ਜਦੋਂ ਕੋਈ ਉਸਤਾਦ ਨਵੇਂ ਅਤੇ ਸਿਖਾਂਦਰੂ ਨੌਜਵਾਨਾਂ ਦੀ ਬਾਂਹ ਫੜ੍ਹ ਲਵੇ ਤਾਂ ਇਹ ਇਸ ਗੱਲ ਦੀ ਨਿਸ਼ਾਨੀ ਹੁੰਦਾ ਹੈ ਕਿ ਮੌਜੂਦਾ ਪੀੜ੍ਹੀ ਨੂੰ ਆਪਣੀ ਅਗਲੀ ਪੀੜ੍ਹੀ ਦੀ ਸਮਰੱਥਾ ਉੱਤੇ ਭਰੋਸਾ ਹੈ। ਉਹ ਨਵੀਂ ਪੀੜ੍ਹੀ ਨੂੰ ਉਂਗਲ ਫੜ੍ਹ ਕੇ ਉਸ ਰਾਹ ਤੇ ਤੋਰਨਾ ਚਾਹੁੰਦੇ ਹਨ, ਜਿੱਥੇ ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇ ਅਤੇ ਹੁਨਰ ਨੂੰ ਮਾਨਤਾ ਮਿਲੇ। ਪੰਜਾਬੀ ਸਾਹਿਤ ਜਗਤ ਵਿਚ ਇਸ ਤਰ੍ਹਾਂ ਦੀਆਂ ਕੌਸ਼ਿਸ਼ਾਂ ਬਹੁਤ ਘੱਟ ਹੋਈਆਂ ਹਨ, ਜਦੋਂ ਸੁਹਿਰਦ ਵਿਦਵਾਨਾਂ ਨੇ ਅਗਲੀ ਪੀੜ੍ਹੀ ਦੇ ਸੰਭਾਵਨਾਸ਼ੀਲ ਲੇਖਕਾਂ ਨੂੰ ਅੱਗੇ ਲਿਆਉਣ ਦਾ ਹੀਲਾ ਕੀਤਾ ਹੈ। ਕੁਝ ਸਾਲ ਪਹਿਲਾਂ ਵਿਦਵਾਨ ਅਤੇ ਸੂਖ਼ਮ ਸ਼ਾਇਰ ਅਤੇ ਅੱਖਰ ਰਸਾਲੇ ਦੇ ਸੰਪਾਦਕ ਜਨਾਬ ਪਰਮਿੰਦਰਜੀਤ ਹੁਰਾਂ ਨੇ ‘ਨਵਾਂ ਕਾਵਿ ਦ੍ਰਿਸ਼’ ਦੇ ਸਿਰਲੇਖ ਹੇਠ ਆਪਣੇ ਰਸਾਲੇ ਦੇ ਤਿੰਨ ਅੰਕ ਕੱਢੇ ਸਨ। ਇਸ ਲੜੀ ਦੇ ਤਿਨ੍ਹਾਂ ਅੰਕਾਂ ਵਿਚ ਕਈ ਨਵੇਂ ਸ਼ਾਇਰਾਂ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ। ਉਨ੍ਹਾਂ ਵਿਚ ਬਹੁਤੇ ਅਜਿਹੇ ਸਨ, ਜਿਨ੍ਹਾਂ ਦੀਆਂ ਕਵਿਤਾਵਾਂ ਪਹਿਲੀ ਵਾਰ ਪਾਠਕਾਂ ਦੇ ਰੂ-ਬ-ਰੂ ਹੋਈਆਂ ਅਤੇ ਉਨ੍ਹਾਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਮਿਲਿਆ। ਇਸੇ ਲੜੀ ਦੇ ਇਕ ਅੰਕ ਵਿਚ ਮੇਰੀਆਂ ਵੀ ਤਿੰਨ ਕਵਿਤਾਵਾਂ ਨੂੰ ਥਾਂ ਮਿਲੀ ਅਤੇ ਹੁੰਗਾਰਾ ਵੀ ਉਤਸਾਹਜਨਕ ਰਿਹਾ।
ਇਸੇ ਤਰ੍ਹਾਂ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਸੁਹਿਰਦ ਸਾਹਿਤ ਸਭਾ ਰਾਮਪੁਰ ਦੇ ਮੋਢੀ ਮੈਂਬਰਾਂ ਵਿਚੋਂ ਇਕ ਜਨਾਬ ਸੁਰਿੰਦਰ ਰਾਮਪੁਰੀ ਨੇ ਨੌਜਵਾਨ ਸ਼ਇਰਾਂ ਦੀ ਸ਼ਾਇਰੀ ਨੂੰ ਇਕ ਸੰਗ੍ਰਹਿ ਵਿਚ ਸਾਂਭਣ ਦਾ ਹੀਲਾ ਕਰਨ ਦਾ ਐਲਾਨ ਕੀਤਾ ਹੈ। ਸੋ, ਸਾਰੇ ਸੁਹਿਰਦ ਅਤੇ ਰੌਸ਼ਨ ਦਿਮਾਗ ਨੌਜਵਾਨ ਸ਼ਾਇਰਾਂ ਲਈ ਇਹ ਸੁਨਹਿਰੀ ਮੌਕਾ ਹੈ, ਜਿਸ ਰਾਹੀਂ ਉਹ ਆਪਣੀਆਂ ਪ੍ਰਤਿਨਿਧ ਕਵਿਤਾਵਾਂ ਨਾਲ ਪੰਜਾਬੀ ਸਾਹਿਤ ਜਗਤ ਦੇ ਵਿਦਵਾਨਾਂ ਅਤੇ ਪਾਠਕਾਂ ਦੇ ਸਾਹਮਣੇ ਆਪਣੀ ਪੁਖ਼ਤਾ ਹਾਜਰੀ ਦਰਜ ਕਰਵਾ ਸਕਦੇ ਹਨ। ਇਸ ਸੁਹਿਰਦ ਉਪਰਾਲੇ ਦੀ ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਰਾਮਪੁਰੀ ਹੁਰਾਂ ਨੇ ਸਿਰਫ਼ ਰਚਨਾਤਮਕ ਸਹਿਯੋਗ ਮੰਗਿਆ ਹੈ, ਨਾ ਕਿ ਆਰਥਕ। ਇਸ ਤੋਂ ਪਹਿਲਾਂ ਕੁਝ ਸਭਾਵਾਂ ਅਤੇ ਸੰਸਥਾਵਾਂ ਨੇ ਅਜਿਹੇ ਉਪਰਾਲੇ ਤਾਂ ਕੀਤੇ ਹਨ, ਪਰ ਉਨ੍ਹਾਂ ਵਿਚ ਰਚਨਾਤਮਕ ਦੇ ਨਾਲ ਨਾਲ ਛਪਣ ਵਾਲੇ ਲੇਖਕਾਂ ਵੱਲੋਂ ਆਰਥਿਕ ਹਿੱਸੇਦਾਰੀ ਵੀ ਲਈ ਜਾਂਦੀ ਹੈ। ਇਸੇ ਚੱਕਰ ਵਿਚ ਗੈਰ-ਮਿਆਰੀ ਰਚਨਾਵਾਂ ਵੀ ਸੰਗ੍ਰਹਿ ਦਾ ਹਿੱਸਾ ਬਣ ਜਾਂਦੀਆਂ ਹਨ। ਰਾਮਪੁਰੀ ਹੁਰਾਂ ਦੀ ਇਸ ਸੁਹਿਰਦਾ ਦੀ ਪ੍ਰਸ਼ੰਸਾ ਕਰਦੇ ਹੋਏ, ਆਸ ਕਰਦੇ ਹਾਂ ਇਸ ਸੰਗ੍ਰਹਿ ਵਿਚ ਮਿਆਰੀ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ।
ਹੇਠਾਂ ਉਨ੍ਹਾਂ ਵੱਲੋਂ ਪ੍ਰਾਪਤ ਹੋਈ ਈ-ਚਿੱਠੀ ਨੂੰ ਹੂ-ਬ-ਹੂ ਛਾਪ ਰਹੇ ਹਾਂ। ਇਹ ਚਿੱਠੀ ਪੜ੍ਹੋ ਅਤੇ ਆਪਣੀਆਂ ਰਚਨਾਵਾਂ ਭੇਜੋ। ਤੁਸੀ ਰਚਨਾਵਾਂ ਸਿੱਧੀਆਂ ਵੀ ਭੇਜ ਸਕਦੇ ਹੋ ਅਤੇ ਸਾਨੂੰ ਵੀ ਭੇਜ ਸਕਦੇ, ਜਿਨ੍ਹਾਂ ਨੂੰ ਅਸੀ ਰਾਮਪੁਰੀ ਸਾਹਿਬ ਤੱਕ ਪੁੱਜਦੀਆਂ ਕਰ ਦੇਵਾਂਗੇ।
ਪਿਆਰੇ ਨੌਜਵਾਨ ਸਾਥੀਓ,
ਮੈਂ ਇੱਕ ਕਾਵਿ-ਪੁਸਤਕ ਸੰਪਾਦਿਤ ਕਰ ਰਿਹਾ ਹਾਂ ਜਿਸ ਵਿਚ ਪੰਜਾਹ ਸਾਲ ਤੋਂ ਘੱਟ ਉਮਰ (31-12-2012 ਤੱਕ) ਵਾਲੇ ਕਵੀ/ਕਵਿੱਤਰੀਆਂ ਦੀਆਂ ਕਾਵਿ-ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸ ਪੁਸਤਕ ਦਾ ਮਕਸਦ ਨਵੀਂ ਪੀੜ੍ਹੀ ਦੀ ਪੰਜਾਬੀ ਸ਼ਾਇਰੀ ਨੂੰ ਪਾਠਕਾਂ ਦੇ ਸਨਮੁਖ ਕਰਨਾ ਹੈ। ਤਕਰੀਬਨ ਦੋ ਸੌ ਪੰਨਿਆਂ ਦੀ ਇਸ ਪੁਸਤਕ ਵਿਚ ਇਕ ਸ਼ਾਇਰ ਨੂੰ ਇੱਕ ਪੰਨਾ ਦਿੱਤਾ ਜਾਵੇਗਾ। ਇਸ ਪੁਸਤਕ ਵਿਚ ਕਵਿਤਾ, ਗਜ਼ਲ ਤੇ ਗੀਤ ਸ਼ਾਮਿਲ ਹੋਣਗੇ। ਇਸ ਲਈ ਤੁਹਾਡੀਆਂ ਦੋ-ਦੋ ਚੋਣਵੀਆਂ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ। ਹੇਠ ਲਿਖੀ ਸੂਚਨਾ ਵੀ ਨਾਲ ਜ਼ਰੂਰ ਭੇਜਣੀ-
ਜਨਮ-ਮਿਤੀ:
ਜਨਮ-ਸਥਾਨ:
ਵਿਦਿਅਕ ਯੋਗਤਾ:
ਕਿੱਤਾ:
ਪ੍ਰਕਾਸ਼ਿਤ ਕਾਵਿ ਪੁਸਤਕਾਂ ਦੀ ਸੂਚੀ:ਸਾਨੂੰ ਸਿਰਫ ਤੁਹਾਡੇ ਰਚਨਾਤਮਿਕ ਸਹਿਯੋਗ ਦੀ ਹੀ ਲੋੜ ਹੈ।
ਮੋਹ ਨਾਲ ਆਪਦਾ,
ਸੁਰਿੰਦਰ ਰਾਮਪੁਰੀ ਪਿੰਡ ਤੇ ਡਾਕ ਰਾਮਪੁਰ,
ਜਿਲ੍ਹਾ ਲੁਧਿਆਣਾ,
ਪੰਜਾਬ – 141418
99156-34722 (ਮੋਬਾਈਲ)
Leave a Reply