ਸੁਰਿੰਦਰ ਕੈਲੇ |
ਕਾਹਲੀ ਵਿਚ ਲਏ ਗਏ ਫ਼ੈਸਲੇ ਨੇ ਕਮਜ਼ੋਰ ਬੇੜੀਆਂ ਨੂੰ ਪਿਛਾਂਹ ਧੱਕ ਦਿੱਤਾ ਤੇ ਛੇਤੀ ਹੀ ਉਹ ਵਾਪਸ ਪਰਤਣ ਲਈ ਮਜਬੂਰ ਹੋ ਗਏ। ਅਜਿਹੇ ਸਮੇਂ ਠਿਲਦੀਆਂ ਬੇੜੀਆਂ ਨੂੰ ਵੇਖ ਸਾਡੇ ਮਨ ਵਿਚ ਵੀ ਵਿਚਾਰ ਆਇਆ ਕਿ ਪੰਜਾਬੀ ਪੱਤਰਕਾਰੀ ਦੀ ਬੇੜੀ ਵੀ ਸਾਹਿਤਕ ਪਾਣੀਆਂ ਵਿਚ ਠੇਲ ਦੇਈਏ। ਰੀਸੋ ਰੀਸ, ਬਗ਼ੈਰ ਕਿਸੇ ਵਿਉਂਤਬੰਦੀ ਤੇ ਤਜਰਬੇ ਦੇ, ਸਮੁੰਦਰ ਦੀ ਵਿਸ਼ਾਲਤਾ ਦੀ ਖਿੱਚ ਕਾਰਨ ਅਸੀਂ ਵੀ ‘ਅਣੂਰੂਪ’ (ਜੋ ਬਾਅਦ ਵਿਚ ‘ਅਣੂ’ ਦੇ ਨਾਂ ਨਾਲ ਰਜਿਸਟਰ ਹੋਇਆ) ਨਾਂ ਦੀ ਬੇੜੀ ਪੱਤਰਕਾਰੀ ਦੇ ਵਿਸ਼ਾਲ ਸਾਗਰ ਵਿਚ ਠੇਲ ਦਿਤੀ। ਇਸ ਬੇੜੀ ਨੂੰ ਸਮੁੰਦਰੀ ਸਫ਼ਰ ‘ਚ ਆਉਣ ਦੀ ਬਹੁਤੀ ਕਾਹਲ ਮੇਰੇ ਦੋਸਤ ਤੇ ਪ੍ਰਸਿੱਧ ਕਹਾਣੀਕਾਰ ਗੁਰਪਾਲ ਲਿੱਟ ਨੂੰ ਸੀ ਤੇ ਉਸ ਨੇ ਮੈਨੂੰ ਵੀ ਬਾਹੋਂ ਫੜਕੇ ਬੇੜੀ ਵਿਚ ਖਿੱਚ ਲਿਆ। ਉਹ ਆਪ ਤਾਂ ਪੇਤਲੇ ਪਾਣੀ ‘ਚ ਛਾਲ ਮਾਰਕੇ ਕੰਢੇ ਆ ਲੱਗਿਆ ਤੇ ਮੈਨੂੰ ਔਝੜ ਰਾਹ ਤੋਰ ਦਿੱਤਾ।
ਅਣੂ ਦੀ 40ਵੀਂ ਵਰ੍ਹੇਗੰਢ ਤੇ ਛਪੇ ਦੋ ਵਿਸ਼ੇਸ਼ ਅੰਕਾ ਦੇ ਸਰਵਰਕ |
ਪਰਚੇ ਜਾਰੀ ਰੱਖਣ ਲਈ ਇਸ ਦੀ ਆਰਥਿਕ ਵਿਉਂਤਬੰਦੀ ਬੜੀ ਜ਼ਰੂਰੀ ਹੈ। ਪਰ ਅਸੀਂ ਤਾਂ ਬਗ਼ੈਰ ਸੋਚੇ ਸਮਝੇ ਪ੍ਰਕਾਸ਼ਨਾ ਦੇ ਖੇਤਰ ਵਿਚ ਪੈਰ ਰੱਖ ਲਿਆ ਸੀ। ਕੁੱਝ ਹੀ ਅੰਕਾਂ ਬਾਅਦ ਮੈਂ ਮਹਿਸੂਸ ਕਰ ਲਿਆ ਸੀ ਕਿ ਪਰਚੇ ਦੀ ਨਿਰੰਤਰਤਾ ਲਈ ਸਾਡੇ ਕੋਲ ਲੋੜੀਂਦਾ ਸਾਧਨ ਹੋਣਾ ਜ਼ਰੂਰੀ ਹੈ। ਮੈਂ ਇਹ ਗੱਲ ਪੱਕੀ ਕਰ ਲਈ ਸੀ ਕਿ ਪੈਸਿਆਂ ਦੇ ਕਾਰਨ ਪਰਚਾ ਬੰਦ ਨਹੀਂ ਹੋਣ ਦੇਣਾ ਤੇ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਗਲੀ ਵਿਉਂਤਬੰਦੀ ਬਣਾਈ ਸੀ। ਬਗ਼ੈਰ ਇਸ਼ਤਿਹਾਰਾਂ ਦੇ ਆਪਣੀ ਜੇਬ ਦੇ ਬਲਬੂਤੇ ‘ਅਣੂ’ ਨੂੰ ਜਾਰੀ ਰੱਖਣ ਸਦਕੇ ਇਹ ਅੱਜ ਚਾਲੀ ਸਾਲਾਂ ਦਾ ਸਫ਼ਰ ਤਹਿ ਕਰ ਚੁੱਕੀ ਹੈ। ‘ਅਣੂ’ ਪਹਿਲਾਂ ਮਾਸਿਕ ਫਿਰ ਦੋ-ਮਾਸਿਕ ਅਤੇ ਹੁਣ ਤ੍ਰੈ-ਮਾਸਿਕ ਹੈ। ਅਜਿਹਾ ਕਰਨਾ ਪ੍ਰਬੰਧਕੀ ਮਜ਼ਬੂਰੀ ਹੈ ਹੋਰ ਕੋਈ ਕਾਰਨ ਨਹੀਂ।
ਇੱਕ ਗੱਲ ਮੈਂ ਆਪਣੇ ਪਾਠਕਾਂ ਨੂੰ ਜ਼ਰੂਰ ਦੱਸਣੀ ਚਾਹੁੰਦਾ ਹਾਂ ਕਿ ਅਣੂ ਦੀ ਛਪਾਈ ਵਿਚ ਕਲਕੱਤੇ ਦੀ ਸਕਿਓਰਟੀ ਪ੍ਰੈਸ, ਪੰਜਾਬੀ ਰਾਈਟਰਜ਼ ਸਹਿਕਾਰੀ ਪ੍ਰੈਸ ਲੁਧਿਆਣਾ, ਮਰਹੂਮ ਪੁਰਦਮਨ ਸਿੰਘ ਬੇਦੀ (ਜਸਵੰਤ ਪ੍ਰਿੰਟਰਜ਼, ਲੁਧਿਆਣਾ) ਦਾ ਸਹਿਯੋਗ ਸਲਾਹੁਣਯੋਗ ਹੈ। ਜਨਮੇਜਾ ਸਿੰਘ ਜੌਹਲ ਦਾ ਇਸ ਦੀ ਛਪਾਈ ਵਿਚ ਵਿਸ਼ੇਸ਼ ਯੋਗਦਾਨ ਹੈ। ਸਭ ਤੋਂ ਪਹਿਲਾ ਅਣੂ ਦਾ ਰੰਗਦਾਰ ਟਾਈਟਲ (ਲੈਟਰ ਪ੍ਰੈਸ ਤੇ) ਉਸ ਦੀ ਕਾਢ ਸੀ। ਅੱਜ ਵੀ ਛਪਾਈ ਦੀ ਸਾਰੀ ਜ਼ਿੰਮੇਂਵਾਰੀ ਉਸ ਦੇ ਮੋਢਿਆਂ ਉਪਰ ਹੈ। ਜੇ ਉਪਰੋਕਤ ਵਿਅਕਤੀਆਂ ਦਾ ਸਹਿਯੋਗ ਨਾ ਹੁੰਦਾ ਤਾਂ ਸ਼ਾਇਦ ਛਪਾਈ ਦੀ ਸਮੱਸਿਆ ਕਾਰਨ ਅਣੂ ਬੰਦ ਵੀ ਹੋ ਜਾਂਦਾ। ਮੈਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ।
ਇਹ ਸਾਲ ਅਣੂ ਦੀ ਪ੍ਰਕਾਸ਼ਨਾ ਦਾ ਚਾਲੀਵਾਂ ਵਰ੍ਹਾ ਹੈ। ਇਸ ਸਾਲ ਅਸੀਂ ਅਣੂ ਵਿਚ ਪ੍ਰਕਾਸ਼ਿਤ ਕਹਾਣੀਆਂ ਦੇ ਚਾਰ ਵਿਸ਼ੇਸ਼ ਅੰਕ (ਦਹਾਕੇਵਾਰ) ਪ੍ਰਕਾਸ਼ਿਤ ਕਰ ਰਹੇ ਹਾਂ। ਹਰ ਅੰਕ ਵਿਚ ਇਕ ਮਹਾਨ ਵਿਦਵਾਨ ਦਾ ਖੋਜ ਭਰਪੂਰ ਪੱਤਰ ਵੀ ਛਾਪ ਰਹੇ ਹਾਂ ਤਾਂ ਜੁ ਪਿਛਲੇ ਚਾਲੀ ਸਾਲਾਂ ਦੀ ਮਿੰਨੀ ਕਹਾਣੀ ਦਾ ਲੇਖਾ ਜੋਖਾ ਹੋ ਸਕੇ। ਇਸ ਦੇ ਦੋ ਅੰਕ ਜਾਰੀ ਹੋ ਚੁੱਕੇ ਹਨ। ਅਗਲੇ ਦੋ ਅੰਕ ਤਿਆਰੀ ਅਧੀਨ ਹਨ। ਇਨ੍ਹਾਂ ਚਾਰੇ ਵਿਸ਼ੇਸ਼ ਅੰਕਾਂ ਨੂੰ ਕਿਤਾਬੀ ਰੂਪ ਵਿਚ ਸਾਂਭਣ ਦਾ ਉਪਰਾਲਾ ਵੀ ਕਰਾਂਗੇ ਤਾਂ ਜੁ ਮਿੰਨੀ ਕਹਾਣੀ ਦਾ ਆਰੰਭ, ਵਿਕਾਸ ਅਤੇ ਅਜੋਕੇ ਪੜਾਅ ਤੱਕ ਮੁਲਅੰਕਨ ਕੀਤਾ ਜਾ ਸਕੇ ਅਤੇ ਵਿਸ਼ਾਗਤ ਤੇ ਵਿਧਾਗਤ ਤਬਦੀਲੀਆਂ, ਝੁਕਾ ਅਤੇ ਇਤਿਹਾਸ ਨੂੰ ਇਕ ਲੜੀ ਵਿਚ ਪਰੋਇਆ ਜਾ ਸਕੇ।
ਸਾਡਾ ਇਹ ਯਤਨ ਮਿੰਨੀ ਕਹਾਣੀ ਦੇ ਆਰੰਭ, ਵਿਕਾਸ, ਅਜੋਕੇ ਦੌਰ ਦੀ ਯਾਤਰਾ ਦਾ ਇਤਿਹਾਸਕ ਦਸਤਾਵੇਜ ਬਣਕੇ ਪਾਠਕਾਂ ਨੂੰ ਇਸ ਦੇ ਵੱਖਰੇ-ਵੱਖਰੇ ਪੜਾਵਾਂ ਦੀ ਜਾਣਕਾਰੀ ਦੇਵੇਗਾ। ਵਿਦਵਾਨਾਂ ਅਤੇ ਖੋਜੀਆਂ ਲਈ ਮਿੰਨੀ ਕਹਾਣੀ ਦੇ ਇਤਿਹਾਸ ਨੂੰ ਪੜ੍ਹਣ, ਸਮਝਣ, ਬਦਲਦੇ ਝੁਕਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਵਿਧਾਗਤ ਤਬਦੀਲੀਆਂ ਅਤੇ ਨਿਖਾਰ ਅਤੇ ਸਪੱਸ਼ਟਤਾ ਨੂੰ ਪ੍ਰਗਟ ਕਰਨ ਅਤੇ ਇਸ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਨ ਲਈ ਠੋਸ ਸਮੱਗਰੀ ਮੁਹੱਈਆ ਹੋਵੇਗੀ।
ਅੱਜ ‘ਅਣੂ’ ਰੂਪੀ ਕਿਸ਼ਤੀ ਅਡੋਲ ਸਫ਼ਰ ਕਰ ਰਹੀ ਹੈ। ਤੂਫ਼ਾਨਾਂ, ਮੌਸਮਾਂ ਅਤੇ ਚੱਟਾਨਾਂ ਤੋਂ ਬਚਣ ਦਾ ਅਸੀਂ ਚਾਲੀ ਸਾਲ ਦੇ ਤਜਰਬੇ ਤੋਂ ਲਾਭ ਲੈਂਦੇ ਹੋਏ, ਹੌਸਲੇ, ਨਿਰੰਤਰਤਾ, ਖ਼ੁਸ਼ੀ ਅਤੇ ਸਤੁੰਸ਼ਟੀ ਨਾਲ ਮੰਜ਼ਿਲ ਵਲ ਵਧ ਰਹੇ ਹਾਂ ਅਤੇ ਪੂਰਨ ਵਿਸ਼ਵਾਸ ਹੈ ਕਿ ਪੱਤਰਕਾਰੀ ਦੇ ਕਠਿਨ ਸਮੁੰਦਰੀ ਸਫ਼ਰ ਨੂੰ ਤਹਿ ਕਰਦੇ ਹੋਏ, ਨਰੋਏ ਸਾਹਿਤਕ ਚੱਪੂਆਂ ਦੀ ਮਦਦ ਨਾਲ ਭਾਵੇਂ ਹੌਲੀ ਹੀ ਸਹੀ, ਮੰਜ਼ਿਲ ਦੀ ਪ੍ਰਾਪਤੀ ਵਲ ਨਿਰੰਤਰ ਵਧ ਰਹੇ ਹਾਂ। ਇਸ ਸਫ਼ਰ ਦੀ ਨਿਰੰਤਰਤਾ ਲਈ ਪਾਠਕਾਂ, ਲੇਖਕਾਂ, ਵਿਦਵਾਨਾਂ ਅਤੇ ਖੋਜੀਆਂ ਦੇ ਸਹਿਯੋਗ ਅਤੇ ਹੌਸਲੇ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਇੰਝ ਹੀ ਭਵਿੱਖੀ ਸਹਿਯੋਗ ਦੀ ਆਸ ਨਾਲ ਅਨੰਦਮਈ ਸਫ਼ਰ ਤਹਿ ਕਰਦੇ ਰਹਾਂਗੇ।
Leave a Reply