ਦੋਸਤੋ ਅੱਜ (16 ਮਈ 2009)ਨੂੰ ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਭਾਵੇਂ ਸਰਕਾਰ ਕਿਸੇ ਦੀ ਵੀ ਬਣੇ ਪਰ ਆਮ ਲੋਕਾਂ ਦਾ ਹਾਲ ਕੀ ਸੀ? ਕੀ ਹੈ? ‘ਤੇ ਕੀ ਹੋਵੇਗਾ? ਇਹ ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਪਹਿਲਾਂ ਨਾਲੋਂ ਹੁਣ ਦੇਸ਼ ਦਾ ਨਾਗਰਿਕ ਸੂਝਵਾਨ ਹੋਇਆ ਹੈ, ਪਰ ਹਾਲੇ ਵੀ ਅਸੀ ਲੰਮਾ ਸਫ਼ਰ ਤੈਅ ਕਰਨਾ ਹੈ। ਸਾਡੇ ਬਹੁਤ ਹੀ ਪਿਆਰੇ ‘ਤੇ ਸਤਿਕਾਰਯੋਗ ਸ਼ਾਇਰ ਜਨਾਬ ਗੁਰਭਜਨ ਗਿੱਲ ਹੁਰਾਂ ਨੇ ਇਸ ਪੂਰੇ ਮਾਹੌਲ ਨੂੰ ਬੜੀ ਹੀ ਖੂਬਸੂਰਤੀ ਨਾਲ ਲਫ਼ਜ਼ਾਂ ਵਿੱਚ ਪਰੋ ਕੇ ਗ਼ਜ਼ਲ ਦੇ ਰੂਪ ਵਿੱਚ ਭੇਜਿਆ ਹੈ, ਜੋ ਨਾ ਸਿਰਫ ਸੋਚਣ ਲਈ ਮਜਬੂਰ ਕਰਦੀ ਹੈ ਬਲਕਿ ਸਾਨੂੰ ਸੁੱਤਿਆਂ ਨੂੰ ਜਾਗਣ ਲਈ ਵੀ ਵੰਗਾਰਦੀ ਹੈ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।
ਗ਼ਜ਼ਲ
ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।
ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ,
ਇਹ ਜਿਹੜੇ ਦਿਨ ਚੜ੍ਹੇ ਸੁੱਤੇ, ਕਦੋਂ ਏਦਾਂ ਵਿਚਾਰਨਗੇ?
ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ,
ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿੱਚ ਕਿੰਝ ਤਾਰਨਗੇ?
ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਊਰੂ ਦੰਗਲ ਦਾ,
ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ।
ਨਿਰੰਤਰ ਮੁਫ਼ਤਖੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ,
ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ।
ਇਹ ਨੌਸਰਬਾਜ਼ ਨੇ ਦਿਸਦੇ ਬਣੇ ਬੀਬੇ ਕਬੂਤਰ ਜੋ,
ਤੁਹਾਡੇ ਬੋਹਲ ਤੇ ਏਹੀ ਹਮੇਸ਼ਾਂ ਚੁੰਝ ਮਾਰਨਗੇ।
ਗੁਆਚੇ ਫਿਰ ਰਹੇ ਸਾਰੇ, ਸਿਰਾਂ ਤੇ ਕਰਜ਼ ਨੇ ਭਾਰੇ,
ਇਹ ਭਾਰੀ ਪੰਡ ਫ਼ਰਜਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।
ਗੁਰਭਜਨ ਗਿੱਲ
Leave a Reply