ਲੇਖਕ ਸ਼ਬਦ ਮਨੁੱਖ ਦੁਆਰਾ ਲਿੱਪੀ ਦੀ ਇਜਾਦ ਨਾਲ ਹੋਂਦ ਵਿਚ ਆਇਆ। ਇਸ ਤੋਂ ਪਹਿਲਾਂ ਮਨੁੱਖ ਦੇਵੀ ਦੇਵਤਿਆਂ ਦੇ ਰੂਪ ਵਿਚ ਅਗੰਮੀ ਸ਼ਕਤੀਆਂ ਦੀ ਉਸਤਤੀ ਵਿਚ ਮੰਤਰਾਂ ਦਾ ਉਚਾਰਨ ਹੀ ਕਰਦਾ ਸੀ। ਇਹੀ ਉਹਦੀ ਪਹਿਲੀ ਕਾਵਿ ਸਿਰਜਣਾ ਸੀ। ਸਾਡੇ ਦੇਸ਼ ਅੰਦਰ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ, ਪਹਿਲਾਂ ਰਿਸ਼ੀਆਂ ਮੁਨੀਆਂ ਦੁਆਰਾ ਜ਼ਬਾਨੀ ਹੀ ਉਚਾਰਿਆ ਜਾਂਦਾ ਰਿਹਾ। ਬਹੁਤ ਚਿਰ ਬਾਅਦ ਉਸ ਨੂੰ ਲਿਖਤੀ ਰੂਪ ਮਿਲਿਆ।
ਸਮਾਜ ਦੀ ਵਰਗ ਵੰਡ ਨੇ ਲੇਖਕ/ਸਹਿਤਕਾਰ ਨੂੰ ਦੋ ਵਰਗਾਂ ਵਿਚ ਵੰਡ ਦਿੱਤਾ। ਇਕ ਸੀ ਦਰਬਾਰੀ ਸਾਹਿਤਕਾਰ ਜੋ ਰਾਜਿਆਂ ਜਾਗੀਰਦਾਰਾਂ ਦੇ ਦਰਬਾਰਾਂ ਦੀ ਸ਼ੋਭਾ ਬਣਿਆ ਅਤੇ ਜੋ ਰਾਜਿਆਂ, ਮਹਾਰਾਜਿਆਂ ਦੀ ਉਪਮਾ ਵਿਚ ਹੀ ਲੱਗਾ ਰਿਹਾ। ਦੂਜਾ ਸਾਹਿਤਕਾਰ ਲੋਕ ਸਾਹਿਤਕਾਰ ਸੀ ਜੋ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਉਪਰਲੇ ਵਰਗ ਦੀਆਂ ਜ਼ਿਆਦਤੀਆਂ ਦੀ ਤਕਲੀਫ ਤੋਂ ਥੋੜ੍ਹਚਿਰੀ ਰਾਹਤ ਦਿੰਦਾ ਅਤੇ ਮੁੜ ਕੰਮ ਵਿਚ ਜੁੱਟਣ ਲਈ ਮਾਨਸਿਕ ਠੁੰਮਣਾ ਬਣਦਾ। ਇਸ ਵਿਚ ਜੇ ਕਿਤੇ ਵਿਰੋਧ ਹੁੰਦਾ ਤਾਂ ਉਹ ਵਿਅੰਗ ਦਾ ਰੂਪ ਧਾਰਦਾ ਪਰ ਸਮੁੱਚੇ ਤੌਰ ’ਤੇ ਉਹ ਸਮਾ
ਡਾ. ਕਰਮਜੀਤ ਸਿੰਘ |
ਜਿਕ ਵਿਦਰੋਹ ਨੂੰ ਨਹੀਂ ਸੀ ਉਕਸਾਉਂਦਾ। ਉਪਰਲੇ ਵਰਗ ਦਾ ਸਾਹਿਤਕਾਰ ਬੌਧਿਕ ਘੁਣਤਰਾਂ ਕੱਢਣ ਵਿਚ ਇੰਨਾ ਤਾਕ ਸੀ ਤੇ ਸ਼ਾਸ਼ਕ ਵਰਗ ਉਸਨੂੰ ਸਰਪ੍ਰਸਤੀ ਦੇ ਰਿਹਾ ਹੁੰਦਾ ਸੀ ਇਸ ਲਈ ਉਸ ਦੇ ਵਿਚਾਰ ਹੀ ਲੋਕਾਂ ਦੇ ਅਵਚੇਤਨ ਦਾ ਹਿੱਸਾ ਬਣਦੇ ਰਹੇ। ਭਾਗਵਾਦ, ਕਿਸਮਤਵਾਦ ਆਦਿ ਵਿਚਾਰ ਇਵੇਂ ਹੀ ਜੜ੍ਹਾਂ ਫੜਦੇ ਰਹੇ।
ਸਾਹਿਤਕਾਰਾਂ ਦੀ ਚੇਤੰਨ ਤੌਰ ’ਤੇ ਸਮਾਜਿਕ ਭੂਮਿਕਾ ਨਿਰਧਾਰਤ ਕਰਨ ਦਾ ਕੰਮ ਪ੍ਰਗਤੀਸ਼ੀਲ ਲਹਿਰ ਨੇ ਹੀ ਕੀਤਾ, ਵਿਸ਼ੇਸ਼ ਤੌਰ ’ਤੇ ਲੇਖਕ ਸਾਮੂਹਿਕ ਤੌਰ ਤੇ ਸਮਾਜਿਕ ਸਰੋਕਾਰਾਂ ਲਈ ਲਾਮਬੰਦ ਹੋ ਕੇ ਫਾਸ਼ੀਵਾਦ ਵਰਗੀ ਵਿਚਾਰਧਾਰਾ ਵਿਰੁੱਧ ਲੜ ਵੀ ਸਕਦੇ ਹਨ, ਇਹ ਇਸ ਲਹਿਰ ਨੇ ਹੀ ਸਿਖਾਇਆ। ਅਮਨ ਸ਼ਾਂਤੀ ਲਈ ਸਿਰਜਣਾ, ਹੇਠਲੇ ਲੁੱਟੇ ਜਾਂਦੇ ਵਰਗ ਦਾ ਪੱਖ ਪੂਰਨਾ, ਔਰਤ ਦੀ ਦੋਹਰੀ ਗੁਲਾਮੀ ਨੂੰ ਸਮਝਣਾ, ਲੋਕ ਬੋਲੀਆਂ ਅਤੇ ਮਾਤਭਾਸ਼ਾਵਾਂ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਇਕ ਵੱਖਰੇ ਲੋਕ ਪੱਖੀ ਸੁਹਜ ਸ਼ਾਸਤਰ ਦਾ ਨਿਰਮਾਣ ਵੀ ਇਸੇ ਲਹਿਰ ਦੇ ਹਿੱਸੇ ਆਇਆ।
ਇਸ ਲਹਿਰ ਦੇ ਖਿਲਾਫ਼ ਪਤਾ ਨਹੀਂ ਹੁਣ ਤੱਕ ਕਿੰਨੇ ਵਾਦ ਪੈਦਾ ਹੋ ਚੁੱਕੇ ਹਨ। ਸੰਰਚਨਾਵਾਦ, ਰੂਪਵਾਦ, ਚਿੰਨ੍ਹਵਾਦ, ਨਵੀਂ ਅਮੇਰਿਕਨ ਆਲੋਚਨਾ ਆਦਿ ਸਿੱਧੇ ਅਸਿੱਧੇ ਪ੍ਰਗਤੀਸ਼ੀਲ, ਇਤਿਹਾਸਕ, ਸਮਾਜਿਕ ਸਰੋਕਾਰਾਂ ਦੀ ਅਣਦੇਖੀ ਕਰਕੇ ਪਹਿਲ ਪ੍ਰਗਟਾਅ-ਢੰਗਾਂ ਨੂੰ ਦਿੰਦੇ ਹਨ। ਸ਼ਬਦਾਂ ਨੂੰ ਅਰਥਾਂ ਤੋਂ ਤੋੜਨ ਦਾ ਜਤਨ ਇਹ ਹੈ ਕਿ ਅਰਥ ਲੋਕ ਪੱਖੀ ਹੈ ਜਿਸ ਨੂੰ ਦਰਕਿਨਾਰ ਕਰ ਦਿੱਤਾ ਜਾਵੇ। ਅਜੋਕੇ ਵਿਸ਼ਵੀਕਰਨ ਅਤੇ ਉਤਰਆਧੁਨਿਕਤਾਵਾਦੀ ਵਿਚਾਰਧਾਰਾ ਦਾ ਤਰਕ ਹੀ ਇਹ ਹੈ ਕਿ ਮਹਾਂਬਿਰਤਾਂਤ ਦਾ ਅੰਤ ਹੋ ਚੁੱਕਾ ਹੈ ਅਤੇ ਨਾਲ ਹੀ ਵਿਚਾਰਧਾਰਾ ਦਾ ਅੰਤ ਵੀ ਹੋ ਚੁੱਕਾ ਹੈ। ਇਹ ਸਿੱਧਾ ਪ੍ਰਗਤੀਸ਼ੀਲ ਲਹਿਰ ਦੇ ਵਿਖੰਡਨ ਵੱਲ ਇਸ਼ਾਰਾ ਕਰਦਾ ਹੈ। ਪਰ ਅੱਜ ਵੀ ਪ੍ਰਗਤੀਸ਼ੀਲ ਲਹਿਰ ਦੀ ਸਾਰਥਕਤਾ ਖਤਮ ਨਹੀਂ ਹੋਈ। ਵਿਸ਼ੇਸ਼ ਤੌਰ ’ਤੇ ਭਾਰਤ ਤੇ ਪੰਜਾਬ ਦੇ ਸੰਦਰਭ ਵਿਚ ਤਾਂ ਬਿਲਕੁਲ ਹੀ ਨਹੀਂ।
ਲੇਖਕ ਨੂੰ ਕਦੇ ਦੈਵੀ ਜੀਵ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਉਸ ਦੇ ਸਾਹਿਤ ਨੂੰ ਅਗੰਮੀ ਵਾਕ ਮੰਨਿਆ ਜਾਂਦਾ ਰਿਹਾ ਹੈ, ਪਰ ਪ੍ਰਗਤੀਸ਼ੀਲ ਲਹਿਰ ਨੇ ਲੇਖਕ ਨੂੰ ਇਕ ਆਮ ਇਨਸਾਨ ਦਾ ਦਰਜਾ ਦੇ ਕੇ ਉਸ ਦੀਆਂ ਵਿਸ਼ੇਸ਼ ਸਮਰੱਥਾਵਾਂ ਨੂੰ ਪ੍ਰਵਾਨਗੀ ਦਿੱਤੀ।
ਜਦੋਂ ਇਹ ਕਿਹਾ ਜਾਂਦਾ ਹੈ ਕਿ ਜਿੱਥੇ ਸੂਰਜ ਦੀ ਕਿਰਣ ਵੀ ਨਹੀਂ ਪਹੁੰਚ ਸਕਦੀ ਕਵੀ ਦੀ ਪਹੁੰਚ ਉੱਥੇ ਵੀ ਹੁੰਦੀ ਹੈ ਤਾਂ ਲੇਖਕ ਦੀ ਵਿਸ਼ੇਸ਼ ਕਲਪਨਾ ਸ਼ਕਤੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਾਹਿਤਕਾਰ ਦਾ ਪਹਿਲਾ ਗੁਣ ਇਹ ਹੈ ਕਿ ਉਹ ਪ੍ਰਕਿਰਤਕ ਵਰਤਾਰਿਆਂ ਅਤੇ ਸਮਾਜਿਕ ਵਰਤਾਰਿਆਂ ਨੂੰ ਬੜੀ ਡੂੰਘੀ ਨੀਝ ਨਾਲ ਦੇਖਦਾ ਹੈ। ਜੇ ਉਸ ਕੋਲ ਵਿਗਿਆਨਕ ਦ੍ਰਿਸ਼ਟੀਕੋਣ ਵੀ ਹੋਵੇ ਤਾਂ ਉਸ ਦੀ ਨੀਝ ਹੰਸ ਵਾਂਗ ਦੁੱਧ ਪਾਣੀ ਦਾ ਨਿਖੇੜਾ ਵੀ ਕਰ ਲੈਂਦੀ ਹੈ। ਕਈ ਵਾਰ ਰਹੱਸਵਾਦੀ/ਧਾਰਮਿਕ ਸਾਹਿਤਕਾਰ ਵੀ ਇਨ੍ਹਾਂ ਵਰਤਾਰਿਆਂ ਨੂੰ ਦੇਖਣ ਤੇ ਇਨ੍ਹਾਂ ਵਿਰੁੱਧ ਆਪਣੇ ਦ੍ਰਿਸ਼ਟੀਕੋਨ ਤੋਂ ਬੋਲਣ ਦੀ ਸਮਰੱਥਾ ਰੱਖਦਾ ਹੈ। ਬਾਬਾ ਫ਼ਰੀਦ ਸਹਿਜ ਹੀ ਇਹ ਪਛਾਣ ਕਰ ਲੈਂਦਾ ਹੈ ਕਿ ਸਮਾਜ ਵਿਚ ਦੋ ਧਿਰਾਂ ਸਪੱਸ਼ਟ ਹਨ। ਇਕ ਉਹ ਜਿਨ੍ਹਾਂ ਕੋਲ ਆਟੇ ਦੀ ਬਹੁਤਾਤ ਹੈ ਤੇ ਦੂਸਰੇ ਉਹ ਜਿਨ੍ਹਾਂ ਵਿਚਾਰਿਆਂ ਕੋਲ ਨਿਗੂਣਾ ਲੂਣ ਵੀ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਫ਼ਰੀਦ ਗਿਆਰਵੀਂ/ਬਾਰਵੀਂ ਸਦੀ ਵਿਚ ਇਸ ਪਾੜੇ ਦੇ ਸਮਾਜਿਕ ਕਾਰਨ ਨਹੀਂ ਸੀ ਦੱਸ ਸਕਦਾ ਤੇ ਨਾ ਹੀ ਸਮੂਹਿਕ ਸੰਘਰਸ਼ਾਂ ਦੀ ਸਮਝ ਪੈਦਾ ਕਰ ਸਕਦਾ ਸੀ। ਗੁਰੂ ਨਾਨਕ ਬਾਣੀ ਇਸ ਸਮਾਜਿਕ ਪਛਾਣ ਤੋਂ ਅਗਾਂਹ ਇਕ ਧਿਰ ਨਾਲ ਖੜਨ ਦੀ ਸੋਝੀ ਵੀ ਕਰਵਾਉਂਦੀ ਹੈ। ਬਾਬਾ ਨਾਨਕ ‘ਨੀਚੀ ਹੂੰ ਅਤਿ ਨੀਚ’ ਨਾਲ ਖੜ੍ਹਦਾ ਹੈ ਤੇ ਉਹ ‘ਵਡਿਆਂ ਸਿਉਂ ਕਿਆ ਰੀਸ’ ਬਾਰੇ ਵੀ ਸਪੱਸ਼ਟ ਹੈ। ਮੱਧਕਾਲ ਦਾ ਸਾਰਾ ਪੰਜਾਬੀ ਸਾਹਿਤ ਦਲਿਤ ਨਾਲ ਖੜ੍ਹਾ ਹੈ ਤੇ ਜਾਗੀਰਦਾਰਾਂ ਤੇ ਉਨ੍ਹਾਂ ਦੇ ਵਿਚਾਰਾਂ ਨਾਲ ਵਿਰੋਧ ਸਿਰਜਦਾ ਹੈ। ਵੀਹਵੀਂ ਸਦੀ ਦੀਆਂ ਸਾਮਰਾਜੀ ਘਟਨਾਵਾਂ ਅਤੇ ਪੂੰਜੀਵਾਦੀ ਵਿਵਸਥਾ ਵਿਚ ਲੇਖਕ ਹੱਥ ਮਾਰਕਸਵਾਦੀ ਵਿਚਾਰਧਾਰਾ ਦੀ ਦੂਰਬੀਨ ਲੱਗਦੀ ਹੈ ਜੋ ਉੱਤਰਆਧੁਨਿਕਤਾਵਾਦ ਤੱਕ ਦੇ ਵਿਚਾਰਾਂ ਦੇ ਆਰ-ਪਾਰ ਦੇਖ ਸਕਦੀ ਹੈ।
ਜੇਮੇਸਨ ਉੱਤਰਆਧੁਨਿਕਤਾਵਾਦ ਨੂੰ ਮਲਟੀਨੈਸ਼ਨਲ ਪੱਧਰ ’ਤੇ ਪਹੁੰਚੇ ਪੂੰਜੀਵਾਦ ਦਾ ਸਭਿਆਚਾਰ ਕਹਿੰਦਾ ਹੈ। ਇਹ ਸਭਿਆਚਾਰ ਹਰ ਚੰਗੀ ਚੀਜ਼, ਇਥੋਂ ਤੱਕ ਕਿ ਮਾਨਵਤਾਵਾਦ ਜਿਹੀ ਵਿਚਾਰਧਾਰਾ ਨੂੰ ਵੀ ਸ਼ੱਕ ਦੇ ਘੇਰੇ ਵਿਚ ਲੈ ਆਉਂਦਾ ਹੈ। ਅਤਿ ਦਾ ਨਿੱਜਵਾਦ ਇਸ ਦੀ ਵੱਡੀ ਅਲਾਮਤ ਹੈ ਅਤੇ ਉਪਭੋਗਤਾਵਾਦ ਇਸਦੇ ਕੇਂਦਰ ਵਿਚ ਹੈ। ਟੈਕਨਾਲੋਜੀ ਇਸ ਦੇ ਪ੍ਰਚਾਰ ਪ੍ਰਸਾਰ ਲਈ ਲੱਗੀ ਹੋਈ ਹੈ। ਜੇ ਲੇਖਕ ਇਸ ਵਰਤਾਰੇ ਨੂੰ ਨਹੀਂ ਸਮਝਦਾ ਤਾਂ ਉਸ ਦੀ ਲਿਖਤ ਪਛੜ ਜਾਏਗੀ। ਕਈ ਵਾਰ ਵਰਤਾਰੇ ਦਾ ਸਮਝ ਨਾ ਆਉਣਾ ਲੇਖਕਾਂ ਨੂੰ ਜਾਂ ਤਾਂ ਖੜੋਤ ਦਾ ਸ਼ਿਕਾਰ ਬਣਾ ਦਿੰਦਾ ਹੈ ਤੇ ਜਾਂ ਫਿਰ ਪਿੱਛੇ ਵੱਲ ਨੂੰ ਧੱਕ ਦਿੰਦਾ ਹੈ। ਲਗਭਗ ਅਜਿਹੀ ਸਥਿਤੀ ਹੀ ਭਾਰਤੀ ਪੰਜਾਬੀ ਲੇਖਕ ਦੀ ਹੈ। ਉਪਰੋਕਤ ਵਰਤਾਰੇ ਨੂੰ ਸਮਝੇ ਬਗੈਰ ਅਗਾਂਹ ਨਹੀਂ ਵਧਿਆ ਜਾ ਸਕਦਾ।
ਜਦੋਂ ਲੇਖਕ ਟੀ.ਵੀ ਸੀਰੀਅਲ ਤੋਂ ਪ੍ਰਭਾਵਿਤ ਹੋ ਜਾਵੇ, ਇੰਟਰਨੈਟ ’ਤੇ ਵਟਸਐਪ ’ਤੇ, ਫੇਸਬੁੱਕ ’ਤੇ ਸਾਰਾ ਸਮਾਂ ਬਰਬਾਦ ਕਰ ਰਿਹਾ ਹੋਵੇ ਤਾਂ ਉਸ ਤੋਂ ਨਾ ਤਾਂ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਸ ਵਿਚ ਵਿਚਾਰਧਾਰਕ ਪਰਪੱਕਤਾ ਹੋਵੇ ਜਾਂ ਫਿਰ ਉਹ ਵਰਤਾਰਿਆਂ ਵਿਚ ਵਿਚਰਦੇ ਲੋਕਾਂ ਨੂੰ ਨੀਝ ਨਾਲ ਦੇਖ ਸਕੇ। ਕਈ ਵਾਰ ਕੁੱਝ ਲੇਖਕਾਂ ਨੂੰ ਮਨੁੱਖ ਵਿਚ ਕੇਵਲ ‘ਸੈਕਸ’ ਹੀ ਸਰਵੋਤਮ ਵਿਖਾਈ ਦਿੰਦਾ ਹੈ। ਉਹ ਇਸ ਦੇ ਆਲੇ ਦੁਆਲੇ ਹੀ ਰਚਨਾ ਦਾ ਸਾਰਾ ਤਾਣਾ-ਬਾਣਾ ਬੁਣਦਾ ਹੈ। ਕਦੇ ਉਹ ਕਿਸੇ ਵਿਅਕਤੀ ਨੂੰ ਲਤੀਫਿਆਂ ਤੱਕ ਸੀਮਤ ਕਰ ਦਿੰਦਾ ਹੈ। ਇਹ ਸਾਰਾ ਕੁੱਝ ਅਜੋਕੇ ਮਨੁੱਖ ਦਾ ਸਮੁੱਚਾ ਸੱਚ ਨਹੀਂ। ਅਜੋਕੇ ਯੁੱਗ ਵਿਚ ਰੱਖ ਕੇ ਪਾਤਰ ਆਰਥਿਕ, ਬੌਧਿਕ, ਭਾਵੁਕ, ਸਰੀਰਕ, ਮਾਨਸਿਕ, ਅਧਿਆਤਮਕ ਭਾਵ ਸਮੁੱਚਾ ਮਨੁੱਖ ਕਿਧਰ ਨੂੰ ਜਾ ਰਿਹਾ, ਇਸ ਦੀ ਸਮਝ ਪੈਦਾ ਕਰਨਾ ਅਜੋਕੇ ਸਾਹਿਤ ਦਾ ਉਦੇਸ਼ ਹੋਣਾ ਚਾਹੀਦਾ ਹੈ ਜੋ ਵਿਖਾਈ ਨਹੀਂ ਦਿੰਦਾ। ਇਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਸਤਹੀ ਵਧੇਰੇ ਲੱਗਦਾ ਹੈ। ਉਹ ਕੋਈ ਡੂੰਘੀ ਸਮਝ ਜਾਂ ਮਨੁੱਖੀ ਕਦਰਾਂ ਕੀਮਤਾਂ ਵਿਚ ਵਿਸ਼ਵਾਸ਼ ਪੈਦਾ ਨਹੀਂ ਕਰਦਾ।
ਅਜੋਕੇ ਯੁੱਗ ਵਿਚ ਸਭ ਤੋਂ ਵੱਡਾ ਮਨੁੱਖ ਦਾ ਸੰਕਟ ਇਹ ਹੈ ਕਿ ਉਸ ਨੂੰ ਆਪਣੇ ਵਿਚ ਵਿਸ਼ਵਾਸ਼ ਨਹੀਂ ਰਿਹਾ, ਉਸ ਦਾ ਭਵਿੱਖ ਸੁਰੱਖਿਅਤ ਨਹੀਂ ਹੈ ਜਿਸ ਦੇ ਕਾਰਨ ਆਰਥਿਕ ਹਨ। ਅਜਿਹੀ ਸਥਿਤੀ ਵਿਚ ਮਨੁੱਖ ਕੀ ਬਣਦਾ ਹੈ ਤੇ ਉਸ ਨੂੰ ਇਸ ਸਥਿਤੀ ਵਿਚੋਂ ਬਾਹਰ ਕਿਵੇਂ ਕੱਢਿਆ ਜਾ ਸਕਦਾ ਹੈ? ਇਹ ਲੇਖਕ ਸਾਹਮਣੇ ਵੱਡੀ ਚਿੰਤਾ ਹੋਣੀ ਚਾਹੀਦੀ ਹੈ। ਇਸ ਵਿਸ਼ਵਾਸ਼ ਬਹਾਲੀ ਤੋਂ ਬਾਅਦ ਸਾਮੂਹਿਕਤਾ ਵਿਚ ਵਿਸ਼ਵਾਸ ਅਤੇ ਭਵਿੱਖ ਵਿਚ ਵਿਸ਼ਵਾਸ ਜਗਾਉਣਾ ਲੇਖਕ ਦੀ ਮੁੱਖ ਲੋੜ ਹੈ। ਪਰ ਜੇ ਲੇਖਕ ਆਪ ਹੀ ਆਪਣੀ ਹੋਂਦ ਬਚਾਉਣ ਲਈ ਸਰਕਾਰੇ ਦਰਬਾਰੇ ਪਹੁੰਚਣ ਲਈ ਤਰਲੋਮੱਛੀ ਹੋਇਆ ਰਹੇ ਜਾਂ ਆਪਣੀਆਂ ਮਾਨਸਿਕ ਗੰਢਾਂ ਨੂੰ ਖੋਲਣ ਵਿਚ ਲੱਗਿਆ ਰਹੇਗਾ ਤਾਂ ਉਸ ਦੇ ਸਾਹਿਤ ਦਾ ਸ਼ਾਇਦ ਬਹੁਤਾ ਮੁੱਲ ਨਹੀਂ ਹੋਵੇਗਾ।
ਸਾਹਿਤ ਦੇ ਸੁਹਜ ਸ਼ਾਸ਼ਤਰ ਦਾ ਮਸਲਾ ਵੀ ਬੜਾ ਗੰਭੀਰ ਹੈ। ਵਰਗਗਤ ਸਮਾਜ ਵਿਚ ਖਾਸ ਤੌਰ ’ਤੇ ਅਜੋਕੇ ਸਮਾਜ ਵਿਚ ਇਹ ਹੋਰ ਵੀ ਗੰਭੀਰ ਹੈ। ਭਾਰਤ ਵਿਚ ਜਿੱਥੇ ਸਾਹਿਤ ਪੜ੍ਹਨਾ ਪੜ੍ਹਾਉਣਾ ਵੀ ਜੇ ਰੋਜ਼ਗਾਰ ਤੱਕ ਸੀਮਤ ਹੈ ਤਾਂ ਉਥੇ ਸਾਹਿਤ ਦੀ ਡੂੰਘੀ ਭੂਮਿਕਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਵਿਸ਼ੇਸ਼ ਤੌਰ ’ਤੇ ਜਦੋਂ ਸਿਰਫ਼ ਤੇ ਸਿਰਫ਼ ਟੈਕਨਾਲੋਜੀ ਰਾਹੀਂ ਬੰਦੇ ਨੂੰ ਰੋਬੋ ਬਣਾ ਕੇ ਹਿੰਊਮੈਨੀਟੀਜ਼ (ਜਿਸ ਵਿਚ ਸਾਹਿਤ ਵੀ ਸ਼ਾਮਿਲ ਹੈ) ਨੂੰ ਦਰਕਿਨਾਰ ਕੀਤਾ ਜਾ ਰਿਹਾ ਹੋਵੇ ਤਾਂ ਇਸ ਡੂੰਘੀ ਸਾਜਿਸ਼ ਨੂੰ ਸਮਝ ਕੇ ਲੋਕਾਂ ਨੂੰ ਗੰਭੀਰ ਸਾਹਿਤ ਨਾਲ ਕਿਵੇਂ ਜੋੜਿਆ ਜਾਵੇ, ਇਹ ਆਪਣੇ ਆਪ ਵਿਚ ਇਕ ਚੁਣੌਤੀ ਹੈ। ਭਾਵੇਂ ਪ੍ਰਮੁੱਖ ਤੌਰ ’ਤੇ ਵਿਕਸਿਤ ਪੂੰਜੀਵਾਦ ਵਿਚ ਦੋ ਵਰਗ ਸਪੱਸ਼ਟ ਹਨ, ਪਰ ਇਸ ਦੇ ਉਪਵਰਗ ਇੰਨੇ ਵਧੇਰੇ ਬਣ ਗਏ ਹਨ ਕਿ ਹਰ ਉਪਵਰਗ ਦੇ ਸੁਹਜ ਸੁਆਦ ਵੱਖਰੇ ਹਨ, ਸਾਹਿਤਕ ਸੁਹਜ ਸੁਆਦ ਹੋਰ ਵੀ ਟੇਢੇ ਮੇਢੇ ਹਨ। ਕਈ ਸਿਆਣੇ ਲਿਖਤੀ ਕਿਤਾਬਾਂ ਦੀ ਥਾਂ ਈ-ਕਿਤਾਬਾਂ ਉਪਰ ਜ਼ੋਰ ਦੇ ਰਹੇ ਹਨ। ਜੋ ਲੋਕ ਅਜੇ ਆਪਣੇ ਅੱਖਰ ਵੀ ਨਹੀਂ ਪੜ੍ਹ ਸਕਦੇ, ਉਨ੍ਹਾਂ ਨੂੰ ਈ-ਕਿਤਾਬਾਂ ਲੜ ਲਾਉਣਾ ਕਿੰਨਾ ਕੁ ਸਾਰਥਕ ਹੋ ਸਕਦਾ ਹੈ? ਉਨ੍ਹਾਂ ਲਈ ਟੀ.ਵੀ. ’ਤੇ ਦਿਖਾਇਆ ਜਾਂਦਾ ਸੰਸਾਰ ਹੀ ਤਲਿਸਮੀ ਅਤੇ ਰਾਹਤ ਦੇਣ ਵਾਲਾ ਹੈ। ਮੋਬਾਇਲਾਂ ’ਤੇ ਵਿਚਰਦੇ ਲਤੀਫ਼ੇ ਹੀ ਮਨੋਰੰਜਨ ਦਾ ਸਾਧਨ ਹਨ। ਸਮਝ ਬਣਾਉਣਾ ਇਨ੍ਹਾਂ ਸਾਧਨਾਂ ਦਾ ਉਦੇਸ਼ ਹੀ ਨਹੀਂ ਹੈ।
ਗੱਲ ਇੱਥੇ ਮੁਕਦੀ ਹੈ ਕਿ ਲੇਖਕ ਲਈ ਇਹ ਸਾਰੀ ਸਥਿਤੀ ਇਕ ਚੈਲੰਜ ਹੈ। ਇਹ ਕਹਿ ਕੇ ਕੰਮ ਨਹੀਂ ਚਲਾਇਆ ਜਾ ਸਕਦਾ ਕਿ ਇਸ ਨੂੰ ਸਮਝਿਆ ਨਹੀਂ ਜਾ ਸਕਦਾ ਜਾਂ ਫਿਰ ਇਸ ਨੂੰ ਬਦਲਿਆ ਤਾਂ ਬਿਲਕੁਲ ਹੀ ਨਹੀਂ ਜਾ ਸਕਦਾ। ਅਜਿਹੇ ਅਵਿਸ਼ਵਾਸ਼ ਦੇ ਮਾਹੌਲ ਵਿਚ ਪ੍ਰਗਤੀਸ਼ੀਲ ਲੇਖਕਾਂ ਦੀ ਭੂਮਿਕਾ ਹੋਰ ਵੀ ਵਧੇਰੇ ਜਟਿਲ ਤੇ ਚੈਲੰਜਿੰਗ ਹੋ ਜਾਂਦੀ ਹੈ। ਲੇਖਕਾਂ ਸਾਹਮਣੇ ਇਕ ਪੂਰੀ ਪਰੰਪਰਾ ਹੈ ਜਿਸ ਨੂੰ ਸਮਝਣਾ ਹੈ, ਸਮਕਾਲੀ ਵਰਤਾਰੇ ਨੂੰ ਆਲੋਚਨਾਤਮਕ ਪੱਧਰ ’ਤੇ ਆਤਮਸਾਤ ਕਰਨਾ ਹੈ। ਇਕ ਦ੍ਰਿਸ਼ਟੀਕੋਨ ਪ੍ਰਤੀ ਪ੍ਰਤੀਬੱਧਤਾ ਤਾਂ ਹੋਣੀ ਹੀ ਚਾਹੀਦੀ ਹੈ, ਲੋਕਾਂ ਨਾਲ ਦੋਸਤਾਨਾ ਸੰਬੰਧਾਂ ਦਾ ਅਹਿਸਾਸ ਵੀ ਜ਼ਰੂਰੀ ਹੈ ਨਹੀਂ ਤਾਂ ਇਕ ਵੱਖਰੀ ਤਰ੍ਹਾਂ ਦਾ ‘ਨਕਾਰਵਾਦ’ ਜਾਂ ਸਿਨੀਸਿਜ਼ਮ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ ਹੈ।
ਮੀਡੀਆ ਨੇ ਲੋਕਾਂ ਦੇ ਸੁਹਜ ਸੁਆਦ ਵੀ ਵਿਗਾੜੇ ਹਨ। ਰੁਮਾਂਸ, ਐਕਸ਼ਨ, ਡਰਾਉਣੀਆਂ ਕਿਸਮ ਦੀਆਂ ਰਚਨਾਵਾਂ ਸੇਧ ਤਾਂ ਦਿੰਦੀਆਂ ਹੀ ਨਹੀਂ, ਸਗੋਂ ਮਾਨਸਿਕ ਤੌਰ ’ਤੇ ਬਿਮਾਰ ਪੈਦਾ ਕਰਨ ਦਾ ਕਾਰਨ ਬਣਦੀਆਂ ਹਨ।
ਇਨ੍ਹਾਂ ਸਾਰੀਆਂ ਸਥਿਤੀਆਂ ਵਿਚ ਲੇਖਕਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਨਵੇਂ ਸਿਰੇ ਤੋਂ ਸਮਾਜਿਕ ਪ੍ਰਾਥਮਿਕਤਾਵਾਂ ਤੈਅ ਕਰਨ ਦੀ ਲੋੜ ਹੈ ਅਤੇ ਸੁਹਜ ਸਾਸ਼ਤਰ ਉਪਰ ਵੀ ਮੁੜ ਨਜ਼ਰ ਸਾਨੀ ਕਰਨ ਦੀ ਲੋੜ ਹੈ। ਤਾਂ ਹੀ ਸ਼ਾਇਦ ਲੇਖਕ ਆਪਣੀ ਬਣਦੀ ਸਮਾਜਿਕ ਭੂਮਿਕਾ ਨਿਭਾਉਣ ਦੇ ਯੋਗ ਹੋ ਸਕੇਗਾ।
-ਡਾ. ਕਰਮਜੀਤ ਸਿੰਘ
Leave a Reply