ਲੁਧਿਆਣਾ। 22 ਅਪ੍ਰੈਲ: ਪੰਜਾਬੀ ਦੇ ਉੱਘੇ ਸ਼ਾਇਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ: ਸੁਰਜੀਤ ਪਾਤਰ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਿਹ ‘ਲਫ਼ਜ਼ਾਂ ਦੀ ਦਰਗਾਹ’ ਬਦਲੇ ਮਿਲੇ ਸਰਸਵਤੀ ਪੁਰਸਕਾਰ ਲਈ ਯੂਨੀਵਰਸਿਟੀ ਵੱਲੋਂ ਕਰਵਾਏ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਸਿਰਫ ਖੇਤੀਬਾੜੀ ਵਿੱਚ ਹੀ ਨਹੀਂ ਸਗੋਂ ਕਲਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਇਸ ਯੂਨੀਵਰਸਿਟੀ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਡਾ: ਕੰਗ ਨੇ ਆਖਿਆ ਕਿ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਸ਼ਾਇਰ ਡਾ: ਸੁਰਜੀਤ ਪਾਤਰ ਨੇ ਇਸ ਯੂਨੀਵਰਸਿਟੀ ਵਿੱਚ 33 ਸਾਲ ਸੇਵਾ ਨਿਭਾਉਂਦਿਆਂ ਜੋ ਸਾਹਿਤ ਸਿਰਜਣਾ ਕੀਤੀ ਹੈ, ਉਸ ਨੂੰ ਸਿਰਫ ਪੰਜਾਬ ਨੇ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਨੇ ਸਲਾਹਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਨਾਲ ਸਾਡਾ ਕੱਦ ਵੀ ਉੱਚਾ ਹੋਇਆ ਹੈ। ਡਾ: ਕੰਗ ਨੇ ਆਖਿਆ ਕਿ ਡਾ: ਪਾਤਰ ਨੂੰ ਸਰਸਵਤੀ ਸਨਮਾਨ ਮਿਲਣਾ ਸਾਡੇ ਸਭ ਲਈ ਖੁਸ਼ੀ ਵਾਲੀ ਪ੍ਰਾਪਤੀ ਹੈ। ਡਾ: ਕੰਗ ਨੇ ਇਸ ਮੌਕੇ ਡਾ: ਸੁਰਜੀਤ ਪਾਤਰ ਨੂੰ ਸ਼ੋਭਾ ਪੱਤਰ ਅਤੇ ਦੁਸ਼ਾਲਾ, ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਭੁਪਿੰਦਰ ਕੌਰ ਪਾਤਰ ਨੂੰ ਫੁਲਕਾਰੀ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਤ ਕੀਤੇ ਸੁਰਜੀਤ ਪਾਤਰ ਦੇ ਫੋਟੋ ਚਿੱਤਰ ਨੂੰ ਪੋਸਟਰ ਰੂਪ ਵਿੱਚ ਡਾ: ਕੰਗ ਨੇ ਰਿਲੀਜ਼ ਕਰਕੇ ਉਸ ਦੀ ਪਹਿਲੀ ਕਾਪੀ ਡਾ: ਸੁਰਜੀਤ ਪਾਤਰ ਦੀ ਧਰਮ ਪਤਨੀ ਨੂੰ ਭੇਂਟ ਕੀਤੀ।
ਡਾ: ਪਾਤਰ ਦੇ ਸਨਮਾਨ ਵਿੱਚ ਡਾ: ਜਗਤਾਰ ਸਿੰਘ ਧੀਮਾਨ ਨੇ ਬੋਲਦਿਆਂ ਕਿਹਾ ਕਿ ਦੋਆਬੇ ਦੇ ਪ੍ਰਸਿੱਧ ਪਿੰਡ ਪੱਤੜ ਕਲਾਂ ਵਿੱਚ ਜਨਮੇ, ਰਣਧੀਰ ਕਾਲਜ ਕਪੂਰਥਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹੇ ਡਾ: ਪਾਤਰ ਨੂੰ ਅੱਜ ਵਿਸ਼ਵ ਧਰਤੀ ਦਿਵਸ ਮੌਕੇ ਸਨਮਾਨਿਤ ਕਰਨਾ ਸਾਡਾ ਸੁਭਾਗ ਹੈ ਕਿਉਂਕਿ ਉਹ ਸੁਯੋਗ ਧਰਤੀ ਪੁੱਤਰ ਹਨ। ਡਾ: ਪਾਤਰ ਬਾਰੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰੋਫੈਸਰ ਇੰਚਾਰਜ ਗੁਰਭਜਨ ਗਿੱਲ ਨੇ 41 ਸਾਲ ਪੁਰਾਣੀ ਸਾਂਝ ਦੇ ਹਵਾਲੇ ਨਾਲ ਉਨ੍ਹਾਂ ਦੀ ਸਿਰਜਣਾ ਬਾਰੇ ਵਿਚਾਰ ਪੇਸ਼ ਕੀਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਤੋਂ ਇਲਾਵਾ ਉੱਘੇ ਉਰਦੂ ਕਵੀ ਸਰਦਾਰ ਪੰਛੀ, ਡਾ: ਸੁਖਚੈਨ ਮਿਸਤਰੀ, ਡਾ: ਅਮਰਜੀਤ ਸਿੰਘ ਹੇਅਰ ਨੇ ਵੀ ਡਾ: ਪਾਤਰ ਬਾਰੇ ਆਪਣੀਆਂ ਕਵਿਤਾਵਾਂ ਅਤੇ ਬੋਲਾਂ ਦੀ ਸਾਂਝ ਪਾਈ। ਸਰਦਾਰਨੀ ਭੁਪਿੰਦਰ ਪਾਤਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਡਾ: ਸੁਰਜੀਤ ਪਾਤਰ ਦਾ ਇਕ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਲਿਆ। ਇਸ ਮੌਕੇ ਉੱਘੇ ਲੇਖਕ ਪ੍ਰੋਫੈਸਰ ਨਰਿੰਜਨ ਤਸਨੀਮ, ਪ੍ਰੋਫੈਸਰ ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ, ਤਰਲੋਚਨ ਲੋਚੀ, ਡਾ: ਗੁਲਜ਼ਾਰ ਪੰਧੇਰ, ਦਲਬੀਰ ਲੁਧਿਆਣਵੀ, ਡਾ: ਪ੍ਰਿਤਪਾਲ ਕੌਰ ਚਾਹਲ, ਸ਼੍ਰੀ ਐਨ ਐਸ ਨੰਦਾ, ਕਹਾਣੀਕਾਰ ਸੁਖਜੀਤ, ਡਾ: ਰਣਜੀਤ ਸਿੰਘ ਤਾਂਬੜ, ਡਾ: ਦਰਸ਼ਨ ਬੜੀ, ਸ: ਹਰਪ੍ਰੀਤ ਸਿੰਘ ਹੀਰੋ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਰਜਿਸਟਰਾਰ ਤੇ ਕੰਪਟਰੋਲਰ ਸ: ਬਹਾਦਰ ਸਿੰਘ ਰੰਧਾਵਾ, ਪੀ ਏ ਯੂ ਦੇ ਡੀਨ ਹੋਮ ਸਾਇੰਸ ਕਾਲਜ ਡਾ: ਨੀਲਮ ਗਰੇਵਾਲ, ਕੰਪਟਰੋਲਰ ਸ਼੍ਰੀ ਏ ਸੀ ਰਾਣਾ ਨੇ ਵੀ ਸਮਾਗਮ ਵਿੱਚ ਹਾਜ਼ਰੀ ਲੁਆਈ। ਮੰਚ ਸੰਚਾਲਨ ਡਾ: ਨਿਰਮਲ ਜੌੜਾ ਨੇ ਬੜੇ ਜੀਵੰਤ ਅੰਦਾਜ਼ ਵਿੱਚ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਾ: ਸੁਰਜੀਤ ਪਾਤਰ ਨੇ ਆਖਿਆ ਕਿ ਉਨ੍ਹਾਂ ਨੂੰ ਪ੍ਰੋਫੈਸਰ ਮੋਹਨ ਵਰਗੇ ਯੁਗ ਕਵੀ ਇਸ ਯੂਨੀਵਰਸਿਟੀ ਵਿੱਚ ਸਿਰਫ ਇਕ ਨਜ਼ਮ ‘ਬੁੱਢੀ ਜਾਦੂਗਰਨੀ ਆਖਦੀ ਹੈ’ ਕਰਕੇ ਏਥੇ ਲੈ ਕੇ ਆਏ ਸਨ। ਇਥੋਂ ਦੇ ਪੱਥਰਾਂ ਉੱਪਰ ਉਕਰੀਆਂ ਕਵਿਤਾਵਾਂ ਅਤੇ ਵੰਨ ਸੁਵੰਨੇ ਸ਼ਿੰਗਾਰ ਰੁੱਖਾਂ ਤੇ ਡਾ: ਮਹਿੰਦਰ ਸਿੰਘ ਰੰਧਾਵਾ ਦੀ ਛਤਰ ਛਾਇਆ ਦੇ ਪ੍ਰਭਾਵ ਨੇ ਉਨ੍ਹਾਂ ਨੂੰ ਇਸ ਧਰਤੀ ਨਾਲ ਜੋੜਿਆ। ਆਪਣੀਆਂ ਪੰਜ ਕਾਵਿ ਪੁਸਤਕਾਂ ਅਤੇ ਹੋਰ ਸਿਰਜਣਾ ਦੇ ਹਵਾਲੇ ਨਾਲ ਡਾ: ਪਾਤਰ ਨੇ ਕਿਹਾ ਕਿ ਇਹ ਧਰਤੀ ਉਸ ਲਈ ਕਰਮਭੂਮੀ ਵੀ ਹੈ ਅਤੇ ਮੁਹੱਬਤ ਦਾ ਭਰ ਵਗਦਾ ਦਰਿਆ ਵੀ। ਉਨ੍ਹਾਂ ਯੂਨੀਵਰਸਿਟੀ ਪ੍ਰਸਾਸ਼ਨ, ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਤੋਂ ਇਲਾਵਾ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਸਵਤੀ ਸਨਮਾਨ ਮਿਲਣ ਤੋਂ ਪਹਿਲਾਂ ਹੀ ਸਨਮਾਨ ਤੋਂ ਵੀ ਵੱਡੀ ਇਜ਼ਤ ਅਫਜ਼ਾਈ ਕੀਤੀ ਹੈ। ਆਪਣੇ ਭਾਵੁਕ ਲਫ਼ਜ਼ਾਂ ਵਿੱਚ ਡਾ:ਪਾਤਰ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਉਨ੍ਹਾਂ ਨੂੰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਕੁਲਵੰਤ ਸਿੰਘ ਵਿਰਕ, ਗੁਲਜ਼ਾਰ ਸਿੰਘ ਸੰਧੂ, ਅਜਾਇਬ ਚਿਤਰਕਾਰ,ਕ੍ਰਿਸ਼ਨ ਅਦੀਬ, ਅਮਰਜੀਤ ਗਰੇਵਾਲ ਅਤੇ ਅਨੇਕਾਂ ਹੋਰ ਲੇਖਕਾਂ ਨਾਲ ਕੰਮ ਕਰਨ ਅਤੇ ਵਿਚਰਨ ਦਾ ਜੋ ਮੌਕਾ ਮਿਲਿਆ ਉਸ ਤੋਂ ਮੈਂ ਕੁਝ ਹਾਸਿਲ ਕੀਤਾ ਹੈ।
Leave a Reply