ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਲਘੂ-ਲਗਾਂ (ਸਿਹਾਰੀ, ਔਂਕੜ ਅਤੇ ਬਿੰਦੀ) ਤਾਂ ਹਮੇਸ਼ਾ ਹੀ ਗਿਣਤੀ ’ਚੋਂ ਖ਼ਾਰਜ਼ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਉਹ ਉਚਾਰਨ ਸਮੇਂ ਕੋਈ ਸਮਾਂ ਨਹੀਂ ਲੈਂਦੀਆਂ। ਪਰ ਕਈ ਵਾਰੀ ਦੀਰਘ-ਲਗਾਂ ਨੂੰ ਵੀ ਆਪਾਂ ਬੋਲਦੇ ਸਮੇਂ ਥੋੜ੍ਹਾ ਦਬਾ ਕੇ ਬੋਲਦੇ ਹਾਂ, ਐਸੀ ਹਾਲਤ ਵਿੱਚ ਉਹ ਵੀ ਗਿਣਤੀ ਵਿਚੋਂ ਖ਼ਾਰਿਜ਼ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਹੇਠ ਲਿਖੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ-
(ੳ)ਪਹਿਲੀ ਲਗ ਦਾ ਝਟਕਾ
ਕਿਸੇ ਵੀ ਲਫ਼ਜ਼ ਦੇ ਪਹਿਲੇ ਅੱਖਰ ਨਾਲ ਲੱਗੀ ਦੀਰਘ-ਲਗ ਨੂੰ (ਕੰਨੇ ਅਤੇ ਕਨੌੜੇ ਨੂੰ ਛੱਡ ਕੇ) ਗਿਣਤੀ ‘ਚੋਂ ਗਿਰਾਇਆ ਜਾ ਸਕਦਾ ਹੈ। ਅਸਲ ਵਿੱਚ ਐਸੀ ਦੀਰਘ-ਲਗ ਨੂੰ ਲਘੂ-ਲਗ ਵਿੱਚ ਬਦਲ ਦਿੱਤਾ ਜਾਂਦਾ ਹੈ ਤੇ ਲਘੂ-ਲਗ ਆਪਣੇ ਆਪ ਹੀ ਗਿਣਤੀ ਵਿੱਚੋਂ ਖ਼ਾਰਿਜ਼ ਹੋ ਜਾਂਦੀ ਹੈ। ਜਿਵੇਂ ਕਿ ਬਿਹਾਰੀ, ਲਾਂ ਅਤੇ ਦੁਲਾਵਾਂ ਨੂੰ ‘ਸਿਹਾਰੀ’ ਵਿੱਚ ਬਦਲ ਦਿੱਤਾ ਜਾਂਦਾ ਹੈ ਤੇ ਹੋੜੇ ਅਤੇ ਦਲੈਂਕੜੇ ਨੂੰ ‘ਔਂਕੜ’ ਵਿੱਚ ਬਦਲ ਲਿਆ ਜਾਂਦਾ ਹੈ। ਇਸ ਤਰ੍ਹਾਂ ਉਹ ਗਿਣਤੀ ਤੋਂ ਖ਼ਾਰਿਜ਼ ਹੋ ਜਾਂਦੇ ਹਨ। ਉਦਾਹਰਨ ਲਈ ਇੱਕ ਸ਼ਿਅਰ ਪੜ੍ਹੋ-
ਕਿਵੇਂ ਆਖਾਂ ਕਿ ਤੂੰ ਵਸਦਾ ਏਂ ਕੇਵਲ ਝੁੱਗੀਆਂ ਵਿਚ ਹੀ,
ਤਿਰਾ ਘਰ ਕਿਉਂ ਕੋਈ ਉੱਚਾ ਚੁਬਾਰਾ ਹੋ ਨਹੀਂ ਸਕਦਾ। (ਗੁਰਦੀਪ ਭਾਟੀਆ)
ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿਚਲੇ ‘ਏਂ’ ਦੀ ‘ਲਾਂ’ ‘ਸਿਹਾਰੀ’ ਬਣ ਕੇ ਗਿਰ ਜਾਵੇਗੀ, ਕਿਉਂਕਿ ਜਿਸ ਅੱਖਰ ਨਾਲ ਇਹ ਲੱਗੀ ਹੈ ਉਹ ਤਾਂ ਉਸ ਲਫ਼ਜ਼ ਦਾ ਪਹਿਲਾ ਅੱਖਰ ਵੀ ਹੈ ਤੇ ਆਖ਼ਿਰੀ ਵੀ। ਇਸ ਸ਼ਿਅਰ ਦੇ ਦੂਜੇ ਮਿਸਰੇ ਦੇ ਸ਼ੁਰੂ ਵਿੱਚ ਇੱਕ ਲਫ਼ਜ਼ ਆਇਆ ਹੈ ‘ਤਿਰਾ’। ਅਸਲ ਵਿੱਚ ਇਹ ਲਫ਼ਜ਼ ‘ਤੇਰਾ’ ਹੈ। ਕਿਉਂਕਿ ਇਹ ਗ਼ਜ਼ਲ ‘ਲਘੂ-ਅੱਖਰ’ ਨਾਲ ਸ਼ੁਰੂ ਹੁੰਦੀ ਹੈ ਇਸ ਲਈ ਤੱਤੇ ਨੂੰ ਲੱਗੀ ਲਾਂ, ਸਿਹਾਰੀ ਬਣਾ ਦਿੱਤੀ ਗਈ। ਇਉਂ ਇਹ ਮਿਸਰਾ ਵੀ ‘ਤਿ’ ਲਘੂ-ਅੱਖਰ ਨਾਲ ਹੀ ਸ਼ੁਰੂ ਹੋ ਗਿਆ। ਇਸ ਤਰ੍ਹਾਂ ਕਿਸੇ ਵੀ ਲਫ਼ਜ਼ ਦੇ ਪਹਿਲੇ ਅੱਖਰ ਨਾਲ ਲੱਗੀ ਦੀਰਘ-ਲਗ ਨੂੰ ਲਘੂ-ਲਗ ਬਣਾ ਕੇ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ ਜਾ ਸਕਦਾ ਹੈ। ਪਰ ਉਸ ਨੂੰ ਲਿਖਤ ਵਿੱਚ ਦੀਰਘ-ਲਗ ਨਾਲ ਹੀ ਲਿਖਣਾ ਚਾਹੀਦਾ ਹੈ ਤਾਂ ਜੋ ਭਾਸ਼ਾ ਦੇ ਸ਼ਬਦ-ਜੋੜਾਂ ਵਿੱਚ ਵਿਗਾੜ ਨਾ ਆਵੇ। ਜੇ ਭਾਟੀਆ ਸਾਹਿਬ ਇਸ ਨੂੰ ‘ਤੇਰਾ’ ਹੀ ਲਿਖਦੇ ਤਾਂ ਜ਼ਿਆਦਾ ਠੀਕ ਹੁੰਦਾ, ਕਿਉਂਕਿ ਫਿਰ ਵੀ ਇਸ ਦੀ ‘ਲਾਂ’ ‘ਸਿਹਾਰੀ’ ਬਣਾ ਕੇ ਗਿਰਾਈ ਹੀ ਜਾ ਸਕਦੀ ਸੀ। ਪਰਾਣੇ ਸ਼ਾਇਰ ਕਈ ਲਫ਼ਜ਼ਾਂ ਨੂੰ ਇਸ ਤਰ੍ਹਾਂ ਹੀ (ਤਿਰਾ, ਮਿਰਾ) ਲਿਖ ਜਾਂਦੇ ਹਨ। ਅੱਜ-ਕੱਲ੍ਹ ਇਸ ਦਾ ਰਿਵਾਜ਼ ਨਹੀਂ ਰਹਿ ਗਿਆ। ਇਸ ਸ਼ਿਅਰ ਦੇ ਦੂਜੇ ਮਿਸਰੇ ਵਿਚਲੇ ‘ਕੋਈ’ ਲਫ਼ਜ਼ ਦੇ ‘ਕੋ’ ਦਾ ਵੀ ‘ਹੋੜਾ’ ਲਘੂ ਹੋ ਕੇ ‘ਔਂਕੜ’ ਬਣ ਜਾਵੇਗਾ ਤੇ ਇਸ ਤਰ੍ਹਾਂ ਗਿਣਤੀ ਵਿੱਚੋਂ ਜਾਇਜ਼ ਤੌਰ ‘ਤੇ ਗਿਰ ਜਾਵੇਗਾ, ਤੇ ਲਫ਼ਜ਼ ਬਣ ਜਾਵੇਗਾ ‘ਕੁਈ’। ਇਸ ਦੀ ਤਕਤੀਹ ਇਸ ਤਰ੍ਹਾਂ ਹੋਵੇਗੀ-
ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ
I S S S I S S S I S S S I S S S
ਕਿ ਵੇਂ ਆ ਖਾਂ ਕਿ ਤੂੰ ਵਸ ਦਾ ਇਂ ਕੇ ਵਲ ਝੁੱ ਗਿ ਯਾਂ ਵਿਚ ਹੀ
ਤਿ ਰਾ ਘਰ ਕਿਉਂ ਕੁ ਈ ਉੱ ਚਾ ਚੁ ਬਾ ਰਾ ਹੋ ਨ ਹੀਂ ਸਕ ਦਾ
ਇਸ ਸ਼ਿਅਰ ਦੀ ਤਕਤੀਹ ਕਰਦਿਆਂ ‘ਝੁੱਗੀਆਂ’ ਨੂੰ ‘ਝੁੱਗਿਯਾਂ’ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਅੱਗੇ ਜਾ ਕੇ ਦੱਸਿਆ ਜਾਵੇਗਾ।
(ਅ) ਪਿੱਛੇ ਰਹੀ, ਸੋ ਗਈ
ਲੋੜ ਪੈਣ ਤੇ ਕਿਸੇ ਵੀ ਲਫ਼ਜ਼ ਦੇ ਆਖ਼ਿਰੀ ਅੱਖਰ ਨਾਲ ਲੱਗੀ ਲਗ ਨੂੰ ਵੀ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ, ਗਿਰਾ ਦਿੱਤਾ ਜਾਂ ਉਡਾ ਦਿੱਤਾ ਜਾ ਸਕਦਾ ਹੈ। ਐਸੀ ਲਗ ਨੂੰ ਲਘੂ ਕਰਨ ਦੀ ਵੀ ਲੋੜ ਨਹੀਂ ਹੁੰਦੀ ਤੇ ਇਸ ਥਾਂ ਤੇ ਆਏ ‘ਕੰਨਾਂ’ ਅਤੇ ‘ਕਨੌੜੇ’ ਨੂੰ ਵੀ ਗਿਰਾਇਆ ਜਾ ਸਕਦਾ ਹੈ। ਉਦਾਹਰਨ ਲਈ ਇੱਕ ਸ਼ਿਅਰ ਪੜ੍ਹੋ-
ਗ਼ੈਰਾਂ ਦੇ ਪਿੱਛੇ ਫਿਰਦੈਂ, ਮੈਨੂੰ ਵੀ ਛੱਡਦਾ ਨਹੀਂ,
ਮੈਨੂੰ ਸਮਝ ਨਾ ਆਵੇ, ਇਹ ਕੀ ਮੁਆਮਲਾ ਹੈ। (ਸਰਬਜੀਤ ਦਰਦੀ)
ਇਸ ਸ਼ਿਅਰ ਦਾ ਵਜ਼ਨ ਵਿੱਚ ‘ਮਫ਼ਊਲ, ਫ਼ਾਇਲਾਤੁਨ, ਮਫ਼ਊਲ, ਫ਼ਾਇਲਾਤੁਨ’ ਰੁਕਨ ਵਰਤੇ ਗਏ ਹਨ। ਪਰ ਤਕਤੀਹ ਕਰਨ ਤੇ ਪਤਾ ਲੱਗਦਾ ਹੈ ਕਿ ਪਹਿਲੇ ਮਿਸਰੇ ਵਿਚਲੇ ‘ਦੇ’ ਅਤੇ ‘ਵੀ’ ਦੀਆਂ ਲਗਾਂ ਵਜ਼ਨ ਤੋਂ ਵਾਧੂ ਹਨ। ਇਹ ਦੋਵੇਂ ਲਗਾਂ ਆਪਣੇ ਆਪਣੇ ਲਫ਼ਜ਼ ਦੇ ਪਹਿਲੇ ਹੀ ਅੱਖਰ ਨਾਲ ਲੱਗੀਆਂ ਹੋਈਆਂ ਹਨ, ਇਸ ਲਈ ਇਹਨਾਂ ਨੂੰ ਲਘੂ ਕਰਕੇ ‘ਸਿਹਾਰੀਆਂ’ ਕਰ ਲਿਆ ਗਿਆ ਅਤੇ ਗਿਣਤੀ ਵਿੱਚੋਂ ਖ਼ਾਰਿਜ਼ ਕਰ ਦਿੱਤਾ ਗਿਆ। ਫਿਰ ‘ਪਿੱਛੇ’ ਦੀ ਆਖ਼ਿਰੀ ‘ਲਾਂ’, ਅਤੇ ‘ਨਹੀਂ’ ਦੀ ਆਖ਼ਿਰੀ ‘ਬਿਹਾਰੀ’ ਵਜ਼ਨ ਅਨੁਸਾਰ ਵਾਧੂ ਹਨ। ਕਿਉਂਕਿ ਇਹ ਦੋਵੇਂ ਲਗਾਂ ਆਪਣੇ ਆਪਣੇ ਲਫ਼ਜ਼ਾਂ ਦੇ ਆਖ਼ਿਰੀ ਅੱਖਰਾਂ ਨਾਲ ਲੱਗੀਆਂ ਹੋਈਆਂ ਹਨ, ਇਸ ਲਈ ਇਹਨਾਂ ਨੂੰ ਜਾਇਜ਼ ਤੌਰ ‘ਤੇ ਗਿਰਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੂਜੇ ਮਿਸਰੇ ਦੇ ‘ਨਾ’ ਦਾ ਕੰਨਾਂ ਵੀ ਵਜ਼ਨ ਤੋਂ ਵਾਧੂ ਹੈ, ਇਸ ਲਈ ਇਸ ਨੂੰ ਵੀ ਗਿਰਾ ਦਿੱਤਾ ਗਿਆ। ਆਉ ਇਸ ਸ਼ਿਅਰ ਦੀ ਤਕਤੀਹ ਕਰਕੇ ਵੇਖੀਏ-
ਮਫ਼ ਊ ਲ ਫ਼ਾ ਇ ਲਾ ਤੁਨ ਮਫ਼ ਊ ਲ ਫ਼ਾ ਇ ਲਾ ਤੁਨ
S S I S I S S S S I S I S S
ਗ਼ੈ ਰਾਂ ਦਿ ਪਿੱ ਛ ਫਿਰ ਦੈਂ ਮੈ ਨੂੰ ਵਿ ਛੱ ਡ ਦਾ ਨਹਂ
ਮੈ ਨੂੰ ਸ ਮਝ ਨ ਆ ਵੇ ਇਹ ਕੀ ਮੁ ਆ ਮ ਲਾ ਹੈ
(ੲ) ਅੰਦਰਲੀਆਂ ਲਗਾਂ
ਕਿਸੇ ਵੀ ਲਫ਼ਜ਼ ਦੇ ਵਿਚਲੇ ਅੱਖਰਾਂ ਨਾਲ ਲੱਗੀ ਲਗ ਕਿਸੇ ਵੀ ਹਾਲਤ ਵਿੱਚ ਗਿਰਾਈ ਨਹੀਂ ਜਾ ਸਕਦੀ।
(ਸ)ਅੱਧਕ ਤੇ ਟਿੱਪੀ
ਲੋੜ ਅਨੁਸਾਰ ‘ਅੱਧਕ’ ਲਗ ਨੂੰ ਵੀ ਗਿਣਤੀ ਵਿੱਚੋਂ ਖ਼ਾਰਜ਼ ਕੀਤਾ ਜਾ ਸਕਦਾ ਹੈ। ਕਿਉਂਕਿ ਗ਼ਜ਼ਲ ਇੱਕ ਨਾਜ਼ੁਕ ਸਿਨਫ਼ ਹੈ। ਨਾਲ ਹੀ ਇਹ ਗਾਏ ਜਾਣ ਵਾਲੀ ਵਿਧਾ ਹੈ। ਇਸ ਲਈ ਇਹ ਭਾਰੇ ਲਫ਼ਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਲਈ ‘ਅੱਧਕ’ ਅਤੇ ਮੁਕਤੇ ਵਾਲੀ ‘ਟਿੱਪੀ’ ਦਾ ਗਾਇਨ ਵਿੱਚ ਸਹੀ ਉਚਾਰਨ ਕਰਨਾ ਗਾਇਕ ਵਾਸਤੇ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਾਰਨ ਜਾਂ ਤਾਂ ਮੁਕਤੇ ਅੱਖਰ ਵਾਲੀ ‘ਟਿੱਪੀ’ ਅਤੇ ‘ਅਧਿਕ’ ਤੋਂ ਲਿਖਣ ਸਮੇਂ ਹੀ ਪਰਹੇਜ਼ ਕੀਤਾ ਜਾਂਦਾ ਹੈ ਜਾਂ ਇਹ ਦੋਵੇਂ ਲਗਾਂ ਤਕਤੀਹ ਕਰਦੇ ਸਮੇਂ ਗਿਰਾ (ਗਿਣਤੀ ‘ਚੋਂ ਖ਼ਾਰਿਜ਼) ਦਿੱਤੀਆਂ ਜਾਂਦੀਆਂ ਹਨ। ਪਰ ਕਈ ਵਾਰ ਇਹ ਦੋਵੇਂ ਲਗਾਂ (ਅੱਧਕ ਅਤੇ ਟਿੱਪੀ) ਐਸੀਂ ਥਾਂ ਲੱਗੀਆਂ ਹੁੰਦੀਆਂ ਹਨ ਕਿ ਇਹਨਾਂ ਦੇ ਉਡਾਉਣ ਨਾਲ ਉਸ ਲਫ਼ਜ਼ ਦਾ ਉਚਾਰਨ ਸੰਭਵ ਹੀ ਨਹੀਂ ਰਹਿ ਜਾਂਦਾ ਜਾਂ ਉਚਾਰਨ ਵਿਗੜ ਜਾਂਦਾ ਹੈ, ਉੱਥੇ ਆਪਣੀ ਸਮਝ ਅਨੁਸਾਰ ਫ਼ੈਸਲਾ ਲੈ ਲੈਣਾ ਚਾਹੀਦਾ ਹੈ। ਜਿਵੇਂ-
ਇਹ ਹੈ ਚਕੋਰ ਦਾ ਕੰਮ, ਉਹ ਚੰਦ ਵੱਲ ਤੱਕੇ,
ਅੱਜ ਚੰਦ ਤੱਕਦਾ ਏ, ਹੋਇਆ ਕਮਾਲ ਕਿੱਦਾਂ? (ਅਮਰੀਕ ਗ਼ਾਫ਼ਿਲ)
ਇਸ ਦੀ ਤਕਤੀਹ ਇਸ ਤਰ੍ਹਾਂ ਹੋਵੇਗੀ-
ਮਫ਼ ਊ ਲ ਫ਼ਾ ਇ ਲਾ ਤੁਨ ਮਫ਼ ਊ ਲ ਫ਼ਾ ਇ ਲਾ ਤੁਨ
S S I S I S S S S I S I S S
ਇਹ ਹੈ ਚ ਕੋ ਰ ਦਾ ਕਮ ਉਹ ਚੰ ਦ ਵੱ ਲ ਤੱ ਕੇ
ਅਜ ਚੰ ਦ ਤੱ ਕ ਦਾ ਏ ਹੋ ਯਾ ਕ ਮਾ ਲ ਕਿੱ ਦਾਂ
ਇਸ ਅਨੁਸਾਰ ਤਕਤੀਹ ਕਰਦਿਆਂ ‘ਕੰਮ’ ਦੀ ਟਿੱਪੀ ਅਤੇ ‘ਅੱਜ’ ਦਾ ਅਧਿੱਕ ਗਿਰਾ ਦਿੱਤਾ ਗਿਆ ਹੈ, ਜੋ ਅਸੂਲਨ ਵੀ ਠੀਕ ਹੈ ਤੇ ਗਾਉਣ ਵਾਲਾ ਵੀ ਇਹਨਾਂ ਲਗਾਂ ‘ਤੇ ਜ਼ੋਰ ਨਹੀਂ ਦੇਵੇਗਾ ਤਾਂ ਗਾਇਨ ਸੁੰਦਰ ਹੋ ਜਾਵੇਗਾ ਪਰ ‘ਚੰਦ’ ਦੀ ਟਿੱਪੀ ਅਤੇ ‘ਵੱਲ’, ‘ਤੱਕੇ’, ‘ਤੱਕਦਾ’ ਤੇ ‘ਕਿੱਦਾਂ’ ਦੇ ਅਧਿਕ ਤਕਤੀਹ ਕਰਦੇ ਸਮੇਂ ਵੀ ਗਿਰਾਏ ਨਹੀਂ ਗਏ, ਕਿਉਂਕਿ ਇਹਨਾਂ ਦੀ ਥਾਂ ਤੇ ਇੱਕ-ਇੱਕ ਮਾਤਰਾ ਦੀ ਲੋੜ ਹੈ। ਇਹਨਾਂ ਲਫ਼ਜ਼ਾਂ ਦਾ ਪੂਰਾ ਉਚਾਰਨ ਪੜ੍ਹਨ ਵਾਲਾ ਤਾਂ ਔਖਾ-ਸੌਖਾ ਕਰ ਲਵੇਗਾ ਪਰ ਗਾਉਣ ਵਾਲੇ ਵਾਸਤੇ ਇਸ ਦਾ ਸਹੀ ਉਚਾਰਨ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਇਸ ਲਈ ਭਾਵੇਂ ਮੈਂ ਖ਼ੁਦ ਵੀ ‘ਅਧਿੱਕ’ ਅਤੇ ‘ਟਿੱਪੀ’ ਦੀ ਵਰਤੋਂ ਆਪਣੇ ਸ਼ਿਅਰਾਂ ਵਿੱਚ ਕਾਫ਼ੀ ਕਰਦਾ ਹਾਂ ਪਰ ਇਹ ਸੱਚ ਹੈ ਕਿ ਗਾਏ ਜਾਣ ਵਾਲੀਆਂ ਗ਼ਜ਼ਲਾਂ ਵਿੱਚ ਇਹਨਾਂ ਲਗਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
ਇਸ ਸ਼ਿਅਰ ਦੀ ਤਕਤੀਹ ਕਰਦਿਆਂ ਹੋਇਆਂ ‘ਹੋਇਆ’ ਨੂੰ ‘ਹੋਯਾ’ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਅੱਗੇ ਜਾ ਕੇ ਦੱਸਿਆ ਜਾਵੇਗਾ।
ਕਾਵਿ-ਕਲਾ ਬੋਲਣ ਅਤੇ ਗਾਉਣ ਨਾਲ ਸੰਬੰਧ ਰੱਖਦੀ ਹੈ ਨਾ ਕਿ ਲਿਖਣ ਨਾਲ। ਬਹੁਤ ਵਾਰ ਅਸੀਂ ਕਿਸੇ ਲਫ਼ਜ਼ ਨੂੰ ਲਿਖਦੇ ਕੁਝ ਹੋਰ ਤਰ੍ਹਾਂ ਹਾਂ ਤੇ ਉਚਾਰਦੇ ਕੁਝ ਹੋਰ ਤਰ੍ਹਾਂ ਹਾਂ। ਜਿਵੇਂ ਕਿ- ‘ਆਉਂਦਾ, ਕਮਾਉਂਦਾ, ਵਧਾਉਂਦਾ’ ਲਫ਼ਜ਼ਾਂ ਨੂੰ ਅਸੀਂ ਆਮ ਤੌਰ ‘ਤੇ ‘ਔਂਦਾ, ਕਮੌਂਦਾ, ਵਧੌਂਦਾ’ ਵਾਂਗ ਹੀ ਉਚਾਰਦੇ ਹਾਂ, ਸੋ ਇਹੋ ਜਿਹੇ (ਕੰਨਾਂ + ਉ ਵਾਲੇ) ਲਫ਼ਜ਼ਾਂ ਦੀਆਂ ਮਾਤਰਾਵਾਂ ਦੀ ਗਿਣਤੀ (ਤਕਤੀਹ) ਉਚਾਰਨ ਅਨੁਸਾਰ ਹੀ ਕਰਨੀ ਚਾਹੀਦੀ ਹੈ। ਉਦਾਹਰਨ ਤੇ ਤੌਰ ‘ਤੇ ‘ਆਉਂਦਾ’ ਆ + ਉਂ + ਦਾ 5 ਮਾਤਰਾਵਾਂ ਗਿਣਨਾ ਗ਼ਲਤ ਹੈ ਜਦ ਕਿ ਉਸੇ ਨੂੰ ‘ਔਂ + ਦਾ’ 4 ਮਾਤਰਾਵਾਂ ਗਿਣਨਾ ਠੀਕ ਹੋਵੇਗਾ। ਅਸਲ ਵਿੱਚ ‘ਕੰਨਾਂ ਅਤੇ ਊੜੇ ਨੂੰ ਔਂਕੜ’ ਰਲ ਕੇ ਕਨੌੜੇ ਦੀ ਹੀ ਆਵਾਜ਼ ਦਿੰਦੇ ਹਨ ਅਤੇ ਉਹਨਾਂ ਦੋਹਾਂ ਨੂੰ ਇੱਕ ਕਨੌੜੇ ਦੇ ਬਰਾਬਰ, ਇੱਕ ਮਾਤਰਾ ਦੇ ਤੌਰ ‘ਤੇ ਹੀ ਗਿਣਿਆ ਜਾਣਾ ਚਾਹੀਦਾ ਹੈ।
ਚੁੱਪ-ਅੱਖਰਾਂ ਦਾ ਖੌਰੂ
ਇੱਕ ਲੋਕ-ਕਥਾ ਮੁਤਾਬਕ ਆਪਣੇ ਖੇਤ ਵਿੱਚ ਕੰਮ ਕਰਦੇ ਇੱਕ ਕਿਸਾਨ ਨੇ ਵੇਖਿਆ ਕਿ ਕੁਝ ਰਾਗੀ-ਲੋਕ ਰੋਜ਼ਾਨਾ ਸਵੇਰੇ ਉਸ ਦੇ ਕੋਲੋਂ ਲੰਘ ਕੇ ਅੱਗੇ ਜਾਂਦੇ ਨੇ ਤੇ ਕੁਝ ਹੀ ਦੇਰ ਮਗਰੋਂ ਉਹ ਬੜੇ ਹੱਸਦੇ-ਖੇਡਦੇ ਫਿਰ ਵਾਪਸ ਪਰਤ ਜਾਂਦੇ ਨੇ। ਇੱਕ ਦਿਨ ਉਸ ਨੇ ਉਹਨਾਂ ਤੋਂ ਪੁੱਛ ਹੀ ਲਿਆ ਕਿ ਤੁਸੀਂ ਕਿੱਥੇ ਜਾਂਦੇ ਹੋ ਤੇ ਕੀ ਕਰਕੇ ਵਾਪਸ ਆਉਂਦੇ ਹੋ? ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਰਾਜੇ ਦੇ ਦਰਬਾਰ ਵਿੱਚ ਜਾਂਦੇ ਹਾਂ ਤੇ ਉੱਥੇ ਆਪਣੇ ਸਾਜ਼ਾਂ ਨਾਲ ਰਾਗ ਗਾ ਕੇ ਸੁਣਾਉਂਦੇ ਹਾਂ। ਰਾਜਾ ਸਾਨੂੰ ਬਹੁਤ ਇਨਾਮ ਦਿੰਦਾ ਹੈ ਤੇ ਅਸੀਂ ਵਾਪਸ ਆ ਜਾਂਦੇ ਹਾਂ। ਕਿਸਾਨ ਨੇ ਕੁਝ ਸੋਚਿਆ ਤੇ ਬੋਲਿਆ ਕਿ ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਇਆ ਕਰੋ, ਮੈਂ ਵੀ ਤੁਹਾਡੇ ਨਾਲ ਆਪਣਾ ਸਾਜ਼ ਵਜਾਇਆ ਕਰਾਂਗਾ। ਰਾਗੀ ਮੰਨ ਗਏ। ਅਗਲੇ ਦਿਨ ਕਿਸਾਨ ਵੀ ਆਪਣਾ ਹਲ ਮੋਢ੍ਹੇ ‘ਤੇ ਰੱਖ ਕੇ ਰਾਗੀਆਂ ਨਾਲ ਦਰਬਾਰ ਵਿੱਚ ਚਲਿਆ ਗਿਆ। ਜਦੋਂ ਰਾਗੀ ਆਪਣਾ ਆਪਣਾ ਸਾਜ਼ ਵਜਾ ਕੇ ਗਾ ਰਹੇ ਸਨ ਤਾਂ ਕਿਸਾਨ ਵੀ ਆਪਣੀ ਪਰੈਣੀ (ਸੋਟੀ) ਨੂੰ ਹਲ ਉੱਤੇ ਫੇਰ ਫੇਰ ਕੇ ਝੂਮ ਰਿਹਾ ਸੀ। ਰਾਜਾ ਇਸ ਨਵੇਂ ਸਾਜ਼ ਨੂੰ ਵੇਖ ਕੇ ਬੜਾ ਹੈਰਾਨ ਹੋਇਆ। ਉਸ ਨੇ ਪੁੱਛਿਆ ਕਿ ਇਹ ਕੈਸਾ ਸਾਜ਼ ਹੈ ਤੇ ਇਸ ਦਾ ਨਾਂ ਕੀ ਹੈ? ਤਾਂ ਕਿਸਾਨ ਨੇ ਦੱਸਿਆ ਕਿ ਇਹਦਾ ਨਾਮ ‘ਸ਼ਾਮਿਲ-ਵਾਜਾ’ ਹੈ। ਤਾਂ ਰਾਜੇ ਨੇ ਪੁੱਛਿਆ ਕਿ ਮੈਂ ਇਸ ਦੀ, ਇਕੱਲੇ ਦੀ ਆਵਾਜ਼ ਸੁਣਨਾ ਚਾਹੁੰਦਾ ਹਾਂ। ਇਹ ਸਾਜ਼ ਇਕੱਲਾ ਹੀ ਵਜਾ ਕੇ ਮੈਨੂੰ ਇਸ ਦੀ ਆਵਾਜ਼ ਸੁਣਾਓ। ਤਾਂ ਕਿਸਾਨ ਬੋਲਿਆ, ‘ਮਹਾਂਰਾਜ ਮੈਂ ਦੱਸਿਆ ਹੈ ਨਾ, ਕਿ ਇਹ ‘ਸ਼ਾਮਿਲ-ਵਾਜਾ’ ਹੈ ਇਹ ਬਾਕੀ ਸਾਜ਼ਾਂ ਨਾਲ ਸ਼ਾਮਿਲ ਹੋ ਕੇ ਹੀ ਵੱਜ ਸਕਦਾ ਹੈ, ਇਹ ਇਕੱਲਾ ਵੱਜ ਹੀ ਨਹੀਂ ਸਕਦਾ।’
ਇਸੇ ਤਰਾਂ ਗੁਰਮੁਖੀ ਅੱਖਰਾਂ ਵਿੱਚ ਵੀ ਕੁਝ ਅੱਖਰ ‘ਸ਼ਾਮਿਲ-ਵਾਜੇ’ ਹੀ ਹੁੰਦੇ ਹਨ। ਉਹ ਆਪਣੇ ਆਪ ਵਿੱਚ ਆਪਣੀ ਕੋਈ ਆਵਾਜ਼ ਨਹੀਂ ਰੱਖਦੇ, ਇਹ ‘ਚੁੱਪ-ਅੱਖਰ’ ਹਨ, ਪਰ ਜਦੋਂ ਕੋਈ ‘ਲਗ’ ਉਹਨਾਂ ਨਾਲ ਆ ਸ਼ਾਮਿਲ ਹੁੰਦੀ ਹੈ ਤਾਂ ਉਹ ਉਸ ਲਗ ਵਾਲੀ ਆਵਾਜ਼ ਕੱਢ ਦਿੰਦੇ ਹਨ। ਇਹ ਅੱਖਰ ਹਨ- ‘ੳ, ਅ, ੲ’। ਇਹਨਾਂ ਨੂੰ ‘ਸਵਰ-ਅੱਖਰ’ ਕਿਹਾ ਜਾਂਦਾ ਹੈ। ਉਰਦੂ ਵਿੱਚ ਇਹਨਾਂ ਨੂੰ ‘ਹਰਫ਼ਿ-ਇੱਲਤ’ ਕਹਿੰਦੇ ਹਨ। ਸ਼ਾਇਦ ਇਹਨਾਂ ਦਾ ਇਲਤੀ-ਸੁਭਾਅ (ਸ਼ਰਾਰਤੀ-ਸੁਭਾਅ) ਹੋਣ ਕਾਰਨ ਹੀ ਇਹਨਾਂ ਦਾ ਨਾਮ ‘ਹਰਫ਼ਿ-ਇੱਲਤ’ ਪੈ ਗਿਆ ਹੋਵੇ। ਇਹਨਾਂ ਚੁੱਪ-ਅੱਖਰਾਂ ਨੇ ਲਗਾਂ ਵੀ ਆਪਸ ਵਿੱਚ ਵੰਡੀਆਂ ਹੋਈਆਂ ਹਨ। ਜਿਵੇਂ-
‘ੳ’ ਨਾਲ ਔਂਕੜ, ਦੁਲੈਂਕੜੇ, ਹੋੜਾ ਆਦਿ ਦੀਆਂ ਲਗਾਂ ਲੱਗਦੀਆਂ ਹਨ।
ਜਿਵੇਂ: ਉਹ, ਊਠ ਅਤੇ ਓਬੜ ਵਿੱਚ।
‘ਅ’ ਨਾਲ ਕੰਨਾਂ, ਦੁਲਾਵਾਂ, ਕਨੌੜਾ ਆਦਿ ਦੀਆਂ ਲਗਾਂ ਲੱਗਦੀਆਂ ਹਨ।
ਜਿਵੇਂ: ਆਪ, ਐਪਰ ਅਤੇ ਔਕੜ ਵਿੱਚ।
‘ੲ’ ਨਾਲ ਸਿਹਾਰੀ, ਬਿਹਾਰੀ, ਲਾਂ, ਆਦਿ ਦੀਆਂ ਲਗਾਂ ਲੱਗਦੀਆਂ ਹਨ।
ਜਿਵੇਂ: ਇਸ, ਈਸ਼ਵਰ, ਏਧਰ, ਵਿੱਚ।
ਇਕੱਲੀ ਟਿੱਪੀ ਕੇਵਲ ‘ਅ’ ਨਾਲ ਹੀ ਲੱਗਦੀ ਹੈ। ਜਿਵੇਂ: ਅੰਬ ਵਿੱਚ। ਹੋਰ ਲਗਾਂ ਨਾਲ ਲੱਗਣ ਵਾਲੀ ਟਿੱਪੀ ‘ੳ’ ਅਤੇ ‘ੲ’ ਨਾਲ ਵੀ ਲੱਗ ਸਕਦੀ ਹੈ।
ਜਿਵੇਂ:‘ਉੰਨ’ ਵਿੱਚ ‘ੳ’ ਨਾਲ ਅਤੇ ‘ਇੰਞਣ’ ਜਾਂ ‘ਇੰਜਣ’ ਵਿੱਚ ‘ੲ’ ਨਾਲ। ਪਰ ਇਸ ਨਾਲ ਕੋਈ ਹੋਰ ਲਗ ਵੀ ਲੱਗੀ ਹੋਣੀ ਚਾਹੀਦੀ ਹੈ।
ਇਹ ‘ਹਰਫ਼ਿ-ਇੱਲਤ’ ਹੋਰ ਵੀ ਬਹੁਤ ਇਲਤਾਂ ਕਰਦੇ ਨਜ਼ਰ ਆਉਂਦੇ ਹਨ। ਜਿਵੇਂ ਕਿ:
(ੳ) ਅੱਖਰਾਂ ਦੀ ਸੰਧੀ:- ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਲਫ਼ਜ਼ ਤੋਂ ਪਹਿਲਾਂ ਜੇ ਕੋਈ ਐਸਾ ਲਫ਼ਜ਼ ਆਉਂਦਾ ਦਿੱਸੇ ਜਿਸ ਦਾ ਆਖ਼ਿਰੀ ਅੱਖਰ ‘ਮੁਕਤਾ’ (ਕਿਸੇ ਵੀ ਲਗ ਤੋਂ ਮੁਕਤ) ਹੋਵੇ ਤਾਂ ਇਹ ਇਲਤੀ-ਅੱਖਰ ਆਪਣੀ ਲਗ ਉਸ ਮੁਕਤੇ-ਅੱਖਰ ਦੇ ਸਿਰ ‘ਤੇ ਰੱਖਕੇ ਆਪ ਆਪਣੀ ਥਾਂ ਤੋਂ ਗਾਇਬ ਹੀ ਹੋ ਜਾਂਦੇ ਹਨ। ਉਦਾਹਰਨ ਲਈ ਆਪਾਂ ਤ੍ਰੈਲੋਚਨ ‘ਲੋਚੀ’ ਦਾ ਇੱਕ ਸ਼ਿਅਰ ਲੈਂਦੇ ਹਾਂ:
ਦਿੱਲੀ ਦਾ ਦਰਬਾਰ ਓ ਲੋਕਾ।
ਰੂਹ ‘ਤੇ ਬਣਿਆ ਭਾਰ ਓ ਲੋਕਾ।
ਇਸ ਸ਼ਿਅਰ ਵਿੱਚ ‘ਓ’ ਲਫ਼ਜ਼ ਵਿੱਚ ‘ੳ’ ਸਵਰ-ਅੱਖਰ ਹੈ, ਜਿਸ ਨੂੰ ‘ਹੋੜਾ’ ਲਗ ਲੱਗੀ ਹੋਈ ਹੈ। ਭਾਵੇਂ ਅਸੂਲਨ ਇਹ ‘ਹੋੜਾ’ ਗਿਰਾਇਆ ਵੀ ਜਾ ਸਕਦਾ ਹੈ ਪਰ ਇੱਥੇ ਆਪਾਂ ਇਸ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਇਸ ‘ਓ’ ਨੇ ਆਪਣਾ ‘ਹੋੜਾ’ ਆਪਣੇ ਤੋਂ ਪਹਿਲੇ ਲਫ਼ਜ਼ ਦੇ ਆਖ਼ਿਰੀ ਮੁਕਤੇ ਅੱਖਰ ਦੇ ਸਿਰ ‘ਤੇ ਰੱਖ ਦਿੱਤਾ ਤੇ ਆਪ ਉਸ ਤੋਂ ਮੁਕਤ ਹੋ ਗਿਆ, ਨਾਲ ਹੀ ਆਪ ਅਲੋਪ ਹੋ ਗਿਆ। ਹੁਣ ਇਸ ਕਿਰਿਆ ਤੋਂ ਮਗਰੋਂ ਸਾਡੇ ਕੋਲ ਲਫ਼ਜ਼ ਰਹਿ ਗਿਆ ‘ਦਰਬਾਰੋ ਲੋਕਾ’। ਜਦ ਕਿ ਦੂਜੇ ਮਿਸਰੇ ਵਿੱਚ ਬਣ ਗਿਆ ‘ਭਾਰੋ ਲੋਕਾ’। ਇਸ ਇਲਤ ਨੂੰ ਆਪਾਂ ‘ਅਖਰਾਂ ਦੀ ਸੰਧੀ’ ਕਰਨਾ ਵੀ ਆਖ ਸਕਦੇ ਹਾਂ। ਇਸ ਮੱਦ ਅਧੀਨ ਆਏ ਲਫ਼ਜ਼ਾਂ ਦੀ ਤਕਤੀਹ ਕਰਦੇ ਸਮੇਂ ਸੰਧੀ ਉਪਰੰਤ ਪ੍ਰਾਪਤ ਲਫ਼ਜ਼ ਦੇ ਵਜ਼ਨ ਅਨੁਸਾਰ ਹੀ ਤਕਤੀਹ ਕਰਾਂਗੇ ਜਿਵੇਂ ਕਿ-
ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ
ਦਿੱ ਲੀ ਦਾ ਦਰ ਬਾ ਰੋ ਲੋ ਕਾ
ਰੂ(ਹ) ਤੇ ਬਣਿ ਆ ਭਾ ਰੋ ਲੋ ਕਾ
ਇਸ ਤਰ੍ਹਾਂ ਅਸਾਂ ‘ੳ’ ਅੱਖਰ ਨੂੰ ਗਾਇਬ ਕਰਕੇ ਉਸ ਨੂੰ ਅੱਖਰਾਂ ਦੀ ਗਿਣਤੀ ਤੋਂ ਬਾਹਰ ਰੱਖਣ ਵਿੱਚ ਜਾਇਜ਼ ਤੌਰ ‘ਤੇ ਕਾਮਯਾਬੀ ਹਾਸਿਲ ਕਰ ਲਈ। ਇਸ ਸ਼ਿਅਰ ਵਿਚਲੇ ਲਫ਼ਜ਼ ‘ਰੂਹ’ ਦਾ ‘ਹ’ ਅਸੀਂ ਪਹਿਲਾਂ ਦੱਸੇ ਅਸੂਲ ਅਨੁਸਾਰ ਗਿਣਤੀ ਤੋਂ ਬਾਹਰ ਰੱਖ ਹੀ ਸਕਦੇ ਹਾਂ।
(ਅ) ਦੀਰਘ ਲਗ ਲਘੂ ਕਰਨੀ:- ਕਿਸੇ ਲਫ਼ਜ਼ ਵਿੱਚ ਆਏ ਕਿਸੇ ਸਵਰ-ਅੱਖਰ ਤੋਂ ਪਹਿਲੇ ਅੱਖਰ ਨੂੰ ਜੇ ਕੋਈ ਦੀਰਘ-ਲਗ ਲੱਗੀ ਹੋਈ ਹੋਵੇ ਤਾਂ ਇਹ ਸਵਰ-ਅੱਖਰ ਉਸ ਦੀਰਘ-ਲਗ ਨੂੰ ਲਘੂ-ਲਗ ਵਿੱਚ ਬਦਲ ਦਿੰਦਾ ਹੈ। ਅਤੇ ਉਸ ਲਫ਼ਜ਼ ਦੀ ਤਕਤੀਹ ਵੀ ਬਦਲੇ ਹੋਏ ਰੂਪ ਵਿੱਚ ਹੀ ਕਰਨੀ ਚਾਹੀਦੀ ਹੈ, ਉਸ ਨੂੰ ਲਿਖਿਆ ਭਾਵੇਂ ਮੂਲ-ਰੂਪ ਵਿੱਚ ਹੀ ਜਾਵੇ। ਇਸ ਨੂੰ ਹੇਠ ਲਿਖੇ ਉਨੁਵਾਨ ਅਧੀਨ ਸਮਝਿਆ ਜਾਵੇ।
(ੲ) ਬਿਹਾਰੀ ਨਾਲ ਸਵਰ-ਅੱਖਰ ਦੀ ਸੰਧੀ- ਲਫ਼ਜ਼ ‘ਲੜਕੀਆਂ’ ਵਿੱਚ ‘ਅ’ ਸਵਰ-ਅੱਖਰ ਹੈ ਤੇ ਉਸ ਤੋਂ ਪਹਿਲੇ ਅੱਖਰ ‘ਕ’ ਨੂੰ ‘ਬਿਹਾਰੀ’ ਦੀ ਦੀਰਘ-ਲਗ ਲੱਗੀ ਹੋਈ ਹੈ। ਇੱਥੇ ‘ਅ’ ਆਪਣੇ ਤੋਂ ਪਹਿਲੇ ਅੱਖਰ ਨਾਲ ਲੱਗੀ ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਦੇਵੇਗਾ। ਤਾਂ ਸਾਡੇ ਕੋਲ ਲਫ਼ਜ਼ ਰਹਿ ਜਾਵੇਗਾ ‘ਲੜਕਿਆਂ’। ਭਾਵੇਂ ਇਹ ਲਫ਼ਜ਼ ‘ਲੜਕੀਆਂ’ ਨਾ ਹੋ ਕੇ ‘ਲੜਕੀਆਂ’ ਦੇ ਪੁਲਿੰਗ ‘ਲੜਕਿਆਂ’ ਵਰਗਾ ਹੀ ਹੋ ਗਿਆ ਪਰ ਇਸ ਦੀ ਤਕਤੀਹ ਅਸੀਂ ‘ਲੜਕਿਆਂ’ ਵਾਂਗ ਹੀ ਕਰਾਂਗੇ ਕਿਉਂਕਿ ਅਸੀਂ ਇਸ ਨੂੰ ਉਚਾਰਦੇ ਵੀ ਇਸੇ ਤਰ੍ਹਾਂ ਹੀ ਹਾਂ, ‘ਲੜਕੀ ···+ਆਂ’ ਵਾਂਗ ਲਮਕਾ ਕੇ ਨਹੀਂ ਉਚਾਰਦੇ। ਇਸ ਮਸਲੇ ‘ਚ ਹਿੰਦੀ ਪੰਜਾਬੀ ਨਾਲੋਂ ਜ਼ਿਆਦਾ ਵਿਗਿਆਨਕ ਹੈ। ਹਿੰਦੀ ਵਿੱਚ ਅਸੀਂ ‘ਲੜਕੀਆਂ’ ਨੂੰ ‘लङकीयां’ ਨਹੀਂ ਲਿਖਦੇ, ਸਗੋਂ ‘लङकियां’ ਹੀ ਲਿਖਦੇ ਹਾਂ। ਇਸ ਤਰ੍ਹਾਂ ‘ਦੀਰਘ ਲਗ’ ਦੇ ‘ਲਘੂ-ਲਗ’ ਹੋ ਜਾਣ ਨਾਲ ਐਸੇ ਲਫ਼ਜ਼ਾਂ ਦੀ ਇੱਕ ਮਾਤਰਾ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਹੇਠ ਲਿਖੇ ਲਫ਼ਜ਼ਾਂ ਵਰਗੇ ਲਫ਼ਜ਼ਾਂ ਨੂੰ ਇਸ ਤਰ੍ਹਾਂ ਬਦਲ ਕੇ ਹੀ ਤਕਤੀਹ ਕਰਾਂਗੇ-
ਲਫ਼ਜ਼ ਦਾ ਮੂਲ-ਰੂਪ ਲਗ ਲਘੂ ਹੋਣ ਉਪਰੰਤ ਰੂਪ
ਲੜਕੀਆਂ 6 ਮਾਤਰਾਂ ਲੜਕਿਆਂ 5 ਮਾਤਰਾਂ
ਜਾਂਦੀਆਂ 6 ਮਾਤਰਾਂ ਜਾਂਦਿਆਂ 5 ਮਾਤਰਾਂ
ਬਹੁਤੀਆਂ 6 ਮਾਤਰਾਂ ਬਹੁਤਿਆਂ 5 ਮਾਤਰਾਂ
ਲਿਖਦੀਆਂ 6 ਮਾਤਰਾਂ ਲਿਖਦਿਆਂ 5 ਮਾਤਰਾਂ
ਕਲੀਆਂ 5 ਮਾਤਰਾਂ ਕਲਿਆਂ 4 ਮਾਤਰਾਂ
(ਸ) ਲਾਂ-ਦੁਲਾਂਵਾਂ ਨਾਲ ਸਵਰ-ਅੱਖਰ ਦੀ ਸੰਧੀ- ਹੁਣ ਆਪਾਂ ਇੱਕ ਲਫ਼ਜ਼ ਲਈਏ- ‘ਵਾਜੇ’। ਇਸ ਦਾ ਬਹੁਵਚਨ ਬਨਾਉਣ ਸਮੇਂ ਅਸੂਲ ਅਨੁਸਾਰ ਆਪਾਂ ‘ਵਾਜੇਆਂ’ ਬਣਾਵਾਂਗੇ ਪਰ ਵਿਆਕਰਣ-ਵੇਤਿਆਂ ਨੇ ਪਹਿਲਾਂ ਹੀ ਇਸ ਨੂੰ ‘ਵਾਜੇਆਂ’ ਦੀ ਥਾਂ ‘ਵਾਜਿਆਂ’ (ਲਾਂ ਨੂੰ ਲਘੂ ਰੂਪ ਵਿੱਚ ਸਿਹਾਰੀ ਬਣਾ ਕੇ) ਲਿਖਣ ਦਾ ਤਰੀਕਾ ਅਪਨਾਇਆ ਹੋਇਆ ਹੈ। ‘ਦੁਲਾਵਾਂ’ ਤੋਂ ਮਗਰੋਂ ਸਵਰ-ਅੱਖਰ ਵਾਲਾ ਲਫ਼ਜ਼ ਇਸ ਵੇਲੇ ਕੋਈ ਖ਼ਿਆਲ ਵਿੱਚ ਨਹੀਂ ਆ ਰਿਹਾ। ਜੇ ਕੋਈ ਹੋਵੇਗਾ ਵੀ ਤਾਂ ਉਸ ਦੀਆਂ ਵੀ ‘ਦੁਲਾਵਾਂ’ ਸਿਹਾਰੀ ਵਿੱਚ ਬਦਲ ਕੇ ਹੀ ਤਕਤੀਹ ਕੀਤੀ ਜਾਵੇਗੀ।
(ਹ) ਦੁਲੈਂਕੜੇ ਨਾਲ ਸਵਰ-ਅੱਖਰ ਦੀ ਸੰਧੀ- ਇਸੇ ਤਰ੍ਹਾਂ ਲਫ਼ਜ਼ ‘ਗੁਰੂਆਂ’ ਦੇ ਦੁੱਤ-ਅੱਖਰ ‘ਅ’ ਤੋਂ ਪਹਿਲੇ ਅੱਖਰ ‘ਰ’ ਨਾਲ ਦੀਰਘ-ਲਗ ‘ਦੁਲੈਂਕੜੇ’ ਲੱਗੀ ਹੋਈ ਹੈ। ਇਸ ਸੰਧੀ ਅਧੀਨ ਇਹ ‘ਦੁਲੈਂਕੜੇ’ ਲਘੂ ਹੋ ਕੇ ‘ਔਂਕੜ’ ਹੋ ਜਾਣਗੇ। ਇਉਂ ਸਾਡੇ ਕੋਲ ਲਫ਼ਜ਼ ਰਹਿ ਜਾਵੇਗਾ ‘ਗੁਰੁਆਂ’ ਇਸ ਤਰ੍ਹਾਂ ਇਸਦੀ ਵੀ ਇੱਕ ਮਾਤਰਾ ਘੱਟ ਹੋ ਜਾਵੇਗੀ। ਹੁਣ ਇਸ ਦੀ ਤਕਤੀਹ ਵੀ ਅਸੀਂ ਘਟੇ ਹੋਏ ਅੱਖਰਾਂ ਅਨੁਸਾਰ ਹੀ ਕਰਾਂਗੇ। ਇਸ ਵਰਗੇ ਹੋਰ ਲਫ਼ਜ਼ਾਂ ‘ਤੇ ਇਸ ਸੰਧੀ ਦਾ ਪ੍ਰਾਭਵ ਇਉਂ ਪਵੇਗਾ-
ਲਫ਼ਜ਼ ਦਾ ਮੂਲ-ਰੂਪ ਸੰਧੀ ਹੋਣ ਉਪਰੰਤ ਰੂਪ
ਗੁਰੂਆਂ 5 ਮਾਤਰਾਂ ਗੁਰੁਆਂ 4 ਮਾਤਰਾਂ
ਗੱਭਰੂਆਂ 7 ਮਾਤਰਾਂ ਗੱਭਰੁਆਂ 6 ਮਾਤਰਾਂ
ਤਾਰੂਆਂ 6 ਮਾਤਰਾਂ ਤਾਰੁਆਂ 5 ਮਾਤਰਾਂ
ਭਾਊਆਂ 6 ਮਾਤਰਾਂ ਭਾਉਆਂ 5 ਮਾਤਰਾਂ
ਸਾਧੂਆਂ 6 ਮਾਤਰਾਂ ਸਾਧੁਆਂ 5 ਮਾਤਰਾਂ
(ਕ) ਹੋੜੇ ਨਾਲ ਸਵਰ-ਅੱਖਰ ਦੀ ਸੰਧੀ- ਇਵੇਂ ਹੀ ਜੇ ਵੇਖੀਏ ਤਾਂ ‘ਭਾਗੋਆਂ’ ੱਿਵੱਚ ਵੀ ‘ਅ’ ਸਵਰ-ਅੱਖਰ ਆਪਣੇ ਤੋਂ ਪਹਿਲਾਂ ਆਏ ‘ਹੋੜੇ’ ਨੂੰ ਲਘੂ-ਲਗ ਵਿੱਚ ਬਦਲ ਕੇ ‘ਔਂਕੜ’ ਬਣਾ ਦਿੰਦਾ ਹੈ ਤੇ ਆਪਣੇ ਕੋਲ ਕੇਵਲ ‘ਭਾਗੁਆਂ’ ਹੀ ਬਚਦਾ ਹੈ। ਇਸ ਦੀ ਤਕਤੀਹ ਵੀ ਬਦਲੀ ਹਾਲਤ ਅਨੁਸਾਰ ਇੱਕ ਲਗ ਘੱਟ ਮੰਨਕੇ ਹੀ ਕਰਾਂਗੇ।
ਲਫ਼ਜ਼ ਦਾ ਮੂਲ-ਰੂਪ ਲਗ ਲਘੂ ਹੋਣ ਉਪਰੰਤ ਰੂਪ
ਭਾਗੋਆਂ 6 ਮਾਤਰਾਂ ਭਾਗੁਆਂ 5 ਮਾਤਰਾਂ
ਯਾਦ ਰਹੇ ਕਿ ਇਹਨਾਂ ਲਫ਼ਜ਼ਾਂ ਦੀ ਤਕਤੀਹ ਕਰਨ ਸਮੇਂ ਹੀ ਇਹਨਾਂ ਨੂੰ ਬਦਲੀਆਂ ਸੂਰਤਾਂ ਅਨੁਸਾਰ ਲਿਖਣਾ ਹੈ ਉਂਜ ਸ਼ਿਅਰ ਵਿੱਚ ਇਹ ਪਹਿਲੇ ਮੂਲ-ਰੂਪ ਵਿੱਚ ਹੀ ਲਿਖੇ ਜਾਣਗੇ। ਆਪਾਂ ਭਾਸ਼ਾ ਦੇ ਲਫ਼ਜ਼ਾਂ ਦੇ ਸ਼ਬਦ-ਜੋੜ ਨਹੀਂ ਵਿਗਾੜਨੇ।
(ਖ) ਦੋ ਸਵਰ-ਅੱਖਰਾਂ ਦਾ ਮਿਲਾਪ:- ਕਈ ਲਫ਼ਜ਼ਾਂ ਵਿੱਚ ਦੋ ਸਵਰ-ਅੱਖਰ ਇਕੱਠੇ ਹੀ ਆ ਜਾਂਦੇ ਹਨ। ਉੱਥੇ ਉਹਨਾਂ ਵਿੱਚੋਂ ਪਹਿਲਾ ਸਵਰ-ਅੱਖਰ ਗਿਣਤੀ ਸਮੇਂ ਗਿਰਾ ਦਿੱਤਾ ਜਾਂਦਾ ਹੈ। ਜਿਵੇਂ ‘ਗਾਇਆ’ ਲਫ਼ਜ਼ ਵਿੱਚ ‘ੲ’ ਅਤੇ ‘ਅ’ ਦੋ ਸਵਰ-ਅੱਖਰ ਇਕੱਠੇ ਹੀ ਆ ਗਏ ਹਨ। ਇਹਨਾਂ ਵਿੱਚੋਂ ਅਸੀਂ ‘ਇ’ ਨੂੰ ਅਲੋਪ ਕਰ ਦੇਵਾਂਗੇ ਤੇ ਸਾਡੇ ਕੋਲ ਲਫ਼ਜ਼ ਰਹਿ ਜਾਵੇਗਾ ‘ਗਾਆ’ ਇਸ ਨੂੰ ਅਸੀਂ ਇਸੇ ਦੇ ਵਜ਼ਨ ਦੇ ਲਫ਼ਜ਼ ‘ਗਾਯਾ’ ਵਾਂਗ ਹੀ ਉਚਾਰਦੇ ਹਾਂ ਤੇ ਇਸੇ ਤਰ੍ਹਾਂ ਹੀ ਇਸ ਦੀ ਤਕਤੀਹ ਕਰਾਂਗੇ। ਜੇ ਸਾਡੇ ਕੋਲ ਲਫ਼ਜ਼ ‘ਗਾਈਆਂ’ ਹੁੰਦਾ ਤਾਂ ਪਹਿਲਾਂ ‘ਅ’ ਸਵਰ-ਅੱਖਰ ਨੇ ‘ਈ’ ਦੀ ਬਿਹਾਰੀ ਨੂੰ ਸਿਹਾਰੀ ਕਰਕੇ ‘ਗਾਇਆਂ’ ਕਰ ਦੇਣਾ ਸੀ ਤੇ ਫਿਰ ਉਹ ਸਿਹਾਰੀ ਵਾਲੀ ‘ਇ’ ਵੀ ਅਲੋਪ ਦੇਣੀ ਸੀ। ਇਉਂ ਸਾਡੇ ਕੋਲ ਫਿਰ ‘ਗਾਯਾਂ’ ਹੀ ਰਹਿ ਜਾਣਾ ਸੀ। ਇਉਂ ਇਸ ਦੇ ਤਕਤੀਹ ਕਰਨ ਵਾਲੇ ਵਜ਼ਨ ਵਿੱਚ ਦੋ ਮਾਤਰਾਂ ਦਾ ਘਾਟਾ ਹੋ ਜਾਣਾ ਸੀ। ਇਹੋ ਜਿਹੇ ਕੁਝ ਹੋਰ ਲਫ਼ਜ਼ ਆਪਣੀ ਸੂਰਤ ਕਿਵੇਂ ਬਦਲਦੇ ਹਨ, ਇਹ ਆਪਾਂ ਹੇਠਾਂ ਦਿੱਤੀ ਉਦਾਹਰਣ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ-
ਮੂਲ-ਰੂਪ ਮਾਤਰਾਂ ‘ਇ’ ਗਿਰਾ ਕੇ ਤਕਤੀਹ ਲਈ ਰੂਪ ਮਾਤਰਾਂ
ਵਧਾਇਆ 6 ਵਧਾ +ਆ ਵਧਾਯਾ 5
ਆਇਆ 5 ਆ +ਆ ਆਯਾ 4
ਕਮਾਇਆ 6 ਕਮਾ +ਆ ਕਮਾਯਾ 5
ਆਇਓ 5 ਆ +ਓ ਆਯੋ 4
ਜਾਇਓ 5 ਜਾ +ਓ ਜਾਯੋ 4
ਉਠਾਇਓ 6 ਉਠਾ +ਓ ਉਠਾਯੋ 5
ਮੂਲ-ਰੂਪ ਮਾਤਰਾਂ ‘ਇ’ ਗਿਰਾ ਕੇ ਤਕਤੀਹ ਲਈ ਰੂਪ ਮਾਤਰਾਂ
ਬੋਇਆ 5 ਬੋ +ਆ ਬੋਯਾ 4
ਮੋਇਆਂ 5 ਮੋ +ਆਂ ਮੋਯਾਂ 4
ਪਰੋਈਆਂ 7 ਪਰੋ +ਆਂ ਪਰੋਯਾਂ 5
ਜਗਾਈਆਂ 7 ਜਗਾ +ਆਂ ਜਗਾਯਾਂ 5
ਰੁਪੱਈਆ 7 ਰੁਪੱ +ਆ ਰੁਪੱਯਾ 5
ਸਵੱਈਆ 7 ਸਵੱ +ਆ ਸਵੱਯਾ 5
ਆਈਏ 6 ਆ +ਏ ਆਯੇ 4
ਜਾਈਏ 6 ਜਾ +ਏ ਜਾਯੇ 4
ਅਭਿਆਸ
ਪਿਛਲੇ ਪਾਠ ਵਿੱਚ ਦਿੱਤਾ ਗਿਆ ਮਿਸਰਾ-ਤਰਹ (ਸਮੱਸਿਆ) ਸੀ-
ਕਿਉਂ ਡਾਢੇ ਤੋਂ ਡਰਦਾ ਹੈਂ।
ਡਰਦਾ ਹਰ ਹਰ ਕਰਦਾ ਹੈਂ।
ਇਹ ਤਿੰਨ ‘ਫ਼ੇਲੁਨ’ ਅਤੇ ਇੱਕ ‘ਫ਼ੇ’ ਰੁਕਨ ‘ਤੇ ਅਧਾਰਤ ਸੀ। ਸਿਖਿਆਰਥੀਆਂ ਨੂੰ ਚਾਹੀਦਾ ਹੈ ਕਿ ਇਸੇ ਵਜ਼ਨ ਵਿੱਚ ਤਿੰਨ-ਚਾਰ ਗ਼ਜ਼ਲਾਂ ਹੋਰ ਲਿਖਕੇ ਅਭਿਆਸ ਕਰਨ। ਅਤੇ ਉਹਨਾਂ ਗ਼ਜ਼ਲਾਂ ਦੀ ਤਕਤੀਹ ਉਪਰੋਕਤ ਤਰੀਕੇ ਨਾਲ ਅੱਖਰ ਅਤੇ ਲਗਾਂ ਨੂੰ ਗਿਰਾ ਕੇ ਕਰਨ ਤਾਂ ਕਿ ਉਹਨਾਂ ਨੂੰ ਅੱਖਰ ਗਿਰਾਉਣ ਦੀ ਚੰਗੀ ਤਰ੍ਹਾਂ ਜਾਚ ਆ ਜਾਵੇ। ਇਸ ਵਾਰ ਦਾ ਮਿਸਰਾ-ਤਰਹ ਚਾਰ ‘ਫ਼ੇਲੁਨ’ ‘ਤੇ ਆਧਾਰਤ ਹੈ, ਜੋ ਇਉਂ ਹੈ-
ਇਉਂ ਨਾ ਦਿਲ ਤੜਪਾ ਕੇ ਜਾਵੀਂ।
ਸਜਣਾ ਮੁੱਖ ਦਿਖਾ ਕੇ ਜਾਵੀਂ।
ਇਸ ਮਿਸਰੇ ਵਿੱਚ ‘ਚਾਰ ਫ਼ੇਲੁਨ’ ਵਰਤੇ ਗਏ ਹਨ ਤੇ ਇਸ ਦੀ ਤਕਤੀਹ, ਵਜ਼ਨ-ਪਰਖ (ਮਾਤਰਿਕ ਗਿਣਤੀ) ਇਵੇਂ ਹੋਵੇਗੀ-
ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ
ਇਉਂ ਨਾ ਦਿਲ ਤੜ ਪਾ ਕੇ ਜਾ ਵੀਂ
ਸਜ ਣਾ ਮੁੱ ਖ ਦਿ ਖਾ ਕੇ ਜਾ ਵੀਂ
Leave a Reply