ਅਧਿਆਪਕ ਦਿਵਸ ਦੀ ਪੂਰਬ ਸੰਧਿਆ ਤੇ ਮੇਰੀ ਨੂੰਹ, ਜੋ ਅਧਿਆਪਿਕਾ ਹੈ, ਨੇ ਦੱਸਿਆ, “ਮੰਮੀ, ਕੱਲ੍ਹ ਅਸੀਂ ਖਾਣਾ ਨਹੀਂ ਲੈ ਕੇ ਜਾਣਾ। ਅਧਿਆਪਕ ਦਿਵਸ ਹੋਣ ਕਰਕੇ ਸਾਡੀ ਪਾਰਟੀ ਹੋਵੇਗੀ ਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।” ਮੈਂ ਆਖਿਆ, “ਕੱਲ੍ਹ ਤੇ ਬਈ ਤੁਹਾਡਾ ਦਿਨ ਹੈ, ਕੁਝ ਖ਼ਾਸ ਹੋਣਾ ਵੀ ਚਾਹੀਦਾ ਹੈ!” ਉਹ ਹੱਸ ਪਈ।
ਪਰਮਬੀਰ ਕੌਰ |
ਅਗਲੇ ਦਿਨ ਸਵੇਰੇ ਉਠਦੇ ਸਾਰ ਆਪਣੇ ਪਤੀ ਨੂੰ ਅਧਿਆਪਕ ਦਿਵਸ ਦੀ ਮੁਬਾਰਕ ਦਿੱਤੀ ਤਾਂ ਆਖਦੇ, “ਤੁਹਾਨੂੰ ਵੀ ਮੁਬਾਰਕ!” ਪੁੱਤਰ ਤੇ ਨੂੰਹ ਨੂੰ ਆਖਿਆ, “ਬੇਟੇ, ਅਧਿਆਪਕ ਦਿਵਸ ਦੀ ਵਧਾਈ ਹੋਵੇ!” ਉਹਨਾਂ ਦਾ ਉੱਤਰ ਸੀ, “ਤੁਹਾਨੂੰ ਵੀ ਮੰਮੀ!” ਸ਼ਹਿਰੋਂ ਬਾਹਰ ਰਹਿੰਦੀ ਬੇਟੀ ਨੂੰ ਫ਼ੋਨ ਕੀਤਾ, “ਪੁੱਤਰ, ਅਧਿਆਪਕ ਦਿਵਸ ਦੀਆਂ ਸ਼ੁਭ ਕਾਮਨਾਵਾਂ!” ਅੱਗੋਂ ਧੀ ਆਖਦੀ, “ਮੰਮੀ ਤੁਹਾਨੂੰ ਵੀ, ਮੇਰੇ ਸਭ ਤੋਂ ਪਹਿਲੇ ਅਧਿਆਪਕ ਤਾਂ ਤੁਸੀਂ ਓ!” ਇਹਨਾਂ ਸਾਰੀਆਂ ਗੱਲਾਂ-ਬਾਤਾਂ ਨੇ ਮੇਰੀ ਰੂਹ ‘ਤੇ ਖੇੜਾ ਲਿਆ ਕੇ ਮੇਰਾ ਦਿਨ ਬਣਾ ਦਿੱਤਾ!
ਸਾਰੇ ਕਿੱਤਿਆਂ ਵਿੱਚੋਂ ਅਧਿਆਪਨ ਦਾ ਦਰਜਾ ਉਂਜ ਵੀ ਨਿਵੇਕਲਾ ਪਰਤੀਤ ਹੁੰਦਾ ਹੈ। ਹੋਰ ਸਾਰੇ ਪੇਸ਼ਿਆਂ ਦੇ ਯੋਗ ਬਣਨ ਅਤੇ ਮੁਹਾਰਤ ਹਾਸਲ ਕਰਨ ਲਈ ਅਧਿਆਪਕਾਂ ਦੀ ਰਾਹਨੁਮਾਈ ਜ਼ਰੂਰੀ ਹੈ। ਇਸ ਤੋਂ ਬਗ਼ੈਰ ਬੰਦਾ ਕਿਤੇ ਨਹੀਂ ਪਹੁੰਚ ਸਕਦਾ। ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਹੁੰਦੇ ਹਨ ਜਿਹੜੇ ਬੱਚੇ ਨੂੰ ਸੁਚੱਜੀ ਜਿਊਣ-ਜਾਚ ਦਾ ਢੰਗ ਸਿਖਾਉਂਦੇ ਹਨ। ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਕਿਸੇ ਵੀ ਸਮਾਜ ਅਤੇ ਸੰਸਥਾ ਦੀ ਸ਼ਾਨ ਹੁੰਦੇ ਨੇ। ਇਹ ਆਪਣੇ ਵਿਦਿਆਰਥੀਆਂ ਦੇ ਲਈ ਆਦਰਸ਼ ਬਣਨ ਦਾ ਮਾਣ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੂੰ ਜਿਗਿਆਸਾ ਦੇ ਰਾਹ ਤੇ ਤੋਰ ਕੇ ਇਕ ਅਰਥਪੂਰਨ ਜੀਵਨ ਦੀ ਨੀਂਹ ਰੱਖ ਦੇਂਦੇ ਹਨ। ਇਹਨਾਂ ਨੂੰ ਸਹਿਜੇ ਹੀ ਭਵਿੱਖ ਦੇ ਉੱਸਰਈਏ ਕਿਹਾ ਜਾ ਸਕਦਾ ਹੈ। ਭਾਵੇਂ ਹੈ ਇਹ ਇਕ ਰੋਜ਼ਗਾਰ ਦਾ ਵਸੀਲਾ ਹੀ, ਪਰ ਅਸਲ ਵਿਚ ਅਧਿਆਪਨ ਇਕ ਮਿਸ਼ਨ ਵੀ ਹੈ; ਸਮਾਜ ਸੇਵਾ ਕਰਨ ਦਾ ਇਕ ਉੱਤਮ ਜ਼ਰੀਆ!
ਮੈਨੂੰ ਇਹ ਆਪਣੀ ਖ਼ੁਸ਼ਕਿਸਮਤੀ ਭਾਸਦੀ ਹੈ ਕਿ ਮੇਰੇ ਪੇਕੇ ਪਰਿਵਾਰ ਵਿਚ ਵੀ ਮੇਰੇ ਪਿਤਾ ਜੀ ਅੰਗਰੇਜ਼ੀ ਦੇ ਮਾਹਰ ਅਤੇ ਬਹੁਤ ਸਤਿਕਾਰਤ ਅਧਿਆਪਕ ਸਨ, ਮੇਰੇ ਵੱਡੇ ਵੀਰ ਜੀ ਵੀ ਇਸੇ ਕਿੱਤੇ ਨੂੰ ਸਮਰਪਿਤ ਹਨ। ਦੂਜੇ ਵੀਰ ਜੀ ਦੀ ਪਤਨੀ, ਭਾਵ ਮੇਰੇ ਭਾਬੀ ਜੀ ਵੀ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰ੍ਹੇ ਇਸੇ ਪੇਸ਼ੇ ਦੀ ਨਜ਼ਰ ਕਰਕੇ ਪਿੱਛੇ ਜਿਹੇ ਸੇਵਾਮੁਕਤ ਹੋਏ ਹਨ।
ਆਪਣੇ ਵਿਦਿਆਰਥੀ ਜੀਵਨ ਦੌਰਾਨ ਮੈਨੂੰ ਕਈ ਕਾਬਿਲ ਅਧਿਆਪਕ ਸਾਹਿਬਾਨ ਤੋਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸ ਸਮੇਂ ਨਾਲ ਸਬੰਧਤ ਮੇਰੇ ਚੇਤਿਆਂ ਦੀ ਚੰਗੇਰ ਵਿਚ ਕਈ ਅਭੁੱਲ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹਨਾਂ ਨੂੰ ਚਿਤਾਰ ਕੇ ਅੱਜ ਵੀ ਧੁਰ ਅੰਦਰ ਤਕ ਪ੍ਰਸੰਨਤਾ ਦਾ ਅਹਿਸਾਸ ਹੋ ਜਾਂਦਾ ਹੈ। ਇੱਥੇ ਮੈਂ ਆਪਣੀ ਅੰਗਰੇਜ਼ੀ ਦੀ ਅਧਿਆਪਕਾ, ਸ੍ਰੀਮਤੀ ਵੀਨਾ ਚੌਧਰੀ ਨਾਲ ਜੁੜੀ ਹੋਈ ਇਕ ਘਟਨਾ ਸਾਂਝੀ ਕਰਨਾ ਚਾਹੁੰਦੀ ਹਾਂ। ਇਹ ਤਕਰੀਬਨ ਚਾਰ ਦਹਾਕੇ ਪਹਿਲਾਂ ਦੀ ਬਾਤ ਹੈ, ਉਦੋਂ ਮੈਂ ਪ੍ਰੀ-ਯੂਨੀਵਰਸਿਟੀ ਕਲਾਸ ਵਿਚ ਪੜ੍ਹਦੀ ਸਾਂ। ਸਾਡੇ ਇਹ ਮੈਡਮ ਬਹੁਤ ਲਗਨ ਨਾਲ ਪੜ੍ਹਾਉਂਦੇ ਤੇ ਸਿਖਿਆਰਥੀਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਵੀ ਬਹੁਤ ਦੇਂਦੇ ਸਨ।
ਆਪਣੇ ਵਿਦਿਆਰਥੀ ਜੀਵਨ ਦੌਰਾਨ ਮੈਨੂੰ ਕਈ ਕਾਬਿਲ ਅਧਿਆਪਕ ਸਾਹਿਬਾਨ ਤੋਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸ ਸਮੇਂ ਨਾਲ ਸਬੰਧਤ ਮੇਰੇ ਚੇਤਿਆਂ ਦੀ ਚੰਗੇਰ ਵਿਚ ਕਈ ਅਭੁੱਲ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹਨਾਂ ਨੂੰ ਚਿਤਾਰ ਕੇ ਅੱਜ ਵੀ ਧੁਰ ਅੰਦਰ ਤਕ ਪ੍ਰਸੰਨਤਾ ਦਾ ਅਹਿਸਾਸ ਹੋ ਜਾਂਦਾ ਹੈ। ਇੱਥੇ ਮੈਂ ਆਪਣੀ ਅੰਗਰੇਜ਼ੀ ਦੀ ਅਧਿਆਪਕਾ, ਸ੍ਰੀਮਤੀ ਵੀਨਾ ਚੌਧਰੀ ਨਾਲ ਜੁੜੀ ਹੋਈ ਇਕ ਘਟਨਾ ਸਾਂਝੀ ਕਰਨਾ ਚਾਹੁੰਦੀ ਹਾਂ। ਇਹ ਤਕਰੀਬਨ ਚਾਰ ਦਹਾਕੇ ਪਹਿਲਾਂ ਦੀ ਬਾਤ ਹੈ, ਉਦੋਂ ਮੈਂ ਪ੍ਰੀ-ਯੂਨੀਵਰਸਿਟੀ ਕਲਾਸ ਵਿਚ ਪੜ੍ਹਦੀ ਸਾਂ। ਸਾਡੇ ਇਹ ਮੈਡਮ ਬਹੁਤ ਲਗਨ ਨਾਲ ਪੜ੍ਹਾਉਂਦੇ ਤੇ ਸਿਖਿਆਰਥੀਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਵੀ ਬਹੁਤ ਦੇਂਦੇ ਸਨ।
ਸਾਡੇ ਕਾਲਜ ਦੀਆਂ ਘਰੇਲੂ ਪਰੀਖਿਆਵਾਂ ਹੋਈਆਂ ਸਨ ਤੇ ਇਕ ਦਿਨ ਮੈਡਮ ਸਾਡੇ ਪੇਪਰਾਂ ਦਾ ਮੁੱਲਾਂਕਣ ਕਰਕੇ ਲੈ ਕੇ ਆਏ। ਉਹਨਾਂ ਸਾਨੂੰ ਪੇਪਰ ਵਿਖਾਏ। ਮੈਂ ਆਪਣੀ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਆਈ ਸੀ। ਮੇਰੇ ਸੱਠ ਪ੍ਰਤੀਸ਼ੱਤ ਤੋਂ ਉੱਤੇ ਅੰਕ ਆਏ ਸਨ। ਉਦੋਂ ਅੰਗਰੇਜ਼ੀ ਵਿਚ ਇਹ ਬਹੁਤ ਜ਼ਿਆਦਾ ਨੰਬਰ ਮੰਨੇ ਜਾਂਦੇ ਸਨ। ਮੇਰੇ ਪੇਪਰ ਤੋਂ ਉਹ ਬਹੁਤ ਖ਼ੁਸ਼ ਸਨ। ਅਚਾਨਕ ਸ੍ਰੀਮਤੀ ਵੀਨਾ ਮੈਡਮ, “ਮੈਂ ਇਕ ਮਿੰਟ ਆਈ,” ਆਖ ਕੇ ਜਮਾਤ ਵਿੱਚੋਂ ਬਾਹਰ ਚਲੇ ਗਏ। ਛੇਤੀ ਹੀ ਉਹ ਇਕ ਹੋਰ ਅੰਗਰੇਜ਼ੀ ਦੇ ਮਾਹਰ ਅਧਿਆਪਕ, ਜਿਹਨਾਂ ਨੂੰ ਸਾਰੇ ਸਤਿਕਾਰ ਨਾਲ ‘ਪਿਤਾ ਜੀ’ ਆਖ ਕੇ ਬੁਲਾਇਆ ਕਰਦੇ ਸਨ, ਨੂੰ ਨਾਲ ਲੈ ਕੇ ਆ ਗਏ। ‘ਪਿਤਾ ਜੀ’ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਅਫ਼ਸਰ ਸਨ ਤੇ ਸਾਡੇ ਕਾਲਜ ਵਿਚ ਉਹ ਅੰਗਰੇਜ਼ੀ ਵਿਆਕਰਣ ਤੇ ਨੈਤਿਕ ਸਿੱਖਿਆ ਦੀਆਂ ਕਲਾਸਾਂ ਲੈਂਦੇ ਸਨ। ਉਹਨਾਂ ਦੀ ਕਾਬਲੀਅਤ ਤੇ ਮੁਹਾਰਤ ਬਿਆਨ ਕਰਨੀ ਹੋਵੇ ਤਾਂ ਲਫ਼ਜ਼ਾਂ ਦੀ ਕਮੀ ਮਹਿਸੂਸ ਹੋਣ ਲਗ ਪੈਂਦੀ ਹੈ। ਮੈਡਮ ਨੇ ਮੈਨੂੰ ਖੜ੍ਹੇ ਹੋਣ ਲਈ ਆਖਿਆ। “ਪਿਤਾ ਜੀ, ਇਸ ਦੇ ਅੰਗਰੇਜ਼ੀ ਵਿੱਚ ਸੱਠ ਪ੍ਰਤੀਸ਼ੱਤ ਤੋਂ ਉੱਪਰ ਅੰਕ ਆਏ ਹਨ!” ਇਹ ਸੁਣ ਕੇ ਉਹ ਤਾਂ ਖਿੜ ਗਏ, “ਬੱਚੀਏ, ਤੂੰ ਤਾਂ ਕਮਾਲ ਕਰ ਦਿੱਤੀ ਏ!” ਉਹਨਾਂ ਨੇ ਮੇਰੇ ਪੇਪਰ ਵੀ ਵੇਖਣ ਲਈ ਲਏ। ਇਹਨਾਂ ਦੋਹਾਂ ਅਧਿਆਪਕ ਸਾਹਿਬਾਨ ਦੇ ਪ੍ਰਤੀਕਰਮ ਨੇ ਮੈਨੂੰ ਜਿਵੇਂ ਅੱਗੋਂ ਹੋਰ ਵੱਧ ਮਿਹਨਤ ਕਰਨ ਲਈ ਬੇਮਿਸਾਲ ਹੱਲਾਸ਼ੇਰੀ ਦੇ ਦਿੱਤੀ ਅਤੇ ਉਹਨਾਂ ਨੂੰ ਇੰਜ ਜਾਪ ਰਿਹਾ ਸੀ ਜਿਵੇਂ ਇਹ ਉਹਨਾਂ ਦੀ ਨਿੱਜੀ ਪ੍ਰਾਪਤੀ ਹੋਵੇ! ਉਹ ਦਿਨ ਮੇਰੇ ਲਈ ਵਿਸ਼ੇਸ਼ ਸੰਪਤੀ ਬਣ ਕੇ ਮਾਨਸਿਕ ਪਟਲ ਤੇ ਸਦਾ ਲਈ ਉਕਰਿਆ ਗਿਆ। ਵੈਸੇ ਘਰ ਵਿਚ ਮੇਰੇ ਪਿਤਾ ਜੀ ਅਤੇ ਵੀਰ ਜੀ ਨੇ ਵੀ ਮੇਰੀ ਅੰਗਰੇਜ਼ੀ ਵਿਸ਼ੇ ਵਿਚ ਮਿਹਨਤ ਕਰਵਾ ਕੇ ਨੀਂਹ ਪੱਕੀ ਕਰਨ ਵਿਚ ਭਰਪੂਰ ਭੂਮਿਕਾ ਨਿਭਾਈ।
ਸ੍ਰੀਮਤੀ ਵੀਨਾ ਚੌਧਰੀ ਉਂਜ ਤਾਂ ਦੁਰਾਡੇ ਸ਼ਹਿਰ ਵਿਚ ਰਹਿੰਦੇ ਨੇ ਪਰ ਫਿਰ ਵੀ ੳਹਨਾਂ ਨਾਲ ਕਦੇ-ਕਦਾਈਂ ਗੱਲ-ਬਾਤ ਹੋ ਜਾਂਦੀ ਹੈ। ਦੋ ਸਾਲ ਪਹਿਲਾਂ ਜਦੋਂ ਮੇਰੀ ਵਾਰਤਕ ਦੀ ਪਹਿਲੀ ਪੁਸਤਕ ਪ੍ਰਕਾਸ਼ਿਤ ਹੋਈ ਤਾਂ ਉਸਦੀ ਇੱਕ ਕਾਪੀ ਮੈਂ ਉਹਨਾਂ ਨੂੰ ਅਧਿਆਪਕ ਦਿਵਸ ਵਾਲੇ ਦਿਨ ਕੋਰੀਅਰ ਰਾਹੀਂ ਭੇਜ ਦਿੱਤੀ। ਉਹਨਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ। ਉਹਨਾਂ ਨੇ ਮੇਰੀ ਪੁਸਤਕ ਦੇ ਬਾਰੇ ਵੀ ਕਈ ਉਤਸ਼ਾਹਜਨਕ ਟਿੱਪਣੀਆਂ ਕੀਤੀਆਂ। ਮੈਨੂੰ ਇਹ ਵੀ ਦੱਸਿਆ, “ਮੈਂ ਕਿੰਨਿਆਂ ਨੂੰ ਮਾਣ ਨਾਲ ਇਹ ਕਿਤਾਬ ਵਿਖਾਈ ਤੇ ਦਸਿਆ, ‘ਇਹ ਮੇਰੀ ਵਿਦਿਆਰਥਣ ਦੀ ਲਿੱਖੀ ਹੋਈ ਪੁਸਤਕ ਹੈ!’” ਪਿਛਲੇ ਵਰ੍ਹੇ ਤਾਂ ਕਮਾਲ ਹੀ ਹੋ ਗਈ! ਸ੍ਰੀਮਤੀ ਵੀਨਾ ਮੈਡਮ ਨੇ ਅਧਿਆਪਕ ਦਿਵਸ ਵਾਲੇ ਦਿਨ ਮੈਨੂੰ ਫ਼ੋਨ ਕੀਤਾ ਤੇ ਆਖਦੇ, “ਸੋਚਿਆ ਅੱਜ ਦੇ ਦਿਨ ਤੁਹਾਡੇ ਨਾਲ ਗੱਲ ਕਰ ਲਵਾਂ!” ਮੇਰੀਆਂ ਬੇਸ਼ਕੀਮਤ ਯਾਦਾਂ ਵਿਚ ਇਹ ਇੱਕ ਹੋਰ ਅਹਿਮ ਕੜੀ ਜੁੜ ਗਈ! ਅਜਿਹੇ ਅਧਿਆਪਕ ਸਾਹਿਬਾਨ ਨੂੰ ਚੇਤੇ ਕਰਨ ਤੇ ਸ਼ੁਕਰਗੁਜ਼ਾਰ ਹੋਣ ਲਈ ਇੱਕ ਦਿਨ ਤਾਂ ਕੁਝ ਵੀ ਨਹੀਂ!
-ਪਰਮਬੀਰ ਕੌਰ, ਲੁਧਿਆਣਾ
Leave a Reply