ਸੀਮਾਂ ਸੰਧੂ |
ਇਸ ਵਾਰ ਵੀ ਅਣਕਿਹਾ ਸਮਝ ਲੈਂਦੀ ਤਾਂ
ਸ਼ਾਇਦ ਇਹ ਮੰਜਰ ਨਾ ਹੁੰਦਾ
ਜਾਣਦੀ ਤਾਂ ਉਦੋਂ ਵੀ ਸੀ
ਸਭ ਕੁਛ ਇਸ ਤਰ੍ਹਾਂ ਵਾਪਰੇਗਾ
ਪਰ ਤੇਰੀ ਜ਼ਿੱਦ ਅੱਗੇ ਮੇਰਾ ਜ਼ੋਰ ਨਹੀਂ ਸੀ
ਤੇਰਾ ਤੁਰ ਜਾਣਾ ਸੌਖਾ ਤਾਂ ਨਹੀਂ ਸੀ
ਪਰ ਮੈਂ ਜਰ ਲਿਆ ਸੀ
ਮੈਂ ਸ਼ਬਦਾਂ ਦੇ ਜੰਗਲ ਵਿਚ ਭਟਕਦੀ ਰਹੀ
ਤੂੰ ਅੱਖਰ ਅੱਖਰ ਹੋ
ਮੇਰੀ ਚੁੰਨੀ ਦੇ ਸਿਤਾਰਿਆ ਵਿੱਚ ਚਮਕਦੀ ਰਹੀ
ਮੇਰੀ ਪਿਆਸ ਤਾਂ ਸੀ ਨਰਮ ਜਿਹੇ ਵਿਸ਼ੇਸ਼ਣ
ਕੂਲੇ ਅਲਫਾਜ਼ ,ਮੁਹੱਬਤ ਦੇ ਦੈਵੀ ਗੀਤ
ਵਿਰਲਾਂ ਵਿਚੋਂ ਛਣ ਕੇ ਆਉਂਦੀ ਕੋਸੀ ਧੁੱਪ
ਮਹਿਕਦੇ ਬਗੀਚੇ , ਫਲਾਂ ਨਾਲ ਝੁਕੇ ਟਹਿਣ
ਅਮਲਤਾਸ ਦੀ ਸੰਘਣੀ ਛਾਂ !!!
ਪਰ ਅਚਾਨਕ !
ਤੂੰ ਮੇਰੇ ਸਾਰੇ ਜ਼ਜਬਾਤ ਗਹਿਣੇ ਧਰ
ਵਾਵਰੋਲਿਆਂ ਹਵਾਲੇ ਕਰ ਦਿੱਤੇ
ਮੇਰੀ ਅਜ਼ਲਾਂ ਦੀ ਤ੍ਰਿਹਾਈ ਕਲਮ ਨੂੰ
ਤੂੰ ਭਟਕਨਾ ਦੀ ਵਲਗਣ ਵਿਚ ਕੈਦ ਕਰ ਦਿਤਾ
ਬੜਾ ਔਖਾ ਸੀ ਪਲ ਪਲ ਸੁਲਗਣਾ
ਖਿੱਝ, ਉਦਾਸੀ, ਸਹਿਮ ਖਫ਼ਾ ਜਿਹੀ ਫਿਜ਼ਾ ਸੀ
ਪਰ ਅੱਜ ਫਿਰ ਤੇਰਾ
ਸਰਦ ਪੌਣਾ ਹੱਥ ਸੁਨੇਹਾ ਮਿਲਿਆ
ਕਿ ਬਰਫਾਂ ਦੇ ਦੇਸ਼ ਤੋਂ ਤੂੰ ਪਰਤਣਾ ਹੈ
ਬੇਸ਼ਕ ਹੰਝ ਦੀ ਜੂਨੇ ਪਈ ਨੂੰ
ਮੈ ਵਰਾ ਲਵਾਂਗੀ
ਪਿਘਲ ਜਾਵੇਗੀ ਤੇਰੀ ਅੱਖ ਦੀ ਪਥਰਾਈ ਗੰਗਾ
ਕਰੂੰਬਲਾਂ ਫੁੱਟ ਪੈਣਗੀਆਂ
ਰੰਗਲੇ ਸੁਪਨੇ ਜੀ ਉੱਠਣਗੇ
ਫਿਰ ਕਿੰਝ ਮੰਨ ਲਵਾਂ
ਕਿ ਨਜ਼ਮ ਮਰ ਜਾਂਦੀ ਹੈ
ਸੱਚ ਇਹ ਹੈ ਕਿ
ਨਜ਼ਮ ਚੁੱਪ ਹੋ ਜਾਂਦੀ ਹੈ
ਰੁੱਸ ਜਾਂਦੀ ਹੈ
ਨਜ਼ਮ ਕਦੇ ਮਰਦੀ ਨਹੀ !!!!
-ਸੀਮਾਂ ਸੰਧੂ
Leave a Reply