ਪੰਜਾਬੀ ਪਿਆਰਿਓ! ਕਾਵਿ-ਸੰਵਾਦ ਆਪਣੇ ਛੇਵੇਂ (ਜੂਨ-ਜੁਲਾਈ) ਅੰਕ ਨਾਲ ਇਕ ਨਵੇਂ ਮੋੜ ਤੇ ਪਹੁੰਚ ਗਿਆ ਹੈ। ਇਸ ਵਾਰ ਦੀ ਖ਼ਾਸਿਅਤ ਇਹ ਹੈ ਕਿ ਕਾਵਿ-ਸੰਵਾਦ ਦੇ ਇਸ ਅੰਕ ਵਿਚ ਸ਼ਾਮਿਲ ਹੋਏ ਜਿਆਦਾਤਰ ਸਾਥੀ ਇੰਟਰਨੈੱਟ ਅਤੇ ਕੰਪਿਊਟਰ ਨਾਲ ਹਾਲੇ ਕੋਈ ਵਾਹ-ਵਾਸਤਾ ਨਹੀਂ ਰੱਖਦੇ। ਸਾਡੀ ਸੁਹਿਰਦ ਸਾਥੀ ਅਤੇ ਕਵਿੱਤਰੀ ਇੰਦਰਜੀਤ ਨੰਦਨ ਦੇ ਉਤਸ਼ਾਹਤ ਕਰਨ ਤੇ ਇਨ੍ਹਾਂ ਚਰਚਿਤ ਕਵੀਆਂ ਨੇ ਲਫ਼ਜ਼ਾਂ ਦਾ ਪੁਲ ਦੇ ਇਸ ਉਪਰਾਲੇ ਵਿਚ ਯੋਗਦਾਨ ਦੇਣ ਦਾ ਫੈਸਲਾ ਕੀਤਾ। ਜੇ ਇੰਝ ਕਹੀਏ ਕਿ ਨੰਦਨ ਦੇ ਸਹਿਯੌਗ ਬਿਨ੍ਹਾਂ ਇਹ ਅੰਕ ਸੰਭਵ ਹੀ ਨਹੀਂ ਸੀ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਅਸੀ ਇਹ ਅੰਕ ਬਹੁਤ ਦੇਰ ਨਾਲ(ਦੋ ਮਹੀਨਿਆਂ ਦਾ ਸਾਂਝਾ)ਕੱਢ ਰਹੇ ਹਾਂ, ਪਰ ਸਾਨੂੰ ਖੁਸ਼ੀ ਹੈ ਕਿ ਇੰਰਦਜੀਤ ਨੰਦਨ ਵਰਗੀ ਕਵਿੱਤਰੀ ਸਾਨੂੰ ਬਤੌਰ ਸੰਪਾਦਕ ਵੀ ਮਿਲੀ ਅਤੇ ਉਹ ਕਵੀ ਜਿਹੜੇ ਆਪਣੀਆਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਰਾਹੀ ਆਪਣੇ ਪਾਠਕਾਂ ਨਾਲ ਜੁੜੇ ਹਨ, ਉਨ੍ਹਾਂ ਨੇ ਵੀ ਪੰਜਾਬੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਲਫ਼ਜ਼ਾਂ ਦਾ ਪੁਲ ਦੇ ਥੰਮ੍ਹ ਬਣਨ ਦਾ ਫੈਸਲਾ ਕੀਤਾ ਹੈ। ਇਹ ਲਫ਼ਜ਼ਾਂ ਦਾ ਪੁਲ ਦੇ ਮਕਸਦ ਨੂੰ ਪੂਰਾ ਕਰਦਾ ਹੋਇਆ ਇਕ ਹੋਰ ਮੀਲ ਪੱਥਰ ਹੈ। ਅਸੀ ਸਮੂਹ ਕਲਮਕਾਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਇਸ ਲੜੀ ਨੂੰ ਤੋਰੀ ਰੱਖਿਆਂ ਹੈ ਤੇ ਪਾਠਕਾਂ ਦੇ ਵੀ ਰਿਣੀ ਹਾਂ, ਜਿਨ੍ਹਾਂ ਨੇ ਹਮੇਸ਼ਾ ਆਪਣੇ ਵਿਚਾਰਾਂ ਅਤੇ ਹੁੰਗਾਰਿਆਂ ਨਾਲ ਸਾਡਾ ਰਾਹ ਰੁਸ਼ਨਾਇਆ ਹੈ। ਭਵਿੱਖ ਵਿੱਚ ਵੀ ਇਸ ਦੀ ਆਸ ਰਹੇਗੀ। ਇਸ ਦੇ ਨਾਲ ਹੀ ਅਸੀ ਹੋਰ ਸਾਥੀਆਂ ਨੂੰ ਕਾਵਿ-ਸੰਵਾਦ ਦੇ ਅਗਲੇ ਅੰਕ ਸੰਪਾਦਿਤ ਕਰਨ ਦਾ ਮੌਕਾ ਦੇਣ ਦਾ ਐਲਾਨ ਕਰਦੇ ਹਾਂ। ਜਿਹੜੇ ਸਾਥੀ ਅਗਲੇ ਅੰਕ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋਣ ਉਹ ਛੇਤੀ ਤੋਂ ਛੇਤੀ ਸਾਡੇ ਨਾਲ ਸੰਪਰਕ ਕਰਨ। ਤੁਹਾਡੀਆਂ ਟਿੱਪਣੀਆਂ ਦੀ ਉਡੀਕ ਰਹੇਗੀ
ਅੰਕ-ਛੇਵਾਂ(ਜੂਨ-ਜੁਲਾਈ)
ਵਿਸ਼ਾ-ਬਚਪਨ
ਵਿਸ਼ਾ ਭੇਜਿਆ-ਰਾਜੇਸ਼ ਕੁਮਾਰ
ਸੰਪਾਦਕ-ਇੰਦਰਜੀਤ ਨੰਦਨ
ਬਚਪਨ ਦੇ ਕਵੀ
ਸਵਰਨਜੀਤ ਕੌਰ ਗਰੇਵਾਲ|ਇੰਦਰਜੀਤ ਨੰਦਨ|ਸਿਮਰਤ ਗਗਨ|ਹਰਪਿੰਦਰ ਰਾਣਾ|ਗਗਨਦੀਪ ਸਿੰਘ|ਸਿਮਰਤ ਸਮੈਰਾ|ਨੀਲੂ ਹਰਸ਼|ਧਰਮਪਾਲ ਸਾਹਿਲ|ਸਤੀਸ਼ ਬੇਦਾਗ਼|ਅਨਿਲ ਆਦਮ|ਤਜਿੰਦਰ ਬਾਵਾ|ਸਰੋਦ ਸੁਦੀਪ|ਅਰਤਿੰਦਰ ਸੰਧੂ|ਐਚ. ਐਸ. ਡਿੰਪਲ|
—————
ਬਚਪਨ
—————
ਸਵਰਨਜੀਤ ਕੌਰ ਗਰੇਵਾਲ
ਯਾਦਾਂ ਦਾ ਸਰਮਾਇਆ ਬਚਪਨ ।
ਬਿਨ ਨਸ਼ਿਓਂ ਨਸ਼ਿਆਇਆ ਬਚਪਨ ।
ਨਾ ਕੋਈ ਵੈਰੀ ਨਹੀਂ ਬੇਗਾਨਾ,
ਸਭਨਾਂ ਦਾ ਹਮਸਾਇਆ ਬਚਪਨ ।
ਮਾਪੇ ਨਹੀਂ ਕਟੁੰਬ ਵੀ ਸਾਰਾ,
ਉਂਗਲਾਂ ਉੱਤੇ ਨਚਾਇਆ ਬਚਪਨ ।
ਚੰਚਲ, ਸ਼ੋਖੀ, ਬੇਪ੍ਰਵਾਹੀ,
ਨਿਰਛਲ, ਸਭ ਨੂੰ ਭਾਇਆ ਬਚਪਨ ।
ਚਿੰਤਾ, ਫ਼ਿਕਰ ਨਾ ਕੋਹਾਂ ਤਾਈਂ,
ਬਾਦਸ਼ਾਹ ਅਖਵਾਇਆ ਬਚਪਨ ।
ਪਲ ਭਰ ਹੰਝੂ ਛਲਕੇ ਵੀ ਤਾਂ,
ਅਗਲੇ ਪਲ ਮੁਸਕਾਇਆ ਬਚਪਨ ।
ਮੱਥੇ ਮੇਰੇ ਸੋਚ ਸਹਿਕਦੀ,
ਮੈਂਥੇ ਕਿਉਂ ਨਾ ਆਇਆ ਬਚਪਨ ?
ਕਵੀ ਸੂਚੀ ‘ਤੇ ਜਾਓ
————————–
ਬਚਪਨ ਦੇ ਰੰਗ
————————–
ਇੰਦਰਜੀਤ ਨੰਦਨ
ਬੱਚੇ ਹੁਣ
ਮਾਸੂਮ ਨਹੀਂ ਰਹੇ
ਉਹ ਕੰਪਿਊਟਰ ਦੀ ਭਾਸ਼ਾ ਬੋਲਦੇ
ਉਮਰੋਂ ਪਹਿਲਾਂ
ਵੱਡੇ ਹੋ ਗਏ
*
ਮੈਂ ਆਪਣੇ
ਮਾਂ ਬਾਪ ਦੀਆਂ
ਕਈ ਗੱਲਾਂ ‘ਚੋਂ
ਭੋਲਾਪਨ ਦੇਖ ਕੇ
ਉਨ੍ਹਾਂ ਦੇ ਬਚਪਨ ਬਾਰੇ
ਸੋਚਣ ਲੱਗ ਜਾਂਦੀ ਹਾਂ
*
ਕਈ ਥਾਂ ਬਚਪਨ
ਢੇਰਾਂ ‘ਤੇ ਰੁਲਦਾ
ਤੁੰਦੂਰਾਂ ਚ ਭਖਦਾ
ਕਾਰਖਾਨਿਆਂ ਚ ਪਿਘਲਦਾ
ਕੀ ਅਸੀਂ ਕਦੇ ਵੀ
ਨਹੀਂ ਦੇ ਸਕਾਂਗੇ
ਉਨ੍ਹਾਂ ਦੀਆਂ ਅੱਖਾਂ ਨੂੰ
ਸੁਨਹਿਰੇ ਮਾਸੂਮ ਸੁਪਨੇ?
*
ਨਿੱਕੀਆਂ ਨਿੱਕੀਆਂ ਮੰਗਾਂ
ਨਿੱਕੇ ਨਿੱਕੇ ਹਾਸੇ
ਨਿੱਕੀਆਂ ਨਿੱਕੀਆਂ ਖੁ਼ਸ਼ੀਆਂ
ਨਿੱਕੇ ਨਿੱਕੇ ਦਿਲਾਸੇ
ਤੁਰਦੇ ਤੁਰਦੇ ਜੇ ਡਿੱਗ ਪੈਣਾ
ਤਾਂ ਕੀੜੀ ਦਾ ਸਾਰਾ
ਆਟਾ ਹੀ ਡੁੱਲ੍ਹ ਜਾਣਾ
ਅੱਖਾਂ ‘ਚੋਂ ਵਗਦੇ ਹੰਝੂਆਂ ਨੂੰ ਰੋਕ ਕੇ
ਕੀੜੀ ਨੂੰ ਲੱਭਣਾ
ਤੇ ਫਿਰ ਤੁਰ ਪੈਣਾ
ਸਾਰਾ ਕੁਝ ਜਿਵੇਂ
ਕੀੜੀ ਨਾਲ ਹੀ ਜੁੜਿਆ
ਬਚਪਨ ਉਹ ਸਾਡਾ
ਫਿਰ ਕਦੇ ਨਾ ਮੁੜਿਆ
ਕਵੀ ਸੂਚੀ ‘ਤੇ ਜਾਓ
——————–
ਮਿੱਟੀ ਦਾ ਬਾਵਾ
——————–
ਸਿਮਰਤ ਗਗਨ
…ਮਹਾਂਨਗਰ
ਹਰ ਕੋਈ ਮੁਸਾਫ਼ਿਰ
ਹੋਟਲ ਦੇ ਕੋਲੋਂ
ਲੰਘਦੀ ਮੈਟਰੋ
ਉਹ ਆਪਣੇ ਤੋਂ ਵੱਡੇ
ਪਤੀਲਿਆਂ ਨੂੰ ਵੇਖਦਾ
ਤਿਊੜੀ ਖੁਰਚਦਾ
ਜੂਠੇ ਭਾਂਡਿਆਂ ਦੇ ਢੇਰ ਹੋਠੋਂ
ਚਮਚੇ ਲੱਭਦਿਆਂ
ਉਹਦਾ ਬਚਪਨ ਕਿੱਧਰੇ ਗੁਆਚ ਗਿਆ…
ਗੰਦੀਆਂ ਨਾਲੀਆਂ ਸਾਫ਼ ਕਰਦਾ
ਰਗ਼ਾਂ ਚ ਜਮ੍ਹਾਂ ਕਰੀ ਜਾਂਦਾ
ਨਫ਼ਰਤ ਦਾ ਲਾਵਾ
ਉਨ੍ਹਾਂ ਸਭਨਾਂ ਲਈ
ਜਿਨ੍ਹਾਂ ਨੇ ਪੈਦਾ ਕਰਕੇ
ਕੁਝ ਦਮੜੀਆਂ ਖਾਤਰ
ਬੰਧੂਆ ਕਰਵਾਇਆ
‘ਮਿੱਟੀ ਦਾ ਬਾਵਾ’
ਕਵੀ ਸੂਚੀ ‘ਤੇ ਜਾਓ
———————
ਦੁਆ
———————
ਹਰਪਿੰਦਰ ਰਾਣਾ
ਸਦਾ ਹੀ ਚਹਿਕਦਾ ਤੇ ਮਹਿਕਦਾ
ਬਚਪਨ ਰਹੇ
ਬੁੱਲ੍ਹੀਂ ਰਹੇ ਮੁਸਕਾਨ
ਪੈਰੀਂ ਨਾਚ ਤੇ ਸਰਗਮ ਰਹੇ
ਸਭ ਮੌਸਮਾਂ ਦੇ ਫੁੱਲ
ਹਥੇਲੀ ‘ਤੇ ਖਿੜਨ
ਨੈਣੀਂ ਸਦਾ ਸੁਪਨੇ
ਅਕਾਸ਼ੀਂ ਸੋਚ ਹੀ ਹਰਦਮ ਰਹੇ
ਜੰਨਤ ਜਿਹੀ ਦਿਲਕਸ਼
ਸਹੂਲਤ ਵੀ ਮਿਲੇ
ਪੂਰੀ ਆਰਜ਼ੂ ਹੋਵੇ
ਨਾ ਕੋਈ ਗਮ ਰਹੇ
ਨਾ ਮੁੜ ਆਵਣਾ ਇਸਨੇ
ਨਾ ਫੇਰਾ ਪਾਵਣਾ ਇਸਨੇ
ਰਹੇ ਖਿੜਦਾ ਸਦਾ ਬਚਪਨ
ਖੁਸ਼ੀ ਰਿਮਝਿਮ ਰਹੇ
ਹੈ ਮੇਰੀ ਦੁਆ ਇਹੋ
ਖਿਡਾਉਣੇ ਆਫ਼ਤਾਬੀ
ਤੇ ਬਣੇ ਮਹਿਤਾਬ ਸਾਥੀ
ਹਰ ਸਿਤਾਰਾ ਦੋਸਤ ਰਹੇ।
ਕਵੀ ਸੂਚੀ ‘ਤੇ ਜਾਓ
———————
ਅਲਵਿਦਾ ਬਚਪਨ
———————
ਗਗਨਦੀਪ ਸਿੰਘ
ਇਕ ਸੁਨਹਿਰਾ ਦੌਰ
ਅਜ਼ਾਦ
ਬੇ-ਪਰਵਾਹ
ਮੂੰਹਫੱਟ
ਜਿਹੜਾ ਗੂੜ੍ਹੀ ਨੀਂਦ ਦੇ ਸੁਪਨੇ ਵਾਂਗ
ਬੀਤ ਗਿਆ
ਮੈਨੂੰ ਪਤਾ ਹੀ ਨਹੀਂ ਲੱਗਾ
ਕਦ ਮੈਂ
ਮਿੱਟੀ ਦੇ ਪੁਲ਼ ਨੂੰ ਛੱਡ
ਸ਼ਬਦਾਂ ਦੇ ਪੁਲ ਸਿਰਜਣ ਲੱਗ ਪਿਆ?
ਕਵੀ ਸੂਚੀ ‘ਤੇ ਜਾਓ
———————-
ਨਿੱਕੇ ਨਿੱਕੇ ਪੈਰ
———————-
ਸਿਮਰਤ ਸਮੈਰਾ
ਸਾਵੇ ਸਾਵੇ ਘਾਹ
ਨਿੱਕੇ ਨਿੱਕੇ ਸਾਹ
ਪੈਰਾਂ ਦੇ ਹੇਠ
ਲੰਮੇ ਲੰਮੇ ਰਾਹ
ਜਿੰਦ ਦਾ ਹੈ ਦਾਈਆ
ਅਗਮ ਅਥਾਹ
ਨਿੱਕੇ ਨਿੱਕੇ ਫੁੱਲ
ਖਿੜੇ ਨਿਸੰਗ
ਭਰੇ ਭਰੇ ਮਨ
ਉਮੀਦਾਂ ਦੇ ਨਾਲ
ਜਿੰਦ ਦੇਵੇ ਤਾਲ
ਰਾਤ ਦੀ ਰਾਣੀ
ਨਿੱਕੀ ਜਿਹੀ ਝਾੜੀ
ਲੰਮੀ ਕਹਾਣੀ
ਖ਼ੁਸ਼ਬੂ ਦੇ ਢੇਰ
ਦੇਵੇ ਖ਼ਲੇਰ
ਨਿੱਕੇ ਪੰਖੇਰੂ
ਖੁੱਲ੍ਹਾ ਨੀਲਾਂਬਰ
ਉੱਚੀ ਉਡਾਰੀ
ਬਿੰਦੂ ਅਕਾਰ
ਇਸ ਪਾਰ ਉਸ ਪਾਰ
ਨਿੱਕੇ ਨਿੱਕੇ ਪੈਰ
ਮਾਂ ਤੱਕ ਦੌੜ
ਅੱਖਾਂ ਮਾਸੂਮ
ਵੱਡੇ ਵੱਡੇ ਸੁਪਨੇ
ਸਾਰੇ ਹੀ ਆਪਣੇ
ਕਵੀ ਸੂਚੀ ‘ਤੇ ਜਾਓ
—————
ਉਹ ਦਿਨ
—————-
ਨੀਲੂ ਹਰਸ਼
ਦਿਨ ਉਹ ਵੀ ਸਨ…
ਜਦ ਧਿਆਨ ਦਾ ਰੂਪ ਹੋਰ ਸੀ
ਤਿੱਤਲੀ ਵਿਖਦੀ ਦੌੜ ਸ਼ੁਰੂ
ਨਾ ਖੱਡਾ ਵਿਖੇ ਨਾ ਖਾਈ
ਬਸ ਤਿੱਤਲੀ ‘ਤੇ ਨਜ਼ਰ
ਸੀਪ, ਸ਼ੰਖ, ਘੋਗੇ…
ਅਗੜਮ ਬਗੜਮ ਚੁਣਦੇ ਰਹਿਣਾ
ਭੱਜਦੇ ਰਹਿਣਾ, ਥੱਕਦੇ ਰਹਿਣਾ
ਪਰ ਥਕਾਨ ਨਹੀਂ
ਨਾ ਇਨਾਮਾਂ ਦੀ ਚਿੰਤਾ
ਨਾ ਗਾਲ਼ਾਂ ਦਾ ਫ਼ਿਕਰ
ਨਾ ਦੋਸਤੀ ਦੀ ਵਜ੍ਹਾ
ਨਾ ਦੁਸ਼ਮਣੀ ਟਿਕਾਊ
ਮੂੰਹ ਫੁੱਲਿਆ…ਕੁਤਕੁਤਾੜੀਆਂ ਨਾਲ
ਪਿੱਚ…ਪਿਚਕ ਉਹ ਗਿਆ ਉਹ ਗਿਆ
ਅੱਖ ਭਰਨ ਦੀ ਵਜ੍ਹਾ
ਬੇ-ਵਜ੍ਹਾ ਬਚਕਾਨੀਆਂ ਜਿਹੀਆਂ
ਮੇਰੀ ਗੀਟੀ ਲੈ ਲਈ
ਮੇਰੀ ਪਹਿਲ ਤੇਰੀ ਦੂਜ
ਮੇਰੀ ਚੀਜੀ ਦੇ
ਬਸ ਵਜ੍ਹਾ ਬੇ-ਵਜ੍ਹਾ
ਹੁਣ ਰੁੱਸ ਜਾਣਾ ਤਾਂ
ਇਕ ਉਮਰ ਲੱਗੇ ਮਨਾਉਣ ਨੂੰ
ਜਾਂ ਰਿਸ਼ਤਾ ਹੀ ਹੱਥੋਂ ਛੁੱਟ ਜਾਵੇ
ਇਕ ਦੰਭ, ਇਕ ਆਕੜ
ਬਚਪਨ ਤੋਂ ਕੋਹਾਂ ਦੂਰ ਲੈ ਆਈ
ਲੱਭਦੇ ਹਾਂ ਉਹ ਸ਼ੰਖ ਸਿੱਪੀਆਂ
ਉਹ ਤਿਤਲੀਆਂ, ਉਹ ਕੁਤਕੁਤਾੜੀਆਂ
ਸ਼ੋਰ ਹਾਸੇ ਰੰਗ ਵਿਖਦੇ ਤਾਂ ਨਹੀਂ
ਬੇਤਹਾਸ਼ਾ ਗੂੜ੍ਹੇ ਚਮਕੀਲੇ
ਪਰ ਸੁੰਘੜੇ ਸੁੰਘੜੇ ਸਹਿਮੇ ਸਹਿਮੇ
ਗੁੰਮ ਗੁੰਮ ਜਿਹੇ ਆਪ ਹੀ।
ਕਵੀ ਸੂਚੀ ‘ਤੇ ਜਾਓ
—————
ਬਚਪਨ ਦੀ ਤਸਵੀਰ
—————-
ਸਤੀਸ਼ ਬੇਦਾਗ਼
ਅੱਜ ਪਤਾ ਨਹੀਂ ਦਿਲ ‘ਚ ਕੀ ਆਇਆ
ਲੱਗ ਪਿਆ ਐਵੇਂ ਹੀ ਅਲਮਾਰੀ ਸਾਫ਼ ਕਰਨ
ਕਿਤਾਬਾਂ ਚੁੱਕੀਆਂ ਤਾਂ ਲੱਗਿਆ
ਕਾਗਜ਼ਾਂ ਚੋਂ ਨਿਕਲ ਕੇ ਜਿਵੇਂ ਕੁਝ
ਡਿੱਗਿਆ ਤੇ ਮੈਂ ਚੁੱਕ ਲਿਆ
ਇਹ ਤਾਂ ਤਸਵੀਰ ਹੈ ਮੇਰੀ
ਬਚਪਨ ਦੀ
ਮਾਂ ਨੇ ਮੈਨੂੰ ਗੋਦੀ ਚੁੱਕਿਆ ਹੋਇਐ
ਐਵੇਂ ਹੀ ਕੁਝ ਪ੍ਰੇਸ਼ਾਨ ਜਿਹਾ ਹੋ ਗਿਆਂ
ਕਿਹੜਾ ਵੇਲਾ ਸੀ ਜਦੋਂ ਮੇਰੇ ਕੋਲੋਂ
ਖੋਹ ਕੇ ਲੈ ਗਿਆ ਵੇਲਾ ‘ਉਹ ਵੇਲਾ’
ਜੀ ਕਰਦਾ ਮੁੱਛਾਂ ਸਫਾਚੱਟ ਕਰ ਦਿਆਂ
ਪੂੰਝ ਦੇਵਾਂ ਇਹ ਧੂੜ ਜਿਹੀ ਦਾੜੀ
‘ਤੇ ਛੱੜਪੇ ਮਾਰਦਾ ਪਾਣੀ ਪਾ ਕੇ
ਵਹਾ ਦਵਾਂ ਉਮਰ ਭਰ ਦੀ ਧੂੜ
ਧੌ ਦੇਵਾਂ ਅੱਖਾਂ ਦੀ ਸਾਰੀ ਉਦਾਸੀ
ਫਿਰ ਪੁਆ ਦੇਵਾਂ ਇਨ੍ਹਾਂ ਨੂੰ
ਆਪਣੇ ਬਚਪਨ ਦੀ ਉਹ ਅਣਭੋਲ ਖੁਸ਼ੀ
(ਹਿੰਦੀ ਤੋਂ ਅਨੁਵਾਦ- ਦੀਪ ਜਗਦੀਪ ਸਿੰਘ)
ਕਵੀ ਸੂਚੀ ‘ਤੇ ਜਾਓ
—————
ਬੱਚਾ
—————-
ਅਨਿਲ ਆਦਮ
ਛੱਪੜੀ ਦੇ ਮੈਲੇ ਪਾਣੀਆਂ ‘ਚ
ਤੱਕ ਕੇ ਚੰਨ ਦਾ ਅਕਸ
ਪਰਚ ਗਿਆ ਹੈ
ਵੱਡਾ ਬਲੀ
ਕੁਦਰਤ ਨੂੰ ਸਰ ਕਰਕੇ
ਚੰਨ ਦੀ ਟੁਕੜੀ ‘ਤੇ ਪੈਰ ਧਰਕੇ
ਵੀ ਪਿਆ ਭਟਕਦਾ ਹੈ
ਬੱਚਾ ਤਾਂ ਚਲੋ ਬੱਚਾ ਹੈ
ਵੱਡੇ ਹੋ ਕੇ ਅਸੀਂ ਵੀ ਭਲਾ
ਕੀ ਖੱਟਿਆ ਹੈ?
ਕਵੀ ਸੂਚੀ ‘ਤੇ ਜਾਓ
—————
ਵਿੱਧ ਮਾਤਾ
—————-
ਤੇਜਿੰਦਰ ਬਾਵਾ
ਬੱਚਾ ਨੀਂਦ ਚ ਖਿੜਖਿੜਾ ਕੇ ਹੱਸਦਾ ਏ
ਦੁਨੀਆਂ ‘ਚ ਉਹਨੂੰ ਅਜੇ ਕੋਈ ਗਮ ਨਹੀਂ
ਸ਼ਾਇਦ ਇਹੀ ਦੱਸਦਾ ਏ
ਸੋਚਦਾ ਹਾਂ
ਬੱਚਾ ਨੀਂਦ ‘ਚ ਹੀ ਕਿਉਂ
ਖਿੜਖਿੜਾਉਂਦਾ ਏ
ਮਾਂ ਦੱਸਦੀ ਏ –
ਬੱਚੇ ਦੀ ਨੀਂਦ ਚ ਵਿੱਧ ਮਾਤਾ ਆਉਂਦੀ ਏ
ਜਿਹੜੀ ਉਹਨੂੰ ਮਲਕੜੇ ਜਿਹੇ ਹਸਾਉਂਦੀ ਏ
ਮੈਂ ਸੋਚਦਾ ਹਾਂ
ਬੱਚੇ ਨੂੰ ਤਾਂ
ਇਸ ਦੁਨੀਆਂ ‘ਚ ਅਜੇ ਕੋਈ ਗਮ ਨਹੀਂ
ਫਿਰ ਵਿੱਧ ਮਾਤਾ ਉਹਦੀ ਹੀ ਨੀਂਦ ‘ਚ
ਕਿਉਂ ਆਉਂਦੀ ਏ?
ਵਿੱਧ ਮਾਤਾ
ਤਮਾਮ ਦੁਨੀਆਂ ਦੀ ਨੀਂਦ ‘ਚ
ਕਿਉਂ ਨਹੀਂ ਆਉਂਦੀ
ਜਿਸਨੂੰ ਖੁੱਲ੍ਹ ਕੇ ਹੱਸਿਆਂ
ਇਕ ਯੁੱਗ ਬੀਤ ਗਿਆ ਏ ਸ਼ਾਇਦ
ਕਵੀ ਸੂਚੀ ‘ਤੇ ਜਾਓ
—————
ਤਿਤਲੀਆਂ
—————-
ਸਰੋਦ ਸੁਦੀਪ
ਤਿਤਲੀਆਂ ਗਾਉਂਦੀਆਂ ਗਈਆਂ
ਬਾਤਾਂ ਪਾਉਂਦੀਆਂ ਗਈਆਂ
ਲੰਘ ਗਈਆਂ ਦਰਾਂ ਤੋਂ ਪਾਰ
ਬਹਿ ਗਈਆਂ ਦੇਵੀਆਂ ਦੇ ਸਿਰਾਂ ‘ਤੇ
ਸੁੱਖ ਸੁਨੇਹਾ ਸੁਣਾਉਂਦੀਆਂ ਗਈਆਂ
…ਸੁਣਾਉਂਦੀਆਂ ਗਈਆਂ
ਅਸਮਾਨੋਂ ਆਏ ਰੰਗ ਰੱਬ ਦੇ
ਧਰਤੀ ‘ਤੇ ਲਾਉਂਦੀਆਂ ਗਈਆਂ…
ਕਵੀ ਸੂਚੀ ‘ਤੇ ਜਾਓ
—————
ਬਚਪਨ
—————-
ਅਰਤਿੰਦਰ ਸੰਧੂ
ਬਚਪਨਾ ਹੈ ਸੋਹਲ ਉਮਰਾ
ਬੇਫ਼ਿਕਰ ਅੱਲੜ੍ਹ ਸੁਭਾਅ
ਤਾਰਾ ਮੰਡਲ ਜਾਪਦਾ ਏ
ਹਾਣੀਆਂ ਦਾ ਕਾਫ਼ਿਲਾ
ਨੰਨ੍ਹੀ ਉਮਰੇ ਇਕ ਨਿਰਾਲਾ
ਧਰਤੀ ਅੰਬਰ ਸਿਰਜ ਲੈਣਾ
ਰੰਗਲੀ ਰਚਨਾਤਮਿਕਤਾ
ਇਸ ਉਮਰ ਦਾ ਖ਼ਾਸ ਗਹਿਣਾ
ਮਨ ਦੀ ਫੁਲਵਾੜੀ ਅੰਦਰ
ਫੁੱਲ ਦਾ ਝੁੰਗਲ ਬਾਟਾ ਕਰਨਾ
ਕਲਪਨਾ ਦੀ ਰੰਗ ਪਰੀ ਦੇ
ਦੇਸ਼ ਵਿਚ ਪਲ਼ ਪਲ਼ ਵਿਚਰਨਾ
ਜੁਗਨੂੰਆਂ ਸੰਗ ਲੁਕਣ ਮੀਟੀ
ਤਾਰਿਆਂ ਨਾਲ ਅੱਖ ਝਮੱਕਾ
ਤਿਤਲੀਆਂ ਸੰਗ ਮਚਲਣਾ
ਚੰਨ ਦੇ ਨਾਲ ਅੱਖ ਮਟੱਕਾ
ਸੁਪਨਿਆਂ ਦੇ ਵਿਚ ਲਹਿਰਨਾ
ਮੋਹ ਦੀ ਕੰਨੀ ਪਕੜ ਤੁਰਨਾ
ਅੰਬਰਾਂ ਦੀ ਦੋਸਤੀ ਵਿਚ
ਕਿਰਮਚੀ ਹਰ ਇਕ ਫੁਰਨਾ
ਪਰ ਕਿਤੇ ਕੁਝ ਛੁੱਟਿਆ
ਉਹ ਚਿਤਵਨ ਬਿਮਾਰ ਹੈ
ਜਾਂ ਇਹਦੇ ਪੈਰਾਂ ਦੇ ਹੇਠੋਂ
ਤਿਲਕਿਆ ਸੰਸਾਰ ਹੈ
ਭੋਲਾ ਭਾਅ ਮਾਸੂਮੀਅਤ ਵਾਲਾ
ਉਹ ਬਚਪਨ ਗੁੰਮਸ਼ੁਦਾ
ਟੀ.ਵੀ… ਤੇ ਤੇਜ਼ ਜਿੰਦਗੀ
ਚੰਨ ਤਾਰਿਆਂ ਨੂੰ ਖੋਹ ਲਿਆ
ਔਖੇ ਔਖੇ ਸੁਪਨਿਆਂ ਲਈ
ਖੰਭੜੀ ਖੰਭੜੀ ਜੋੜਦਾ
ਪਲ਼…ਕਿਸੇ ਖ਼ਬਰੇ ਕਦੋਂ
ਅੱਜ ਬਚਪਨਾ ਦਮ ਤੋੜਦਾ
ਤੇ ਕਿਤੇ ਬਚਪਨ ਵਿਹੂਣਾ
ਪੇਟ ਭਰਨਾ ਲੋਚਦਾ
ਕਿਰਦਾ ਪਲ਼ ਪਲ਼ ਰੇਤ ਬਣਕੇ
ਜਿੰਦਗੀ ਨੂੰ ਬੋਚਦਾ।
ਕਵੀ ਸੂਚੀ ‘ਤੇ ਜਾਓ
—————
ਹੌਲੀ ਹੌਲੀ
—————-
ਧਰਮਪਾਲ ਸਾਹਿਲ
ਪੁੱਤਰ
ਹੌਲੀ-ਹੌਲੀ ਵੱਡਾ ਹੋ ਕੇ
ਹੋ ਜਾਂਦਾ
ਮਰਦ ‘ਚ ਤਬਦੀਲ
ਬਣ ਜਾਂਦਾ
ਕਿਸੇ ਦਾ ਪਤੀ
ਫਿਰ ਪਿਓ…ਦਾਦਾ…ਨਾਨਾ
ਹੌਲੀ-ਹੌਲੀ ਉਸ ਵਿੱਚੋਂ
ਮਨਫ਼ੀ ਹੋ ਜਾਂਦਾ ਪੁੱਤਰ
ਧੀ ਵੀ ਹੌਲੀ-ਹੌਲੀ
ਵੱਡੀ ਹੋ ਕੇ
ਬਣਦੀ ਔਰਤ
ਕਿਸੇ ਦੀ ਪਤਨੀ
ਫਿਰ ਮਾਂ, ਦਾਦੀ…ਨਾਨੀ
ਪਰ ਉਸ ਵਿੱਚੋਂ ਕਦੇ ਵੀ
ਧੀ ਗਾਇਬ ਨਹੀਂ ਹੁੰਦੀ
ਉਹ ਆਪਣੇ ਬਚਪਨ ਤੋਂ
ਕਦੇ ਵੱਖ ਨਹੀਂ ਹੁੰਦੀ
ਕਵੀ ਸੂਚੀ ‘ਤੇ ਜਾਓ
—————
ਬਚਪਨ
—————-
ਐਚ. ਐਸ. ਡਿੰਪਲ
ਬਚਪਨ
ਬੇਪ੍ਰਵਾਹੀ, ਭੋਲਾਪਣ ਅਤੇ ਆਜ਼ਾਦੀ
ਜਦ ਸੰਙ ਦਾ ਨਾਂ ਪਤਾ ਸੀ, ਨਾਂ ਹੀ ਅਰਥ
ਜਿੰਦਗੀ ਸਚਮੁੱਚ ਸਵਰਗ ਸੀ,
ਉਦੋਂ ਹੀ ਬਚਪਨ ਹੈ, ਉਹ ਹੀ ਬਚਪਨ ਸੀ!
ਜਿਸ ਦੀ ਭਾਲ ਵਿਚ ਇੰਨਸਾਨ ਸਾਰੀ ਉਮਰ ਤੁਰਦਾ-ਫਿਰਦਾ-ਭੱਜਦਾ
ਕੰਮ, ਪੈਸਾ ਅਤੇ ਫ਼ਿਕਰ
ਧਰਮ, ਅਧਿਐਨ ਅਤੇ ਅਨੁਭਵ
ਸਿਰਫ਼ ਉਸ ਸਵਰਗ ਦੀ ਲਾਲਸਾ
ਜੋ ਸ਼ਾਇਦ ਹੈ, ਜਾਂ ਨਹੀਂ
ਸ਼ਾਇਦ ਇਸ ‘ਬਚਪਨ’ ਦਾ ਹੀ ਦੂਜਾ ਨਾਮ ਹੈ
ਪਰ ਇਹ ਕਦੇ ਵਾਪਸ ਨਹੀਂ ਮਿਲਦਾ,
ਜਿਸ ਦੀ ਖੋਜ ਵਿਚ ਸਾਰੀ ਉਮਰ ਇੰਨਸਾਨ ਭਟਕਦਾ ਹੈ,
ਉਹ ਬਚਪਨ ਵਿਚ ਹੰਢਾ ਕੇ।
ਫਿਰ ਭਟਕਣਾ ਵਿਚ ਪੈ ਜਾਂਦਾ ਹੈ
ਕੋਹਲੂ ਦੇ ਬੈਲ ਵਾਂਙ
ਘੁੰਮਦਾ ਹੈ ਅਤੇ ਫਿਰ ਬੁੱਢਾ ਹੋ ਜਾਂਦਾ ਹੈ
‘ਬਚਪਨਾ’ ਤਾਂ ਆ ਜਾਂਦਾ ਹੈ
ਪਰ ‘ਬਚਪਨ’ ਨਹੀਂ ਮਿਲਦਾ ਸਾਰੀ ਉਮਰ
ਬੱਸ ਯਾਦਾਂ ਰਹਿ ਜਾਂਦੀਆਂ ਹਨ,
ਬਚਪਨ ਦੀਆਂ ਅਤੇ ਫਿਰ ਲਿਖਦਾ ਹੈ
ਬਚਪਨ ਤੇ
ਦੱਸਦਾ ਹੈ, ਦੂਜਿਆਂ ਨੂੰ ਆਪਣੇ ਬਚਪਨ ਦੇ ਬਾਰੇ
ਵਾਰ-ਵਾਰ ਦੱਸਦਾ ਹੈ, ਗਾਉਂਦਾ ਹੈ, ਲਿਖਦਾ ਹੈ, ਹੱਸਦਾ ਹੈ, ਰੋਂਦਾ ਹੈ
ਇਹ ਯਾਦ ਕਰਕੇ ਕਿ
ਬੇਪ੍ਰਵਾਹੀ, ਭੋਲਾਪਣ ਅਤੇ ਆਜ਼ਾਦੀ
ਜਦ ਸੰਙ ਦਾ ਨਾਂ ਪਤਾ ਸੀ, ਨਾਂ ਹੀ ਅਰਥ
ਜਿੰਦਗੀ ਸਚਮੁੱਚ ਸਵਰਗ ਸੀ,
ਉਦੋਂ ਹੀ ਬਚਪਨ ਹੈ, ਉਹ ਹੀ ਬਚਪਨ ਸੀ!
ਕਵੀ ਸੂਚੀ ‘ਤੇ ਜਾਓ
Leave a Reply