ਪਰਮਬੀਰ ਕੌਰ ਨੂੰ ਮੈਂ ਉਸ ਦੀਆਂ ਅਖ਼ਬਾਰਾਂ, ਰਸਾਲਿਆਂ ਵਿਚ ਛਪਦੀਆਂ ਲਿਖਤਾਂ ਤੋਂ ਜਾਣਿਆ ਹੈ। ਉਹ ਥੋੜਾ ਲਿਖਦੀ ਹੈ ਪਰ ਜਿੰਨਾ ਕੁ ਲਿਖਦੀ ਹੈ ਉਹ ਮਿਆਰੀ ਹੁੰਦਾ ਹੈ।
ਪਰਮਬੀਰ ਕੌਰ |
ਉਸ ਨੂੰ ਆਪਣੇ ਮਾਪਿਆਂ ਤੋਂ ਸੋਹਣੇ ਸੰਸਕਾਰ ਅਤੇ ਉੱਚੀ-ਸੁੱਚੀ ਜੀਵਨ-ਜਾਚ ਦੀ ਗੁੜ੍ਹਤੀ ਮਿਲੀ ਹੈ। ਉਸ ਦੇ ਪਿਤਾ ਨੇ ਉਸ ਨੂੰ ਚੰਗਾ ਸਾਹਿੱਤ ਪੜ੍ਹਨ ਦੀ ਚੇਟਕ ਲਾਈ। ਪਰਮਬੀਰ ਕੌਰ ਅੰਗ੍ਰੇਜ਼ੀ ਸਾਹਿੱਤ ਦੀ ਐਮ.ਏ. ਹੈ। ਉਹ ਅੰਗ੍ਰੇਜ਼ੀ ਅਤੇ ਪੰਜਾਬੀ ਵਿਚ ਪੂਰੀ ਮੁਹਾਰਤ ਨਾਲ ਲਿਖਦੀ ਹੈ, ਪਰ ਪੰਜਾਬੀ ਉਸ ਦਾ ਪਹਿਲਾ ਪਿਆਰ ਹੈ। ਉਸ ਦੀ ਧੀ ਅੰਗ੍ਰੇਜ਼ੀ ਸਾਹਿਤ ਦੀ ਪ੍ਰੋਫ਼ੈਸਰ ਹੈ ਅਤੇ ਅੰਗ੍ਰੇਜ਼ੀ ਵਿਚ ਕਵਿਤਾ ਲਿਖਦੀ ਹੈ। ਆਪਣੀ ਮਾਂ ਵਾਂਗ ਉਹ ਪੰਜਾਬੀ ਵਿਚ ਵੀ ਲਿਖਦੀ ਹੈ।
ਮੈਂ ਲੇਖਿਕਾ ਪਰਮਬੀਰ ਕੌਰ ਦੀ ਵਾਰਤਕ ਦਾ ਪ੍ਰਸ਼ੰਸਕ ਹਾਂ। ਇਸ ਲਈ, ਮੈਂ ਉਸ ਨੂੰ ਦੋ-ਤਿਨ ਵਾਰੀ ਸੁਝਾਉ ਦਿੱਤਾ ਕਿ ਉਹ ਆਪਣੀਆਂ ਵਾਰਤਕ-ਰਚਨਾਵਾਂ ਨੂੰ ਪੁਸਤਕ ਰੂਪ ਵਿਚ ਛਪਵਾਏ। ਮੈਂ ਕਹਿ ਨਹੀਂ ਸਕਦਾ ਕਿ ਇਹ ਉਸ ਦੀ ਅੰਤਰ-ਪ੍ਰੇਰਨਾ ਹੈ ਜਾਂ ਮੇਰੇ ਸੁਝਾਉ ਸਦਕੇ ਹੋਇਆ ਹੈ ਕਿ ਹਰੇਕ ਦੇ ਪੜ੍ਹਨਯੋਗ ਇਹ ਪੁਸਤਕ ਹੋਂਦ ਵਿਚ ਆ ਗਈ ਹੈ। ਕਿਸੇ ਚੰਗੀ ਲਿਖਤ ਦਾ ਪੁਸਤਕ ਦੇ ਰੂਪ ਵਿਚ ਛਪਣਾ ਖ਼ੁਸ਼ੀ ਦੀ ਗੱਲ ਹੈ।
ਪੰਜਾਬੀ ਵਾਰਤਕ ਦੇ ਇਤਿਹਾਸ ਉੱਤੇ ਝਾਤ ਮਾਰਿਆਂ ਪਰਤੀਤ ਹੁੰਦਾ ਹੈ ਕਿ ਬਹੁਤ ਘੱਟ ਲੇਖਿਕਾਵਾਂ ਵਾਰਤਕ ਦੇ ਖੇਤਰ ਵਿਚ ਨਿੱਤਰੀਆਂ ਹਨ। ਤਸੱਲੀ ਦੀ ਗੱਲ ਹੈ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਕਈ ਲੇਖਿਕਾਵਾਂ ਨੇ ਚੰਗੀ ਵਾਰਤਕ ਲਿਖ ਕੇ ਆਪਣੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਲੇਖਿਕਾਵਾਂ ਵਿਚੋ ਇਕ ਵਿਸ਼ੇਸ਼ ਨਾਂ ਪਰਮਬੀਰ ਕੌਰ ਦਾ ਹੈ। ਉਹ ਪ੍ਰਤਿਭਾਵਾਨ ਸ਼ਖ਼ਸੀਅਤ ਦੀ ਮਾਲਿਕ ਹੈ। ਚਿੱਤਰਕਾਰੀ, ਬਾਗ਼ਬਾਨੀ, ਰਸੋਈ-ਕਲਾ, ਉਣਾਈ-ਕਢਾਈ ਆਦਿ ਕਿੰਨੇ ਹੀ ਉਸ ਦੇ ਸ਼ੌਕ ਹਨ। ਉਹ ਬਾਲ-ਸਾਹਿੱਤ ਵੀ ਰਚਦੀ ਹੈ। ਉਸ ਦੀਆਂ ਰਚਨਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਗ਼ਜ਼ੀਨਾਂ ‘ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ’ ਵਿਚ ਅਕਸਰ ਛਪਦੀਆਂ ਹਨ।
ਅਜੋਕੇ ਸਮੇਂ ਵਿਚ ਹਰ ਸੰਵੇਦਨਸ਼ੀਲ ਸ਼ਖ਼ਸ ਸਮਾਜ ਅਤੇ ਸੰਸਾਰ ਦੀਆਂ ਸਮੱਸਿਆਵਾਂ ਬਾਰੇ ਕਈ ਪ੍ਰਕਾਰ ਦੇ ਫ਼ਿਕਰ ਹੰਢਾਉਂਦਾ ਹੈ। ਉਹ ਅਚੇਤ ਜਾਂ ਸੁਚੇਤ ਇਨ੍ਹਾਂ ਦੇ ਹੱਲ ਤਲਾਸ਼ਣ ਦਾ ਜਤਨ ਵੀ ਕਰਦਾ ਹੈ। ਇਸ ਪ੍ਰਕਿਰਿਆ ਵਿਚ ਉਹ ਆਪਣੀ ਸੋਝੀ ਅਨੁਸਾਰ ਕਈ ਪ੍ਰਕਾਰ ਦੇ ਵਿਕਲਪਾਂ ਦੀ ਕਲਪਨਾ ਕਰਦਾ ਹੈ। ਪਰਮਬੀਰ ਕੌਰ ਸਜੱਗ ਲੇਖਿਕਾ ਹੈ ਅਤੇ ਆਪਣੇ ਸਮੇਂ ਦੀਆਂ ਵਿਕਰਾਲ ਅਤੇ ਜਟਿਲ ਸਮੱਸਿਆਵਾਂ ਤੋਂ ਚਿੰਤਤ ਹੈ। ਇਸ ਸਿਲਸਿਲੇ ਵਿਚ, ਉਸ ਨੇ ਆਪਣੇ ਅਧਿਐਨ, ਅਨੁਭਵ ਅਤੇ ਚਿੰਤਨ ਸਦਕਾ ਘਰ ਅਤੇ ਪਰਿਵਾਰ ਦੀ ਮਜ਼ਬੂਤੀ ਉੱਤੇ ਟੇਕ ਧਰੀ ਹੈ। ਬੱਚਿਆਂ ਵਿਚ ਪੜ੍ਹਨ-ਰੁਚੀ ਕਿਵੇਂ ਵਧੇ, ਉਨ੍ਹਾਂ ਵਿਚ ਆਤਮ-ਵਿਸ਼ਵਾਸ ਕਿਵੇਂ ਜਾਗੇ, ਉਨ੍ਹਾਂ ਦੇ ਚਰਿੱਤਰ ਦਾ ਨਿਰਮਾਣ ਕਿਵੇਂ ਹੋਵੇ, ਉਹ ਸਵੈ-ਅਨੁਸ਼ਾਸਨ ਵਿਚ ਰਹਿ ਕੇ ਕਿਵੇਂ ਵਧਣ-ਫੁੱਲਣ, ਉਨ੍ਹਾਂ ਦੀ ਮੌਲਿਕਤਾ ਕਿਵੇਂ ਵਿਗਸੇ ਅਤੇ ਪ੍ਰਕਾਸ਼ਮਾਨ ਹੋਵੇ-ਇਨ੍ਹਾਂ ਵਿਸ਼ਿਆਂ ਨੂੰ ਉਸ ਨੇ ਆਪਣੀਆਂ ਰਚਨਾਵਾਂ ਵਿਚ ਬਣਦਾ ਸਥਾਨ ਦਿੱਤਾ ਹੈ। ਪਰਿਵਾਰ ਵਿਚ ਉਲਾਦ (ਔਲਾਦ) ਦੀ ਚੰਗੀ ਪਰਵਰਿਸ਼, ਪੜ੍ਹਾਈ, ਜਿਊਂਣ-ਹੁਨਰ ਜਿਹੇ ਪੱਖਾਂ ਉੱਤੇ ਬਲ ਦੇਣਾ ਅਤੇ ਦ੍ਰਿੜਾਉਣਾ- ਇਹ ਅੱਜ ਦੇ ਸਮੇਂ ਦੀ ਵੱਡੀ ਮੰਗ ਹੈ। ਲੇਖਿਕਾ ਨੇ ਆਪਣੀ ਇਹ ਜ਼ੁੰਮੇਂਵਾਰੀ ਬਾਖ਼ੂਬੀ ਨਿਭਾਈ ਹੈ।
ਪਰਮਬੀਰ ਕੌਰ ਦੇ ਕਈ ਲੇਖਾਂ ਵਿਚ ਕਰਤਾਰੀ ਤੇ ਸੁਖਮਈ ਜੀਵਨ ਜਿਊਂਣ ਲਈ ਸੂਖਮ ਰਮਜ਼ਾਂ ਮਿਲਦੀਆਂ ਹਨ। ਇਨ੍ਹਾਂ ਲੇਖਾਂ ਦਾ ਪਾਠ ਕਰਦਿਆਂ ਇਹ ਖ਼ਿਆਲ ਮੇਰੇ ਮਨ ਵਿਚ ਸਹਿਜ ਹੀ ਆਇਆ ਹੈ ਕਿ ਜੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਜੋਕੇ ਸਮੇਂ ਵਿਚ ਲਿਖਦੇ ਤਾਂ ਉਨ੍ਹਾਂ ਦੀ ਵਾਰਤਕ ਕੁਝ ਵੱਖਰੇ ਰੰਗ ਦੀ ਹੋਣੀ ਸੀ। ਇਸ ਦਾ ਮੁਹਾਂਦਰਾ ਕਿਹੋ ਜਿਹਾ ਹੁੰਦਾ, ਇਸ ਦਾ ਕੁਝ ਕੁਝ ਝਉਲਾ ਮੈਨੂੰ ਪਰਮਬੀਰ ਕੌਰ ਦੀਆਂ ਰਚਨਾਵਾਂ ਵਿਚ ਮਿਲਦਾ ਹੈ। ਵਿਅਕਤਿਤਵ ਦਾ ਵਿਕਾਸ, ਨਿਰੰਤਰ ਸਿੱਖਦੇ ਰਹਿਣ ਨਾਲ ਆਪਣੀ ਮੰਜ਼ਲ ਦੀ ਟੋਹ ਲਾਉਣੀ, ਸੁਖਾਵੇਂ ਅਤੇ ਨਿੱਘੇ ਮਾਨਵੀ ਸੰਬੰਧਾਂ ਦੀ ਵਡਿਆਈ, ਇਨ੍ਹਾਂ ਦੇ ਸਿਰਜਣ ਅਤੇ ਨਿਭਾਉਣ ਦੀਆਂ ਜੁਗਤਾਂ ਆਦਿ ਬਾਰੇ ਬੜਾ ਕੁਝ ਹੈ ਇਸ ਪੁਸਤਕ ਵਿਚ। ਪਰਮਬੀਰ ਕੌਰ ਨੇ ਜਿਸ ਸੋਹਣੀ ਜੀਵਨ-ਜਾਚ ਬਾਰੇ ਆਪਣੀਆਂ ਰਚਨਾਵਾਂ ਵਿਚ ਦੱਸਿਆ ਹੈ, ਉਹ ਅਮਲੀ ਜੀਵਨ ਵਿਚ ਸੰਭਵ ਹੈ। ਲੇਖਿਕਾ ਨੇ ਇਹ ਸਭ ਆਪ ਜੀਵਿਆ ਹੈ। ਉਸ ਦੇ ਵਿਚਾਰਾਂ ਦੀ ਵੰਨ-ਸੁਵੰਨਤਾ ਤੋਂ ਉਸ ਦੇ ਉੱਤਮ ਸਾਹਿੱਤ ਪੜ੍ਹੇ ਹੋਣ ਦਾ ਪਤਾ ਲੱਗਦਾ ਹੈ। ਨਾਲ ਇਹ ਵੀ ਪੁਸ਼ਟ ਹੁੰਦਾ ਹੈ ਕਿ ਉਸ ਨੇ ਇਹ ਸਭ ਕੁਝ ਪਹਿਲਾਂ ਚੰਗੀ ਤਰ੍ਹਾਂ ਆਤਮਸਾਤ ਕੀਤਾ ਹੈ। ਉਸ ਦੇ ਵਿਚਾਰ ਸੰਤੁਲਿਤ ਹਨ। ਉਸ ਦੀ ਦ੍ਰਿਸ਼ਟੀ ਹਾਂ-ਵਾਚੀ ਅਤੇ ਵਿਗਿਆਨਿਕ ਹੈ।
ਪਰਮਬੀਰ ਕੌਰ ਦੀ ਸੁਰ ਧੀਮੀ ਹੈ। ਉਪਦੇਸ਼ਿਕਾ ਬਣਨ ਤੋਂ ਉਸ ਨੂੰ ਸੰਕੋਚ ਹੈ। ਉਸ ਨੇ ਸੂਖਮ ਖ਼ਿਆਲਾਂ ਨੂੰ ਬੜੇ ਸਹਿਜ, ਸੰਜਮ ਤੇ ਸੁਹਜ ਨਾਲ ਪ੍ਰਗਟਾਇਆ ਹੈ। ਉਸ ਦੀ ਵਾਰਤਕ ਸੰਘਣੀ ਬੁਣਤੀ ਵਾਲੀ ਹੈ। ਬਹੁਤੇ ਕੁਝ ਨੂੰ ਥੋੜ੍ਹੇ ਸ਼ਬਦਾਂ ਵਿਚ ਲਿਖ ਦੇਣਾ ਉਸ ਦੀ ਪ੍ਰਗਟਾ-ਕਲਾ ਦੀ ਸਿਫ਼ਤ ਹੈ। ਉਸ ਕੋਲ ਵਿਸ਼ਾਲ ਸ਼ਬਦ-ਭੰਡਾਰ ਹੈ। ਇਸੇ ਕਰਕੇ, ਉਸ ਦੀ ਢੁੱਕਵੀਂ ਸ਼ਬਦ-ਚੋਣ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਉਸ ਦਾ ਪ੍ਰਕਿਰਤੀ-ਚਿਤ੍ਰਣ ਕਮਾਲ ਹੈ। ਸ਼ਬਦਾਂ ਨਾਲ ਚਿਤਰੇ ਦ੍ਰਿਸ਼ ਉਸ ਦੀ ਸੁਹਜ-ਭਾਵਨਾ ਦੇ ਲਖਾਇਕ ਹਨ। ਉਸ ਦੀ ਲਿਖਤ ਵਿਚ ਮਨੋਵਿਗਿਆਨਿਕ ਅਤੇ ਦਾਰਸ਼ਿਨਕ ਪੁੱਠ ਵੀ ਨਜ਼ਰ ਆਉਂਦੀ ਹੈ। ਹਾਲਾਂਕਿ ਰਚਨਾਵਾਂ ਵਿਚ ਬੌਧਿਕ ਅੰਸ਼ ਵੀ ਹੈ ਪਰ ਇਹ ਉਸ ਦੀਆਂ ਲਿਖਤ ਨੂੰ ਭਾਰੂ ਨਹੀਂ ਬਣਾਉਂਦਾ। ਇਸ ਲਈ, ਉਸ ਦੇ ਲੇਖਾਂ ਨੂੰ ਠਰ੍ਹੰਮੇ ਨਾਲ ਪੜ੍ਹਿਆਂ ਵਧੇਰੇ ਮਾਣਿਆ ਤੇ ਸਲਾਹਿਆ ਜਾ ਸਕਦਾ ਹੈ। ਉਂਜ ਉਸ ਦੇ ਸਾਰੇ ਲੇਖ ਪੜ੍ਹਨ ਯੋਗ ਹਨ। ਫਿਰ ਵੀ ਉਸ ਦੀ ਲਿਖਣ-ਕਲਾ ਇਨ੍ਹਾਂ ਲੇਖਾਂ ਵਿਚ ਵਿਸ਼ੇਸ਼ ਤੌਰ ਤੇ ਵੇਖੀ ਜਾ ਸਕਦੀ ਹੈ – ‘ਨੀਂਦ ਇਕ ਅਦੁਤੀ ਤੋਹਫ਼ਾ’, ‘ਫੁਰਨਿਆਂ ਦੀ ਸਿਰਜਣਾ’, ‘ਇਹ ਮਨ ਉੱਡਣ ਪੰਖੇਰੂ’, ‘ਪੁਸਤਕਾਂ ਪੜ੍ਹਨ ਦਾ ਸ਼ੌਕ’, ‘ਤਜਰਬਾ ਹੁੰਦਾ ਹੈ ਚਾਨਣ ਮੁਨਾਰਾ’, ‘ਪਰਖ ਦੀਆਂ ਘੜੀਆਂ’, ‘ਆਸਾਂ ਦੀਆਂ ਡੋਰੀਆਂ’, ‘ਆਪਣੀ ਸਮਰੱਥਾ ਅਜ਼ਮਾਈਏ ਜ਼ਰੂਰ ‘, ‘ਸਜੀ ਧਜੀ ਜ਼ਿੰਦਗੀ’, ‘ਚੁੱਪ ਦੀਆਂ ਗੱਲਾਂ’, ‘ਚਾਨਣ ਦੀਆਂ ਰਿਸ਼ਮਾਂ’, ‘ਸਬਰ ਸੰਤੋਖ’, ‘ਲਫ਼ਜ਼ਾਂ ਦੀ ਗ਼ੁਲਾਮੀ’, ‘ਅਜ਼ਾਈਂ ਗਵਾੳਣੁ ਦੀ ਬਿਰਤੀ’, ‘ਕਦੇ ਨਾ ਕਰੀਏ ਬਹਿਸ’, ‘ਅਜ਼ਾਦੀ ਦੇ ਅਰਥ’, ‘ਆਦਤ ਦੇ ਨਾ ਬਣੀਏ ਗ਼ੁਲਾਮ’, ‘ਨਵੇਂ ਦਿਸਹੱਦਿਆਂ ਦੀ ਤਲਾਸ਼’।
‘ਗੱਲਾਂ-ਗੱਪਾਂ ਦਾ ਮੌਸਮ’ ਅਤੇ ‘ਭਾਰ ਤਾਂ ਘਟ ਗਿਆ ਪਰ’ ਜਿਹੇ ਹਲਕੇ-ਫੁਲਕੇ ਲੇਖਾਂ ਵਿਚ ਵੀ ਬੜੇ ਪਤੇ ਦੀਆਂ ਗੱਲਾਂ ਹਨ। ਬਿਜਲੀ ਚਲੇ ਜਾਣ ਤੇ ਬੱਚੇ ਟੀ.ਵੀ. ਜਾਂ ਕੰਪਿਊਟਰ ਨੂੰ ਛੱਡ ਕੇ ਕੁਝ ਸਮਾਂ ਸਾਰੇ ਪਰਿਵਾਰ ਨਾਲ ਬਹਿ ਕੇ ਗੁਜ਼ਾਰਦੇ ਹਨ। ਇਸ ਪੱਖੋਂ ਬਿਜਲੀ ਦਾ ਜਾਣਾ ਬੁਰਾ ਨਹੀਂ ਲੱਗਦਾ। ‘ਫੱਗਣ ਦੀ ਹਰਿਆਵਲ’, ‘ਪਤਝੜ ਦੀ ਬਹਾਰ’, ‘ਖੇੜਾ ਭਰਿਆ ਹਰ ਰੁੱਤੇ’, ‘ਬਸੰਤ ਉਤਸਵ’, ‘ਅੰਬਰ ਧਰਤੀ ਕਰਨ ਪੁਕਾਰ’ ਜਿਹੇ ਲੇਖ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਉੱਤੇ ਕੇਂਦ੍ਰਿਤ ਹਨ। ‘ਹਵਾ ਦੇ ਰੁਖ਼ ਅਤੇ ਮਿਜ਼ਾਜ’ ਲੇਖ ਪੜ੍ਹਦਿਆਂ ਮੈਨੂੰ ਜਾਪਿਆ ਜਿਵੇਂ ਇਸ ਵਿਚ ਕੇਵਲ ਪੌਣ ਦੀ ਗੱਲ ਹੀ ਨਹੀਂ ਹੈ। ਇਹ ਲੇਖ ਬਾਬੇ ਆਦਮ ਦੀ ਸਹਿਯੋਗਣ ‘ਹਵਾ’ ਉੱਤੇ ਵੀ ਪੂਰਾ ਢੁਕਦਾ ਹੈ। ਹਰ ਚੰਗੀ ਰਚਨਾ ਡੂੰਘੇ ਅਤੇ ਬਹੁ ਅਰਥਾਂ ਵਾਲੀ ਬਣਨ ਦੀ ਸੰਭਾਵਨਾ ਜੁ ਰੱਖਦੀ ਹੁੰਦੀ ਹੈ।
ਅਸਲ ਵਿਚ, ਇਸਤਰੀ ਦੀ ਦ੍ਰਿਸ਼ਟੀ ਪੁਰਖ ਦੀ ਦ੍ਰਿਸ਼ਟੀ ਨਾਲੋਂ ਵੱਖਰੇ ਅਤੇ ਵੱਡੇ ਆਯਾਮ ਵਾਲੀ ਹੁੰਦੀ ਹੈ। ਪਰਮਬੀਰ ਕੌਰ ਦੇ ਇਨ੍ਹਾਂ ਲੇਖਾਂ ਵਿਚ ਇਸਤਰੀ ਕਦੇ ਹਵਾ, ਕਦੇ ਧਰਤੀ ਤੇ ਕਦੇ ਸਮੁੱਚੀ ਕੁਦਰਤ ਦੇ ਸਮਰੂਪ ਵਿਖਾਈ ਦਿੰਦੀ ਹੈ। ਸਹੀ ਗੱਲ ਤਾਂ ਇਹ ਹੈ ਕਿ ਲੇਖਿਕਾ ਜ਼ਿੰਦਗੀ ਨਾਲ ਇੰਨਾ ਨੇੜਿਓਂ ਜੁੜੀ ਹੈ ਕਿ ਉਸ ਨੂੰ ਇਸ ਦੇ ਵਿਰੁੱਧ ਜਾਂਦਾ ਕੁਝ ਵੀ ਫ਼ਿਕਰਮੰਦ ਕਰਦਾ ਹੈ। ਇਸ ਲਈ ਕੀ ਸਮਾਜਿਕ ਵਾਤਾਵਰਣ ਅਤੇ ਕੀ ਕੁਦਰਤੀ ਵਾਤਾਵਰਣ, ਦੋਵੇਂ ਪ੍ਰਕਾਰ ਦੇ ਵਾਤਾਵਰਣ ਦੀ ਦੂਸ਼ਤਾ ਤੋਂ ਉਹ ਚਿੰਤਾਤੁਰ ਹੈ। ਦੂਜੇ ਬੰਨੇ ਪਰਿਵਾਰ ਅਤੇ ਸਮਾਜਿਕ ਰਿਸ਼ਤਿਆਂ ਵਿਚ ਸਾਵਾਂਪਣ ਅਤੇ ਮਨੁੱਖ ਦੀ ਕੁਦਰਤ ਨਾਲ ਇਕਸੁਰਤਾ ਲਈ ਉਸ ਦੀ ਤਾਂਘ ਇਸ ਪੁਸਤਕ ਦੇ ਹਰ ਸ਼ਬਦ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਪ੍ਰਗਟ ਹੋਈ ਹੈ। ਇਸ ਦ੍ਰਿਸ਼ਟੀ ਤੋਂ ਇਨ੍ਹਾਂ ਰਚਨਾਵਾਂ ਦਾ ਪਾਠ ਕਰਦਿਆਂ ਪਰਮਬੀਰ ਕੌਰ ਦੇ ਰਚਨਾ-ਸੰਸਾਰ ਨੂੰ ਸਮਝਣਾ ਮੈਨੂੰ ਵਧੇਰੇ ਸਾਰਥਿਕ ਪ੍ਰਤੀਤ ਹੋਇਆ ਹੈ। ਲੇਖਿਕਾ ਦੇ ਆਪ ਚੁਣੇ ਵਿਸ਼ਿਆਂ ਵਿਚ ਵੰਨ-ਸੁਵੰਨਤਾ ਹੈ। ਇਕ ਸੁਜਾਨ ਤੇ ਸੁਘੜ ਸੁਆਣੀ ਦੀ ਮਨੋਹਰ ਸ਼ਖ਼ਸੀਅਤ ਇਸ ਪੁਸਤਕ ਵਿਚ ਬਰਾਬਰ ਪ੍ਰਕਾਸ਼ਮਾਨ ਹੋਈ ਹੈ। ਉਸ ਦਾ ਲੇਖ ‘ਜ਼ਿੰਦਗੀ ਇਕ ਵਿਅੰਜਨ’ ਰਸੋਈ-ਕਲਾ ਦਾ ਰੂਪਕ ਲੈ ਕੇ ਲਿਖਿਆ ਗਿਆ ਹੈ । ਇਸ ਵਿਚ ਇਸਤਰੀ ਦੀ ਦ੍ਰਿਸ਼ਟੀ ਕੇਵਲ ਘਰ-ਸਿਰਜਕ (ਹੋਮ ਮੇਕਰ) ਹੀ ਨਹੀਂ ਬਲਕਿ ਇਸ ਤੋਂ ਅੱਗੇ ਜੀਵਨ-ਸਿਰਜਕ ਦੇ ਰੂਪ ਵਿਚ ਉਭਰਦੀ ਹੈ। ਇਸੇ ਲਈ ,ਉਸ ਦੀ ਸੋਚ ਅਤੇ ਕਲਪਨਾ ਦੀਆਂ ਉਡਾਰੀਆਂ ਉੱਚੀਆਂ ਹੋਣ ਦੇ ਬਾਵਜੂਦ ਉਸ ਦੇ ਪੈਰ ਜ਼ਮੀਨ ਉੱਤੇ ਰਹਿੰਦੇ ਹਨ। ਉਹ ਦਰਪੇਸ਼ ਜੀਵਨ ਦੇ ਸਨਮੁਖ ਰਹਿੰਦੀ ਹੈ। ਉਹ ਦਿਲ ਅਤੇ ਦਿਮਾਗ਼, ਅਰਥਾਤ ਭਾਵਨਾਵਾਂ ਅਤੇ ਵਿਚਾਰਾਂ ਪਖੋਂ ਇਕਸੁਰ ਹੋਕੇ ਵਿਚਰਦੀ ਹੈ।
ਇਹ ਪੁਸਤਕ ਮੇਰੀ ਜਾਚੇ ਆਮ ਲਾਇਬ੍ਰੇਰੀਆਂ ਤੋਂ ਇਲਾਵਾ ਸਕੂਲ ਲਾਇਬ੍ਰੇਰੀਆਂ ਅਤੇ ਘਰੇਲੂ ਲਾਇਬ੍ਰੇਰੀਆਂ ਲਈ ਚੁਣੇ ਜਾਣ ਦੇ ਯੋਗ ਹੈ। ਆਸ ਹੈ ਕਿ ਪਰਮਬੀਰ ਕੌਰ ਦੀ ਕਲਮ ਦਾ ਕਰਤਾਰੀ ਪ੍ਰਵਾਹ ਚੱਲਦਾ ਰਹੇਗਾ ਅਤੇ ਉਸ ਦੀ ਵਿਲੱਖਣ ਸ਼ੈਲੀ ਵਾਲੀਆਂ ਜੀਵਨ-ਸੁਹਜ ਭਰਪੂਰ ਲਿਖਤਾਂ ਨਾਲ ਪੰਜਾਬੀ ਵਾਰਤਕ ਹੋਰ ਅਮੀਰ ਹੋਵੇਗੀ।
-ਡਾਕਟਰ ਕਰਨੈਲ ਸਿੰਘ ਸੋਮਲ, ਸਾਹਿਬਜ਼ਾਦਾ ਅਜਤ ਸਿੰਘ ਨਗਰ
Leave a Reply