ਬਰਤਾਨਵੀ ਸਰਕਾਰ ਦੀਆਂ ਮਾਰੂ ਆਰਥਿਕ ਨੀਤੀਆਂ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ ਸੀ। ਉਨ੍ਹਾਂ ਨੇ ਦੇਸ਼ ਦਾ ਖਜ਼ਾਨਾ ਲੁੱਟਿਆ ਅਤੇ ਭਾਰਤ ਦਾ ਮਾਲ ਅਤੇ ਇੱਥੋਂ ਤੱਕ ਅਨਾਜ ਵੀ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਅੰਨ ਦੇ ਬਾਹਰ ਜਾਣ ਨਾਲ ਦੇਸ਼ ਅੰਦਰ ਅਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। 1850-1900 ਤੱਕ ਕੋਈ 25 ਅਕਾਲ ਪਏ। ਭੁੱਖਮਰੀ ਕਾਰਨ ਮੌਤਾਂ ਦੀ ਗਿਣਤੀ ਵੱਧਦੀ ਗਈ ਤੇ ਪੰਜਾਬ ਅੰਦਰੋਂ ਅਨਾਜ ਬਾਹਰ ਢੋਇਆ ਜਾਂਦਾ ਰਿਹਾ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਰਥਕ ਹਾਲਤ ਹੋਰ ਬੱਦਤਰ ਹੋ ਗਈ। 1905-07 ਵਿੱਚ ਸੋਕੇ ਤੇ ਪਲੇਗ, ਮਲੇਰੀਏ ਆਦਿ ਨੇ ਏਨੀਆਂ ਜਾਨਾਂ ਲਈਆਂ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਸੀ। ਜ਼ਮੀਨ ਦੀ ਨਿੱਜੀ ਖਾਤਿਆਂ ਵਿੱਚ ਵੰਡ ਅਤੇ ਸਰਕਾਰੀ ਮਾਮਲੇ ਦੀ ਨਕਦ ਉਗਰਾਹੀ ਨੇ ਪਿੰਡਾਂ ਦੇ ਪੁਰਾਣੇ ਸਵੈ-ਨਿਰਭਰ ਪ੍ਰਬੰਧ ਨੂੰ ਭੰਨਣਾ ਸ਼ੁਰੂ ਕਰ ਦਿੱਤਾ ਸੀ। ਸਾਂਝੀ ਜ਼ਮੀਨ ਦੀ ਮਾਲਕੀ ਖਤਮ ਹੋ ਗਈ ਤੇ ਕਿਸਾਨ ਕਰਜ਼ੇ ਹੇਠ ਦੱਬਣੇ ਸ਼ੁਰੂ ਹੋ ਗਏ। ਉਹ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਰੋਜ਼ੀ ਰੋਟੀ ਦੀ ਤਲਾਸ਼ ’ਚ ਬਾਹਰਲੇ ਮੁਲਕ ਜਾਣੇ ਸ਼ੁਰੂ ਹੋ ਗਏ।
ਇਸੇ ਦੌਰਾਨ ਹੀ ਸਰਕਾਰ ਨੇ ਹੋਰ ਬਿੱਲਾਂ ਰਾਹੀਂ ਲੋਕਾਂ ਦਾ ਖੂਨ ਨਿਚੋੜ ਸੁੱਟਿਆ। ਪੰਜਾਬ ਅੰਦਰ ਖਲਬਲੀ ਵਾਲੀ ਸਥਿਤੀ ਬਣੀ ਹੋਈ ਸੀ। ਨੌ-ਅਬਾਦੀਆਂ ਬਾਰੇ 1906 ਦੇ ਬਿੱਲ ਦੇ ਖਿਲਾਫ, ਪੰਜਾਬ ਦੇ 1901 ਦੇ ਜ਼ਮੀਨ ਮਾਲਕੀ ਬਾਰੇ ਐਕਟ ਵਿੱਚ ਤਬਦੀਲੀ ਕਰਨ ਦੇ ਇੱਕ ਹੋਰ ਬਿੱਲ ਦੇ ਖਿਲਾਫ਼ ਅਤੇ ਤੀਜਾ ਬਾਰੀ ਦੁਆਬ ਨਹਿਰ ਦੇ ਪਾਣੀ ਦੀਆਂ ਦਰਾਂ ਵਧਾਉਣ ਬਾਰੇ ਬਿੱਲ ਦੇ ਕਾਰਨ ਪੰਜਾਬ ਅੰਦਰ ਤਿੰਨ ਅੰਦੋਲਨ ਛਿੜ ਪਏ ਸੀ। ਤੀਜੇ ਅੰਦੋਲਨ ਦੀ ਅਗਵਾਈ ਅਜੀਤ ਸਿੰਘ ਕਰ ਰਹੇ ਸਨ। ਇਹੋ ਜਿਹੀ ਸਥਿਤੀ ਅੰਦਰ ਪੰਜਾਬੀਆਂ ਦਾ ਅਮਰੀਕਾ, ਕਨੇਡਾ ਤੇ ਹੋਰ ਮੁਲਕਾਂ ਵੱਲ ਜਾਣਾ ਹੋਰ ਤੀਬਰ ਹੋ ਰਿਹਾ ਸੀ।
ਪੰਜਾਬੀ ਕੰਮ ਤੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਇਨ੍ਹਾਂ ਮੁਲਕਾਂ ਅੰਦਰ ਗਏ, ਪਰ ਉੱਥੇ ਵੀ ਉਨ੍ਹਾਂ ਨੂੰ ਬਦਸਲੂਕੀ ਤੇ ਜਲਾਲਤ ਦਾ ਸਾਹਮਣਾ ਕਰਨਾ ਪਿਆ। ਇਹ ਉੱਥੇ ਜਾ ਕੇ ਸਸਤੀਆਂ ਦਰਾਂ ’ਤੇ ਬਹੁਤ ਜ਼ਿਆਦਾ ਕੰਮ ਕਰਦੇ। ਪ੍ਰਵਾਸੀ ਭਾਰਤੀਆਂ ਨੇ ਉੱਥੇ ਇਹੋ ਜਿਹੇ ਥਾਂ ਅਬਾਦ ਕਰ ਦਿੱਤੇ ਜੋ ਕਿ ਗੋਰਿਆਂ ਲਈ ਲੱਗਭਗ ਅਸੰਭਵ ਸੀ। ਉਹ ਦੁੱਗਣੀ ਮਿਹਨਤ ਕਰਦੇ, ਤਾਂ ਜੋ ਆਪਣੀ ਜ਼ਮੀਨ ਛੁਡਾ ਸਕਣ ਅਤੇ ਆਪਣੇ ਪਿੱਛੇ ਰਹਿ ਗਏ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਉੱਥੋਂ ਦੇ ਮਜ਼ਦੂਰ ਸਰਕਾਰਾਂ ’ਤੇ ਦਬਾਅ ਪਾਉਣ ਲੱਗੇ ਕਿ ਭਾਰਤੀਆਂ ਦੇ ਆਵਾਸ ਨੂੰ ਰੋਕਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਵਿੱਚ ਏਸ਼ੀਆਈਆਂ ਵਿਰੁੱਧ 1907 ਵਿੱਚ ਦੰਗੇ ਭੜਕ ਪਏ ਸਨ। ਕੈਨੇਡਾ ਅੰਦਰ ਮਈ 1908 ਨੂੰ ਇੱਕ ਹੁਕਮ ਜਾਰੀ ਕਰਕੇ ਉਨ੍ਹਾਂ ਅਵਾਸੀਆਂ ਦੇ ਕੈਨੇਡਾ ਅੰਦਰ ਉਤਰਨ ਦੀ ਮਨਾਹੀ ਕਰ ਦਿੱਤੀ, ਜਿਹੜੇ ਉਸ ਦੇਸ਼ ਤੋਂ ਜਿੱਥੋਂ ਦੇ ਉਹ ਵਾਸੀ ਸਨ, ਲਗਾਤਾਰ ਸਫ਼ਰ ਕਰਕੇ ਨਹੀਂ ਆਏ ਹੁੰਦੇ ਸਨ ਤੇ ਉਸ ਦੇਸ਼ ਵਿੱਚ ਹੀ ਸਿੱਧੀਆਂ ਟਿਕਟਾਂ ਨਹੀਂ ਸਨ ਖਰੀਦੀਆਂ ਹੁੰਦੀਆਂ। ਇਸ ਤੋਂ ਇਲਾਵਾ ਉੱਥੇ ਪੁੱਜਣ ਵਾਲੇ ਕੋਲ ਘੱਟੋ ਘੱਟ 200 ਡਾਲਰ ਹੋਣੇ ਜਰੂਰੀ ਸਨ। ਇਹ ਕਾਨੂੰਨ ਖਾਸ ਤੌਰ ’ਤੇ ਭਾਰਤੀਆਂ ਦੀ ਆਮਦ ਰੋਕਣ ਦੇ ਇਰਾਦੇ ਨਾਲ ਬਣਾਇਆ ਗਿਆ ਸੀ ਅਤੇ ਇਸ ਵਿੱਚ ਭਾਰਤ ਅੰਦਰਲੀ ਬਰਤਾਨਵੀ ਸਰਕਾਰ ਦੀ ਸਹਿਮਤੀ ਵੀ ਸ਼ਾਮਿਲ ਸੀ, ਕਿਉਂਕਿ ਅੰਗਰੇਜ਼ ਵੀ ਨਹੀਂ ਸਨ ਚਾਹੁੰਦੇ ਕਿ ਭਾਰਤੀਆਂ ਅੰਦਰ ਕੋਈ ਜਗ੍ਰਿਤੀ ਆਏ। ਉਹ ਡਰਦੇ ਸਨ ਕਿ ਉੱਧਰੋਂ ਪ੍ਰਵਾਸੀ, ਭਾਰਤ ਆ ਕੇ ਕਿਤੇ ਅਜ਼ਾਦੀ ਲਈ ਅਤੇ ਉੱਥੋਂ ਦੇ ਹਾਲਤਾਂ ਬਾਰੇ ਪ੍ਰਚਾਰ ਹੀ ਨਾ ਸ਼ੁਰੂ ਕਰ ਦੇਣ। ਦੂਜਾ ਵੈਨਕੂਵਰ ’ਚ ਸਮਾਜਵਾਦ ਦਾ ਪ੍ਰਚਾਰ ਚੱਲ ਰਿਹਾ ਸੀ ਤੇ ਹਾਕਮ ਕਦੇ ਨਹੀਂ ਸੀ ਚਾਹੁੰਦੇ ਕਿ ਭਾਰਤ ਇਸ ਰਾਹ ਤੁਰੇ।
ਕੈਨੇਡਾ ਅਤੇ ਅਮਰੀਕਾ ਅੰਦਰ ਹੁੰਦੇ ਸਲੂਕ ਅਤੇ ਗੋਰੇ ਹਾਕਮਾਂ ਦੀਆਂ ਨੀਤੀਆਂ ਕਰਕੇ ਭਾਰਤੀ ਲੋਕ ਸੰਗਠਿਤ ਹੋਣੇ ਸ਼ੁਰੂ ਹੋ ਗਏ। ਅਮਰੀਕਾ ’ਚ ਮਿੱਲਾਂ ਅਤੇ ਫਾਰਮਾਂ ’ਚ ਕੰਮ ਕਰਦੇ ਮਜ਼ਦੂਰਾਂ ਨੇ ਆਪਣੀਆਂ ਸੰਸਥਾਵਾਂ ਦਾ ਗਠਨ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਉਨ੍ਹਾਂ ਨੇ ‘ਯੂਨਾਈਟਿਡ ਇੰਡੀਆ ਲੀਗ’, ‘ਹਿੰਦੀ ਐਸੋਸੀਏਸ਼ਨ’ ਆਦਿ ਦਾ ਗਠਨ ਕੀਤਾ। 23 ਦਸੰਬਰ 1912 ਨੂੰ ਭਾਰਤ ਵਿੱਚ ਲਾਰਡ ਹਾਰਡਿੰਗ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਨੇ ਲਾਲਾ ਹਰਦਿਆਲ ਸਮੇਤ ਬਾਕੀ ਸਾਥੀਆਂ ਦੇ ਇਨਕਲਾਬੀ ਜੋਸ਼ ਨੂੰ ਮੁੜ ਜਾਗ੍ਰਿਤ ਕਰ ਦਿੱਤਾ ਗਿਆ। ਜਿਵੇਂ ਇਸਨੇ ਇੱਕ ਰੌਸ਼ਨੀ ਦਾ ਕੰਮ ਕੀਤਾ। 1913 ਵਿੱਚ ਹਿੰਦੀ ਐਸੋਸੀਏਸ਼ਨ ਤੋਂ ਹੀ ‘ ਹਿੰਦੀ ਐਸੋਸੀਏਸ਼ਨ ਆਫ਼ ਦ ਪੈਸਿਫ਼ਿਕ ਕੋਸਟ’ ਨਾਂ ਦੀ ਜਥੇਬੰਦੀ ਦੀ ਪੋਰਟਲੈਂਡ (ਓਰੇਗਾਨ) ਵਿੱਚ ਸਥਾਪਨਾ ਕੀਤੀ ਗਈ। ਇਸ ਦੇ ਸੰਸਥਾਪਕ ਮੈਂਬਰਾਂ ਵਿੱਚ ਸੋਹਨ ਸਿੰਘ ਭਕਨਾ, ਕੇਸਰ ਸਿੰਘ, ਲਾਲਾ ਹਰਦਿਆਲ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਬਲਵੰਤ ਸਿੰਘ, ਪੰਡਿਤ ਕਾਂਸ਼ੀ ਰਾਮ, ਹਰਨਾਮ ਸਿੰਘ ਟੁੰਡੀਲਾਟ, ਲਾਲਾ ਠੱਕਰ ਦਾਸ, ਮੁਨਸ਼ੀ ਰਾਮ, ਨਿਧਾਨ ਸਿੰਘ ਚੁੱਘਾ, ਸੰਤੋਖ ਸਿੰਘ, ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਨੇਸ਼ ਪਿੰਗਲੇ ਆਦਿ ਸਨ। 1913 ਵਿੱਚ ਹੀ ਅਮਰੀਕਾ ਸਰਕਾਰ ਨੇ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਸੁਧਰ ਰਹੀ ਮਾਲੀ ਹਾਲਤ ਤੇ ਜ਼ਮੀਨ ਦੀ ਵੱਧ ਰਹੀ ਮਾਲਕੀ ਨੂੰ ਦੇਖ ਕੇ 1ਲਇਨ ਲ਼ੳਨਦ ਲ਼ੳਾ ਬਣਾਇਆ ਤਾਂ ਕਿ ਭਾਰਤੀ ਲੋਕ ਜਾਇਦਾਦ ਬਣਾਉਣ ਤੋਂ ਵਿਰਵੇ ਰਹਿਣ।
ਪਾਰਟੀ ਦਾ ਪਹਿਲਾ ਕੰਮ ਇੱਕ ਪੱਤ੍ਰਿਕਾ ਕੱਢਣਾ ਸੀ ਤਾਂ ਕਿ ਪਾਰਟੀ ਦੇ ਕੰਮ, ਅਸੂਲਾਂ ਤੇ ਆਉਣ ਵਾਲੇ ਸਮੇਂ ’ਚ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦਿੱਤੀ ਜਾਵੇ। ਪਾਰਟੀ ਵਲੋਂ ਨਵੰਬਰ 1913 ਵਿੱਚ ਪਾਰਟੀ ਪੱਤ੍ਰਿਕਾ ‘ਗ਼ਦਰ’ ਦਾ ਆਰੰਭ ਕੀਤਾ ਗਿਆ। ਲਾਲਾ ਹਰਦਿਆਲ ਇਸ ਪੱਤ੍ਰਿਕਾ ਦੇ ਸੰਪਾਦਕ ਸਨ। ਉਨ੍ਹਾਂ ਨੇ ਭਾਰਤੀਆਂ ਨੂੰ ਜਾਗ੍ਰਿਤ ਕਰਨ ਲਈ ਇਸ ਵਿੱਚ ਬਹੁਤ ਹੀ ਜੋਰਦਾਰ ਪ੍ਰਚਾਰ ਸ਼ੁਰੂ ਕੀਤਾ। ‘ਗ਼ਦਰ’ ਦਾ ਪ੍ਰਕਾਸ਼ਨ ਤੇ ‘ਯੁਗਾਂਤਰ ਆਸ਼ਰਮ’ ਦੀ ਸਨਫ਼੍ਰਾਂਸਿਸਕੋ ’ਚ ਸਥਾਪਨਾ ਇੱਕ ਤਰ੍ਹਾਂ ਨਾਲ ਗ਼ਦਰ ਲਹਿਰ ਦੀ ਸ਼ੁਰੂਆਤ ਸੀ। ਇਹ ਪਾਰਟੀ 1857 ਦੇ ਗ਼ਦਰ ਤੋਂ ਪ੍ਰੇਰਿਤ ਸੀ। ਇਨ੍ਹਾਂ ਨੇ 57 ਦੇ ਗ਼ਦਰ ਨੂੰ ਆਪਣਾ ਮਾਰਗ ਦਰਸ਼ਕ ਤਾਂ ਬਣਾਇਆ ਹੀ, ਪਰ ਤਦ ਰਹਿ ਗਈਆਂ ਕੁਝ ਕਮੀਆਂ ਨੂੰ ਵੀ ਅੱਖੋ ਪਰੋਖੇ ਨਹੀਂ ਕੀਤਾ। ਉਨ੍ਹਾਂ ਉਸ ਗ਼ਦਰ ਦੌਰਾਨ ਰਾਸ਼ਟਰੀ ਏਕਤਾ ਦੀ ਕਮੀ ਨੂੰ ਮਹਿਸੂਸ ਕੀਤਾ ਤੇ ਆਪਣੇ ਸਿਧਾਂਤਾਂ ਵਿੱਚ ਰਾਸ਼ਟਰਵਾਦ ਦੀ ਗੱਲ ਨੂੰ ਉਭਾਰਿਆ। ਇਸ ਤੋਂ ਵੀ ਮਹੱਤਵਪੂਰਣ ਹੋਰ ਸਿਧਾਂਤ ਅਪਣਾਇਆ ਗਿਆ ਕਿ ਧਰਮ ਹਰੇਕ ਦਾ ਨਿੱਜੀ ਮਾਮਲਾ ਹੋਵੇਗਾ ਤੇ ਇਸ ’ਤੇ ਕੋਈ ਵੀ ਚਰਚਾ ਨਾ ਕਰਨ ਦੀ ਗੱਲ ਆਖੀ ਗਈ। ਇਸੇ ਤਰ੍ਹਾਂ ਹੀ ਜਾਤ-ਪਾਤ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਦਿਖਾਇਆ ਗਿਆ। ਇਹ ਵੀ ਆਖਿਆ ਗਿਆ ਕਿ ਜੋ ਇਨਸਾਨ ਜਿਸ ਦੇਸ਼ ਵਿੱਚ ਰਹਿੰਦਾ ਹੈ ਉੱਥੋਂ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਵੇ। ਹਥਿਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਬਰਤਾਨਵੀ ਗੁਲਾਮੀ ਤੋਂ ਆਜ਼ਾਦ ਕਰਾਉਣ ’ਤੇ ਖਾਸ ਜੋਰ ਦਿੱਤਾ ਗਿਆ। ਲਾਲਾ ਹਰਦਿਆਲ ਤੇ ਹੋਰਨਾਂ ਦੇ ਪ੍ਰਚਾਰ ਨੇ ਇੱਕ ਗੱਲ ਸਾਫ ਕਰ ਦਿੱਤੀ ਸੀ ਕਿ ਭਾਰਤੀਆਂ ਦੀ ਗਰੀਬੀ, ਅਪਮਾਨ ਤੇ ਬਾਕੀ ਮੁਸੀਬਤਾਂ ਦੀ ਜੜ੍ਹ ਬਰਤਾਨਵੀ ਹਕੂਮਤ ਸੀ। ਇਸ ਲਈ ਪਾਰਟੀ ਨੇ ਹਥਿਆਰਬੰਦ ਇਨਕਲਾਬ ਦੇ ਲਈ ਜੋਰ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਬਰਤਾਨੀਆ ਦੀ ਗ਼ੁਲਾਮੀ ਤੋਂ ਭਾਰਤ ਮੁਕਤ ਕਰਾਇਆ ਜਾ ਸਕੇ।
ਸੰਸਾਰ ਦੇ ਨਕਸ਼ੇ ’ਤੇ ਤੇਜ਼ ਰਫ਼ਤਾਰ ਨਾਲ ਘਟਨਾਵਾਂ ਘਟ ਰਹੀਆਂ ਸਨ ਤੇ ਗ਼ਦਰ ਪਾਰਟੀ ਦਾ ਕੰਮ ਵੀ ਆਪਣੇ ਸ਼ਿਖ਼ਰ ਵੱਲ ਵੱਧ ਰਿਹਾ ਸੀ। ਫਰਵਰੀ 1914 ਨੂੰ ਗ਼ਦਰ ਪਾਰਟੀ ਦਾ ਝੰਡਾ ਕੈਲੇਫੋਰਨੀਆ ਦੇ ਸ਼ਹਿਰ ਸਟਾਕਟਨ ਵਿੱਚ ਝੁਲਾਇਆ ਗਿਆ ਤੇ ਇੱਥੇ ਹੀ ਆਪਣੀ ਕਮਾਈ ਦੇਸ਼ ਦੇ ਲੇਖੇ ਲਾਉਣ ਦੀ ਗੱਲ ਆਖੀ ਗਈ। ਗ਼ਦਰ ਪਾਰਟੀ ਦੇ ਮੈਂਬਰਾਂ ਦੁਨੀਆ ਦੇ ਬਦਲ ਰਹੇ ਹਾਲਾਤ ਤੋਂ ਸਹਿਜੇ ਹੀ ਪਤਾ ਲੱਗ ਰਿਹਾ ਸੀ ਕਿ ਵਿਸ਼ਵ ਜੰਗ ਲੱਗਣ ਵਾਲੀ ਹੈ। ਉਹ ਇਸ ਗੱਲ ਤੋਂ ਵੀ ਸੁਚੇਤ ਸਨ ਕਿ ਜੇ ਜੰਗ ਲੱਗੀ ਤਾਂ ਬਰਤਾਨੀਆ ਦਾ ਇਸ ਵਿੱਚ ਸ਼ਾਮਿਲ ਹੋਣਾ ਲੱਗਭਗ ਯਕੀਨੀ ਹੈ।ਉਹ ਇਸ ਸਮੇਂ ਦਾ ਇੰਤਜ਼ਾਰ ਕਰਨ ਲੱਗ ਪਏ ਤਾਂ ਜੋ ਉਸ ਸਮੇਂ ਬਰਤਾਨੀਆ ਅੱਗੇ ਆਪਣੀਆਂ ਮੰਗਾਂ ਰੱਖੀਆਂ ਜਾਣ, ਕਿਉਂਕਿ ਹੁਣ ਤੱਕ ਕਾਂਗਰਸ ਨੇ ਵੀ ਜਨਤਾ ਖਾਤਰ ਕੋਈ ਬਹੁਤਾ ਸਾਰਥਿਕ ਰੋਲ ਅਦਾ ਨਹੀਂ ਸੀ ਕੀਤਾ। ਉਨ੍ਹਾ ਨੇ ਭੁੱਖ, ਅਕਾਲ ਤੇ ਮਹਾਂਮਾਰੀਆਂ ਦੀ ਰੋਕਥਾਮ ਦੀ ਸਰਕਾਰ ਨਾਲ ਗੱਲ ਨਹੀਂ ਸੀ ਕੀਤੀ ਤੇ ਨਾ ਹੀ ਕੋਈ ਕਦਮ ਚੁੱਕਿਆ ਸੀ। ਉਹ ਤਾਂ ਸਿਰਫ਼ ਹੱਕਾਂ ਦੀ ਭੀਖ ਮੰਗਦੇ ਸਨ, ਪਰ ਗਦਰ ਪਾਰਟੀ ਦਾ ਮਨੋਰਥ ਹਥਿਆਰਬੰਦ ਜੰਗ ਰਾਹੀਂ ਆਜ਼ਾਦੀ ਹਾਸਿਲ ਕਰਨਾ ਸੀ। ਇਸੇ ਉਦੇਸ਼ ਨਾਲ ਪਾਰਟੀ ਮੈਂਬਰਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਣ ਲੱਗੀ। ਅੰਗਰੇਜ਼ੀ ਹਾਕਮ ਸਮਝਦੇ ਸਨ ਕਿ ਗ਼ਦਰ ਲਹਿਰ ਦੇ ਲੋਕ ਭੋਲੇ ਤੇ ਮੂਰਖ ਹਨ। ਸਿਰਫ਼ ਲਾਲਾ ਹਰਦਿਆਲ ਹੀ ਸਿਆਣਾ ਹੈ ਤੇ ਸਭ ਕੁਝ ਚਲਾਅ ਰਿਹਾ ਹੈ। ਜੇ ਇਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਤਾਂ ਬਾਕੀ ਸਭ ਕੁਝ ਆਪਣੇ ਆਪ ਢਿੱਲਾ ਪੈ ਜਾਵੇਗਾ। ਇਸੇ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਲਾਲਾ ਜੀ ਨੂੰ 25 ਮਾਰਚ 1914 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਸਾਥੀਆਂ ਨੇ ਜਲਦੀ ਹੀ ਜਮਾਨਤ ਤੇ ਰਿਹਾ ਕਰਵਾ ਕੇ ਚੁੱਪਚਾਪ ਸਵਿੱਟਜ਼ਰਲੈਂਡ ਪਹੁੰਚਾ ਦਿੱਤਾ।
ਓਧਰ ਕੈਨੇਡਾ ਸਰਕਾਰ ਵਲੋਂ 1908 ਵਾਲਾ ਕਾਨੂੰਨ ਰੱਦ ਹੋਣ ਨਾਲ ਬਹੁਤੇ ਭਾਰਤੀ ਪ੍ਰਵਾਸ ਕਰਨ ਲਈ ਤਿਆਰ ਸਨ, ਪਰ ਕੋਈ ਵੀ ਜਹਾਜ ਉਨ੍ਹਾਂ ਨੂੰ ਲੈ ਕੇ ਜਾਣ ਨੂੰ ਤਿਆਰ ਨਾ ਹੋਇਆ। ਕੁਝ ਸਾਥੀਆਂ ਨੇ ਗੁਰਦਿੱਤ ਸਿੰਘ ਤੀਕ ਪਹੁੰਚ ਕੀਤੀ, ਜੋ ਸਿੰਗਾਪੁਰ ਤੇ ਮਲਾਇਆਾ ਵਿੱਚ ਠੇਕੇਦਾਰੀ ਕਰਦਾ ਸੀ। ਗੁਰਦਿੱਤ ਸਿੰਘ ਨੇ ਜਪਾਨ ਦੀ ਕੰਪਨੀ ਤੋਂ ਕਾਮਾਗਾਟਾਮਾਰੂ ਜਹਾਜ ਕਿਰਾਏ ’ਤੇ ਲਿਆ ਤਾਂ ਕਿ ਕਲਕੱਤਾ, ਸਿੰਗਾਪੁਰ ਤੇ ਹਾਂਗਕਾਂਗ ਦੀਆਂ ਬੰਦਰਗਾਹਾਂ ਤੋਂ ਭਾਰਤੀਆਂ ਨੂੰ ਕੈਨੇਡਾ ਪਹੁੰਚਾਇਆ ਜਾ ਸਕੇ। ਜਦ ਇਹ ਜਹਾਜ 23 ਮਈ 1914 ਨੂੰ ਵੈਨਕੂਵਰ ਪੁੱਜਾ ਤਾਂ ਕੈਨੇਡਾ ਸਰਕਾਰ ਨੇ ਮੁਸਾਫ਼ਿਰਾਂ ਨੂੰ ਬੰਦਰਗਾਹ ’ਤੇ ਉਤਰਨ ਦੀ ਇਜਾਜ਼ਤ ਨਾ ਦਿੱਤੀ ਤੇ ਮੁੜ ਭਾਰਤ ਵੱਲ ਨੂੰ ਮੋੜ ਦਿੱਤਾ। ਇੱਥੇ ਹੀ ਬਸ ਨਹੀਂ ਰਸਤੇ ਵਿੱਚ ਮੁਸਾਫ਼ਿਰਾਂ ਨੂੰ ਕਿਤਿਓਂ ਰਾਸ਼ਨ ਲੈਣ ਦੀ ਵੀ ਇਜਾਜ਼ਤ ਨਾ ਮਿਲੀ ਅਤੇ ਅੰਤ ਇਹ ਜਹਾਜ਼ ਜਦ ਕਲਕੱਤੇ ਬਜਬਜ ਘਾਟ ਲੱਗਾ ਤਾਂ ਇਸਦੇ ਮੁਸਾਫ਼ਿਰਾਂ ’ਚੋਂ 222 ਨੂੰ ਕੈਦ ਕਰ ਲਿਆ ਗਿਆ, 19 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ 62 ਨੂੰ ਰੇਲ ਗੱਡੀ ਫੜਨ ਲਈ ਰਾਜ਼ੀ ਕਰ ਲਿਆ ਗਿਆ ਤੇ 9 ਮੁਸਾਫ਼ਿਰ ਹੀ ਆਪਣੇ ਆਪ ਨੂੰ ਬਚਾ ਸਕੇ। ਇਸ ਘਟਨਾ ਨੇ ਪ੍ਰਵਾਸੀ ਭਾਰਤੀਆਂ ਨੂੰ ਰੋਹ ਨਾਲ ਭਰ ਦਿੱਤਾ ਤੇ ਉਹ ਭਾਰਤ ਵੱਲ ਪਰਤਣੇ ਸ਼ੁਰੂ ਹੋ ਗਏ। ਅਕਤੂਰ 1914 ਵਿੱਚ ਅਮਰੀਕਾ, ਕੈਨੇਡਾ, ਚੀਨ, ਫਿਲਪੀਨ, ਸਿੰਗਾਪੁਰ, ਮਲਾਇਆ, ਹਾਂਗਕਾਂਗ ਤੇ ਹੋਰ ਦੇਸ਼ਾਂ ਤੋਂ ਭਾਰਤੀ ਵਾਪਸ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਵਿੱਚ ਬੀਬੀ ਗੁਲਾਬ ਕੌਰ ਵਰਗੀਆਂ ਗ਼ਦਰੀ ਔਰਤਾਂ ਵੀ ਸ਼ਾਮਿਲ ਸਨ। ਜਿਸਨੇ ਮਨੀਲਾ ਤੋਂ ਆਉਂਦੇ ਵਕਤ ਜਹਾਜ ਅੰਦਰ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਭਾਸ਼ਣ ਦਿੱਤੇ ਅਤੇ ਇਸ ਲਹਿਰ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ।
ਗ਼ਦਰ ਪਾਰਟੀ ਦੇ ਮੈਂਬਰਾਂ ਤੇ ਵਿਦੇਸ਼ ਵੱਸਦੇ ਭਾਰਤੀਆਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਜੰਗ ਕਿਸੇ ਵੀ ਦਿਨ ਛਿੜ ਸਕਦੀ ਹੈ ਤੇ ਉਹ ਆਪਣੇ ਦੇਸ਼ ਦੀ ਆਜ਼ਾਦੀ ਦੇ ਮੰਤਵ ਲਈ ਜੋਰਦਾਰ ਪ੍ਰਚਾਰ ਕਰ ਰਹੇ ਸਨ ਤਾਂ ਕਿ ਮਾਤ ਭੂਮੀ ’ਤੇ ਜਾ ਕੇ ਆਪਣਾ ਫ਼ਰਜ਼ ਅਦਾ ਕਰ ਸਕਣ ਅਤੇ ਆਪਣੇ ਖੂਨ ਦੀ ਸਿਆਹੀ ਨਾਲ ਆਜ਼ਾਦੀ ਦਾ ਇਤਿਹਾਸ ਸਿਰਜ ਸਕਣ। ਉਹ ‘ਗ਼ਦਰ’ ਰਾਹੀਂ ਜਿੱਥੇ ਵਿਦੇਸ਼ਾਂ ਵਿੱਚ ਦਿਨ ਰਾਤ ਜਾਗ੍ਰਿਤੀ ਲਿਆਉਣ ’ਚ ਜੁਟੇ ਸਨ, ਉੱਥੇ ਉਨ੍ਹਾਂ ਨੇ ਭਾਰਤ ਅੰਦਰ ਵੀ ਆਪਣਾ ਪ੍ਰਚਾਰ ਕੀਤਾ ਤੇ ਭਾਰਤੀਆਂ ਦੇ ਨਾਂਅ ਖੁੱਲ੍ਹੀਆਂ ਚਿੱਠੀਆਂ ਲਿਖੀਆਂ, ਜਿਸ ਵਿੱਚ ਆਉਣ ਵਾਲੇ ਯੁੱਧ ਦੇ ਸੁਨੇਹੇ ਦਿੱਤੇ ਗਏ ਤੇ ਲੋਕਾਂ ਨੂੰ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਵਿਸ਼ਵ ਜੰਗ ਕਿਸੇ ਦਿਨ ਵੀ ਸ਼ੁਰੂ ਹੋ ਸਕਦੀ ਹੈ ਤੇ ਇਸ ਮੌਕੇ ਰਾਜਨੀਤਿਕ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਬਰਤਾਨੀਆ ਦਾ ਇਸ ਜੰਗ ਵਿੱਚ ਸ਼ਾਮਿਲ ਹੋਣਾ ਲੱਗਭੱਗ ਯਕੀਨੀ ਸੀ ਇਸ ਲਈ ਉਸ ਨੂੰ ਭਾਰਤੀਆਂ ਦੀ ਲੋੜ ਹੋਵੇਗੀ। ਇਸੇ ਮੌਕੇ ਹੀ ਸਾਨੂੰ ਉਸ ਅੱਗੇ ਆਪਣੀ ਪੂਰਨ ਅਜਾਦੀ ਦੀ ਮੰਗ ਰੱਖ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਸਾਡੀ ਦੋਸਤੀ ਤੇ ਸਹਿਯੋਗ ਦੀ ਲੋੜ ਹੋਵੇਗੀ ਤੇ ਸਾਨੂੰ ਇਸਦੀ ਕੀਮਤ ਪੂਰਨ ਅਜ਼ਾਦੀ ਦੇ ਰੂਪ ’ਚ ਵਸੂਲਣੀ ਚਾਹੀਦੀ ਹੈ। ਸਾਨੂੰ ਆਪਣੇ ਦੇਸ਼ ਦੇ ਲੋਕਾਂ ਤੀਕ ਆਪਣੀ ਮੰਗ ਪ੍ਰਚਾਰਨੀ ਚਾਹੀਦੀ ਹੈ।ਸਾਨੂੰ ਲੋਕਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਸਭ ਨੂੰ ਇੱਕ ਸਾਂਝੇ ਫਰੰਟ ’ਤੇ ਇਕੱਠੇ ਹੋ ਜਾਣਾ ਚਾਹੀਦਾ ਹੈ। ਸਾਂਝੇ ਤੌਰ ’ਤੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਨੀ ਚਾਹੀਦੀ ਹੈ। ਜਦ ਤੱਕ ਸਾਰੇ ਭਾਰਤੀ ਇਕੱਠੇ ਹੋ ਕੇ ਕੰਮ ਨਹੀਂ ਕਰਦੇ ਤਦ ਤੱਕ ਸਾਡੀ ਮੰਗ ਦੀ ਕੋਈ ਕੀਮਤ ਨਹੀਂ। ਸਾਨੂੰ ਇਹ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੀਦਾ ਤੇ ਸਾਡਾ ਨਾਅਰਾ ਹੋਣਾ ਚਾਹੀਦਾ ਹੈ-
ਪੂਰਨ ਅਜ਼ਾਦੀ ਜਾਂ ਅਸਹਿਯੋਗ
ਅਜ਼ਾਦੀ ਤੋਂ ਬਿਨਾਂ ਹੋਰ ਕੁਝ ਨਹੀਂ
ਅਜ਼ਾਦੀ ਨਹੀਂ ਤਾਂ ਭਾਰਤ ਚੋਂ ਸਿਪਾਹੀ ਵੀ ਨਹੀਂ
ਅਜ਼ਾਦੀ ਨਹੀਂ ਤਾਂ ਭਾਰਤ ਚੋਂ ਪੈਸਾ ਨਹੀਂ
ਅਜ਼ਾਦੀ ਜਾਂ ਵਿਰੋਧ
ਗ਼ਦਰ ਵਿੱਚ ਦੇ ਇਨ੍ਹਾਂ ਇਰਾਦਿਆਂ ਨੂੰ ਤਦ ਹੋਰ ਬਲ ਮਿਲਿਆ ਜਦ ਉਨ੍ਹਾਂ ਦੇ ਖਦਸ਼ੇ ਮੁਤਾਬਕ ਸੰਸਾਰ ਜੰਗ ਛਿੜ ਪਈ ਤੇ ਪ੍ਰਵਾਸੀ ਭਾਰਤੀ, ਜਹਾਜਾਂ ਦੇ ਜਹਾਜ ਭਰ ਕੇ ਵਤਨ ਪਰਤਣੇ ਸ਼ੁਰੂ ਹੋ ਗਏ। ਬੇਸ਼ੱਕ ਉਨ੍ਹਾਂ ਨੇ ਜੋ ਬਾਹਰ ਰਹਿੰਦਿਆਂ ਕਿਆਸ ਕੀਤਾ ਸੀ, ਉਹੋ ਜਿਹੀ ਸਥਿਤੀ ਭਾਰਤ ਅੰਦਰ ਨਹੀਂ ਸੀ ਤੇ ਨਾ ਹੀ ਲੋਕਾਂ ਅੰਦਰ ਉਹੋ ਜਿਹੀ ਜਾਗ੍ਰਿਤੀ ਆਈ ਸੀ। ਪਰ ਉਨ੍ਹਾਂ ਨੇ ਬਿਜਲੀ ਦੀ ਰਫ਼ਤਾਰ ਦੀ ਤਰ੍ਹਾਂ ਭਾਰਤ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿੰਨੇ ਗ਼ਦਰੀ ਭਾਰਤ ਅੰਦਰ ਦਾਖਿਲ ਹੋ ਸਕੇ ਉਨ੍ਹਾਂ ਨੇ ਲੋਕਾਂ ਅੰਦਰ ਪ੍ਰਚਾਰ ਦੇ ਨਾਲ ਨਾਲ ਫੌਜੀ ਛਾਉਣੀਆਂ ਅੰਦਰ ਕੰਮ ਕਰਨਾ ਸ਼ੁਰੂ ਕੀਤਾ। 1857 ਦੇ ਗ਼ਦਰ ਅੰਦਰ ਸਿੱਖ ਫੌਜਾ ਨੇ ਈਸਟ ਇੰਡੀਆ ਕੰਪਨੀ ਦਾ ਸਾਥ ਦਿੱਤਾ ਸੀ, ਪਰ ਇਸ ਵਾਰ ਇਹ ਕੌਮ ਆਪਣੇ ਲੋਕਾਂ ਦੇ ਪੱਖ ਵਿੱਚ ਖੜੀ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਅੰਗਰੇਜ਼ ਵੀ ਸਿੱਖਾਂ ਨੂੰ ਹੱਥੋਂ ਨਹੀਂ ਸੀ ਗੁਆਉਣਾ ਚਾਹੁੰਦੇ।
ਉੱਤਰੀ ਭਾਰਤ ਅੰਦਰ ਗ਼ਦਰ ਦੀ ਜੋਰਦਾਰ ਤਿਆਰੀ ਕੀਤੀ ਗਈ। ਸ਼ਚਿੰਦਰਨਾਥ ਸਾਨਿਆਲ ਦੀ ਕੋਸ਼ਿਸ਼ ਨਾਲ ਰਾਸ ਬਿਹਾਰੀ ਬੋਸ ਤੀਕ ਪਹੁੰਚ ਕੀਤੀ ਗਈ ਤੇ ਉਸਨੇ ਇਸ ਦੀ ਕਮਾਂਡ ਸਾਂਭੀ। ਵਿਸ਼ਨੂੰ ਗਣੇਸ਼ ਪਿੰਗਲੇ ਵੀ ਨਾਲ ਆ ਰਲਿਆ। ਛਾਉਣੀਆਂ ਦੇ ਵਿੱਚ ਜੋਰਦਾਰ ਪ੍ਰਚਾਰ ਕੀਤਾ ਗਿਆ। ਛਾਉਣੀਆਂ ਦੀਆਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਾ ਕਿ ਸਭ ਫੌਜਾਂ ਗ਼ਦਰ ਪੈਣ ਉਤੇ ਇਨਕਲਾਬ ਦਾ ਸਾਥ ਦੇਣਗੀਆਂ ਤੇ ਗ਼ਦਰ ਦਾ ਪਹਿਲਾ ਹਮਲਾ ਲਾਹੌਰ ਦੀ ਮੀਆਂ ਮੀਰ ਤੇ ਫਿਰੋਜ਼ਪੁਰ ਦੇ ਗੋਲੀ ਸਿੱਕਾ ਬਣਾਉਣ ਵਾਲੇ ਕਿਲੇ ਉਤੇ ਕੀਤਾ ਜਾਵੇਗਾ। ਇਹਨਾਂ ਛਾਉਣੀਆਂ ’ਤੇ ਕਾਮਯਾਬੀ ਮਿਲਣ ਤੋਂ ਬਾਅਦ ਬਾਕੀ ਛਾਉਣੀਆਂ ਉੱਠ ਖੜ੍ਹਣਗੀਆਂ। ਗ਼ਦਰ ਦੀ ਤਾਰੀਖ਼ 21 ਫਰਵਰੀ 1915 ਰੱਖੀ ਗਈ। ਇਹ ਕੰਮ ਏਨੇ ਖ਼ੁਫੀਆ ਢੰਗ ਨਾਲ ਕੀਤਾ ਗਿਆ ਸੀ ਕਿ ਅੰਗਰੇਜ਼ ਸਰਕਾਰ 15 ਫਰਵਰੀ ਤੀਕ ਵੀ ਇਸਦੀ ਗੰਧ ਤੱਕ ਨਹੀਂ ਸੀ ਆ ਸਕੀ, ਪਰ ਬਾਅਦ ਇੱਕ ਮੁਖ਼ਬਰ ਕਰਪਾਲ ਸਿੰਘ ਨੇ ਭੇਦ ਹਾਕਮ ਤੀਕ ਪਹੁੰਚਾ ਦਿੱਤਾ। ਜਦ ਪਾਰਟੀ ਨੂੰ ਇਸਦਾ ਪਤਾ ਲੱਗਿਆ ਤਾਂ ਤਾਰੀਖ 19 ਫਰਵਰੀ ਕਰ ਦਿੱਤੀ, ਪਰ ਇਸਦਾ ਵੀ ਹਕੂਮਤ ਨੂੰ ਪਤਾ ਲੱਗ ਗਿਆ।ਫੇਰ ਵੀ ਕਰਤਾਰ ਸਿੰਘ ਸਰਾਭਾ ਦੀ ਕਮਾਨ ਹੇਠ ਮਿੱਥੀ ਤਾਰੀਖ ਨੂੰ ਜਥਾ ਫਿਰੋਜ਼ਪੁਰ ਪਹੁੰਚਿਆ, ਪਰ ਉੱਥੇ ਪਹਿਲਾਂ ਹੀ ਇਸ ਗੱਲ ਦੀ ਸੂਹ ਲੱਗ ਚੁੱਕੀ ਸੀ ਤੇ ਅੰਗਰੇਜ਼ੀ ਸਰਕਾਰ ਨੇ ਫੌਜੀਆਂ ਨੂੰ ਬੇ-ਹਥਿਆਰ ਕਰ ਦਿੱਤਾ ਸੀ। ਇਸ ਤਰ੍ਹਾਂ ਯੋਜਨਾ ਸਿਰੇ ਨਾ ਚੜ੍ਹ ਸਕੀ ਤੇ ਗ਼ਦਰੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਇਸਤੋਂ ਬਾਅਦ ਲਾਹੌਰ ਸਾਜਿਸ਼ ਕੇਸ ਤਹਿਤ ਮੁਕੱਦਮੇ ਚਲਾਏ ਗਏ ਤੇ ਫਾਂਸੀ, ਉਮਰ ਕੈਦ ਤੇ ਹੋਰ ਸਜਾਵਾਂ ਦਿੱਤੀਆਂ ਗਈਆਂ। ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ 46 ਨੂੰ ਫ਼ਾਂਸੀ ਦੀ ਸਜ਼ਾ, 70 ਨੂੰ ਉਮਰ ਕੈਦ, 125 ਨੂੰ ਥੋੜ੍ਹੀਆਂ ਸਜਾਵਾਂ ਹੋਈਆਂ ਤੇ 34 ਨੂੰ ਬਰੀ ਕਰ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਇਨ੍ਹਾਂ ਗ਼ਦਰ ਕਰਨ ਆਏ ਕ੍ਰਾਂਤੀਕਾਰੀਆਂ ਦਾ ਉਤਸ਼ਾਹ ਘੱਟ ਨਹੀਂ ਸੀ ਹੋਇਆ। ਉਨ੍ਹਾਂ ਨੇ ਆਪਣੇ ਖੂਨ ਦੀ ਸਿਆਹੀ ਬਣਾ ਕੇ ਭਾਰਤ ਦੀ ਅਜ਼ਾਦੀ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ । ਉਹ ਫ਼ਾਂਸੀਆਂ ’ਤੇ ਝੂਲ ਗਏ, ਸਖ਼ਤ ਸਜ਼ਾਵਾ ਕੱਟੀਆਂ ਪਰ ਉਨ੍ਹਾਂ ਦੇ ਹੌਂਸਲੇ ਬੁਲੰਦ ਰਹੇ । ਉਹ ਆਖਦੇ –
ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ
ਸ਼ਹੀਦ ਕਾ ਜੋ ਹੈ ਲਹੂ ਵੋ ਕੌਮ ਕੀ ਸਕਾਤ ਹੈ
ਕਾਟੇ ਜੋ ਚੰਦ ਡਾਲੀਆਂ ਤੋ ਚਮਨ ਹੋ ਹਰਾ ਭਰਾ
ਕਾਟੇ ਜੋ ਚੰਦ ਗਰਦਨੇਂ ਤੋ ਕੌਮ ਕੀ ਹਯਾਤ ਹੈ….
ਗ਼ਦਰ-21 ਫਰਵਰੀ 1915
Publish Date:
Updated Date:
Share:
ਅੱਖਰ ਵੱਡੇ ਕਰੋ–+=
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
by
Tags:
Leave a Reply