ਲੁਧਿਆਣਾ। 20 ਦਸੰਬਰ- ਰਹਿਣ ਦਿਓ ਜੀ ਪ੍ਰੀਤ ਨੇ ਸਭ ਹੈ ਪਰਖ ਲਿਆ, ਛੱਡੋ ਗੱਲਾਂ ਦੋ ਮੂਹੀਂ ਸਰਕਾਰ ਦੀਆਂ, ਮੌਜੂਦਾ ਦੌਰ ਦੇ ਸਰਕਾਰੀ ਲਾਰਾ ਲਾਊ ਮਾਹੌਲ ਤੇ ਵਿਅੰਗ ਕਰਦਾ ਸ਼ਿਅਰ ਪੜ੍ਹ ਕੇ ਸ਼ਾਇਰ ਜਗੀਰ ਸਿੰਘ ਪ੍ਰੀਤ ਨੇ ਸਮਾਗਮ ਦੀ ਸ਼ਾਇਰਾਨਾ ਸ਼ੁਰੂਆਤ ਕੀਤੀ। ਮੌਕਾ ਸੀ ਪੰਜਾਬੀ ਗ਼ਜ਼ਲ ਮੰਚ ਪੰਜਾਬ, ਫਿਲੌਰ ਵੱਲੋਂ ਪੰਜਾਬੀ ਸੱਭਿਆਚਾਰ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਗਏ ਪੁਸਤਕ ਰਿਲੀਜ਼ ਸਮਾਰੋਹ ਦਾ, ਜਿਸ ਦੌਰਾਨ ਸਮਰੱਥ ਸ਼ਾਇਰ ਜਗੀਰ ਸਿੰਘ ਪ੍ਰੀਤ ਦਾ ਗ਼ਜ਼ਲ ਸੰਗ੍ਰਹਿ ‘ਚੀਚ ਵਹੁਟਿਆਂ’ ਰਿਲੀਜ਼ ਕੀਤਾ ਗਿਆ।ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਐਸ. ਐਸ. ਜੌਹਲ, ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਐਸ. ਪੀ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ, ਪ੍ਰੋ. ਨਿਰੰਜਨ ਤਸਨੀਮ, ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਉਰਦੂ ਸ਼ਾਇਰ ਸਰਦਾਰ ਪੰਛੀ ਨੇ ਪੁਸਤਕ ਰਿਲੀਜ਼ ਕੀਤੀ। ਸ਼ਾਇਰ ਅਤੇ ਅਲੋਚਕ ਸੁਲੱਖਣ ਸਰਹੱਦੀ ਨੇ ਕਿਤਾਬ ਬਾਰੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਜਗੀਰ ਸਿੰਘ ਪ੍ਰੀਤ ਮੁਹੱਬਤ ਦੇ ਸ਼ਾਇਰ ਦੇ ਤੌਰ ਤੇ ਜਾਣਿਆ ਜਾਂਦਾਂ ਹੈ, ਪਰ ਉਹ ਆਪਣੀ ਸ਼ਾਇਰੀ ਵਿਚ ਸਿਰਫ ਪਿਆਰ ਦੀ ਹੀ ਗੱਲ ਨਹੀਂ ਕਰਦਾ, ਬਲਕਿ ਮਨੁੱਖੀ ਸਰੋਕਾਰਾਂ ਅਤੇ ਮਨੋਭਾਵਾਂ ਨੂੰ ਵੀ ਪ੍ਰਗਟ ਕਰਦੀ ਹੈ।ਸਰਹੱਦੀ ਨੇ ਕਿਹਾ ਕਿ ਮੌਜੂਦਾ ਬਾਬਾਵਾਦ ਦੇ ਪਾਜ ਖੋਲਦਾ, ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾ ਸੁਲਝਾਂਉਂਦਾ ਅਤੇ ਸਿਆਸਤ ਵਿਚ ਆਏ ਨਿਘਾਰ ਤੇ ਵਿਅੰਗਮਈ ਚੋਟ ਕਰਦਾ ਹੈ। ਪ੍ਰੀਤ ਵਜ਼ਨ ਬਹਿਰ ਦਾ ਸਮਰੱਥ ਸ਼ਾਇਰ ਹੈ।ਪ੍ਰੋ. ਨਿਰੰਜਨ ਤਸਨੀਮ ਨੇ ਕਿਹਾ ਕਿ ਪ੍ਰੀਤ ਪੰਜਾਬੀ ਦਾ ਚਰਚਿਤ ਸ਼ਾਇਰ ਹੈ, ਪਰੰਤੂ ਉਸ ਨੇ ਲੰਬਾ ਸਮਾਂ ਖੁਦ ਨੂੰ ਲੁਕਾ ਕੇ ਰੱਖਿਆ ਹੈ। ਉਨ੍ਹਾਂ ਦੀ ਪੁਸਤਕ ਇਕ ਦਹਾਕਾ ਪਹਿਲਾਂ ਪਾਠਕਾਂ ਦੇ ਰੂ-ਬ-ਰੂ ਹੋ ਸਕਦੀ ਸੀ, ਪਰ ਪ੍ਰੀਤ ਨੇ ਕਿਤਾਬ ਛਪਵਾਉਣ ਦੀ ਬਜਾਇ ਗੰਭੀਰਤਾ ਨਾਲ ਲਿਖਣ ਨੂੰ ਤਰਜੀਹ ਦਿੱਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮਾਗਮ ਦਾ ਸੰਚਾਲਨ ਬਖੂਬੀ ਕੀਤਾ।ਜਸਵਿੰਦਰ ਧਨਾਨਸੂ ਨੇ ਪ੍ਰੀਤ ਦੀ ਗ਼ਜ਼ਲ ਖਿੜੀਆਂ ਸਨ ਗੁਲਜ਼ਾਰਾਂ ਜਿੱਥੇ ਪਿਆਰ ਦੀਆਂ, ਹਾਲੇ ਵੀ ਉਹ ਥਾਵਾਂ ਵਾਜਾ ਮਾਰਦੀਆਂ… ਗਾ ਕੇ ਸੁਣਾਈ, ਤਾਂ ਮਾਹੌਲ ਵੀ ਸੰਗੀਤਮਈ ਹੋ ਗਿਆ। ਪੀਏਯੂ ਦੇ ਸਾਬਕਾ ਵਾਇਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ ਨੇ ਕਿਹਾ ਕਿ ਬੜੇ ਸਮੇਂ ਬਾਅਦ ਇਹੋ ਜਿਹੀਆਂ ਭਾਵਕੁਤਾ ਭਰਪੂਰ ਗ਼ਜ਼ਲਾਂ ਪੜ੍ਹਨ ਨੂੰ ਮਿਲੀਆਂ ਹਨ। ਪ੍ਰੀਤ ਦੀਆਂ ਗ਼ਜ਼ਲਾਂ ਵਿਚ ਬਾਬਾ ਬੁੱਲੇ ਸ਼ਾਹ ਦੇ ਸੂਫ਼ੀ ਰੰਗ ਦੀ ਝਲਕ ਪੈਂਦੀ ਹੈ। ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਐਸ. ਪੀ. ਸਿੰਘ ਨੇ ਕਿਹਾ ਕਿ ਲੇਖਕ ਦੀ ਰਚਨਾ ਸੱਚ ਵਿਚੋਂ ਹੀ ਉਪਜ ਹੀ ਹੁੰਦੀ ਹੈ ਅਤੇ ਪ੍ਰੀਤ ਦੀਆਂ ਗ਼ਜ਼ਲਾਂ ਉਸ ਸੱਚ ਦੇ ਰੂ-ਬ-ਰੂ ਕਰਦੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਸਾਦਗੀ, ਸਪੱਸ਼ਟਾ ਅਤੇ ਬੇਬਾਕੀ ਦੇ ਨਾਲ ਕਈ ਡੂੰਘੀਆਂ ਪਰਤਾਂ ਖੋਲਦੀ ਹੈ, ਜੋ ਪ੍ਰੀਤ ਦੀ ਪ੍ਰਾਪਤੀ ਹੈ। ਡਾ. ਐਸ. ਐਸ. ਜੌਹਲ ਨੇ ਕਿਹਾ ਕਿ ਕਿਤਾਬਾਂ ਤਾਂ ਧੜਾਧੜ ਛਪ ਰਹੀਆਂ ਹਨ, ਹਰ ਕੋਈ ਪੜ੍ਹਨਯੌਗ ਨਹੀਂ ਹੁੰਦੀ, ਪਰ ਪ੍ਰੀਤ ਦੀ ਕਿਤਾਬ ਸਾਂਭਣਯੋਗ ਹੈ। ਇੰਝ ਲੱਗਦਾ ਹੈ ਕਿ ਪ੍ਰੀਤ ਦੇ ਰੂਪ ਵਿਚ ਗ਼ਾਲਿਬ ਜਾਂ ਮੋਮਨ ਮੁੜ ਆਏ ਹਨ ਤੇ ਪੰਜਾਬੀ ਵਿਚ ਸ਼ਾਇਰੀ ਕਰ ਰਹੇ ਹਨ। ਵਿਚਾਰ ਚਰਚਾ ਤੋਂ ਬਾਅਦ ਹੋਏ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰੋ. ਰਵਿੰਦਰ ਭੱਠਲ, ਸੁਰਜੀਤ ਜੱਜ ਅਤੇ ਸਰਦਾਰ ਪੰਛੀ ਨੇ ਕੀਤੀ।
ਸਮਾਗਮ ਵਿਚ ਪੰਜਾਬ ਭਰ ਤੋ ਆਏ ਸ਼ਾਇਰਾਂ ਅਤੇ ਵਿਦਵਾਨਾਂ ਰਜਿੰਦਰ ਪ੍ਰਦੇਸੀ, ਗੁਰਦਿਆਲ ਰੌਸ਼ਨ, ਖੁਸ਼ਵੰਤ ਕੰਵਲ, ਨੂਰ ਮੁਹੰਮਦ ਨੂਰ, ਸੁਮਨ ਸ਼ਾਮਪੁਰੀ, ਤਾਰਾ ਸਿੰਘ ਤਾਰਾ, ਪ੍ਰੋ. ਰਵਿੰਦਰ ਭੱਠਲ, ਸੁਰਜੀਤ ਜੱਜ, ਗੁਲਜ਼ਾਰ ਪੰਧੇਰ, ਸ਼ੁਭਾਸ਼ ਕਲਾਕਾਰ, ਡਾ. ਗੁਰਇਕਬਾਲ ਸਿੰਘ, ਮਦਨ ਵੀਰਾ, ਬਲਕੌਰ ਸਿੰਘ, ਡਾ. ਕੁਲਵਿੰਦਰ ਕੌਰ ਮਿਨਹਾਸ, ਤ੍ਰੋਲਚਨ ਲੋਚੀ, ਮੁਹਿੰਦਰਦੀਪ ਗਰੇਵਾਲ, ਕੁਲਵੰਤ ਬੀਬਾ, ਡੀ. ਆਰ ਧਵਨ, ਪ੍ਰਿੰਸੀਪਲ ਨਾਗਰ ਸਿੰਘ, ਮਨਜਿੰਦਰ ਧਨੋਆ, ਇੰਦਰਜੀਤਪਾਲ ਕੌਰ ਭਿੰਡਰ, ਰਾਜਿੰਦਰ ਬਿਮਲ, ਦਲਬੀਰ ਲੁਧਿਆਣਵੀ, ਤਰਸੇਮ ਨੂਰ, ਭਗਵਾਨ ਢਿੱਲੋਂ ਨੇ ਸ਼ਿਰਕਤ ਕੀਤੀ। ਗ਼ਜ਼ਲ ਮੰਚ ਦੇ ਜਨਰਲ ਸੈਕਟਰੀ ਹਰਭਜਨ ਧਰਨਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਰਿਪੋਰਟ-ਦੀਪ ਜਗਦੀਪ ਸਿੰਘ
ਸਾਹਿਤੱਕ ਸਮਾਗਮਾਂ ਦੀ ਅਗਾਊਂ ਸੂਚਨਾ, ਖ਼ਬਰ ਅਤੇ ਫੋਟੋ ਭੇਜੋ।
write@lafzandapul.com
Leave a Reply