ਆਪਣੀ ਬੋਲੀ, ਆਪਣਾ ਮਾਣ

ਡਾਕਟਰ ਸੁਰਜੀਤ ਪਾਤਰ ਨੂੰ ਮਿਲਿਆ ‘ਪਦਮਸ਼੍ਰੀ’ ਸਨਮਾਨ

ਅੱਖਰ ਵੱਡੇ ਕਰੋ+=

ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਭਾਰਤ ਤੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ ਸਨਮਾਨ ਨਿਵਾਜਿਆ ਗਿਆ ਹੈ। ਡਾਕਟਰ ਪਾਤਰ ਨੂੰ ਇਹ ਸਨਮਾਨ ਮਿਲਣ ਤੇ ਪੰਜਾਬੀ ਲੇਖਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਡਾ· ਸੁਰਜੀਤ ਪਾਤਰ ਨੂੰ ਪਦਮਸ਼੍ਰੀ  ਮਿਲਣ ‘ਤੇ ਪੰਜਾਬੀ ਲੇਖਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੰਜਾਬੀ  ਸਾਹਿਤ ਅਕਾਡਮੀ ਲੁਧਿਆਣਾ, ਜਿਸ ਦੇ ਡਾ. ਪਾਤਰ ਖੁਦ ਛੇ ਸਾਲ ਪ੍ਰਧਾਨ ਰਹੇ ਹਨ,  ਵਲੋਂ ਉਨ੍ਹਾਂ ਨੂੰ ਵਧਾਈਆਂ ਭੇਜੀਆਂ ਗਈਆਂ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਇਸ ਮੌਕੇ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੂੰ ਮੁਬਾਰਕਬਾਦ ਦਿੱਤੀ। ਅਕਾਡਮੀ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਡਾਕਟਰ ਪਾਤਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਾਡੇ ਸਮੁੱਚੇ ਪੰਜਾਬੀਆਂ ਲਈ ਮਾਣ ਤੇ ਸਤਿਕਾਰ ਦੀ ਖਬਰ ਹੈ ਕਿ ਉਨ੍ਹਾਂ ਦੇ ਹਰਮਨ ਪਿਆਰੇ ਸ਼ਾਇਰ ਨੂੰ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਪਾਤਰ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਨਾਂ ਪੂਰੀ ਦੁਨੀਆਂ ਵਿਚ ਪਹੁੰਚਾਇਆ ਹੈ।

      ਅਕਾਡਮੀ  ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਡਾਕਟਰ ਸੁਰਜੀਤ ਪਾਤਰ ਨੂੰ ਇਹ ਸਨਮਾਨ ਮਿਲਣਾ ਸਮੁੱਚੇ ਪੰਜਾਬੀ ਜਗਤ ਨੂੰ ਮਾਣ ਤੇ ਸਤਿਕਾਰ ਦੇਣ ਦੇ ਬਰਾਬਰ ਹੈ। ਡਾਕਟਰ ਪਾਤਰ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਕਾਡਮੀ ਨਾਲ ਜੁੜੇ ਹੋਏ ਹਨ ਅਤੇ ਹੁਣ ਵੀ ਉਹ ਅਕਾਡਮੀ ਨੂੰ ਆਪਣੀ ਯੋਗ ਅਗਵਾਈ ਦਿੰਦੇ ਹਨ। ਉਨ੍ਹਾਂ ‘ਹਵਾ ਵਿਚ ਲਿਖੇ ਹਰਫ਼’, ‘ਬਿਰਖ ਅਰਜ਼ ਕਰੇ’, ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਸੁਰਜ਼ਮੀਨ’, ‘ਲਫ਼ਜ਼ਾਂ ਦੀ ਦਰਗਾਹ’, ‘ਪਤਝੜ ਦੀ ਪੰਜੇਬ’, ‘ਸਦੀ ਦੀਆਂ ਤਰਕਾਲਾਂ’ ਤੋਂ ਇਲਾਵਾ ਅਨੁਵਾਦਿਤ ‘ਅੱਗ ਦੇ ਕਲੀਰੇ’, ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ’, ‘ਸ਼ਹਿਰ ਮੇਰੇ ਦੀ ਪਾਗਲ ਔਰਤ’ ਤੇ ‘ਹੁਕਮੀ ਦੀ ਹਵੇਲੀ’ ਆਦਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਕਲਮ ਤੇ ਆਵਾਜ਼ ਅਜੇ ਵੀ ਗੂੰਜਦੀ ਹੈ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾਂ ਉਨ੍ਹਾਂ ਨੂੰ ਦੇਸ ਵਿਦੇਸ਼ਾਂ ਦੀਆਂ ਅਨੇਕਾਂ ਸੰਸਥਾਵਾਂ ਨੇਂ ਸਮੇਂ ਸਮੇਂ ਸਿਰ ਸਨਮਾਨਿਤ ਕੀਤਾ ਗਿਆ ਹੈ।

      ਅਕਾਡਮੀ  ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਨੇ ਕਿਹਾ ਡਾਕਟਰ ਪਾਤਰ ਨੇ ਆਪਣੀ ਸ਼ਾਇਰੀ ਤੇ ਆਵਾਜ਼ ਦੇ ਰਾਹੀਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਉਨ੍ਹਾਂ ਨੇ ਥੁੜੇ ਤੇ ਆਮ ਲੋਕਾਂ ਦੀਆਂ ਦੁੱਖਾਂ ਦੀਆਂ ਗੱਲਾਂ ਆਪਣੀ ਸ਼ਾਇਰੀ ਰਾਹੀਂ ਪ੍ਰਗਟ ਕਰਦਿਆਂ ਸਮੁੱਚੀ ਲੋਕਾਈ ਦੀ ਪੀੜ ਨੂੰ ਸ਼ਬਦ ਪ੍ਰਦਾਨ ਕੀਤੇ ਹਨ। ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾਕਟਰ ਐੱਸ·ਐੱਸ· ਜੌਹਲ, ਸਾਬਕਾ ਉਪ ਕੁਲਪਤੀ ਡਾਕਟਰ ਐੱਸ· ਪੀ· ਸਿੰਘ, ਮੋਹਨ ਸਿੰਘ ਫ਼ਾਊਂਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ, ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਸਕੱਤਰ ਸੁਰਿੰਦਰ ਰਾਮਪੁਰੀ, ਡਾਕਟਰ ਨਿਰਮਲ ਜੌੜਾ, ਇੰਦਰਜੀਤਪਾਲ ਕੌਰ, ਗੁਰਚਰਨ ਕੌਰ ਕੋਚਰ, ਡਾਕਟਰ ਸਰੂਪ ਸਿੰਘ ਅਲੱਗ, ਤ੍ਰੈਲੋਚਨ ਲੋਚੀ, ਰਵਿੰਦਰ ਭੱਠਲ, ਅਮਰਜੀਤ ਗਰੇਵਾਲ, ਸਵਰਨਜੀਤ ਕੌਰ ਗਰੇਵਾਲ, ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾਕਟਰ ਗੁਲਜ਼ਾਰ ਪੰਧੇਰ, ਸੁਖਵਿੰਦਰ ਅੰਮ੍ਰਿਤ, ਡਾਕਟਰ ਗੁਰਇਕਬਾਲ ਸਿੰਘ, ਮਿੱਤਰ ਸੈਨ ਮੀਤ ਲੇਖਕ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਹੁਣ ਤੱਕ  ਸਮਾਜ ਸੇਵਾ ਦੇ ਲਈ ਬਾਬਾ ਸੇਵਾ ਸਿੰਘ, ਦਿੱਲੀ ਦੇ ਪੀ. ਐੱਸ. ਬੇਦੀ, ਵਿਕਰਮਜੀਤ ਸਿੰਘ ਸਾਹਨੀ, ਫਿਲਿਪਾਈਨ ਰਹਿੰਦੇ ਪੰਜਾਬੀ ਡਾਕਟਰ ਗੁਰਦੇਵ ਸਿੰਘ ਖੁਸ਼, ਅਮਰੀਕਾ ਰਹਿੰਦੇ ਡਾਕਟਰ ਸੰਤ ਸਿੰਘ ਵਿਰਮਾਨੀ ਨੂੰ ਸਾਇੰਸ ਅਤੇ ਇੰਜੀਨਿਅਰਿੰਗ ਖੇਤਰ ਲਈ, ਚੰਡੀਗੜ੍ਹ ਦੇ ਡਾਕਟਰ ਕਿਰਪਾਲ ਸਿੰਘ ਚੁੱਘ, ਅਮਰੀਕਾ ਰਹਿੰਦੇ ਡਾ. ਕਮਲਜੀਤ ਸਿੰਘ ਪਾਲ, ਦਿੱਲੀ ਦੇ ਡਾਕਟਰ ਹਰਭਜਨ ਸਿੰਘ ਰਿਸੱਮ, ਚੰਡੀਗੜ੍ਹ ਦੇ ਡਾ. ਹਰਪਿੰਦਰ ਸਿੰਘ ਚਾਵਲਾ ਨੂੰ ਮੈਡਿਸਨ, ਡਾਕਟਰ ਦਿਲੀਪ ਕੌਰ ਟਿਵਾਣਾ ਨੂੰ ਸਾਹਿਤ, ਪੂਰਨ ਚੰਦ ਵਡਾਲੀ, ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਹੰਸ ਰਾਜ ਹੰਸ ਨੂੰ ਕਲਾ, ਬਲਬੀਰ ਸਿੰਘ, ਜੀਵ ਮਿਲਖਾ ਸਿੰਘ ਨੂੰ ਖੇਡਾਂ, ਰਜਿੰਦਰ ਗੁਪਤਾ ਨੂੰ ਵਪਾਰ ਅਤੇ ਉਦਯੋਗ ਖੇਤਰ,  ਸਮੇਤ ਕਈ ਪੰਜਾਬੀ ਸਖ਼ਸੀਅਤਾਂ ਨੂੰ ਇਹ ਸਨਮਾਨ ਮਿਲ ਚੁੱਕਿਆ ਹੈ।


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

One response to “ਡਾਕਟਰ ਸੁਰਜੀਤ ਪਾਤਰ ਨੂੰ ਮਿਲਿਆ ‘ਪਦਮਸ਼੍ਰੀ’ ਸਨਮਾਨ”

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com