“ਫੈਸਲੇ ਦੀ ਘੜੀ ਆਣ ਪਹੁੰਚੀ ਹੈ
ਨਿਰਣਾ ਤਾਂ ਲੈਣਾ ਪੈਣੇ
ਸੰਘਰਸ਼ਾਂ ਨਾਲ
ਵਿਆਹੁਣੀ ਹੈ ਸੂਹੀ ਮੌਤ,
ਲੋੜ ਹੈ ਉੱਠਣ ਤੇ ਜੂਝਣ ਦੀ
ਉਗਦੇ ਸੂਰਜ ਦੀ ਲਾਲੀ ਦਾ
ਨਿੱਘ ਮਾਨਣ ਦੀ
ਤਾਂ ਕਿ ਚੜ੍ਹਦੇ ਸੂਰਜ ਦੀਆਂ ਕਿਰਣਾਂ
ਮਾਣ ਸਕਣ ਇਨਕਲਾਬ ਦਾ
ਭੱਖਦਾ ਸੇਕ” (ਅੰਤਹਕਰਣ)
ਇਹਨਾਂ ਸਤਰਾਂ ਦੀ ਰਚੇਤਾ ਪਰਮਿੰਦਰ ਸਵੈਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਉਸਨੇ ਸਮਾਜਿਕ, ਆਰਥਿਕ, ਰਾਜਨੀਤਿਕ, ਨਾ-ਬਰਾਬਰੀ ਖਿਲਾਫ਼ ਜੂਝਣ ਦੀ ਗੁੜ੍ਹਤੀ ਗ਼ਦਰ ਲਹਿਰ ਵਿੱਚ ਸ਼ਾਮਲ, ਅੰਗਰੇਜ਼ ਹਕੂਮਤ ਨੂੰ ਵੰਗਾਰਨ ਵਾਲੇ ਆਪਣੇ ਦਾਦਾ ਜੀ ਤੋਂ ਲਈ ਤੇ ਉਸਦੇ ਪਿਤਾ ਜੀ ਕਾਮਰੇਡ ਜਗਤਾਰ ਸਿੰਘ ਨੇ ਨਾ ਸਿਰਫ ਜੀਵਨ ਜਾਚ ਹੀ ਸਿਖਾਈ ਸਗੋਂ ਇਸ ਕਾਣੀ ਵੰਡ ਦੇ ਵਰਤਾਰੇ ਦੇ ਖਿਲਾਫ਼ ਜੂਝਣ ਲਈ ਵੀ ਪ੍ਰੇਰਿਆ। ਪ੍ਰਸਿੱਧ ਇਨਕਲਾਬੀ ਕਵੀ ਦਰਸ਼ਨ ਦੁਸਾਂਝ ਦੇ ਕਹਿਣ ਅਨੁਸਾਰ-
“ਮੇਰਾ ਪੇਟ ਹੁੰਦਾ ਨਾ ਰੋਟੀ ਤੋਂ ਖਾਲੀ
ਹੋਰਾਂ ਲਈ ਮਰਨੇ ਦਾ ਜੇਰਾ ਨਾ ਹੁੰਦਾ।
ਕਦੇ ਚੰਗਾ ਲੱਗਦਾ ਨਾ ਸੂਲੀ ਤੇ ਚੜ੍ਹਨਾ,
ਜੇ ਮੰਜ਼ਲ ਤੇ ਖੁਸ਼ਬੂ ਤੇ ਖੇੜਾ ਨਾ ਹੁੰਦਾ”
ਪਰਮਿੰਦਰ ਵੀ ਛੋਟੀ ਕਿਸਾਨੀ ਜੋ ਹੱਡ ਭੰਨਵੀਂ ਮਿਹਨਤ ਦੇ ਬਾਵਜੂਦ ਵੀ ਤੰਗੀਆਂ ਤੁਰਸ਼ੀਆਂ ਸਹਾਰਦੀ ਸੋਚਣ ਲੱਗ ਪਈ ਸੀ ਖੁਸ਼ਬੂ ਤੇ ਖੇੜੇ ਵਾਲੀ ਮੰਜ਼ਲ ਨੂੰ ਪਾਉਣ ਬਾਰੇ। ਕਾਲਜ਼ ਦੇ ਦਿਨਾਂ ਵਿੱਚ ਜਿੱਥੇ ਕੁੜੀਆਂ ਸੁਪਨਮਈ ਸੰਸਾਰ ਵਿੱਚ ਉਡਾਰੀਆਂ ਮਾਰਦੀਆਂ ਫਿਰਦੀਆਂ ਹਨ ਉੱਥੇ ਉਹ ਜੋਸ਼ੀਲੀ, ਨਿਡਰ ਤੇ ਵਿਦਿਆਰਥੀ ਯੂਨੀਅਨ ਦੀ ਸਰਗਰਮ ਵਰਕਰ ਬਣ ਸਾਥਣਾਂ ਨੂੰ ਜਾਗਰਿਤ ਕਰ ਰਹੀ ਸੀ। ਉਹ ਇੱਕ ਕਵਿਤਾ ਲੇਖਿਕਾ, ਨਾਟਕਕਾਰ ਤੇ ਵਧੀਆ ਅਦਾਕਾਰਾ ਹੈ। ਮੇਰੀ ਉਸ ਨਾਲ ਪਹਿਚਾਣ ਤਰਕਸ਼ੀਲ ਸੁਸਾਇਟੀ ਦੀ ਸਟੇਜ਼ ਤੇ ਹੋਈ ਜਦੋਂ ਉਹ ਨਾਟਕ ਕਰ ਰਹੀ ਸੀ। ਪਰਮਿੰਦਰ ਦੀ ਪਹਿਚਾਣ ਬਣਾਉਣ ਵਿੱਚ ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਤੇ ਤਰਕਸ਼ੀਲ ਸੁਸਾਇਟੀ ਦੀ ਪਹਿਚਾਣ ਬਣਾਉਣ ਵਿੱਚ ਉਸਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹ ਹਰ ਇਨਕਲਾਬੀ ਤੇ ਅਗਾਂਹਵਧੂ ਕਾਰਜ ਵਿੱਚ ਅੱਗੇ ਹੋ ਕੇ ਭਾਗ ਲੈਂਦੀ ਹੈ, ਉਹ ਇਸ ਲੋਕ ਦੋਖੀ ਨਿਜ਼ਾਮ ਨੂੰ ਮੁੱਢੋਂ-ਸੁੱਢੋਂ ਹੀ ਬਦਲ ਇੱਕ ਨਰੋਇਆ ਤੇ ਲੋਕ ਪੱਖੀ ਸਮਾਜ ਚਾਹੁੰਦੀ ਹੈ ਜੋ ਉਸ ਦੀ ਸਮੁੱਚੀ ਕਵਿਤਾ ਵਿੱਚ ਸਾਫ਼ ਝਲਕਦਾ ਹੈ। ਉਸ ਨੇ ਆਪਣੀ ਕਵਿਤਾ ਵਿੱਚ ਬਹੁਤ ਹੀ ਭਾਵਪੂਰਤ ਵਿਸ਼ੇ ਲਏ ਹਨ। ਜਿਵੇਂ ਔਰਤ ਬਾਰੇ, ਧਾਰਮਿਕ ਪਖੰਡਵਾਦ ਬਾਰੇ, ਅੰਧ ਵਿਸ਼ਵਾਸ ਬਾਰੇ, ਸਮਾਜਿਕ ਰਿਸ਼ਤਿਆਂ ਬਾਰੇ, ਰਾਜਨੀਤੀ ਦੇ ਕੋਝੇ ਵਰਤਾਰੇ ਬਾਰੇ, ਨਸਲਵਾਦ, ਜੰਗ ਤੇ ਅਮਨ ਬਾਰੇ। ਜਿੱਥੇ ਉਹ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਮੱਸਿਆਵਾਂ ਬਾਰੇ ਸਮਝ ਰੱਖਦੀ ਹੈ ਉੱਥੇ ਉਹ ਬੜੀ ਹੀ ਜੁਅਰਤ ਤੇ ਦਲੇਰੀ ਨਾਲ ਉਹਨਾਂ ਖਿਲਾਫ਼ ਲਿਖਦੀ ਲੋਕ ਲਹਿਰ ਬਣਾਉਣਾ ਲੋਚਦੀ ਹੈ। ਉਸਦੀ ਕਵਿਤਾ ਵਿੱਚ ਆਦਰਸ਼ਵਾਦ ਵੀ ਕਾਫੀ ਭਾਰੂ ਹੈ।
ਪੰਜਾਬੀ ਵਿੱਚ ਬਹੁਤ ਸਾਰਾ ਸਾਹਿਤ ਰਚਿਆ ਜਾ ਰਿਹਾ ਹੈ ਜੋ ਔਰਤ ਮਰਦ ਦੇ ਰਿਸ਼ਤਿਆਂ ਮਿਲਣ-ਵਿਛੜਨ, ਤਾਹਨਿਆਂ-ਮਿਹਣਿਆਂ ਵਿਚਾਲੇ ਹੀ ਘੁੰਮਦਾ ਹੈ ਪਰ ਇਸ ਨੇ ਨਿੱਜ ਤੋਂ ਉੱਪਰ ਉੱਠ ਕੇ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਬੁਰਾਈਆਂ ਤੇ ਉਂਗਲ ਰੱਖੀ ਹੈ। ਉਹ ਆਪਣੀ ਵਿਅੰਗਆਤਮਕ ਕਵਿਤਾ ਰਾਹੀਂ ਲੋਕਾਂ ਦੀ ਸੁੱਤੀ ਸੋਚ ਨੂੰ ਜਗਾਉਣ ਦੀ ਕੋਸ਼ਿਸ਼ ਵਿੱਚ ਹੈ। ਜੋ ਮੀਡੀਏ ਰਾਹੀਂ ਗੀਤਾਂ, ਕਵਿਤਾਵਾਂ ਵਿੱਚ ਔਰਤ ਨੂੰ ਸ਼ਰਾਬ ਨਾਲ ਤੁਲਣਾ ਕਰਕੇ ਪ੍ਰਚਾਰਿਆ ਜਾਂਦਾ ਹੈ, ਉਹ ਉਸਨੂੰ ਰਿਸ਼ਤਿਆਂ ਦੀ ਜ਼ਿੰਦਗੀ ਦਾ ਅੰਤ ਕਹਿੰਦੀ ਹੈ। ਔਰਤ ਜੋ ਸਦੀਆਂ ਤੋਂ ਗ਼ੁਲਾਮ ਰਹੀ ਹੈ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਕੰਮ ਕਾਜੀ ਜਾਂ ਘਰ ਦੀ ਚਾਰ ਦਿਵਾਰੀ ਵਿੱਚ ਰਹਿ ਜੁੰਮੇਵਾਰੀਆਂ ਨਿਭਾਉਂਦੀ ਹੋਵੇ, ਉਸਦੀ ਦੁਰਦਸ਼ਾ ਹੀ ਬਿਆਨ ਨਹੀਂ ਕੀਤੀ ਸਗੋਂ ਉਸਨੂੰ ਅਖੌਤੀ ਅਜ਼ਾਦੀ ਦੀ ਸੱਚਾਈ ਦਿਖਾਉਦਿਆਂ ਮਾਨਸਿਕ ਅਜ਼ਾਦੀ ਤੋਂ ਬਿਨ੍ਹਾਂ ਬਾਕੀ ਆਜ਼ਾਦੀ ਛਲ਼ ਕਪਟ ਹੈ। ਉਹ ਔਰਤ ਨੂੰ ਦਿਸ਼ਾ ਵੀ ਦਿਖਾਉਂਦੀ ਹੈ ਤੇ ਵਿਅੰਗ ਵੀ ਕਰਦੀ ਹੈ।
“ਉਹ ਅਜ਼ਾਦ ਹੈ,
ਪੂੰਜੀਪਤੀਆਂ ਦੇ ਬਿਜ਼ਨਸਾਂ ਦੇ ਵਾਧੇ ਦੀ
ਮਸ਼ਹੂਰੀ ਦੇ ਵਿਉਪਾਰ ਲਈ,
ਦਫ਼ਤਰ ਦੇ ਕਾਊਂਟਰ ਤੇ ਬੈਠ ਕੇ
ਗਾਹਕਾਂ ਨੂੰ ਝੂਠੀ ਮੁਸਕਰਾਹਟ ਦੇਣ ਲਈ”। (ਉਹ ਅਜ਼ਾਦ ਹੈ)
“ਉਹ ਤਾਂ ਇਸ ਨੂੰ ਆਪਣੀ
ਕਸਵੱਟੀ ਤੇ ਪਰਖਣਗੇ
ਤੇ ਆਖਣਗੇ ਇਹ ਦੁੱਖਾਂ ਸੁੱਖਾਂ ਦੀ ਸਾਥੀ ਨਹੀਂ
ਇਹ ਤਾਂ ਮਿਲਵੇਂ ਜੁਲਵੇਂ
ਰਿਸ਼ਤਿਆਂ ਦੀ ਜ਼ਿੰਦਗੀ ਦਾ ਹੈ ਅੰਤ”। (ਸ਼ਰਾਬ)
“ਤੋੜੋ ਇਹ ਰਸਮਾਂ ਰਿਵਾਜਾਂ
ਜਿਨ੍ਹਾਂ ਮੈਨੂੰ ਥੱਲੇ ਲਾਇਆ
ਹੱਕ ਤਾਂ ਖੋਹ ਕੇ ਲੈਣੇ ਪੈਣੇ
ਦਾਨ ਕਰੇ ਨਾ ਕੋਈ”। (ਔਰਤ)
ਉਹ ਸਾਹਿਤਕਾਰ ਦੀ ਕਲਮ ਨੂੰ ਝੰਜੋੜਦੀ ਹੋਈ ਹਥਿਆਰ ਬਣ ਮਨੁੱਖੀ ਹੱਕਾਂ ਦੀ ਰਾਖੀ ਲਈ ਲੜਨ ਲਈ ਪ੍ਰੇਰਦੀ ਹੈ।
“ਹੋਰ ਲਿਖ, ਮਿੱਲਾਂ ‘ਚ ਕੰਮ ਕਰਦੇ
ਮਜ਼ਦੂਰਾਂ ਦੇ ਮੁੜ੍ਹਕੇ ਬਾਰੇ
ਜਿਹੜੇ ਮਸ਼ੀਨਾਂ ਦੇ ਪੁਰਜਿਆਂ ਨਾਲ
ਪੁਰਜੇ ਬਣ ਕੇ ਹੋ ਜਾਦੇ ਨੇ
ਬੋਲ਼ੇ, ਅੰਨ੍ਹੇ ਤੇ ਲੂਲ੍ਹੇ
ਬਾਰੇ ਲਿਖ” । (ਸਾਹਿਤਕਾਰ)
ਭਾਵੇਂ ਇਹ ਪ੍ਰਚਾਰਿਆ ਜਾ ਰਿਹਾ ਹੈ, “ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਨਾ” ਜਾਂ ਧਰਮ ਮਨੁੱਖ ਨੂੰ ਚੰਗਾ ਇਨਸਾਨ ਬਣਾਉਂਦੇ ਹਨ, ਪਰ ਅਸਲੀਅਤ ਵਿੱਚ ਇਹਨਾਂ ਗੱਲਾਂ ਤੋਂ ਦੂਰ ਹੋ ਕੇ ਧਰਮ ਦੇ ਠੇਕੇਦਾਰਾਂ ਨੇ ਧਾਰਮਿਕ ਪਖੰਡਵਾਦ ਨੂੰ ਵਧਾਵਾ ਦੇ ਕੇ ਮਨੁੱਖ ਵਿੱਚ ਵੰਡੀਆਂ ਪਾ ਕੇ ਮਨੁੱਖਤਾ ਦਾ ਘਾਣ ਹੀ ਕੀਤਾ ਹੈ। ਮੀਡੀਆ ਵਲੋਂ ਰੇਡਿਉ, ਅਖ਼ਬਾਰਾਂ ਤੇ ਟੈਲੀਵਿਯਨਾਂ ਰਾਹੀਂ ਨਾਟਕਾਂ, ਸ਼ੋਆਂ, ਐਡਵਰਟਾਈਜ਼ਾਂ ਰਾਹੀਂ ਅੰਧ ਵਿਸ਼ਵਾਸ ਤੇ ਕਰਮ ਕਾਡਾਂ ਦਾ ਧੜਾਧੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸਰਕਾਰਾਂ ਦੀ ਸੋਚੀ ਸਮਝੀ ਚਾਲ ਹੈ। ਉਹ ਚਾਹੁੰਦੀਆਂ ਹਨ ਕਿ ਲੋਕ ਭੂਤਾਂ-ਪ੍ਰੇਤਾਂ, ਜਾਦੂ-ਟੂਣਿਆਂ, ਕਿਸਮਤ ਵਾਦ ਦੇ ਚੱਕਰਾਂ ਵਿੱਚ ਉਲਝੇ ਰਹਿਣ, ਕਦੇ ਵੀ ਜਾਣ ਨਾ ਸਕਣ ਆਪਣੀ ਮੰਦਹਾਲੀ ਦਾ ਕਾਰਣ। ਪਰਮਿੰਦਰ ਨੇ ਨਾ ਸਿਰਫ਼ ਆਪ ਹੀ ਇਹੋ ਜਿਹੇ ਦਕੀਆ ਨੂਸੀ ਵਿਚਾਰਾਂ ਨੂੰ ਤਿਲਾਂਜ਼ਲੀ ਦਿੱਤੀ ਹੈ, ਸਗੋਂ ਉਹ ਤਰਕਸ਼ੀਲਤਾ ਦਾ ਪ੍ਰਚਾਰ ਕਰਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਵੀ ਸੁਚੇਤ ਕਰ ਰਹੀ ਹੈ। ਕਈ ਵਾਰੀ ਹਨ੍ਹੇਰੇ ਦੇ ਵਣਜਾਰਿਆ ਵਲੋਂ ਥਿੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਨਿਰੰਤਰ , ਨਿਧੜਕ ਵਿਗਿਆਨਕ ਸੋਚ ਦਾ ਹੋਕਾ ਦੇ ਰਹੀ ਹੈ। ਬਾਬਰ ਨੂੰ ਜਾਬਰ ਕਹਿਣ ਵਾਲੇ ਇਨਕਲਾਬੀ ਤੇ ਤਰਕਸ਼ੀਲ ਗੁਰੁ ਨਾਨਕ ਦੇਵ ਜੀ ਜਿਨ੍ਹਾਂ ਨੇ ਮਲਿਕ ਭਾਗੋਆਂ ਖਿਲਾਫ਼ ਖੜ੍ਹ ਭਾਈ ਲਾਲੋਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਤੇ ਔਰਤ ਨੂੰ ਬਰਾਬਰ ਦਾ ਦਰਜ਼ਾ ਦਿੱਤਾ ਬਾਰੇ ਆਪਣੀ ਕਵਿਤਾ ਵਿੱਚ ਇਸ ਲੋੜ ਤੇ ਜ਼ੋਰ ਦਿੰਦੀ ਹੈ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਸਲੀਅਤ ਵਿੱਚ ਅਪਣਾਇਆ ਜਾਵੇ।
“ਆਓ! ਬਾਬੇ ਨੂੰ ਦੇਵਤਾ ਨਾ ਬਣਾਈਏ
ਨਾ ਕਰੀਏ ਗੁਰਦਆਰਿਆਂ ਵਿੱਚ ਕੈਦ
ਕਿਉਕਿ ਸਮਾਜ ਨੂੰ ਹੁਣ ਦੇਵਤਿਆਂ ਨਹੀਂ
ਲੋੜ ਹੈ ਕਰਾਂਤੀ ਕਾਰੀ ਜੁਝਾਰੂਆਂ ਦੀ
ਜੋ ਭਟਕਿਆ ਨੂੰ ਰਾਹ ਦੱਸਣ”। (ਉਦੋਂ ਤੇ ਹੁਣ)
“ਦਿੱਲੀ ਦੰਗਿਆਂ ਵੇਲੇ
ਰਾਮ ਸਿੰਘ ਲਈ ਧਰਮ
ਉਸਦੇ ਗਲ਼ ਵਿੱਚ ਮੱਚਦਾ ਟਾਇਰ ਸੀ
ਹਿੰਦੂਆਂ ਲਈ ਧਰਮ
ਬੱਸ ਰੁਕਣ ਤੇ ਲਾਈਨ ਵਿੱਚ ਲੱਗਕੇ
ਇਕੱਠਿਆਂ ਕਤਲ ਹੋਣਾ ਸੀ”। (ਧਰਮ ਦੇ ਅਰਥ)
“ਉਹ ਭੁੱਲ ਜਾਂਦੀ ਹੈ
ਚੌਰਾਸੀ ਲੱਖ ਜੂਨਾਂ ਦਾ ਵੇਰਵਾ
ਜੋ ਲਿਖਿਆ ਹੈ ਧਾਰਮਿਕ ਗ੍ਰੰਥਾਂ ਵਿੱਚ।
ਉਹ ਨਹੀਂ ਬਣਦੇ
ਕਾਂ- ਕੁੱਤੇ, ਗਧੇ ਤੇ ਖੋਤੇ
ਨਾ ਹੀ ਗੋਰੇ ਤੇ ਕਾਲੇ
ਨਾ ਬੋਲਦੇ ਹਨ
ਫਰੈਂਚ, ਚੀਨੀ ਜਾਂ ਜਪਾਨੀ
ਬੋਲਦੇ ਹਨ ਇੱਕੋ ਭਾਸ਼ਾ ਹਿੰਦੀ
ਜੋ ਫਿੱਟ ਆਉਂਦੀ ਹੈ
ਟੀ. ਵੀ. ਦੇ ਚੈਨਲ ਲਈ”। (ਰਾਜ਼ ਪਿਛਲੇ ਜਨਮ ਦਾ)
“ਕਰਦੀਆਂ ਨੇ ਸਰਕਾਰਾਂ ਹਮੇਸ਼ਾਂ
ਪੈਰ੍ਹਵੀ ਇਨ੍ਹਾਂ ਦੀ ਕਿਉਂਕਿ
ਲੋਕ ਉਲਝੇ ਰਣ ਟੂਣੇ, ਟਾਮਣਾਂ ਤੇ
ਕਿਸਮਤ ਦੇ ਚੱਕਰਾਂ ਵਿੱਚ”। (ਅੰਧ ਵਿਸ਼ਵਾਸ)
“ਉਹ ਕਸੂਰਵਾਰ ਕਹਿੰਦੇ ਨੇ ਮੈਂਨੂੰ
ਕਿਉਂਕਿ ਮੇਰੀ ਬੁੱਕਲ ਵਿੱਚ ਸੱਚ ਦਾ ਚਾਨਣ ਹੈ
ਮੈਂ ਹਨੇਰੇ ਅਹਿਮ ਨਹੀਂ ਸਮਝੇ
ਹਨ੍ਹੇਰਿਆਂ ਤੋਂ ਬਾਅਦ ਚਾਨਣ ਦੀ ਕੀਤੀ ਹੈ ਉਡੀਕ।
ਉਹ ਭੰਡਦੇ ਨੇ ਨਾਸਤਿਕ ਤੇ ਅਧਰਮੀ ਕਹਿ
ਕਿਉਂਕਿ ਮੈਂ ਮਾਨਵਤਾ ਨੂੰ ਕਹਿ ਦਿੱਤਾ ਹੈ ਮੇਰਾ ਧਰਮ” (ਵਿਸ਼ਵਾਸ)
ਪਰਮਿੰਦਰ ਆਪਣੀ ਕਵਿਤਾ ਵਿੱਚ ਰਾਜਨੀਤੀ ਦੇ ਕੋਝੇਪਣ ਨੂੰ ਨੰਗਾ ਕਰਦੀ ਹੋਈ ਸਵਾਲ ਖੜ੍ਹਾ ਕਰਦੀ ਹੈ ਕਿ ਅਖੌਤੀ ਅਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਭੁੱਖਮਰੀ, ਗ਼ਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਮਰਵੇਲ ਵਾਂਗ ਵੱਧ ਰਹੀ ਹੈ। ਹੱਕ ਮੰਗਦੇ ਲੋਕਾਂ ਨੂੰ ਚਿੱਟੇ ਦਿਨ ਹੀ ਕੋਹ-ਕੋਹ ਕੇ ਮਾਰਿਆ ਜਾ ਰਿਹਾ ਹੈ। ਸਰਕਾਰ ਲੋਕ ਲਹਿਰਾਂ ਨੂੰ ਕੁਚਲਣ ਲਈ ਆਪਣੇ ਹੀ ਲੋਕਾਂ ਨਾਲ ਗੈਰ ਮਨੁੱਖੀ ਵਤੀਰਾ ਕਰ ਰਹੀ ਹੈ। ਪਰਮਿੰਦਰ ਲੋਕਾਂ ਨੂੰ ਧੋਖਾ ਦੇ ਰਹੇ ਬੁੱਕਲ ਦੇ ਸੱਪਾਂ ਬਾਰੇ ਵੀ ਸੁਚੇਤ ਕਰਦੀ ਹੈ ਜੋ ਹਮਸਫ਼ਰ ਬਣ ਲੋਕਾਂ ਨੂੰ ਉਹਨਾਂ ਦੀ ਮੰਜ਼ਲ ਤੋਂ ਭਟਕਾ ਰਹੇ ਹਨ, ਪਰ ਉਸਨੂੰ ਪੂਰੀ ਆਸ ਹੈ ਕਿ ਹੱਕ ਸੱਚ, ਇਨਸਾਫ਼ ਲਈ ਤੁਰੇ ਲੋਕ ਇੱਕ ਨਾ ਇੱਕ ਦਿਨ ਆਪਣੀ ਮੰਜ਼ਲ ਜਰੂਰ ਪਾਉਣਗੇ।
“ਅਸੀਂ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ
ਨਹੀਂ ਡਰਦੇ ਉਹਨਾਂ ਸੱਪਾਂ ਤੋਂ
ਜੋ ਫਨ ਫੈਲਾ ਖੜੇ ਨੇ
ਘੇਰਾ ਬੰਨੀਂ ਚੁਫੇਰੇ
ਘੜਦੇ ਨੇ ਨਿੱਤ ਨਵੀਆਂ ਚਾਲਾਂ
ਦਬਾਉਣ ਲਈ
ਚੁੱਪ ਕਰਾਉਣ ਲਈ
ਬੰਦੀ ਬਣਾਉਣ ਲਈ
ਸਾਨੂੰ ਤਾਂ ਖੌਫ ਹੈ
ਬੁੱਕਲ ਦੇ ਸੱਪਾਂ ਦਾ
ਸਾਡੀ ਹੀ ਕਿਸ਼ਤੀ ਦੇ ਮਲਾਹਾਂ ਦਾ
ਜੋ ਡਬੋਣਾ ਚਾਹੁੰਦੇ ਨੇ
ਲਾਲ ਝੰਡੇ ਦੀ ਆੜ ਥੱਲੇ”। (ਬੁੱਕਲ ਦੇ ਸੱਪ)
“ਤੋੜਕੇ ਪਰ ਪਰਿੰਦਿਆਂ ਦੇ
ਹੰਢੇ ਸ਼ਿਕਾਰੀ ਬਣਦੇ ਹੋ
ਫਲੂਹਾ ਘਰ ਵਿੱਚ ਸੁੱਟ ਕੇ ਹੀ
ਬਿਗਾਨਿਆਂ ਦੇ ਹਿਤਕਾਰੀ ਬਣਦੇ ਹੋ” (ਜੰਗਲ ਦੇ ਵਾਸੀ)
“ਨਹੀਂ ਤਾਂ ਕੀ ਲੋੜ ਸੀ
ਐਹੋ ਜਿਹੇ ਲੋਕਰਾਜ ਵਿੱਚ
ਅਪਰੇਸ਼ਨ ਗਰੀਨ ਹੰਟ,
ਕੋਬਰਾ ਜਾਂ ਚਿੱਲੀ ਬੰਬਾਂ ਦੀ”। (ਲੋਕਤੰਤਰ)
“ਅਣਖੀਲੇ ਖੂੰਨ ਦੇ ਕਤਰਿਆਂ ਚੋਂ
ਫਿਰ ਹਜ਼ਾਰਾਂ ਸੁਕਰਾਤ ਹੋ ਜਾਂਦੇ ਨੇ ਪੈਦਾ
ਜਿਹੜੇ ਉਹੀਓ ਗੱਲ ਕਰਦੇ ਨੇ ਜਿਹੜੀ
ਕੀਤੀ ਸੀ ਉਹਨਾਂ ਦੇ ਦਾਦੇ ਪੜਦਾਦਿਆਂ ਨੇ”। (ਇਨਸਾਫ਼)
ਪਰਮਿੰਦਰ ਆਪਣੀ ਕਵਿਤਾ ਰਾਹੀਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ ਜਿੱਥੇ ਉਹ ਪੰਜਾਬ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ ਉੱਥੇ ਉਹ ਜਾਤਾਂ ਧਰਮਾਂ ਰੰਗਾਂ ਨਸਲਾਂ ਦੇ ਨਾਂ ਤੇ ਹੋ ਰਹੇ ਵਿਤਕਰੇ ਨੂੰ ਵੀ ਬਹੁਤ ਸੋਹਣੇ ਢੰਗ ਨਾਲ ਬਿਆਨ ਕਰਦੀ ਹੈ। ਉਹ ਸਾਮਰਾਜਵਾਦ ਦੀਆਂ ਕੌਝੀਆਂ ਚਾਲਾਂ, ਜੋ ਮਨੁੱਖੀ ਹੱਕਾਂ ਦਾ ਝੰਡਾ ਬਰਦਾਰ ਬਣ ਅਮਨ ਤੇ ਸ਼ਾਂਤੀ ਦੀਆਂ ਗੱਲਾਂ ਕਰਦਾ ਨਹੀਂ ਥੱਕਦਾ, ਪਰ ਆਪ ਦੂਸਰੇ ਦੇਸ਼ਾਂ ਦੇ ਕੁਦਰਤੀ ਸੋਮੇ ਤੇ ਤੇਲ ਦੇ ਭੰਡਾਰ ਖੋਹਣ ਲਈ ਕਿਸ ਹੱਦ ਤੱਕ ਜਾਂਦਾ ਹੈ, ਦੇ ਮਖੌਟੇ ਨੂੰ ਆਪਣੀ ਕਵਿਤਾ ਰਾਹੀਂ ਬੇਪਰਦ ਕਰਦੀ ਹੈ।
“ਪੰਜਾਬ ਦੇ ਮਿੱਠੇ ਪਾਣੀ ਤਾਂ
ਬਣ ਚੁੱਕੇ ਹਨ ਮਹੁਰਾ
ਜਿਸ ਵਿੱਚ ਪਲ਼ਦੀ ਹੈ
ਬਿਮਾਰ ਤੇ ਨਿਰਬਲ ਜ਼ਿੰਦਗੀ
ਰੀਂਗਦੇ ਤੇ ਮਰ ਜਾਂਦੇ ਨੇ
ਸੈਂਕੜੇ ਹੀ ਕੈਂਸਰ ਤੇ ਹੈਜ਼ੇ ਦੇ ਪੀੜਤ”। (ਪੰਜਾਬ)
“ਕਿਵੇਂ ਦੱਸਾਂ?
ਇਸ ਬਹੁਸਭਿਅਕ ਦੇਸ਼ ਵਿੱਚ
ਤੇਰੀ ਦਿੱਤੀ ਪਛਾਣ ਮਾਂ
ਬਣ ਗਈ ਹੈ ਜ਼ਿੰਦਗੀ ਦੀ ਅੜਚਣ
ਮੇਰਾ ਰੰਗਦਾਰ ਹੋਣਾ
ਬਣ ਗਿਆ ਹੈ ਨਸਲਵਾਦ ਦਾ ਸਵਾਲ”। (ਪਛਾਣ)
“ਜੰਗ ਚਾਹੇ ਅਫ਼ਗਾਨ,
ਇਰਾਕ, ਵੀਅਤਨਾਮ, ਫਲਿਸਤੀਨ
ਜਾਂ ਆਦਿਵਾਸੀਆਂ ਦੀ ਹੋਵੇ
ਆਹੂਤੀ ਤਾਂ ਦਿੰਦੇ ਹਨ
ਲਵੀ ਉਮਰੇ ਫੌਜੀ”। (ਔਜ਼ਾਰ)
“ਜਦੋਂ “ਸ਼ਾਤੀ” ਦਾ ਧੂ-ਤੂ ਉਠਾ ਕੇ
ਪਹੁੰਚਦਾ ਹੈ ਦੂਸਰੇ ਦੇਸ਼ਾਂ ਦੀਆਂ ਹੱਦਾਂ ਵਿੱਚ
ਤਾਂ ਬਰੂਦ, ਬੰਬਾਂ ਤੇ
ਟੈਂਕਾਂ ਨਾਲ ਲੈਸ ਹੋ ਕੇ
ਦਿੰਦਾ ਹੈ ਗਵਾਹੀ ਅਮਨ ਦੀ”? (ਮਖੌਟਿਆਂ ਦੇ ਆਰ ਪਾਰ)
ਪਰਮਿੰਦਰ ਆਪਣੀ ਕਵਿਤਾ ਰਾਹੀਂ ਭੋਲ਼ੇ ਭਾਲ਼ੇ ਲੋਕਾਂ ਨੂੰ ਦੱਸਦੀ ਹੈ ਕਿ ਪੱਗਾਂ, ਬਾਣਿਆਂ ਤੇ ਰਾਜਨੀਤਿਕ ਦਲਾਂ ਦੇ ਬਦਲਣ ਨਾਲ ਕੁਝ ਨਹੀਂ ਬਦਲੇਗਾ। ਸਗੋਂ ਉਦੋਂ ਬਦਲੇਗਾ-
“ਜਿਸ ਦਿਨ ਤੁਸੀਂ ਆਪ ਕਰੋਗੇ,
ਕਲਪਣਾ ਤੋਂ ਹਕੀਕਤ ਦਾ ਸਫ਼ਰ
ਭਰਮ ਭੁਲੇਖਿਆਂ ਤੋਂ ਸੱਚਾਈ ਦਾ ਸਫ਼ਰ
ਭੱਠ ਪਏ ਲੋਹੇ ਤੋਂ ਹਥੌੜੇ ਦਾ ਸਫ਼ਰ
ਕੁੱਲੀਆਂ ਤੋਂ ਮਹਿਲਾਂ ਦਾ ਸਫ਼ਰ
ਕੱਖਾਂ ਕਾਨਿਆਂ ਤੋਂ ਇੱਟਾਂ ਦਾ ਸਫ਼ਰ
ਬੇਹੇ ਟੁੱਕਰਾਂ ਤੋਂ ਸ਼ਾਹੀ ਖਾਣਿਆਂ ਦਾ ਸਫ਼ਰ”। (ਟਾਈਮ ਫਾਰ ਚੇਂਜ਼)
ਆਦਰਸ਼ਵਾਦ ਪਰਮਿੰਦਰ ਦੀ ਕਵਿਤਾ ਦਾ ਮੁੱਖ ਵਿਸ਼ਾ ਹੈ, ਉਸਦੀ ਬੋਲੀ ਠੇਠ ਪੰਜਾਬੀ, ਭਾਸ਼ਾ ਸਾਦਾ-ਸਰਲ ਤੇ ਮਾਲਵੇ ਦੇ ਪੇਡੂ ਜੀਵਨ ਤੋਂ ਪ੍ਰਭਾਵਤ ਹੈ। ਸਾਹਿਤ ਪੱਖੋਂ ਭਾਵੇਂ ਇਸ ਕਿਤਾਬ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣ ਪਰ ਚੰਗੇ ਵਿਸ਼ਿਆਂ ਦੀ ਚੋਣ ਪੱਖੋਂ ਇੱਕ ਵਧੀਆ ਉੱਦਮ ਹੈ। ਜੋ ਉਹ ਕਹਿਣਾ ਚਾਹੁੰਦੀ ਹੈ ਡੰਕੇ ਦੀ ਚੋਟ ਤੇ ਨਿਧੜਕ ਹੋ ਕੇ ਕਹਿੰਦੀ ਹੈ। ਪਰਮਿੰਦਰ ਇੱਕ ਆਦਰਸ਼ ਮਾਂ, ਚੰਗੀ ਪਤਨੀ ਤੇ ਮਿਲਾਪੜੀ ਦੋਸਤ ਤੇ ਇੱਕ ਵਧੀਆ ਵਰਕਰ ਹੈ। ਦੁਨੀਆਂ ਦੇ ਚੌਤਰਫੇ ਵਿਸ਼ਵ ਵਿਆਪੀ ਆਰਥਿਕ, ਰਾਜਨੀਤਿਕ, ਸੈਨਿਕ, ਸਭਿਆਚਾਰਕ ਹਮਲੇ ਜੋ ਦੁਨੀਆਂ ਦੇ ਮਿਹਨਤਕਸ਼ ਲੋਕ ਹੰਢਾ ਰਹੇ ਹਨ, ਉਹਨਾਂ ਬਾਰੇ ਸੋਝੀ ਰੱਖਣਾ ਆਮ ਵਿਅਕਤੀ ਦੀ ਨਹੀਂ ਸਗੋਂ ਪਰਮਿੰਦਰ ਵਰਗੀ ਬਹੁ ਪੱਖੀ ਸਖਸ਼ੀਅਤ ਦੀ ਪਹੁੰਚ ਹੀ ਹੋ ਸਕਦੀ ਹੈ। ਮੈਨੂੰ ਇਹ ਉਮੀਦ ਹੀ ਨਹੀਂ ਸਗੋਂ ਯਕੀਨ ਹੈ ਕਿ ਪਰਮਿੰਦਰ ਦੀ ਕਲਮ ਉਦੋਂ ਤੱਕ ਲਿਖਦੀ ਰਹੇਗੀ ਜਦੋਂ ਤੱਕ ਮਿਹਨਤਕਸ਼ਾਂ ਦੇ ਸੁਪਨਿਆਂ ਦਾ ਸੰਸਾਰ ਨਹੀਂ ਸਿਰਜਿਆ ਜਾਂਦਾ। ਮੈਂ ਉਸਦੇ ਪਲੇਠੇ ਕਾਵਿ ਸੰਗ੍ਰਹਿ ਨੂੰ ਦਿਲ ਦੀਆਂ ਗਹਿਰਾਇਆਂ ਤੋਂ ਮੁਬਾਰਕਬਾਦ ਦਿੰਦੀ ਹੋਈ ਆਸ ਕਰਦੀ ਹਾਂ ਕਿ ਪੰਜਾਬੀ ਸਾਹਿਤ ਵਿੱਚ ਇਸਦਾ ਵਿਸ਼ੇਸ਼ ਥਾਂ ਹੋਵੇਗਾ।
-ਜਸਵੀਰ ਮੰਗੂਵਾਲ
Leave a Reply