ਲੁਧਿਆਣਾ । 30 ਸਤੰਬਰ
ਤਰਤਾਲੀਵੇਂ ਵਰ੍ਹੇ ’ਚ ਪ੍ਰਕਾਸ਼ਿਤ ਹੋ ਰਹੀ ਮਿੰਨੀ ਰਚਨਾਵਾਂ ਦੀ ਪਹਿਲੀ ਪੱਤ੍ਰਿਕਾ ‘ਅਣੂ’ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਆਪਣੇ ਪਿੰਡ ਬੁਟਾਹਰੀ ਦੀ ਲਾਇਬ੍ਰੇਰੀ ਨੂੰ ਇੱਕ ਸੌ ਇਕ ਕਿਤਾਬਾਂ ਭੇਂਟ ਕਰਦਿਆਂ ਕਿਹਾ ਕਿ 1979 ਵਿਚ ਉਸ ਵਲੋਂ ਸਥਾਪਿਤ ਆਪਣੇ ਪਿੰਡ ਦੀ ਲਾਇਬ੍ਰੇਰੀ ਪਾਠਕਾਂ ਦੀ ਪੜ੍ਹਨ ਰੁਚੀ ਵਿਕਸਤ ਕਰਦੀ ਆ ਰਹੀ ਹੈ। ਇਸ ਲੰਬੇ ਅਰਸੇ ਦੌਰਾਨ ਇਸ ਲਾਇਬ੍ਰੇਰੀ ਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਪਰਦਾਨ ਕੀਤੀ ਹੈ ਜਿਸ ਕਰਕੇ ਇਹ ਨੌਜਵਾਨ ਪਿੰਡ ਦੀ ਬਿਹਤਰੀ ਅਤੇ ਵਿਕਾਸ ਲਈ ਭਰਪੂਰ ਯੋਗਦਾਨ ਪਾ ਰਹੇ ਹਨ। ਨੌਜਵਾਨਾਂ ਵਿਚ ਆਈ ਪੜ੍ਹਨ ਰੁਚੀ ਕਾਰਨ ਸਮਾਜ ਸੁਧਾਰ ਦੀ ਤਬਦੀਲੀ ਪਿੰਡ ਦੀ ਨੁਹਾਰ ਬਦਲਨ ਵਿਚ ਅਹਿਮ ਯੋਗਦਾਨ ਪਾ ਰਹੀ ਹੈ।
ਅਣੂ ਦੇ ਸੰਪਾਦਕ ਸੁਰਿੰਦਰ ਕੈਲੇ, ਸਾਬਕਾ ਡਾਇਰੈਕਟਰ ਲਾਭ ਸਿੰਘ, ਲਾਇਬ੍ਰੇਰੀ ਸੰਚਾਲਕ ਲਾਲੀ |
ਪੁਸਤਕ ਭੇਂਟ ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਡਾਇਰੈਕਟਰ ਲਾਭ ਸਿੰਘ, ਨੇ ਆਪਣੀ ਸਵੈਜੀਵਨੀ ਪੁਸਤਕ ‘ਅਣਕਿਆਸੀ ਮੰਜ਼ਿਲ’ ਅਤੇ 36 ਹੋਰ ਪੁਸਤਕਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ। ਲਾਇਬ੍ਰੇਰੀ ਦੀ ਦੇਖ ਭਾਲ ਕਰ ਰਹੇ ਸ੍ਰੀ ਲਾਲੀ ਨੇ ਕਿਹਾ ਕਿ ਸਾਡੇ ਪਿੰਡ ਨੂੰ ਇਸ ਗੱਲ ’ਤੇ ਬੜਾ ਮਾਣ ਹੈ ਕਿ ਇਥੇ ਨਾਮੀ ਸਾਹਿਤਕਾਰ ਪੈਦਾ ਹੋਏ ਹਨ। ਹਜ਼ੂਰਾ ਸਿੰਘ ਗਰੇਵਾਲ ਨੇ ਪਹਿਲੀ ਵਾਰ ‘ਹੀਰ ਦਾ ਕਿੱਸਾ’ ਕਲੀਆਂ ਵਿਚ ਲਿਖ ਕੇ ਕਿੱਸਾ ਸਾਹਿਤ ਵਿਚ ਨਵੀਂ ਪਿਰਤ ਪਾਈ ਸੀ। ਉਸ ਦੀਆਂ ਕਲੀਆਂ ਗਾ ਕੇ ਕੁਲਦੀਪ ਮਾਣਕ ਨੇ ‘ਕਲੀਆਂ ਦਾ ਬਾਦਸ਼ਾਹ’ ਦਾ ਖਿਤਾਬ ਪ੍ਰਾਪਤ ਕੀਤਾ ਸੀ। ਸੱਜਣ ਗਰੇਵਾਲ ਨੇ ਮਿਆਰੀ ਬਾਲ ਸਾਹਿਤ ਅਤੇ ਸ਼ਾਇਰੀ ਵਿਚ ਚੋਖਾ ਨਾਮ ਕਮਾਇਆ ਹੈ। ਉੱਘੇ ਪੱਤਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੀ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਵੀ ਇਸੇ ਪਿੰਡ ਦੇ ਹਨ। ਸ੍ਰੀ ਸੁਰਿੰਦਰ ਕੈਲੇ ਨੇ ‘ਅਣੂ’ ਮਿੰਨੀ ਪੱਤ੍ਰਿਕਾ ਅਤੇ ਮੌਲਿਕ ਸਾਹਿਤ ਦੀ ਰਚਨਾ ਰਾਹੀਂ ਸਾਹਿਤਕ ਖੇਤਰ ਵਿਚ ਵੱਖਰੀ ਪਛਾਣ ਬਣਾਈ ਹੋਈ ਹੈ ਜੋ ਨਗਰ ਲਈ ਮਾਣ ਵਾਲੀ ਗੱਲ ਹੈ।
Leave a Reply