਦਾ ਸੀ ਤੇ ਐਮ.ਏ. ਹਿਸਟਰੀ ਕਰ ਰਿਹਾ ਸੀ। ਇਕਹਿਰੇ ਬਦਨ ਦਾ ਬਹੁਤ ਫੁਰਤੀਲਾ ਤੇ ਸ਼ਰਾਰਤੀ ਸੁਭਾਅ ਦਾ, ਉਸ ਮੈਨੂੰ ਚੁਣ ਲਿਆ। ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਸੀ ਕਿ ਟੀਮ ਵਿਚ ਸ਼ਾਮਿਲ ਹੋ ਗਿਆ ਸਾਂ। ਪੜ੍ਹਾਈ ਦੇ ਨਾਲ ਨਾਲ ਰਿਹਰਸਲ ਵੀ ਸ਼ੁਰੂ ਹੋ ਗਈ। ਸਵੇਰੇ ਪੜ੍ਹਾਈ ਤੇ ਸ਼ਾਮ ਨੂੰ ਰਿਹਰਸਲ ਤੇ ਫਿਰ ਘਰ ਜਾ ਕੇ ਪੜ੍ਹਾਈ। ਕੁਝ ਦਿਨ ਇਹ ਰੁਟੀਨ ਰਹੀ ਤੇ ਫਿਰ ਸੰਗਤ ਦਾ ਅਸਰ-ਰੰਗ ਚੜ੍ਹ ਗਿਆ ਤੇ ਰੁਟੀਨ ਟੁੱਟ ਗਈ। ਕਲਾਸਾਂ ਮਿਸ ਕਰਨ ਲੱਗਾ ਤੇ ਨਵੇਂ ਦੋਸਤਾਂ ਨਾਲ ਕਾਲਜ ਕੰਨਟੀਨ ਵਿਚ ਬੈਠਕਾਂ ਹੋਣ ਲੱਗੀਆਂ। ਯੂਥ-ਫੈਸਟੀਵਲ ਦੇ ਨੇੜੇ ਆਉਂਦੇ ਹੀ ਪੜ੍ਹਾਈ ਦੀ ਥਾਂ ਸਾਰਾ-ਸਾਰਾ ਦਿਨ ਰਿਹਰਸਲਾਂ ਤੇ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦਾ ਖਾਣਾ ਤੱਕ ਕਾਲਜ ਕੰਨਟੀਨ ‘ਤੇ ਹੋਣ ਲੱਗਾ। ਵਿੱਚ-ਵਿੱਚ ਕਾਲਜ ਦੀਆਂ ਗੇੜੀਆਂ ਵੀ ਤੇ ਸ਼ੁਗਲ-ਮੇਲਾ ਵੀ। ਹਰਿੰਦਰ ਸੋਹਲ, ਨਰਿੰਦਰ ਪੰਡਿਤ, ਅਸ਼ੋਕ ਪਲੈਟੋ, ਰੀਤਾ ਸ਼ਰਮਾ ਜਿਹੇ ਕਈ ਸੰਪਰਕ ਵਿਚ ਆਏ। 
biography punjabi writer avtar juada
ਅਵਤਾਰ ਜੌੜਾ
ਰੀਤਾ ਸ਼ਰਮਾ ਪੰਜਾਬੀ ਕਵੀ ਸ਼ੌਕੀਨ ਸਿੰਘ ਦੀ ਪ੍ਰੇਮ-ਵਿਆਹ ਬਾਅਦ ਪਤਨੀ ਬਣੀ। ਦੋਵੇਂ ਰਹਿੰਦੇ ਜਲੰਧਰ ਸਨ ਪਰ ਵਿਆਹ ਰਸਮੀ ਅੰਬਾਲੇ ਹੋਇਆ। ਡਾਕਟਰ ਵਿਸ਼ਵਾ ਨਾਥ ਤਿਵਾੜੀ ਸ਼ੌਕੀਨ ਦਾ ਪਿਉ ਬਣਿਆ। ਡੋਲੀ ਵਾਪਸੀ ‘ਤੇ ਕਾਮਰੇਡ ਮਦਨ ਦੀਦੀ ਦੇ ਘਰ ਜੋ ਐਮ.ਐਲ.ਏ. ਹੋਸਟਲ ਦੇ ਫਲੈਟ ਵਿਚ ਸੀ, ਉੱਤਰੀ, ਠਹਿਰੀ। ਪ੍ਰੀਤਲੜੀ ਵਾਲੀ ਪੂਨਮ ਉਦੋਂ ਬੱਚੀ ਜਿਹੀ ਹੁੰਦੀ ਸੀ। ਸ਼ੌਕੀਨ ਪੰਜਾਬੀ ਤੇ ਰੀਟਾ ਹਿੰਦੀ ਵਿਚ ਕਵਿਤਾ ਕਹਿੰਦੇ ਸਨ, ਰੀਤਾ ਤਾਂ ਵਕਤਾ ਵੀ ਬਹੁਤ ਵਧੀਆ ਸੀ। ਅਸ਼ੋਕ ਪਲੈਟੋ ਵਕਤਾ ਤੇ ਹਿੰਦੀ ਵਿਚ ਕਵਿਤਾ ਕਹਿੰਦਾ ਸੀ। ਰੀਤਾ ਅੱਜ ਕੱਲ੍ਹ ਪੀ.ਟੀ.ਸੀ. ਦੀ ਐਂਕਰ ਹੈ। ਇਸ ਤਰ੍ਹਾਂ ਹੋਰ ਬਹੁਤ ਮਿੱਤਰ ਬਣੇ, ਕੁਝ ਵਿਦੇਸ਼ ਚਲੇ ਗਏ, ਕੁਝ ਦੁਨੀਆਂ ਛੱਡ ਕੇ ਤੁਰ ਗਏ ਤੇ ਕੁਝ ਬੰਬਈ ਫ਼ਿਲਮੀ ਦੁਨੀਆਂ, ਪੱਤਰਕਾਰੀ, ਦੂਰਦਰਸ਼ਨ ਵਿਚ ਚਲੇ ਗਏ। ਯੂਥ-ਫੈਸਟੀਵਲ ਦੌਰਾਨ ਦੂਸਰੇ ਕਾਲਜਾਂ ਦੇ ਕਲਾਕਾਰ ਮਿੱਤਰ ਬਣੇ। ਯੂਥ-ਫੈਸਟੀਵਲ ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਵਿਚ ਹੋਇਆ। ਕੰਵਲ ਚੌਧਰੀ ਦੀ ਰਿਵਾਲਵਰੀ ਦਹਿਸ਼ਤ ਉਦੋਂ ਹੀ ਸਾਹਮਣੇ ਆਈ। ਖ਼ੈਰ, ਮੇਰੀ ਪ੍ਰਾਪਤੀ ਡਾਕਟਰ ਧਰਮਪਾਲ ਸਿੰਘਲ ਨਾਲ ਮੁਲਾਕਾਤ ਸੀ, ਜਿਨ੍ਹਾਂ ਦੀ ਪ੍ਰੇਰਣਾ ਨਾਲ ਮੈਂ ਪੰਜਾਬੀ ਨਾਲ ਜੁੜਿਆ ਤੇ ਕਾਵਿ-ਸਿਰਜਣਾ ਲਈ ਗੰਭੀਰਤਾ ਨਾਲ ਰੁਚਿਤ ਵੀ। ਹੋਇਆ ਇਹ ਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਦੂਜੇ ਵਰ੍ਹੇ ਇਕਨੋਮਿਕਸ ਦੀ ਥਾਂ ਪੰਜਬੀ ਚੋਣਵਾਂ ਵਿਸ਼ਾ ਲੈ ਲਿਆ ਤੇ ਸਾਹਿਤ ਨਾਲ ਹੋਰ ਗੂੜ੍ਹਾ ਤੇ ਨੇੜਿਉਂ ਜੁੜ ਗਿਆ। ਪੰਜਾਬੀ ਸਾਹਿਤ ਪ੍ਰਤੀ ਮੇਰੀ ਸੋਚ, ਪਹੁੰਚ ਬਦਲ ਗਈ। ਉਨ੍ਹਾਂ ਦੀ ਸਲਾਹ ਨਾਲ ਸਿਲੇਬੱਸ ਤੋਂ ਬਾਹਰਲੀਆਂ ਪੜ੍ਹਨਯੋਗ ਕਿਤਾਬਾਂ ਪੜ੍ਹਨ ਲੱਗਾ। ਸਕੂਲ ਵੇਲੇ ਦਾ ਜਸੂਸੀ ਨਾਵਲ ਪੜ੍ਹਨ ਦਾ ਚਸਕਾ ਬਦਲ ਗਿਆ ਤੇ ਇਸ ਦੀ ਸਾਹਿਤ ਨੇ ਲੈ ਲਈ। ਪੰਜਾਬੀ ਦੇ ਨਾਲ-ਨਾਲ ਹਿੰਦੀ ਸਾਹਿਤ ਵੀ ਪੜ੍ਹਨ ਲੱਗਾ। ਮੈਂ ਦੋਹਰਾ ਸਫ਼ਰ ਕਰ ਰਿਹਾ ਸੀ, ਇਕ ਸਾਹਿਤਕ ਤੇ ਦੂਸਰਾ ਭੰਗੜੇ ਰਾਹੀਂ ਸਭਿਆਚਾਰਕ। ਭੰਗੜੇ ਵਿਚ ਚਾਰ-ਪੰਜ ਸਾਲ ਗੁਰੂ ਨਾਨਕ ਦੇਵ ਯੁਨੀਵਰਸਿਟੀ ਦਾ ਕਦੇ ਸਰਵੋਤਮ ਤੇ ਕਦੇ ਉੱਤਮ ਨਚਾਰ ਚੁਣਿਆਂ ਜਾਂਦਾ ਰਿਹਾ ਤੇ ਸਿਖ਼ਰ ਸੀ, ਵਿਦੇਸ਼ ਜਾਣ ਵਾਲੀ ਕਲਚਰਲ ਟੀਮ ਲਈ ਚੁਣਿਆਂ ਜਾਣਾ। ਸਾਹਿਤ ਵਿਚ ਇਹ ਸਿਖ਼ਰ, ਕਾਵਿ-ਸਿਰਜਣਾ ਦੇ ਨਾਲ-ਨਾਲ ਅਲੋਚਨਾ ਪ੍ਰਤੀ ਰੁਚੀ ਦਾ ਵਿਕਸਤ ਹੋਣਾ ਸੀ। ਡਾਕਟਰ ਸਿੰਘਲ ਦੇ ਸਹਿਯੋਗ ਨਾਲ ਕਵੀ ਮੀਸ਼ਾ, ਨਾਟਕਕਾਰ ਕਪੂਰ ਸਿੰਘ ਘੁੰਮਣ, ਵਿਦਵਾਨ ਡਾਕਟਰ ਰੌਸ਼ਨ ਲਾਲ ਅਹੂਜਾ ਜਿਹੇ ਸਾਹਿਤਕਾਰਾਂ ਨਾਲ ਮੇਲ-ਮਿਲਾਪ ਜੋ ਵੱਧਦਾ-ਫੈਲਦਾ ਗਿਆ ਸੀ। ਉਹ ਕਿਸੇ ਨਾ ਕਿਸੇ ਸਾਹਿਤਕਾਰ ਨੂੰ ਭਾਸ਼ਣ ਦੇਣ ਸੱਦਦੇ ਰਹਿੰਦੇ ਤੇ ਮਿਲਾਉਂਦੇ ਰਹੇ। ਫ਼ਿਲਮੀ ਕਲਾਕਾਰ ਅਮਰੀਕ ਗਿੱਲ ‘ਚੱਪਾ ਚੱਪਾ ਚਰਖ਼ਾ ਚਲੇ ਵਾਲਾ’, ਉਸਦੀ ਕਹਾਣੀਕਾਰਾ ਪਤਨੀ ਰਸ਼ਮੀ ਮਿਲੇ ਸਨ। ਸ਼ੌਕੀਨ ਨਾਲ ਰੀਟਾ ਦੇ ਘਰ ਪੰਜਾਬੀ ਸ਼ਾਇਰਾ ਮਨਜੀਤ ਟਿਵਾਣਾ ਮਿਲੀ ਸੀ।
 
ਇਨ੍ਹਾਂ ਕਾਰਜਾਂ ਦਾ ਪ੍ਰਤਿਫਲ ਸੀ ਹਰ ਵਰ੍ਹੇ ਪੁਰਸਕ੍ਰਿਤ ਹੋਣਾ ਜਿਸ ਨਾਲ ਕਾਲਜ ਵਿਚ ਚਰਚਾ ਤੇ ਸਥਾਪਤੀ ਵੱਧ ਗਈ। ਪੜ੍ਹਾਈ ਮੁਫ਼ਤ ਹੋ ਗਈ ਤੇ ਕੁਝ ਪੈਸੇ [ਸਟਾਈਫਨ] ਕਾਲਜ ਵੱਲੋਂ ਮਿਲਣ ਲੱਗਾ। ਘਰ ਦੇ ਖ਼ੁਸ਼ ਸਨ ਕਿ ਬਿਨਾਂ ਖ਼ਰਚੇ ਤੋਂ ਪੜ੍ਹਾਈ ਹੋ ਰਹੀ ਹੈ ਤੇ ਅਖ਼ਬਾਰਾਂ ਵਿਚ ਤਸਵੀਰਾਂ ਛੱਪਣ ਨਾਲ ਪ੍ਰਸੰਸ਼ਾ ਹੋ ਰਹੀ ਸੀ। ਇਹੋ ਨਹੀਂ ਕੈੰਟੀਨ ਵਿਚ ਮੁਫ਼ਤ ਖੁਆਉਣ-ਪਿਆਉਣ ਵਾਲੇ ਵੀ ਬਹੁਤ ਮਿਲ ਜਾਂਦੇ। ਕੁਝ ਚਰਚਿਤ, ਕੁਝ ਸ਼ਰਾਰਤੀ ਬਣ ਗਿਆ। ਹੋਸਟਲ ਵਿਚ ਮੁੰਡਿਆਂ ਤੋਂ ਘਿਉ ਖੋਹ ਕੇ ਖਾਣ ਲੱਗੇ ਤਾਂ ਫਿਰ ਉਹ ਖ਼ੁਦ ਹੀ ਦੇਣ ਲੱਗੇ। ਹੋਣਾ ਇਹ ਕਿ ਦੁਪਹਿਰ ਤੇ ਰਾਤ ਦੇ ਖਾਣੇ ਵੇਲੇ ਰਿਹਰਸਲ ਛੱਡ ਕੇ ਕੋਮਨ-ਰੂਮ ਦੇ ਬਰਾਂਡੇ ਵਿਚ ਆ ਬੈਠਣਾ, ਮੈੱਸ ਨੂੰ ਜਾਂਦੇ ਮੁੰਡੇ ਕੋਲ ਪਏ ਗ਼ਲਾਸ ਵਿਚ ਆਪੇ ਘਿਉ ਪਾ ਜਾਂਦੇ ਸਨ। ਜਲੰਧਰ ਰੇਡੀਉ ਤੋਂ ਪ੍ਰੋਗਰਾਮ ਮਿਲਣ ਵਿਚ ਵਾਧਾ ਹੋ ਗਿਆ। ਹਾਂ, ਇਕ ਗੱਲ ਹੋਰ ਸਕੂਲ ਵਕਤ ਤੋਂ ‘ਕਾਲੀ ਪੱਗ’ ਮੇਰੀ ਪਛਾਣ ਦਾ ਅਹਿਮ ਤੇ ਗੂੜ੍ਹਾ ਪਛਾਣ-ਚਿੰਨ੍ਹ ਬਣ ਗਈ ਸੀ ਤੇ ਮੇਰੀ ਗਰੀਬੀ, ਸਾਦਗੀ ਇਸ ਨੇ ਢੱਕ ਲਈ ਸੀ। ਘਰੋਂ ਮੈਨੂੰ ਖ਼ਰਚੇ ਲਈ ਚਵਾਨੀ ਤੇ ਫਿਰ ਅਠਾਨੀ ਮਿਲਦੇ ਸਨ, ਪਰ ਉਹ ਵੀ ਬੱਚ ਜਾਂਦੇ ਹੁੰਦੇ ਸਨ। ਬਚੇ ਪੈਸੇ ਜੋੜ ਕੇ ਮੈਂ ਕੋਈ ਸਾਹਿਤਕ ਕਿਤਾਬ ਖ਼ਰੀਦ ਲੈਂਦਾ ਹੁੰਦਾ ਸਾਂ ਤੇ ਮੇਰੀ ਪੜ੍ਹਨ ਰੁਚੀ ਵੱਧਦੀ ਜਾ ਰਹੀ ਸੀ। ਸਾਹਿਤ ਸਭਾਵਾਂ ਵਾਲੇ ਵੀ ਹੁਣ ਸੱਦਣ ਲੱਗ ਪਏ ਸਨ। ਅਖ਼ਬਾਰਾਂ ਅਤੇ ਰੇਡੀਉ ਦਾ ਯੋਗਦਾਨ ਬਹੁਤ ਸੀ ਕਿਉਂਕਿ ਵਾਕਫ਼ੀਅਤ ਦਾ ਦਾਇਰਾ ਵਸੀਹ ਹੁੰਦਾ ਜਾ ਰਿਹਾ ਸੀ। ਪਹਿਲਾਂ ‘ਅਜੀਤ’ ਤੇ ਫਿਰ ‘ਜਗਬਾਣੀ’ ਅਖ਼ਬਾਰ ਦੀ ਭੂਮਿਕਾ ਵੀ ਬਹੁਤ ਰਹੀ। ਇਸੇ ਸਮੇਂ ਇਕ ਅਜਿਹੀ ਘਟਨਾ ਵਾਪਰ ਗਈ ਜੋ ਪ੍ਰਾਪਤੀ ਤੇ ਨੁਕਸਾਨ ਦਾ ਸਬੱਬ ਬਣ ਗਈ ਸੀ। ਹੋਇਆ ਇੰਝ ਕਿ ਬੀ.ਏ. ਫਾਈਨਲ ਦਾ ਪੇਪਰ ਸੀ ਤੇ ਇਕ ਸਵਾਲ ਸਿਲੇਬਸ ਤੋਂ ਬਾਹਰੋਂ ਆ ਗਿਆ ਸੀ। ਪੇਪਰ ਖ਼ਤਮ ਹੋਇਆ ਤਾਂ ਰੌਲਾ ਪੈ ਗਿਆ, ਮੁੰਡਿਆਂ ਦਾ ਹਜ਼ੂਮ ਜਲੂਸ ਵਿਚ ਬਦਲ ਗਿਆ ਤੇ ਉਹ ਨਾਅਰੇ ਲਾਉਂਦੇ ਕਾਲਜ ਤੋਂ ਬਾਹਰ ਵੱਲ ਤੁਰ ਪਏ। ਗੇਟੋਂ ਬਾਹਰ ਨਿਕਲਦੇ ਹੋਏ ਕੁਝ ਟੀਚਰਾਂ ਨਾਲ ਗੱਲਾਂ ਕਰਦਾ, ਪਿੱਛੇ-ਪਿੱਛੇ ਜਾ ਰਿਹਾ ਸਾਂ। ਟੀਚਰ ਤਾਂ ਚਲੇ ਗਏ, ਪਰ ਮੁੰਡੇ ਮੈਨੂੰ ਘੇਰ ਕੇ ਨਾਲ ਲੈ ਤੁਰੇ ਕਿ ਅਖ਼ਬਾਰਾਂ ਵਿਚ ਖ਼ਬਰ ਲੁਆਉਣੀ ਹੈ। ਉਹ ਹਰ ਅਖ਼ਬਾਰ ਦੇ ਦਫ਼ਤਰ ਬਾਹਰ ਨਾਅਰੇ ਲਾਉਂਦੇ ਤੇ ਮੈਂ ਖ਼ਬਰ ਲਿਖਾ ਆਉਂਦਾ। ਘਰ ਪਹੁੰਚਿਆ ਤਾਂ ਅੱਗੇ ਪ੍ਰਿੰਸੀਪਲ ਬਹਿਲ ਦਾ ਕਾਲਜ ਆਉਣ ਦਾ ਸੁਨੇਹਾ ਆਇਆ ਪਿਆ ਸੀ।  
ਮੈਂ ਮਨ ਵਿਚ ਸੋਚ ਰਿਹਾ ਸੀ ਕਿ ਇੰਨੀ ਐਮਰਜੈਂਸੀ ਕੀ ਹੋ ਸਕਦੀ ਹੈ ? ਅੱਗੇ ਵੀ ਕਈ ਵਾਰ ਅਜਿਹਾ ਹੋਇਆ ਸੀ ਕਿ ਜਾ ਕੇ ਪਤਾ ਲੱਗਦਾ ਕਿਤੇ ਭੰਗੜਾ ਪਾਉਣ ਜਾਣਾ ਹੈ। ਇਸੇ ਭੰਨ-ਤੋੜ ਵਿਚ ਜਦ ਕਾਲਜ ਪਹੁੰਚਿਆ ਤਾਂ ਕੈੰਪਸ ਵਿਚ ਡਿਊਟੀ ‘ਤੇ ਬੈਠੇ ਟੀਚਰ ਹੈਰਾਨੀ ਨਾਲ ਵੇਖ ਰਹੇ ਸਨ ਤੇ ਜਾਣੂ ਟਾਂਚ ਵੀ ਕਰ ਰਹੇ ਸਨ ਕਿ ‘ਆ ਗਏ ਨੇਤਾ ਜੀ?’ ਮੈਂ ਕੁਝ ਬੌਂਦਲ ਜਿਹਾ ਗਿਆ ਕਿ ਸਭ ਚੰਗਾ ਨਹੀਂ ਹੈ। ਪ੍ਰਿੰਸੀਪਲ ਦਫ਼ਤਰ ਵਿਚ ਪਹੁੰਚਿਆ ਤਾਂ ਉਨ੍ਹਾਂ ਵੀ ਏਹੋ ਕਿਹਾ। ਬਹਿਲ ਸਾਹਿਬ ਬਾਰੇ ਮਸ਼ਹੂਰ ਸੀ ਕਿ ਬਹੁਤ ਸੂਹ-ਖ਼ਬਰ ਰੱਖਦੇ ਹੁੰਦੇ ਹਨ। ਮੈਂ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਕਿ ਮੇਰਾ ਰੋਲ ਕੀ ਤੇ ਕਿੰਨਾ ਸੀ ਤੇ ਨਿਸਚਿੰਤ ਹੋ ਕੇ ਘਰ ਪਰਤ ਆਇਆ। ਪਤਾ ਉਦੋਂ ਲੱਗਾ ਜਦੋਂ ਐੱਮ.ਏ. ਵਿਚ ਦਾਖ਼ਿਲ ਹੋਣ ਗਿਆ ਤਾਂ ਕਾਲਜ ਵਾਲੇ ਚੱਕਰ ਲੁਆਉਣ ਲੱਗੇ। ਮੈਂ ਇਰਾਦਾ ਬਦਲ ਕੇ ਖ਼ਾਲਸਾ ਕਾਲਜ ਜਾਣ ਦਾ ਮਨ ਬਣਾ ਲਿਆ। ਪਹੁੰਚਿਆ ਤਾਂ ਭੰਗੜਾ ਕੋਚ ਪ੍ਰੋਫੈਸਰ ਪਰਬਿੰਦਰ ਜਿਨ੍ਹਾਂ ਨੂੰ ਅਸੀਂ ਪਿਆਰ, ਆਦਰ ਨਾਲ ਭਾਅ ਜੀ ਕਹਿੰਦੇ ਸੀ, ਆਉਣ ਦਾ ਕਾਰਣ ਪੁੱਛਿਆ। ਦੱਸਿਆ ਤਾਂ ਮੰਨਣ ਨਾ, ਪਰ ਮੈਂ ਯਕੀਨ ਦੁਆਇਆ ਤਾਂ ਕਹਿਣ ਲੱਗੇ ‘ਸਾਡੇ ਵੱਲੋਂ ਹਾਂ ਹੈ, ਪਰ ਦੋ-ਤਿੰਨ ਦਿਨ ਉਡੀਕ’ ਹੋਇਆ ਵੀ ਇੰਝ ਕਿ ਘਰ ਪਹੁੰਚਿਆ ਤਾਂ ਬਹਿਲ ਸਾਹਿਬ ਦਾ ਸੁਨੇਹਾ ਆਇਆ ਪਿਆ ਸੀ। ਕਾਲਜ ਪਹੁੰਚਿਆ ਤਾਂ ਕਹਿਣ ਲੱਗੇ ਕਿ ਫ਼ਾਰਮ ਭਰ ਭਾਵ ਕਿ ਦਾਖ਼ਲਾ ਮਿਲ ਗਿਆ, ਪਰ ਕੁਝ ਚਿਤਾਵਨੀ ਨਾਲ। ਐਮ.ਏ. ਪੰਜਾਬੀ ਸ਼ੁਰੂ ਹੋਈ ਤਾਂ ਸੋਚਿਆ ਭੰਗੜਾ ਛੱਡ ਕੇ ਪੜ੍ਹਾਈ ‘ਤੇ ਕੇਂਦ੍ਰਿਤ ਰਹਾਂਗਾਂ, ਪਰ ਕਾਲਜ ਵਾਲੇ ਨਾ ਮੰਨੇ। ਵਿਸ਼ਵਾਸ ਦਿੱਤਾ ਕਿ ਹਰ ਤਰ੍ਹਾਂ ਦੀ ਮਦਦ ਮਿਲੇਗੀ, ਖ਼ਾਸਕਰ ਡਾਕਟਰ ਸਿੰਘਲ ਨੇ ਪੜ੍ਹਾਈ ਵਿਚਲਾ ਘਾਟਾ ਪੂਰਾ ਕਰਨ ਦਾ, ਨੋਟਸ ਵਗੈਰਾ ਦੇਣ ਦਾ।
 
ਬਹੁਤ ਲਗਨ ਤੇ ਤਿਆਰੀ ਨਾਲ ਜਾਂਦਾ, ਪੜ੍ਹਦਾ, ਟੀਚਰ ਨਾਲ ਸੰਵਾਦ ਰਚਾਉਂਦਾ, ਕੁਝ ਖ਼ੁਸ਼ ਸਨ ਤੇ ਕੁਝ ਔਖੇ ਵੀ ਕਿਉਂਕਿ ਸੰਵਾਦ ਬੇਬਾਕ ਕਰਦਾ ਸੀ। ਪਰ ਵਿਚ ਹੀ ਪੰਜਾਬ ਸਰਕਾਰ ਵਲੋਂ ਕਲਚਰਲ ਟਰੁੱਪ ਬਾਹਰ ਭੇਜਣ ਦਾ ਸੁਨੇਹਾ ਆ ਗਿਆ। ਟਰੁੱਪ ਅਸਟ੍ਰੇਲੀਆ ਹੁੰਦਾ ਫਿਜੀ ਜਾਣਾ ਸੀ ਤੇ ਚੋਣ ਖ਼ਾਲਸਾ ਕਾਲਜ ਹੋਣੀ ਸੀ। ਚੋਣ ਕਮੇਟੀ ਵਿਚ ਮੁਖਤਿਆਰ ਸਿੰਘ ਆਈ.ਏ.ਐੱਸ. ਅਧਿਕਾਰੀ ਸੀ ਤੇ ਦੂਜਾ ਜ਼ਿਲ੍ਹਾ ਲੋਕ-ਸੰਪਰਕ ਅਫ਼ਸਰ ਮੁਖ਼ਤਾਰ ਸਿੰਘ ਜੋ ਆਪਣੇ ਵੇਲੇ ਦੇ ਜਾਣੇ-ਪਛਾਣੇ ਨਚਾਰ ਰਹੇ ਸਨ। ਅੱਠ ਜਾਣੇ ਉਨ੍ਹਾਂ ਚੁਣ ਲਏ, ਚਾਰ ਖ਼ਾਲਸਾ ਕਾਲਜ ਦੇ, ਮੈਂ ਡੀ.ਏ.ਵੀ ਕਾਲਜ ਤੋਂ ਇਕ ਮਹਿੰਦਰ ਡੰਗੋਰੀ, ਸੁਖਵੰਤ ਤੇ ਖ਼ੁਸ਼ਵੰਤ ਬਾਵਾ। ਖ਼ੁਸ਼ਵੰਤ ਬਾਵਾ ਪੰਜਾਬੀ ਲੋਕ-ਗਾਇਕਾ ਸੁੱਖੀ ਬਰਾੜ ਦਾ ਪਤੀ ਹੈ ਤੇ ਉਸ ਨੇ ਕੁਝ ਪੰਜਾਬੀ ਫ਼ਿਲਮਾਂ ਵਿਚ ਕੰਮ ਵੀ ਕੀਤਾ ਹੈ। ਗਾਇਕ ਵਜੋਂ ਜਗਤ ਸਿੰਘ ਜੱਗੇ ਨੇ ਜਾਣਾ ਸੀ ਤੇ ਲੀਡਰ ਬਿਅੰਤ ਸਿੰਘ ਬਣੇ ਜੋ ਬਾਅਦ ਵਿਚ ਮੁੱਖ-ਮੰਤਰੀ ਵੀ ਬਣੇ ਸਨ। ਐਮਰਜੈਂਸੀ ਪਾਸਪੋਰਟ ਬਣੇ ਤੇ ਗਏ। ਜਹਾਜ਼ ਵਿਚ ਜੱਗਾ ਸ਼ਰਾਰਤਾਂ ਕਰਦਾ, ਮੇਮਾਂ ਨਾਲ ਪੰਗੇ ਲੈਂਦਾ, ਸ਼ੁਗਲ-ਮੇਲਾ ਕਰਦਾ ਗਿਆ। ਖ਼ਾਲਸਾ ਕਾਲਜ ਦੇ ਦੋ ਮੁੰਡੇ ਮਹਿੰਦਰ ਸਿੰਘ ਤੇ ਇੰਦਰਜੀਤ ਸਨ ਜੋ ਬਾਅਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਬਣੇ। ਉਹ ਸਕੂਲ ਵੇਲੇ ਤੋਂ ਮੇਰਾ ਹੀ ਚੇਲਾ ਸੀ। ਇਕ ਕਲਰਕ ਕਾਬਲ ਸਿੰਘ ਤੇ ਪ੍ਰੋਫੈਸਰ ਪਰਬਿੰਦਰ ਭਾਅ ਜੀ। ਰਿਹਰਸਲਾਂ ਵਿਚ ਤਿੰਨ ਸੈੱਟ ਸਨ, ਇਕ ਲੋਕ-ਨਾਚ, ਦੂਜਾ ਸਮੂਹ-ਨਾਚ ਤੇ ਤੀਜਾ ਹਾਰਵੈਸਟ-ਨਾਚ, ਵਿਚ ਜੱਗਾ ਦੇ ਗੀਤ। ਇਹ ਪ੍ਰੋਗਰਾਮ ਕੋਈ ਦੋ ਘੰਟੇ ਦਾ ਸੀ। ਖ਼ੈਰ ਬਾਰਸਤਾ ਸਿੰਗਾਪੁਰ, ਆਸਟ੍ਰੇਲੀਆ, ਫਿਜੀ ਪਹੁੰਚੇ। ਗਰੁੱਪ ਦੀ ਆਮਦ ਬਾਰੇ ਲਗਾਤਾਰ ਰੇਡੀਉ ‘ਤੇ ਅਨਾਉਂਸਮੈਂਟ ਹੋ ਰਹੀ ਸੀ। ਫਿਜੀ ਪੰਜਾਬੀਆਂ ਦੇ ਘਰਾਂ ਵਿਚ ਹੀ ਠਹਿਰੇ ਤਾਂ ਪੰਜਾਬ ਦੇ ਪਿੰਡਾਂ ਵਾਲਾ ਹੀ ਵਾਤਾਵਰਨ ਸੀ। ਲੋਕਾਂ ਵਿਚ ਭੰਗੜੇ ਪ੍ਰਤੀ ਉਤਸ਼ਾਹ ਤੇ ਸੇਵਾ ਭਾਵਨਾ ਬਹੁਤ ਸੀ। ਰਹਿਤਲ ਕੁਝ ਪੰਜਾਬ ਤੇ ਸਥਾਨਿਲ ਲੋਕ ਹਬਸ਼ੀ ਟਾਈਪ ਸਨ। ੫੨ ਪ੍ਰਤੀਸ਼ਤ ਪੰਜਾਬੀ ਵੱਸੋਂ ਹੀ ਸੀ ਭਾਵ ਇਕਾਨੋਮੀ ਪੰਜਾਬੀਆਂ ਹੱਥ, ਖੇਤੀ ਪ੍ਰਧਾਨ ਦੇਸ਼ ਸੀ ਹੀ। ਹਾਂ, ਖਾਣ-ਪੀਣ ਖੁੱਲ੍ਹਾ, ਪਨੀਰ, ਮੀਟ ਦੀ ਬਹੁਤਾਤ ਤੇ ਸ਼ਰਾਬ ਆਮ ਹੀ ਸੀ। ਟੂਰ ਵਿਚ ਬਿਅੰਤ ਸਿੰਘ ਦੀਆਂ ਕਈ ਕਮਜ਼ੋਰੀਆਂ ਸਾਹਮਣੇ ਆਈਆਂ ਸਨ। ਮਹਿੰਦਰ ਡੰਗੋਰੀ ਉਨ੍ਹਾਂ ਦਾ ਪੱਕਾ ਸਾਥੀ ਸੀ ਤੇ ਸੇਵਕ ਵੀ ਕਹਿ ਸਕਦੇ ਹਾਂ ਤੇ ਸੇਵਾ ਸ਼ਰਾਬ ਤੋਂ ਸ਼ਬਾਬ ਤੱਕ ਹਰ ਤਰ੍ਹਾਂ ਦੀ। ਆਸਟ੍ਰੇਲੀਆ ਦੀਆਂ ਬੀਚਾਂ ਦਾ ਮਜ਼੍ਹਾ ਅਸੀਂ ਸਭ ਨੇ ਮਾਣਿਆ, ਮੇਮਾਂ ਸਾਡੇ ਨਾਲ ਫੋਟੋਆਂ ਖਿਚਾਉਣ ਲਈ ਬਹੁਤ ਤੱਤਪਰ ਸਨ। ਇਕ ਬਿਰਤੀ ਫਿਜੀ ਵਿਚ ਕੁੜੀਆਂ ਦੇ ਸਾਡੇ ਨਾਲ ਭਾਰਤ ਆਉਣ ਦੀ ਬਹੁਤ ਸੀ। ਵਾਪਸੀ ਬੰਬਈ ਰੁਕੇ ਤੇ ਬੀਚ ‘ਤੇ ਫ਼ਿਲਮੀ ਸ਼ੂਟਿੰਗਜ਼ ਵੇਖੀਆਂ। ਵਾਪਸੀ ਤੇ ਜਲੰਧਰ ਪਹੁੰਚ ਕੇ ਫਿਰ ਪੜ੍ਹਾਈ ਵਿਚ ਰੁੱਝ ਗਏ। ਥੋੜ੍ਹੇ ਦਿਨਾਂ ਬਾਅਦ ਦਿੱਲੀ ਤੋਂ ਟੀ.ਵੀ. ਤੇ ਕਵੀ ਦਰਬਾਰ ਲਈ ਸੱਦਾ ਆ ਗਿਆ।
ਮੁਆਫ ਕਰੀਂ,ਮੈਨੂੰ ਇਹ ਮੰਨਜ਼ੂਰ ਨਹੀਂ ।
ਤੇਰਾ ਸ਼ਹਿਰ ਮੁਬਾਰਕ ਤੈਨੂੰ
ਤੇਰੀਆਂ ਗਲੀਆਂ ਤੈਨੂੰ ਮੁਬਾਰਕ
ਮੇਰੇ ਨਸੀਬੀਂ ਲਿਖੀ ਭਟਕਣਾ
ਮੈਨੂੰ ਮੇਰਾ ਸਫ਼ਰ ਮੁਬਾਰਕ ….
 
ਇਹ ਮੇਰੀ ਕਵਿਤਾ ‘ਇਕ ਸ਼ਹਿਰ ਦੀ ਕਥਾ’ ਦੀ ਆਖ਼ਰੀ ਸਤਰਾਂ ਹਨ ਜੋ ਮੈਂ ਪੜ੍ਹੀ ਤੇ ਸਲਾਹੀ ਗਈ। ਜਦੋਂ ਜਲੰਧਰ ਕੇਂਦਰ ਬਣਿਆ ਤਾਂ ਇਹੀ ਸਤਰਾਂ ਮੇਰੇ ਸੰਚਾਲਕ ਚੁਣੇ ਜਾਣ ਦੀ ਵਜ੍ਹਾ ਵੀ ਬਣੀਆਂ। ਦਰਅਸਲ ਦਿੱਲੀ ਵਾਲਾ ਨਿਰਮਾਤਾ ਜਲੰਧਰ ਆ ਗਿਆ ਸੀ ਤੇ ਉਸਨੂੰ ਯਾਦ ਸੀ। ਫਿਰ ਤਕਰੀਬਨ ੩੫ ਸਾਲ ਮੈਂ ਦੂਰਦਰਸ਼ਨ ਤੋਂ ਪੰਜਾਬੀ ਸਾਹਿਤਕ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਰਿਹਾ ਸਾਂ। ਇਸ ਦੌਰਾਨ ਪੰਜਾਬੀ ਦੇ ਬਹੁਤੇ ਨਾਮਵਰ ਪੁਰਾਣੇ ਤੇ ਨਵੇਂ ਲੇਖਕਾਂ ਨੂੰ ਮਿਲਣ ਦਾ ਸਬੱਬ ਬਣਿਆਂ। ਕਦੇ ਕਵੀ-ਦਰਬਾਰ, ਕਦੇ ਮੁਲਾਕਤ, ਕਦੇ ਸੰਵਾਦ ਦੌਰਾਨ ਅਰਥਾਤ ਡਾਕਟਰ ਹਰਿਭਜਨ ਸਿੰਘ ਤੋਂ ਲੈ ਕੇ ਬਿਲਕੁਲ ਨਵੇਂ ਤੱਕ। ਜਸਵੰਤ ਦੀਦ, ਕੇ.ਕੇ.ਰੱਤੂ, ਸਵਿਤੋਜ, ਕੁਲਬੀਰ ਬਡੇਸਰੋਂ ਆਦਿ ਇਥੇ ਹੀ ਮਿਲੇ ਸਨ। ਅਮਿਤੋਜ, ਪ੍ਰਮਿੰਦਰਜੀਤ ਨਾਲ ਵੀ ਇਥੇ ਹੀ ਪੁਰਾਣੀ ਸਾਂਝ ਗੂੜ੍ਹੀ ਹੋਈ। ਕਈ ਪ੍ਰੋਗਰਾਮ ਯਾਦਗਾਰੀ ਬਣੇ ਜਿਵੇਂ ਰਵਿੰਦਰ ਰਵੀ, ਐੱਸ.ਐੱਸ.ਮੀਸ਼ਾ, ਮਨਜੀਤ ਟਿਵਾਣਾ, ਕੁਲਦੀਪ ਕਲਪਨਾ, ਜਗਤਾਰ, ਸੁਖਪਾਲ ਵੀਰ ਹਸਰਤ ਆਦਿ ਨਾਲ ਲਾਈਵ ਸੰਵਾਦ। ਮੇਰੀ ਪੜ੍ਹਾਈ ਵਿਚ ਇਹ ਪ੍ਰੋਗਰਾਮ, ਸੰਵਾਦ ਬਹੁਤ ਸਹਾਈ ਬਣੇ ਕਿਉਂਕਿ ਸਾਹਿਤ ਸੰਬੰਧੀ ਜਾਣਕਾਰੀ, ਸਮਝ, ਪਹੁੰਚ ਦਿਨ-ਬ-ਦਿਨ ਵੱਧਦੀ ਤੇ ਸਪੱਸ਼ਟ ਹੁੰਦੀ ਗਈ ਸੀ। ਇਹੀ ਮੇਰੀ ਤਿਆਰੀ ਵੀ ਬਣੇ ਸਨ ਤੇ ਨੋਟਸ ਵੀ। ਇਸਦਾ ਹੀ ਨਤੀਜਾ ਸੀ ਕਿ ਬਿਨਾਂ ਬਹੁਤਾ ਕਾਲਜ ਗਿਆਂ, ਕਲਾਸਾਂ ਲਾਇਆਂ, ਨੋਟਸ ਤਿਆਰ ਕੀਤਿਆਂ ਯੂਨੀਵਰਸਿਟੀ ਵਿਚੋਂ ਚੌਥੇ ਸਥਾਨ ‘ਤੇ ਰਿਹਾ। ਇਸ ਪ੍ਰਾਪਤੀ ਦੇ ਨਾਲ-ਨਾਲ ਕੁਝ ਨੁਕਸਾਨ ਵੀ ਸਹਿਣਾ ਪਿਆ, ਦੁਸ਼ਮਨੀ ਵੀ ਸਹੇੜਣੀ ਪਈ, ਉਹ ਵੀ ਵਿਭਾਗ ਦੇ ਮੁੱਖੀ ਨਾਲ। ਦਰਅਸਲ ਸੰਵਾਦ ਰਚਾਉਣ ਤੇ ਪ੍ਰਸ਼ਨ ਦਰ ਪ੍ਰਤਿ-ਪ੍ਰਸ਼ਨ ਦੀ ਸ਼ੈਲੀ ਮੈਂ ਕਲਾਸ ਵਿਚ ਵੀ ਵਰਤਣ ਲੱਗ ਪਿਆ। ਪ੍ਰੋਫੈਸਰ ਤਿਆਰ ਹੋ ਕੇ ਆਉਣ ਲੱਗੇ, ਪਰ ਮੁੱਖੀ ਡਾਕਟਰ ਸ਼ਿੰਗਾਰੀ ਮੇਰੇ ਨਾਲ ਉਲਝ ਪਏ। ਵਿਸ਼ਾ ਸੀ ‘ਜਪੁਜੀ ਸਾਹਿਬ ਵਿਚਲੇ ਪੰਜ ਖੰਡ’, ਉਹ ਇਨ੍ਹਾਂ ਦੀ ਭੌਤਿਕ ਹੋਂਦ ਮੰਨਦੇ ਸਨ ਤੇ ਮੈਂ ਮਾਨਸਿਕ ਵਿਕਾਸ ਦੇ ਪੜਾਅ। ਉਹ ਮੇਰੇ ਨਾਲ ਸਹਿਮਤ ਨਹੀਂ ਸਨ ਤੇ ਮੈਂ ਉਨ੍ਹਾਂ ਨਾਲ। ਉਹ ਕੋਈ ਤਰਕ ਨਾ ਦਿੰਦੇ, ‘ਰਾਧਾ-ਸੁਆਮੀ’ ਪੁਸਤਕਾਂ ਵਿਚੋਂ ਵੇਰਵੇ ਦਿੰਦੇ, ਪਰ ਮੈਂ ਨਾ ਮੰਨਦਾ। ਉਹ ਇਸ ਸੰਵਾਦ ਨੂੰ ਚੁਣੌਤੀ ਸਮਝਦੇ ਤੇ ਬੇਇੱਜ਼ਤੀ ਵੀ। ਇਹ ਦੁਸ਼ਮਨੀ ਉਨ੍ਹਾਂ ਆਪਣੀ ਸੇਵਾ-ਮੁਕਤੀ ਤੱਕ ਨਿਭਾਈ ਤੇ ਮੈਨੂੰ ਜਲੰਧਰ ਡੀ.ਏ.ਵੀ. ਕਾਲਜ ਵਿਚ ਆਉਣ ਨਹੀਂ ਦਿੱਤਾ। ਇਸ ਦਾ ਮੈਨੂੰ ਮਾਨਸਿਕ, ਸਰੀਰਕ ਤੇ ਆਰਥਿਕ ਨੁਕਸਾਨ ਸਹਿਣਾ ਪਿਆ। ਉਦੋਂ ਸਮਝ ਆਇਆ ਕਿ ਕਹਿਣੀ ਕਰਨੀ ਵਿਚ ਕੀ ਅੰਤਰ ਹੁੰਦਾ ਹੈ ਜਾਂ ਦੋਹਰਾ ਕਿਰਦਾਰ ਕਿਸ ਨੂੰ ਕਹਿੰਦੇ ਹਨ। ਜਦੋਂ ਮੇਰੀ ਇਕ ਸਤਰ ਦਾ ਜਵਾਬ ਦੇਣ ਲਈ ਚੌਦਾਂ ਸਫ਼ੇ ਲਿਖਣੇ ਪੈਣ ਤੇ ਸੰਤੁੱਸ਼ਟੀ ਫਿਰ ਵੀ ਨਹੀਂ। (ਬਾਕੀ ਅਗਲੇ ਹਫ਼ਤੇ)
-ਅਵਤਾਰ ਜੌੜਾ, ਜਲੰਧਰ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: