ਕੁਝ ਦਿਨ ਪਹਿਲਾਂ ਭਾਰਤ ਦੇ ਉੱਚਤਮ ਨਿਆਂਆਲੇ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਜਿਹੜੀ ਨਾ ਸਿਰਫ਼ ਆਉਂਦੇ ਸਮਿਆਂ ਵਿਚ ਬਹੁਤ ਸਾਰੇ ਸਮਾਜਕ/ਪਰਵਾਰਕ ਮਸਲਿਆਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ਕ ਸਾਬਤ ਹੋਵੇਗੀ, ਬਲਕਿ ਭਾਰਤੀ ਸਮਾਜਕ ਵਿਵਸਥਾ ਦੀਆਂ ਬਦਲ ਰਹੀਆਂ ਕਦਰਾਂ ਅਤੇ ਇਸ ਵਿਚ ਹੋਣ ਲਗ ਪਈਆਂ ਤਬਦੀਲੀਆਂ ਦੀ ਲਖਾਇਕ ਵੀ ਹੈ।
ਵਿਆਹ-ਪੂਰਵ (ਜਾਂ ਬਿਨਾ ਵਿਆਹ ਕਰਾਏ) ਸਰੀਰਕ ਸਬੰਧਾਂ ਬਾਰੇ ਇੱਕ ਮੁਕੱਦਮੇ ਦੀ ਸੁਣਵਾਈ ਦੌਰਾਨ ਭਾਰਤ ਦੇ ਮੁੱਖ ਨਿਆਂਧੀਸ਼ ਨੇ ਕਿਹਾ ਕਿ ਦੋ ਬਾਲਗ਼ ਵਿਅਕਤੀਆਂ ਵੱਲੋਂ ਇਕੱਠਿਆਂ ਰਹਿਣ ਦਾ ਫ਼ੈਸਲਾ ਕਰ ਲੈਣਾ ਕਾਨੂੰਨੀ ਜਾਂ ਕਿਸੇ ਵੀ ਹੋਰ ਪੱਖੋਂ ਗ਼ਲਤ ਨਹੀਂ ਠਹਿਰਾਇਆ ਜਾ ਸਕਦਾ। ਇਨ੍ਹਾਂ ਸ਼ਬਦਾਂ ਨੂੰ ਜੇਕਰ ਵਿਸਤਾਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਅਰਥ ਇਹ ਨਿਕਲਦੇ ਹਨ ਕਿ ਕੋਈ ਵੀ ਦੋ ਜਣੇ, ਜੇਕਰ ਉਹ ਬਾਲਗ਼ ਹੋਣ, ਅਤੇ ਆਪਸੀ ਸਹਿਮਤੀ ਨਾਲ ਜੋੜੀ ਵਾਂਗ ਰਹਿਣ ਦਾ ਫ਼ੈਸਲਾ ਕਰਨ ਤਾਂ ਇਸ ਫ਼ੈਸਲੇ ਨੂੰ ਅਦਾਲਤ, ਸਮਾਜਕ ਜਾਂ ਕਿਸੇ ਧਾਰਮਕ ਸੰਸਥਾ ਵੱਲੋਂ ਨਾਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਿਰਫ਼ ਏਨਾ ਹੀ ਨਹੀਂ, ਤਿੰਨ ਜਜਾਂ ਦੇ ਨਿਆਂਪੀਠ ਨੇ ਇਹ ਵੀ ਕਿਹਾ ਹੈ ਕਿ ਦੋ ਬਾਲਗ਼ ਵਿਅਕਤੀਆਂ ਦਾ ਇਕੱਠੇ ਰਹਿਣ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਉਨ੍ਹਾਂ ਦੇ ਜੀਵਨ ਦੇ ਮੂਲ ਅਧਿਕਾਰ ਦਾ ਹਿੱਸਾ ਹੈ ਜਿਹੜਾ ਭਾਰਤੀ ਸੰਵਿਧਾਨ ਦੀ ਧਾਰਾ 21 ਰਾਹੀਂ ਸੁਰੱਖਿਅਤ ਹੈ। ਇਨ੍ਹਾਂ ਟਿੱਪਣੀਆਂ ਦੀ ਸੁਰ ਅਤੇ ਸੇਧ ਨੂੰ ਰਲਾ ਕੇ ਦੇਖਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦਾ ਉੱਚਤਮ ਨਿਆਂਆਲਾ ਸੰਕੀਰਨ ਜਾਂ ਖੜੋਤ-ਮਾਰੀਆਂ ਰੀਤਾਂ ਦੇ ਪੈਰੋਕਾਰਾਂ ਨੂੰ ਸੁਨੇਹਾ ਦੇ ਰਿਹਾ ਹੈ ਕਿ ਕਿਸੇ ਫ਼ਿਰਕੇ, ਪੰਚਾਇਤ ਜਾਂ ਸਮੂਹ ਕੋਲ ਇਹ ਅਧਿਕਾਰ ਨਹੀਂ ਹਨ ਕਿ ਉਹ ਦੋ ਬਾਲਗ਼ਾਂ ਦੇ ਆਪਸੀ ਸਬੰਧਾਂ ਉੱਤੇ ਕਿੰਤੂ ਕਰਦਿਆਂ ਕਿਸੇ ਕਿਸਮ ਦਾ ‘ਫ਼ਤਵਾ’ ਜਾਰੀ ਕਰ ਸਕੇ।
ਇਸ ਅਹਿਮ ਫ਼ੈਸਲੇ ਨੂੰ ਵਿਆਹ ਦੀ ਸੰਸਥਾ ਉੱਤੇ ਹਮਲਾ ਸਮਝਣਾ ਜਾਂ ਸਦਾਚਾਰਕ ਕਦਰਾਂ ਦੇ ਨਿਘਾਰ ਨਾਲ ਜੋੜਨਾ ਕਿਸੇ ਪਾਸਿਉਂ ਵੀ ਸਹੀ ਨਹੀਂ। ਇਸ ਟਿੱਪਣੀ ਰਾਹੀਂ ਉੱਚਤਮ ਨਿਆਂਆਲੇ ਨੇ ਵਿਆਹ ਦੀ ਸੰਸਥਾ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਲਾਇਆ, ਸਿਰਫ਼ ਰਹੁ-ਰੀਤਾਂ ਨਾਲ ਹੋਣ ਵਾਲੇ ਵਿਆਹ ਨੂੰ ਹੀ ਜੀਵਨ-ਸਾਥ ਦੀ ਇੱਕ-ਮਾਤਰ ਸ਼ਰਤੀਆ ਮੋਹਰ ਹੋਣ ਦਾ ਦਰਜਾ ਦੇਣ ਤੋਂ ਇਨਕਾਰ ਕੀਤਾ ਹੈ। ਜਿਹੜੇ ਲੋਕ ਵਿਆਹ ਕਰਾ ਕੇ (ਫੇਰੇ ਲੈ ਕੇ, ਨਿਕਾਹ ਕਰਾ ਕੇ , ਗਿਰਜੇ ਜਾਂ ਅਦਾਲਤ ਵਿੱਚ ਜਾ ਕੇ) ਇਕੱਠਿਆਂ ਰਹਿਣ ਦਾ ਫ਼ੈਸਲਾ ਕਰਦੇ ਹਨ, ਇਹ ਉਨ੍ਹਾਂ ਦੀ ਆਪਣੀ ਚੋਣ ਹੈ ਅਤੇ ਸਮਾਜ ਵਿੱਚ ਬਹੁਤੇ ਜੀਵਨ-ਸਾਥ ਏਸੇ ਢੰਗ ਨਾਲ ਵਿਉਂਤੇ ਜਾਂਦੇ ਹਨ, ਅਤੇ ਸ਼ਾਇਦ ਵਿਉੱਤੇ ਜਾਂਦੇ ਵੀ ਰਹਿਣਗੇ। ਪਰ ਇਸਦੇ ਇਹ ਅਰਥ ਵੀ ਨਹੀਂ ਕਿ ਜਿਹੜੇ ਲੋਕ ਇਨ੍ਹਾਂ ਵਿਚੋਂ ਕਿਸੇ ਇਕ ਰਵਾਇਤੀ ਢੰਗ ਨੂੰ ਅਪਣਾਏ ਬਿਨਾ ਹੀ ‘ਜੋੜੀ’ ਵਾਂਗ ਰਹਿਣ-ਵਿਚਰਨ ਦਾ ਫ਼ੈਸਲਾ ਕਰਦੇ ਹਨ , ਉਹ ਹੋਰਨਾਂ ਸਨਦ-ਸ਼ੁਦਾ ਜੋੜੀਆਂ ਨਾਲੋਂ ਕਿਸੇ ਵੀ ਪੱਖੋਂ ਊਣੇ ਹਨ। ਅਤੇ ਵਿਆਹ ਕਰਾਏ ਬਿਨਾ ਇਕ ਦੂਜੇ ਨਾਲ ਜੁੜਨ ਦਾ ਇਹ ਵਰਤਾਰਾ ਕੋਈ ਨਵਾਂ ਵੀ ਨਹੀਂ। ਜ੍ਹਾਂ ਪਾਲ ਸਾਰਤ੍ਰ ਅਤੇ ਸਿਮੋਨ ਦ ਬੁਵੂਆ ਦੀ ਜੋੜੀ ਵੀਹਵੀਂ ਸਦੀ ਦੀਆਂ ਉਨ੍ਹਾਂ ਸਭ ਤੋਂ ਮਸ਼ਹੂਰ ਜੋੜੀਆਂ ਵਿਚੋਂ ਹੈ ਜਿਨ੍ਹਾਂ ਉਮਰ ਭਰ ਬਿਨਾ ਕੋਈ ਸਨਦ ਲਿਆਂ ਆਪਸੀ ਸਾਥ ਮਾਣਿਆ। ਅਤੇ ਜੇ ਪੰਜਾਬ ਦੇ ਸੰਦਰਭ ਵਿਚ ਗਲ ਕਰਨੀ ਹੋਵੇ ਤਾਂ ਜ਼ਿਹਨ ਵਿਚ ਅਮ੍ਰਿਤਾ ਪ੍ਰੀਤਮ-ਇਮਰੋਜ਼ ਦੀ ਜੋੜੀ ਦੀ ਮਿਸਾਲ ਉੱਭਰ ਕੇ ਸਾਹਮਣੇ ਆਉਂਦੀ ਹੈ, ਜਿਨ੍ਹਾਂ ਨੇ ਕਿਸੇ ਕਿਸਮ ਦੀ ਰਸਮੀ ਮੁਹਰ ਆਪਣੇ ਰਿਸ਼ਤੇ ਤੇ ਭਾਂਵੇਂ ਨਾ ਵੀ ਲੁਆਈ, ਉਨ੍ਹਾਂ ਦੇ ਸਾਥ ਦੀ ਚਿਰ-ਹੰਡਣਤਾ ਅਤੇ ਇਕਸੁਰਤਾ ਏਨੀ ਮਿਸਾਲੀ ਹੈ ਕਿ ਉਸ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਉਨ੍ਹਾਂ ਦੇ ਦੋਖੀਆਂ ਲਈ ਵੀ ਸੰਭਵ ਨਹੀਂ।
ਦੂਜਾ ਇਤਰਾਜ਼ ਕੁਝ ਹਲਕਿਆਂ ਵੱਲੋਂ ਇਹ ਹੋ ਰਿਹਾ ਹੈ ਕਿ ਜੇਕਰ ਦੋ ਜਣੇ ਬਿਨ ਵਿਆਹੇ ਰਹਿਣ ਦਾ ਫੈਸਲਾ ਕਰ ਲੈਣ ਤਾਂ ਉਨ੍ਹਾਂ ਦੇ ਬੱਚਿਆਂ ਦਾ ਕੀ ਹੋਵੇਗਾ। ਇੱਥੇ ਪਹਿਲੋਂ ਇਹ ਗੱਲ ਵਿਚਾਰਨੀ ਜ਼ਰੂਰੀ ਹੈ ਕਿ ਬੱਚਿਆਂ ਦੀ ਪੈਦਾਇਸ਼ ਵਿਆਹ ( ਜਾਂ ਜੀਵਨ-ਸਾਥ) ਦਾ ਨਤੀਜਾ ਤਾਂ ਹੋ ਸਕਦਾ ਹੈ, ਉਸਦੀ ਜ਼ਰੂਰੀ ਸ਼ਰਤ ਨਹੀਂ। ਬੱਚੇ ਪੈਦਾ ਕਰਨ ਜਾਂ ਨਾ ਕਰਨ ਦਾ ਇਹ ਫ਼ੈਸਲਾ ਵੀ ਹਰ ਜੋੜੇ ਦੇ ਨਿਜੀ ਫ਼ੈਸਲਿਆਂ ਦੇ ਘੇਰੇ ਵਿਚ ਆਉਂਦਾ ਹੈ। ਬੱਚੇ ਨਾ ਪੈਦਾ ਕਰਨ ਦੀ ਸੁਚੇਤ ਚੋਣ ਕਰਨ ਵਾਲਿਆਂ ਵਿਚ ਦੁਨੀਆ ਦੀ ਸਭ ਤੋਂ ਜਾਣੀ ਜਾਂਦੀ ਜੋੜੀ ਲੇਨਿਨ ਅਤੇ ਕਰੁੱਪਸਕਾਇਆ ਦੀ ਹੈ, ਅਤੇ ਪੰਜਾਬ ਦੇ ਸੰਦਰਭ ਵਿਚ ਸਤਪਾਲ ਅਤੇ ਵਿਮਲਾ ਡਾਂਗ ਦੀ। ਦੂਜੇ ਪਾਸੇ, ਇਹ ਵੀ ਕੋਈ ਜ਼ਰੂਰੀ ਨਹੀਂ ਕਿ ਰਵਾਇਤੀ ਵਿਆਹ ਕਰਾਏ ਬਿਨਾ ਇਕੱਠਿਆਂ ਜੀਵਨ ਗੁਜ਼ਾਰਨ ਦੀ ਚੋਣ ਕਰਨ ਵਾਲੇ ਲੋਕ ਬੱਚੇ ਵੀ ਨਾ ਪੈਦਾ ਕਰਨ। ਬੱਚਿਆਂ ਨੂੰ ਪੈਦਾ ਕਰਨਾ (ਜਾਂ ਗੋਦ ਲੈਣਾ) ਵੀ ਉਂਨੀ ਹੀ ਨਿਜੀ ਚੋਣ ਹੈ ਜਿੰਨੀ ਬੱਚੇ ਨਾ ਪੈਦਾ ਕਰਨ ਦੀ। ਨਾ ਸਿਰਫ਼ ਬਹੁਤ ਸਾਰੇ ਦੇਸਾਂ ਵਿਚ ਅਣ-ਵਿਆਹੇ ਜੀਵਨ ਸਾਥੀਆਂ (ਜਿਨ੍ਹਾਂ ਦੇ ਸਾਥ ਨੂੰ ‘ਕਾਮਨ ਲਾਅ ਮੈਰਿਜ’ ਦਾ ਨਾਂਅ ਦਿੱਤਾ ਜਾਂਦਾ ਹੈ) ਦੇ ਬੱਚਿਆਂ ਨੂੰ ਉਹ ਸਾਰੇ ਅਧਿਕਾਰ
(ਜਾਇਦਾਦ ਵਿਚ ਹਿੱਸੇ ਤੋਂ ਲੈ ਕੇ ਪਰਵਰਿਸ਼ ਦੇ ਹਕ ਤਕ ਦੇ) ਕਾਨੂੰਨਨ ਪ੍ਰਾਪਤ ਹਨ ਜੋ ਰਵਾਇਤੀ ਵਿਆਹ ‘ਚੋਂ ਪੈਦਾ ਹੋਈ ਸੰਤਾਨ ਨੂੰ ਮਿਲਦੇ ਹਨ, ਇਸ ਮਾਮਲੇ ਬਾਰੇ ਸਾਡੇ ਦੇਸ ਵਿਚ ਵੀ ਉੱਚਤਮ ਨਿਆਂਆਲੇ ਦਾ ਫ਼ੈਸਲਾ ਮੌਜੂਦ ਹੈ। ਅਗਸਤ 2008 ਵਿੱਚ ਸੁਪਰੀਮ ਕੋਰਟ ਨੇ ਇੱਕ ਮੁਕੱਦਮੇ ਬਾਰੇ ਫ਼ੈਸਲਾ ਕਰਦਿਆਂ ‘ਅਣ-ਵਿਆਹੇ’ ਸਾਥ ਨੂੰ ਵਿਆਹ ਦੇ ਬਰਾਬਰ ਦਰਜਾ ਦਿੱਤਾ ਅਤੇ ਇਹ ਵੀ ਕਿਹਾ ਕਿ ਅਜਿਹੇ ਮੇਲ ਤੋਂ ਪੈਦਾ ਹੋਣ ਵਾਲੀ ਸੰਤਾਨ ਵੀ ਕਾਨੂੰਨੀ ਤੌਰ ਤੇ ਜਾਇਜ਼ ਹੈ।
ਅਜਿਹੇ ਫ਼ੈਸਲਿਆਂ ਬਾਰੇ ਸਭ ਤੋਂ ਵੱਡੇ ਕਿੰਤੂ ਦਰਅਸਲ ਸਦਾਚਾਰਕ ਨਜ਼ਰੀਏ ਤੋਂ ਕੀਤੇ ਜਾਂਦੇ ਹਨ। ਭਾਰਤੀ ਸਮਾਜ ਦੀ ਸੁੱਚਤਾ ਅਤੇ ਨੈਤਿਕ ਉੱਤਮਤਾ ਦੇ ਗੁਣ ਗਾਉਂਦੇ ਹੋਏ ਵਿਆਹ-ਪੂਰਵਲੇ, ਜਾਂ ਬਿਨ-ਵਿਆਹ ਸਬੰਧਾਂ ਨੂੰ ਪਾਪ-ਪੁੰਨ ਦੀ ਤੱਕੜੀ ਵਿਚ ਤੋਲਿਆ ਜਾਂਦਾ ਹੈ। ਅਜਿਹਾ ਪੈਂਤੜਾ ਵਰਤਣ ਵਾਲੇ ਲੋਕ ਨਿਰੇ ਧਾਰਮਕ ਆਗੂ ਹੀ ਨਹੀਂ ਹੁੰਦੇ, ਇਹੋ ਜਿਹੀ ਸੋਚ ਆਮ ਤੌਰ ‘ਤੇ ਪਿਛਲੀਆਂ ਪੀੜ੍ਹੀਆਂ ਤੇ ਵੀ ਹਾਵੀ ਹੁੰਦੀ ਹੈ ਜੋ ਆਪਣੇ ਸਮੇਂ ਵਿਚ ਪਰਚੱਲਤ ਮਾਪਦੰਡਾਂ ਨਾਲ ਹੀ ਜੋਖਣਾ ਗਿੱਝੇ ਹੁੰਦੇ ਹਨ। ਪਹਿਲੀ ਗੱਲ ਤਾਂ ਇਹ ਕਿ ਸਦਾਚਾਰਕ ਨੇਮ ਆਪਣੇ ਆਪ ਵਿੱਚ ਨਿਰੰਤਰ ਬਦਲਵੀਂ/ਸੋਧੀ ਜਾਂਦੀ ਚੀਜ਼ ਹਨ। ਨਾ ਸਿਰਫ਼ ਇਹ ਸਥਾਨ ਮੁਤਾਬਕ ਬਦਲ ਜਾਂਦੇ ਹਨ (ਕਬਾਇਲੀ ਔਰਤਾਂ ਵਿਚ ਛਾਤੀਆਂ ਢੱਕਣ ਦਾ ਰਿਵਾਜ ਨਹੀਂ, ਪਰ ਕਈ ਪਿੰਡਾਂ ਵਿਚ ਅਜੇ ਵੀ ਔਰਤ ਦਾ ਨੰਗਾ ਮੂੰਹ ਬੇਸ਼ਰਮੀ ਦੇ ਤੁੱਲ ਸਮਝਿਆ ਜਾਂਦਾ ਹੈ), ਸਗੋਂ ਸਮੇਂ ਦੇ ਨਾਲ ਨਾਲ ਵੀ ਤਬਦੀਲ ਹੁੰਦੇ ਰਹਿੰਦੇ ਸਨ। ਪਿਛਲੀ ਇਕ ਸਦੀ ਵਿਚ ਹੀ ਅਸੀਂ ਨਾਈਆਂ ਦੇ ਕੀਤੇ ਸਾਕਾਂ ਤੋਂ ਤੁਰ ਕੇ ਕੁੜੀਆਂ-ਮੁੰਡਿਆਂ ਨੂੰ ਇਕ ਦੂਜੇ ਨੂੰ ਦੇਖ ਲੈਣ ਦੀ ਖੁਲ੍ਹ ਦੇ ਦੇਣ ਤਕ ਦਾ ਸਫ਼ਰ ਤੈਅ ਕਰ ਚੁੱਕੇ ਹਾਂ; ਸਭ ਤੋਂ ਵਧ ਰਵਾਇਤਪ੍ਰਸਤ ਪਰਵਾਰਾਂ ਵਿਚ ਵੀ। ਦੂਜੀ ਅਤੇ ਅਹਿਮ ਗੱਲ ਇਹ ਕਿ ਸਦਾਚਾਰਕ ਕਦਰਾਂ ਨੂੰ ਸਿਰਫ਼ ਸਰੀਰਕ ਸਬੰਧਾਂ ਨਾਲ ਜੋੜੀ ਰਖਣਾ ਭਾਰਤੀ ਸਮਾਜ ਦੀ ਸਭ ਤੋਂ ਵਧ ਦਕਿਆਨੂਸੀ ਰਵਾਇਤ ਹੈ, ਜਿਸ ‘ਤੇ ਮਾਣ ਕਰਨ ਦੀ ਥਾਂ ਉਸਨੂੰ ਤਿੱਖੀ ਨਜ਼ਰ ਨਾਲ ਪੜਚੋਲਣ ਦੀ ਲੋੜ ਹੈ। ਇਹੋ ਰਵਾਇਤ ਸਾਡੇ ਸਮਾਜਕ ਵਿਹਾਰ ਵਿਚ ਅਜਿਹਾ ਅਸਾਵਾਂਪਣ ਪੈਦਾ ਕਰਦੀ ਹੈ ਕਿ ਲੋਕਾਂ ਨੂੰ ਨੁਕਸਾਨ ਪੁਚਾਉਣ ਦੀ ਸਮਰੱਥਾ ਰਖਦਾ ਭ੍ਰਿਸ਼ਟਾਚਾਰੀ, ਬੇਈਮਾਨ, ਰਿਸ਼ਵਤਖੋਰ, ਪਖੰਡੀ ਜਾਂ ਪਰਵਾਰ ਵਿਚ ਹਿੰਸਾ ਕਰਨ ਵਾਲਾ ਵਿਅਕਤੀ ਤਾਂ ਕਿਸੇ ਨੂੰ ਚੁਭਦਾ ਨਹੀਂ, ਪਰ ਨਿਜੀ ਜ਼ਿੰਦਗੀ ਵਿਚ ਰਵਾਇਤਾਂ ਤੋਂ ਰਤਾ ਕੁ ਹਟਵੇਂ ਵਿਹਾਰ ਨਾਲ ਵਿਚਰਨ ਵਾਲਾ ਮਨੁੱਖ ਬਿਨਾ ਕਿਸੇ ਨੂੰ ਨੁਕਸਾਨ ਪੁਚਾਇਆਂ ਹੀ ਤਿਰਸਕਾਰ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਇਨ੍ਹਾਂ ਦੋਹਾਂ ਗੱਲਾਂ ਦੇ ਨਾਲ ਨਾਲ, ਸੈਕਸ ਨਾਲ ਸਬੰਧਤ ਮਾਮਲਿਆਂ ਪ੍ਰਤੀ ਸਦਾਚਾਰਕ ਘੁਮੰਡ ਦੇ ਘੋੜੇ ਉੱਤੇ ਬਹਿ ਕੇ ਗੱਲ ਕਰਨ ਲਈ ਸਾਡੇ ਸਾਰਿਆਂ ਦੇ ਅੰਦਰ ਬੈਠਿਆ ਉਹ ਦੋਮੂੰਹਾਪਣ ਵੀ ਜ਼ਿੰਮੇਵਾਰ ਹੈ ਜੋ ਸਾਨੂੰ ਜਨਤਕ ਪੱਧਰ ਉੱਤੇ ਹੋਰ ਗੱਲਾਂ ਕਰਨ ਅਤੇ ਨਿਜੀ ਜੀਵਨ ਵਿਚ ਕਿਸੇ ਹੋਰ ਤਰ੍ਹਾਂ ਵਿਚਰਨ/ਸੋਚਣ/ ਅਮਲ ਕਰਨ ਦੇ ਵਿਹਾਰ ਵਿਚੋਂ ਲੰਘਾਉਂਦਾ ਹੈ। ਸਦਾਚਾਰ ਅਤੇ ਸੁੱਚਮਤਾ ਦੀ ਦੁਹਾਈ ਦੇ ਕੇ ਲੋਕਾਂ ਦੀ ਨਿਜੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਕਰਨ ਵਾਲਿਆਂ, ਜਾਂ ਉਨ੍ਹਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲਿਆਂ ਵਿਚ ਧਾਰਮਕ ਬਾਬਿਆਂ ਅਤੇ ਰਾਜਨੀਤਕ ਆਗੂਆਂ ਤੋਂ ਲੈ ਕੇ ਅਫ਼ਸਰਾਂ,ਪੱਤਰਕਾਰਾਂ ਅਤੇ ਅਧਿਆਪਕਾਂ ਤਕ ਬਹੁਤ ਸਾਰੇ ਅਜਿਹੇ ਲੋਕ ਮਿਲ ਜਾਣਗੇ ਜੋ ਖੁਦ ਆਪਣੇ ਰੁਤਬੇ ਦਾ ਲਾਭ ਉਠਾਕੇ ਕਿਸੇ ਵੀ ਕਿਸਮ ਦੀ ਅਜਿਹੀ ਹਰਕਤ ਕਰਨ ਦਾ ਕੋਈ ਮੌਕਾ ਵੀ ਨਹੀਂ ਖੁੰਝਾਉਂਦੇ ਜੋ ਅਸਲੋਂ ਇਤਰਾਜ਼ਯੋਗ ਹੁੰਦੀ ਹੈ।
ਨਾ ਤਾਂ ਵਿਆਹ-ਪੂਰਵਲੇ ਸਬੰਧ ਕੋਈ ਨਵਾਂ ਵਰਤਾਰਾ ਹਨ ਅਤੇ ਨਾ ਹੀ ਬਿਨਾ ਵਿਆਹ ਇਕੱਠਿਆਂ ਰਹਿਣ ਦੀ ਚੋਣ ਕਰਨ ਵਾਲੇ ਲੋਕ ਕੋਈ ਨਵੇਂ ਅਜੂਬੇ। ਸਿਰਫ਼ ਏਨੀ ਤਬਦੀਲੀ ਜ਼ਰੂਰ ਹੋਈ ਹੈ ਕਿ ਸ਼ਹਿਰੀਕਰਨ, ਗਲੋਬਲੀਕਰਨ ਅਤੇ ਸੂਚਨਾ ਵਟਾਂਦਰੇ ਦੇ ਇਸ ਦੌਰ ਵਿਚ ਸਮਾਜਕ ਕਦਰਾਂ ਵੀ ਬਦਲ ਰਹੀਆਂ ਹਨ ਅਤੇ ਆਪਣੀ ਜ਼ਾਤੀ ਚੋਣ ‘ਤੇ ਹੰਮੇ ਨਾਲ ਖੜੋਣ ਦੇ ਨਵੀਂ ਪੀੜ੍ਹੀ ਦੇ ਦਾਈਏ ਵੀ ਪਕੇਰੇ ਹੋ ਰਹੇ ਹਨ। ਕਹਿੰਦੇ ਹਨ, ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਇਸ ਸਾਲ ਨਵਾਂ ਜ਼ਮਾਨਾ ਦੇ ਸਾਲਾਨਾ ਸਰਵੇਖਣ ਦੇ ਆਧਾਰ ਤੇ ਚੁਣੀਆਂ ਗਈਆਂ ਬਿਹਤਰੀਨ ਕਹਾਣੀਆਂ ਵਿਚੋਂ ਇਕ ਵਿਸ਼ਵਜੋਤੀ ਧੀਰ ਦੀ ਕਹਾਣੀ ‘ਰਿਲੇਅ ਰੇਸ’ ਹੈ। ਇਹੋ ਜਿਹੀ ਕਹਾਣੀ ਅਜ ਤੋਂ ਕੁਝ ਸਾਲ ਪਹਿਲਾਂ ਲਿਖੀ ਜਾਣੀ ਸੰਭਵ ਹੀ ਨਹੀਂ ਸੀ। ਇਸਲਈ ਨਹੀਂ ਕਿ ਇਸ ਵਿਚ ਕੋਈ ਅਸ਼ਲੀਲਤਾ ਹੈ, ਬਲਕਿ ਇਸਲਈ ਕਿ ਅਜ ਤੋਂ ਕੁਝ ਸਾਲ ਪਹਿਲਾਂ ਇਸ ਕਹਾਣੀ ਵਿਚਲੇ ਨਜ਼ਰੀਏ ਦਾ ਪ੍ਰਗਟਾਵਾ ਹੀ ਨਹੀਂ ਸੀ ਹੁੰਦਾ । ਇਹ ਕਹਾਣੀ ਵੀ, ਅਤੇ ਉੱਚਤਮ ਨਿਆਂਆਲੇ ਦਾ ਹਾਲੀਆ ਫ਼ੈਸਲਾ ਵੀ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਹੁਣ ਦੀ ਨੌਜਵਾਨ ਪੀੜ੍ਹੀ ਜੀਵਨ-ਜਾਚ ਦੇ ਨਵੇਂ ਢੰਗ ਤਲਾਸ਼ ਰਹੀ ਹੈ, ਅਤੇ ਬਹੁਤ ਸਾਰੀਆਂ ਰਵਾਇਤਾਂ ਨੂੰ ਤਜਦੀ ਜਾ ਰਹੀ ਹੈ। ਇਕ ਪੀੜ੍ਹੀ ਜਦੋਂ ਕੁਝ ਰਵਾਇਤਾਂ ਤਜਦੀ ਹੈ ਤਾਂ ਉਸ ਨਾਲ ਸਾਰਾ ਸਮਾਜਕ ਤਾਣਾ-ਬਾਣਾ ਟੁੱਟ ਨਹੀਂ ਜਾਂਦਾ; ਬਸ ਮੁਖ-ਧਾਰਾ ਵਿਚ ਇਕ ਹੋਰ ਧਾਰਾ ਆਣ ਰਲਦੀ ਹੈ। ਅੱਗੇ ਜਾ ਕੇ ਕਿਹੜੀ ਧਾਰਾ ਮੁਖ ਹੋ ਜਾਵੇਗੀ ਤੇ ਕਿਹੜੀ ਗੌਣ ਰਹਿ ਜਾਵੇਗੀ, ਇਹ ਫ਼ੈਸਲਾ ਭਵਿੱਖ ਕਰੇਗਾ।
ਨੋਬਲ ਪੁਰਸਕਾਰ ਵਿਜੇਤਾ ਮੈਕਸੀਕੀ ਲੇਖਕ-ਚਿੰਤਕ ਓਕਤਾਵੀਓ ਪਾਜ਼ ਦਾ ਕਥਨ ਹੈ: ਸਿਆਣਪ ਨਾ ਤਾਂ ਇੱਕੋ ਥਾਂ ‘ਤੇ ਖੜੋਤੇ ਰਹਿਣਾ ਹੈ ਅਤੇ ਨਾ ਹੀ ਬਦਲਦੇ ਰਹਿਣਾ , ਬਲਕਿ ਉਹ ਤਾਂ ਇਨ੍ਹਾਂ ਵਿਚਲੇ ਦਵੰਦ ਤੋਂ ਪੈਦਾ ਹੁੰਦੀ ਹੈ।
Leave a Reply