ਆਪਣੀ ਬੋਲੀ, ਆਪਣਾ ਮਾਣ

ਜੁਗਨੀ ਗੀਤ ਦੀ ਸੱਚੀ ਗਾਥਾ

ਅੱਖਰ ਵੱਡੇ ਕਰੋ+=
ਬ੍ਰਿਟਿਸ਼ ਹੁਕਮਰਾਨ ਦੀ ਸੋਚ ਦੇ ਮੁਤਾਬਿਕ ਭਾਵੇਂ ਕਿ ਉਨ੍ਹਾਂ ਸੰਨ 1857 ‘ਚ ਦੇਸ਼ ਭਰ ‘ਚ ਤੂਫ਼ਾਨ ਦੀ ਤਰ੍ਹਾਂ ਉੱਠੀ ਸੁਤੰਤਰਤਾ ਸੰਗਰਾਮ ਦੀ ਲਹਿਰ ਅਤੇ ਆਪਣੇ ਚਾਪਲੂਸ ਨਵਾਬਾਂ, ਰਾਜਿਆਂ, ਸਰਦਾਰਾਂ ਅਤੇ ਹਥਿਆਰਬੰਦ ਫ਼ੌਜ ਦੀ ਮਦਦ ਨਾਲ ਕਾਬੂ ਪਾ ਲਿਆ ਸੀ ਪਰ ਉਹ ਇਸ ਸੱਚ ਤੋਂ ਵਾਕਿਫ਼ ਨਹੀਂ ਸਨ ਕਿ ਸੰਨ 1857 ਦੇ ਸੁਤੰਤਰਤਾ ਸੰਗਰਾਮ ਵਿਚ ਜੋ ਦੇਸ਼ ਭਗਤ ਸ਼ਹੀਦ ਹੋਏ ਸਨ, ਉਨ੍ਹਾਂ ਦੇ ਬਲੀਦਾਨ ਨੇ ਦੇਸ਼ ਵਿਚ ਅਗਾਂਹ ਅਨੇਕਾਂ ਆਜ਼ਾਦੀ ਦੇ ਪਰਵਾਨੇ ਪੈਦਾ ਕਰ ਦਿੱਤੇ ਸਨ ਜੋ ਵਤਨ ਦੀ ਆਨ ਅਤੇ ਸ਼ਾਨ ਉੱਤੇ ਮਰ-ਮਿਟਣ ਲਈ ਤਿਆਰ ਖੜ੍ਹੇ ਸਨ।
Punjabi Jugni | Toombi | Gramophone
Punjabi Jugni | Toombi | Gramophone
ਪੰਜਾਬੀ ਜੁਗਨੀ । ਤੂੰਬੀ । ਗ੍ਰਾਮੋਫੋਨ

ਸੰਨ 1857 ਦੇ ਗ਼ਦਰ ਤੋਂ ਲੈ ਕੇ ਸੰਨ 1897 ਤੱਕ ਕੂਕਾ ਲਹਿਰ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਕੋਈ ਹੋਰ ਵਿਸ਼ੇਸ਼ ਮੁਹਿੰਮ ਸ਼ੁਰੂ ਨਹੀਂ ਹੋਈ। ਐਨੇ ਵਰ੍ਹੇ ਤੱਕ ਕਰੀਬ-ਕਰੀਬ ਸਾਰਾ ਪੰਜਾਬ ਸ਼ਾਂਤ ਰਿਹਾ, ਬਿਲਕੁਲ ਸ਼ਾਂਤ, ਇਕ ਠਹਿਰੀ ਹੋਈ ਝੀਲ ਦੀ ਤਰ੍ਹਾਂ। ਪਰ ਪੰਜਾਬ ਦੀ ਆਬੋ-ਹਵਾ ਵਿਚ ਫੈਲੀ ਇਹ ਸ਼ਾਂਤੀ ਸਥਾਈ ਨਹੀਂ ਸੀ ਸਗੋਂ ਇਹ ਤਾਂ ਇਕ ਸੂਚਕ ਸੀ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਦੇਸ਼ ਵਾਸੀਆਂ ਦੀ ਨਫ਼ਰਤ ਦੇ ਉਠਣ ਵਾਲੇ ਕਿਸੇ ਭਿਅੰਕਰ ਤੂਫ਼ਾਨ ਦੀ। ਜੇਕਰ ਇਹ ਕਿਹਾ ਜਾਵੇ ਕਿ ਇਹ ਕਿਸੇ ਤੂਫ਼ਾਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਾਹੌਲ ਵਿਚ ਪੈਦਾ ਹੋਣ ਵਾਲੀ ਸ਼ਾਂਤੀ ਸੀ ਤਾਂ ਕੁਝ ਗ਼ਲਤ ਨਹੀਂ ਹੋਵੇਗਾ।

 
ਸੰਨ 1897 ਵਿਚ ਮਹਾਰਾਣੀ ਵਿਕਟੋਰੀਆ ਨੇ ਆਪਣੇ ਸ਼ਾਸਨ ਦੇ ਪੰਜਾਹ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਜੋਂ ਦੇਸ਼ ਭਰ ਵਿਚ ‘ਗੋਲਡਨ ਜੁਬਲੀ’ ਸਮਾਰੋਹ ਕਰਾਉਣ ਦੀ ਘੋਸ਼ਣਾ ਕਰ ਦਿੱਤੀ। ਇਹ ਆਪਣੇ-ਆਪ ਵਿਚ ਬ੍ਰਿਟਿਸ਼ ਹਕੂਮਤ ਦੀ ਗ਼ੁਲਾਮੀ ਅਤੇ ਜ਼ੁਲਮ ਸਹਿ ਰਹੇ ਅਤੇ ਪੂਰੇ 40 ਵਰ੍ਹੇ ਪਹਿਲਾਂ ਸੰਨ 1857 ਦੇ ਗ਼ਦਰ ਦਾ ਸੰਤਾਪ ਭੋਗ ਚੁੱਕੇ ਹਿੰਦੁਸਤਾਨੀਆਂ ਨੂੰ ਉਨ੍ਹਾਂ ਦੀ ਟੀਸ ਦਾ ਅਹਿਸਾਸ ਦਿਵਾਉਣ ਦੇ ਬਰਾਬਰ ਸੀ। ਖ਼ੈਰ, ਮਹਾਰਾਣੀ ਵਿਕਟੋਰੀਆ ਨੇ ਸੰਨ 1897 ਦਾ ਪੂਰਾ ਵਰ੍ਹਾ ਜਸ਼ਨ-ਸਮਾਰੋਹ ਕਰਾਉਣ ਦੇ ਨਾਲ-ਨਾਲ ਇਹ ਜਸ਼ਨ ਵਿਸ਼ੇਸ਼ ਤੌਰ ਉੱਤੇ ਭਾਰਤ ਦੇ ਉਨ੍ਹਾਂ ਸ਼ਹਿਰਾਂ ਵਿਚ ਕਰਾਉਣ ਦਾ ਹੁਕਮ ਜਾਰੀ ਕੀਤਾ, ਜਿੱਥੇ-ਜਿੱਥੇ ਵੀ ਸੰਨ 1857 ਵਿਚ ਹਿੰਦੁਸਤਾਨੀਆਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਬਗ਼ਾਵਤ ਕਰਨ ਦੀ ਹਿੰਮਤ ਕੀਤੀ ਸੀ। ਜ਼ਿਲ੍ਹਾ ਪੱਧਰੀ ‘ਗੋਲਡਨ ਜੁਬਲੀ’ ਸਮਾਰੋਹ ਜਸ਼ਨ ਕਰਾਉਣ ਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਕਿ ਇਨ੍ਹਾਂ ਸਮਾਗਮਾਂ ਉੱਤੇ ਆਉਣ ਵਾਲਾ ਖ਼ਰਚ ਜਨਤਾ ਤੋਂ ਟੈਕਸ ਦੇ ਰੂਪ ਵਿਚ ਵਸੂਲਿਆ ਜਾਵੇਗਾ।

ਅੰਗਰੇਜ਼ਾਂ ਦੀਆਂ ਅਜਿਹੀਆਂ ਦਮਨਕਾਰੀ ਅਤੇ ਘਟੀਆ ਹਰਕਤਾਂ ਤੋਂ ਤੰਗ ਆ ਕੇ ਜਿੱਥੇ ਬਹੁਤ ਸਾਰੇ ਦੇਸ਼-ਭਗਤ ਸਿਰ ਉੱਤੇ ਕਫ਼ਨ ਬੰਨ੍ਹ ਕੇ ਬਰਤਾਨਵੀ ਹਕੂਮਤ ਦੀ ਸੱਤਾ ਪਲਟਣ ਅਤੇ ਉਨ੍ਹਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਘਰਾਂ ਵਿਚੋਂ ਨਿਕਲ ਆਏ, ਉਥੇ ਹੀ ਕੁਝ ਨੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਦੇਸ਼-ਪ੍ਰੇਮ ਦਾ ਜਜ਼ਬਾ ਉਜਾਗਰ ਕਰਨ ਲਈ ਕਵਿਤਾਵਾਂ ਅਤੇ ਜੋਸ਼ ਭਰੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਮਹਿਫ਼ਲਾਂ ਅਤੇ ਲੋਕਾਂ ਦੇ ਇਕੱਠ ਵਿਚ ਜੋਸ਼ ਨਾਲ ਸੁਣਾਇਆ ਜਾਂਦਾ। ਉਸੇ ਦੌਰਾਨ ਕੁਝ ਦੇਸ਼-ਭਗਤ ਮੁਨਾਦੀ ਕਰਕੇ ਵੀ ਸਰੋਤਿਆਂ ਵਿਚ ਦੇਸ਼-ਭਗਤੀ ਦੀ ਭਾਵਨਾ ਪ੍ਰਚੰਡ ਕਰ ਰਹੇ ਸਨ।
 

ਮਹਾਰਾਣੀ ਵਿਕਟੋਰੀਆ ਦੇ ਉਸੇ ਗੋਲਡਨ ਜੁਬਲੀ  ਜਸ਼ਨਾਂ ਦੇ ਚੱਲਦਿਆਂ ਇਕ ਛੰਦਰੂਪੀ ਗੀਤ ‘ਜੁਗਨੀ’ ਦਾ ਜਨਮ ਹੋਇਆ। ਹਾਲਾਂਕਿ ਕਰੀਬ ਸਾਰੇ ਹੀ ਸਾਹਿਤਕਾਰਾਂ ਨੇ ‘ਗੋਲਡਨ ਜੁਬਲੀ’ ਸਮਾਰੋਹ ਦਾ ਵਰ੍ਹਾ ਸੰਨ 1906 ਲਿਖਿਆ ਹੈ, ਜੋ ਕਿ ਠੀਕ ਨਹੀਂ ਹੈ। ਕਿਉਂਕਿ ਗੋਲਡਨ ਜੁਬਲੀ ਸਮਾਰੋਹ ਦਾ ਵਰ੍ਹਾ ਸੰਨ 1897 ਇਕ ਇਤਿਹਾਸਕ ਤੱਥ ਹੈ, ਇਸ ਲਈ ਇਸ ਵਿਚ ਕਿਸੇ ਤਰ੍ਹਾਂ ਦੇ ਵੀ ਕਿੰਤੂ-ਪ੍ਰੰਤੂ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਹ ਵੀ ਯਾਦ ਰੱਖਣ ਯੋਗ ਤੱਥ ਹੈ ਕਿ 22 ਜੂਨ 1901 ਨੂੰ ਮਹਾਰਾਣੀ ਵਿਕਟੋਰੀਆ ਦਾ ਉਸਬਰਨ ਹਾਲ ਵਿਚ ਦਿਹਾਂਤ ਹੋ ਗਿਆ ਸੀ। ਖ਼ੈਰ, ਲੋਕ-ਗੀਤ ‘ਜੁਗਨੀ’ ਪਿਛਲੀ ਪੂਰੀ ਇਕ ਸਦੀ ਤੋਂ ਪੁਰਾਣੇ ਸਾਂਝੇ ਪੰਜਾਬ ਦਾ ਪ੍ਰਸਿੱਧ ਲੋਕ-ਗੀਤ ਬਣ ਕੇ ਕਈ ਗਾਇਕਾਂ ਜਿਵੇਂ ਕਿ ਆਸਾ ਸਿੰਘ ਮਸਤਾਨਾ, ਆਲਮ ਲੋਹਾਰ, ਕੁਲਦੀਪ ਮਾਣਕ, ਗੁਰਦਾਸ ਮਾਨ, ਗੁਰਮੀਤ ਬਾਵਾ, ਆਲਮਗੀਰ, ਹਰਭਜਨ ਮਾਨ, ਆਰਿਫ਼ ਲੋਹਾਰ, ਰੱਬੀ ਸ਼ੇਰਗਿੱਲ ਅਤੇ ਹੋਰਨਾਂ ਨੂੰ ਇਕ ਅਲੱਗ ਪਹਿਚਾਣ ਦੇ ਚੁੱਕਿਆ ਹੈ। ਪਰ ਇਸ ਦੇਸ਼-ਭਗਤੀ ਅਤੇ ਉਸ ਸਮੇਂ ਦੇ ਲੋਕਾਂ ਦੀ ਮਾਨਸਿਕ ਸੋਚ ਨੂੰ ਜ਼ਾਹਿਰ ਕਰਨ ਵਾਲੇ ਗੀਤ ਦੇ ਰਚਣਹਾਰਿਆਂ ਦੇ ਸਬੰਧ ਵਿਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
 
‘ਜੁਗਨੀ’ ਦੇ ਰਚਣਹਾਰੇ ਸਨ – ਮੁਹੰਮਦ ਮਾਂਦਾ ਅਤੇ ਬਿਸ਼ਨਾ ਜੱਟ। ਮੁਹੰਮਦ ਮਾਂਦਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹੁਸੈਨਪੁਰ (ਹੁਣ ਇਹ ਪਿੰਡ ਜ਼ਿਲ੍ਹਾ ਤਰਨਤਾਰਨ ਵਿਚ ਹੈ), ਥਾਣਾ ਵੈਰੋਵਾਲ ਦਾ ਨਿਵਾਸੀ ਸੀ, ਜਦੋਂ ਕਿ ਬਿਸ਼ਨਾ ਜੱਟ ਮਾਝੇ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਸੀ, ਉਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਅਸਲ ਵਿਚ ‘ਜੁਗਨੀ’ ਦਾ ਅਰਥ ਹੁੰਦਾ ਹੈ ‘ਕੰਠਭੁਖ਼ਨ’, ਜੋ ਰੇਸ਼ਮ ਦੀ ਡੋਰੀ ਨਾਲ ਬੰਨ੍ਹਿਆ ਹੁੰਦਾ ਹੈ ਅਤੇ ਛਾਤੀ ‘ਤੇ ਲਟਕਦਾ ਰਹਿੰਦਾ ਹੈ। ਪਿਛਲੇ ਸਮਿਆਂ ਵਿਚ ਇਸ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਸੀ।  ਪ੍ਰੰਤੂ ਬਹੁਤ ਸਾਰੇ ਸਾਹਿਤਕਾਰਾਂ ਦਾ ਮੰਨਣਾ ਹੈ ਕਿ ਉਪਰੋਕਤ ਲੋਕ-ਗੀਤ ਵਿਚ ‘ਜੁਗਨੀ’ ਇਕ ਮਹਿਲਾ ਪਾਤਰ ਦਾ ਨਾਂਅ ਹੈ, ਜਦੋਂ ਕਿ ਕੁਝ ਕੁ ਦਾ ਮੰਨਣਾ ਹੈ ਕਿ ‘ਜੁਗਨੀ’ ਅਸਲ ਵਿਚ ‘ਜੁਬਲੀ’ ਸ਼ਬਦ ਦਾ ਹੀ ਵਿਗਾੜਿਆ ਗਿਆ ਰੂਪ ਹੈ। ਮਾਂਦਾ ਅਤੇ ਬਿਸ਼ਨਾ ਪੜ੍ਹੇ-ਲਿਖੇ ਨਾ ਹੋਣ ਕਰਕੇ ਜੁਬਲੀ ਨੂੰ ਜੁਗਨੀ ਕਹਿ ਕੇ ਸੰਬੋਧਿਤ ਕਰਦੇ ਸਨ। ਕੁਝ ਇਕ ਸਾਹਿਤਕਾਰਾਂ ਨੇ ‘ਜੁਗਨੀ’ ਸ਼ਬਦ ਨੂੰ ਯੋਗਿਨੀ (ਯੋਗ ਧਾਰਨ ਕਰਨ ਵਾਲੀ) ਦਾ ਰੂਪਾਂਤਰ ਵੀ ਦੱਸਿਆ ਹੈ।

ਮੰਨਿਆਂ ਜਾਂਦਾ ਹੈ ਕਿ ਮੁਹੰਮਦ ਮਾਂਦਾ ਅਤੇ ਬਿਸ਼ਨਾ ਜੱਟ ਜਿਸ ਵੀ ਇਲਾਕੇ ‘ਚ ‘ਗੋਲਡਨ ਜੁਬਲੀ’ ਸਮਾਰੋਹ ਚਲ ਰਹੇ ਹੁੰਦੇ, ਉਥੇ ਪਹੁੰਚ ਜਾਂਦੇ ਅਤੇ ਗੀਤ ਵਿਚ ਉਸੇ ਇਲਾਕੇ ਦਾ ਨਾਂਅ ਜੋੜ ਲੈਂਦੇ।
 

ਜੁਗਨੀ ਜਾ ਵੜੀ ਲੁਧਿਆਣੇ
ਉਹਨੂੰ ਪੈ ਗਏ ਅੰਨ੍ਹੇ ਕਾਣੇ
ਮਾਰਨ ਮੁੱਕੀਆਂ ਮੰਗਣ ਦਾਣੇ
ਪੀਰ ਮੇਰਿਆ ਓਏ ਜੁਗਨੀ ਕਹਿੰਦੀ ਆ
ਜਿਹੜੀ ਨਾਮ ਸਾਈਂ ਦਾ ਲੈਂਦੀ ਆ।
ਜੁਗਨੀ ਜਾ ਵੜੀ ਜਲੰਧਰ
ਟੱਪਣ ਗੋਰੇ ਵਾਂਗ ਕਲੰਦਰ
ਲੋਕੀ ਵੜ ਗਏ ਆਪਣੇ ਅੰਦਰ
ਪੀਰ ਮੇਰਿਆ ਓਏ ਜੁਗਨੀ ਕਹਿੰਦੀ ਆ
ਤੇ ਨਾਮ ਹਰੀ ਦਾ ਲੈਂਦੀ ਆ।
ਜੁਗਨੀ ਜਾ ਵੜੀ ਮਜੀਠੇ
ਕੋਈ ਰੰਨ ਨਾ ਚੱਕੀ ਪੀਠੇ
ਪੁੱਤ ਗੱਭਰੂ ਮੁਲਕ ਵਿਚ ਮਾਰੇ
ਰੋਵਣ ਅੱਖੀਆਂ ਪਰ ਬੁੱਲ੍ਹ ਸੀਤੇ
ਪੀਰ ਮੇਰਿਆ ਓਏ ਜੁਗਨੀ ਕਹਿੰਦੀ ਆ
ਇਨ੍ਹਾਂ ਕਿਹੜੀ ਜੋਤ ਜਗਾਈ ਆ….

ਉਪਰੋਕਤ ਗੀਤ ਵਿਚ ਇਸਤੇਮਾਲ ਕੀਤੇ ਗਏ ਛੰਦ ਆਸਾਨ ਅਤੇ ਆਮ ਬੋਲਚਾਲ ਦੀ ਭਾਸ਼ਾ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਹੋਣ ਕਰਕੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਅਤੇ ਜਲਦੀ ਉਨ੍ਹਾਂ ਦੀ ਜ਼ਬਾਨ ਉੱਤੇ ਵੀ ਚੜ੍ਹ ਜਾਂਦੇ ਸਨ। ਦੱਸਿਆ ਜਾਂਦਾ ਹੈ ਕਿ ਇੰਜ ਹੀ ਇਕ ਦਿਨ ਜਦੋਂ ਗੁਜ਼ਰਾਂਵਾਲਾ ਵਿਚ ‘ਗੋਲਡਨ ਜੁਬਲੀ’ ਸਮਾਰੋਹ ਚਲ ਰਹੇ ਸਨ ਤਾਂ ਉਪਰੋਕਤ ਦੋਵੇਂ ਫ਼ਨਕਾਰ ਵੀ ਉਥੇ ਪਹੁੰਚ ਗਏ। ਗੁਜ਼ਰਾਂਵਾਲਾ ਦੇ ਡਿਪਟੀ ਕਮਿਸ਼ਨਰ ਦੇ ਮੁਖ਼ਬਰਾਂ ਨੇ ਇਹ ਖ਼ਬਰ ਜਾ ਉਸ ਨੂੰ ਸੁਣਾਈ। ਉਸ ਨੇ ਤੁਰੰਤ ਸਿਪਾਹੀ ਭੇਜ ਕੇ ਮਾਂਦੇ ਅਤੇ ਬਿਸ਼ਨੇ ਨੂੰ ਗ੍ਰਿਫ਼ਤਾਰ ਕਰਾ ਲਿਆ। ਥਾਣੇ ਵਿਚ ਉਨ੍ਹਾਂ ਦੋਵਾਂ ਨੂੰ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਜਿਨ੍ਹਾਂ ਨੂੰ ਨਾ ਸਹਾਰਦਿਆਂ ਉਨ੍ਹਾਂ ਦੋਵਾਂ ਉਥੇ ਹੀ ਦਮ ਤੋੜ ਦਿੱਤਾ। ਦੱਸਦੇ ਹਨ ਕਿ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਨੂੰ ਉਥੇ ਆਸ-ਪਾਸ ਹੀ ਕਿਸੇ ਗੁਪਤ ਸਥਾਨ ‘ਤੇ ਦਫ਼ਨਾ ਦਿੱਤਾ ਗਿਆ। ਭਾਵੇਂ ਕਿ ਇਸ ਸਭ ਨੂੰ ਬੀਤਿਆਂ ਪੂਰੀ ਇਕ ਸਦੀ ਬੀਤ ਚੁੱਕੀ ਹੈ ਅਤੇ ਦੇਸ਼ ਨੂੰ ਆਜ਼ਾਦ ਹੋਇਆਂ ਵੀ 60 ਵਰ੍ਹਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ, ਪਰ ਇਸ ਗੀਤ ਦੀ ਪ੍ਰਸਿੱਧੀ ਵਿਚ ਕੋਈ ਅੰਤਰ ਨਹੀਂ ਆਇਆ ਹੈ। ਸੱਭਿਆਚਾਰਕ ਅਖ਼ਾੜਾ ਜਾਂ ਸਟੇਜ ਭਾਵੇਂ ਪੂਰਬੀ ਪੰਜਾਬ ਦੀ ਹੋਵੇ ਜਾਂ ਪੱਛਮੀ ਪੰਜਾਬ ਦੀ, ਇਹ ਲੋਕ-ਗੀਤ ‘ਜੁਗਨੀ’ ਪੂਰੀ ਸ਼ਾਨ ਸਹਿਤ ਉਸ ਵਿਚ ਆਪਣੀ ਦਸਤਕ ਦੇਣਾ ਕਦੇ ਨਹੀਂ ਭੁੱਲਦਾ ਅਤੇ ਪੰਜਾਬ ਦੇ ਸੱਭਿਆਚਾਰ ਦੀ ਪਹਿਚਾਣ ਬਣ ਚੁੱਕੇ ਇਸ ਲੋਕ-ਗੀਤ ਦੇ ਬਿਨਾਂ ਹਰ ਮਹਿਫ਼ਲ ਕੁਝ ਅਧੂਰੀ ਜਾਪਦੀ ਹੈ।

-ਸੁਰਿੰਦਰ ਕੋਛੜ
(ਰੋਜ਼ਾਨਾ ਅਜੀਤ ਤੋਂ ਧੰਨਵਾਦ ਸਹਿਤ)

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

, ,

Tags:

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com