ਐੱਨ.ਆਰ. ਆਈ ਰੂਪ ਸਿੰਘ ਰੂਪਾ ਵਲੋਂ ਇਕ ਲੱਖ ਰੁਪਏ ਦੀ ਰਾਸ਼ੀ ਭੇਟ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇਵੇਗੀ ਸਨਮਾਨ
ਲੁਧਿਆਣਾ| ਉੱਘੇ ਪੱਤਰਕਾਰ ਅਤੇ ਮਾਰਕਸੀ ਚਿੰਤਕ ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨ੍ਹਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਪੰਜਾਬਿਅਤ ਦੇ ਸ਼ੁਭਚਿੰਤਕ ਰੂਪ ਸਿੰਘ ਰੂਪਾ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਦਿਆਂ ਕਿਹਾ ਹੈ ਕਿ ਇਸ ਰਾਸ਼ੀ ਦੇ ਵਿਆਜ ਨਾਲ ਹਰ ਸਾਲ ਕਿਸੇ ਉੱਘੇ ਵਾਰਤਕ ਲੇਖਕ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਪੁਰਸਕਾਰ ਦਾ ਨਾਮ ਜਗਜੀਤ ਸਿੰਘ ਆਨੰਦ ਪੁਰਸਕਾਰ ਰੱਖਿਆ ਜਾਵੇ। ਰੂਪਾ ਨੇ ਆਖਿਆ ਕਿ ਉਹ ਹਰ ਸਾਲ ਆਪਣੀ ਭਾਰਤ ਫੇਰੀ ਦੌਰਾਨ ਇਸ ਵਿਚ ਇੱਕ-ਇੱਕ ਲੱਖ ਰੁਪਏ ਜਮ੍ਹਾਂ ਕਰਵਾਉਂਦੇ ਰਹਿਣਗੇ ਤਾਂ ਜੋ ਇਸ ਪੁਰਸਕਾਰ ਦੀ ਇਨਾਮ ਰਾਸ਼ੀ ਹਰ ਸਾਲ ਵਧਦੀ ਰਹੇ। ਰੂਪਾ ਨੇ ਆਖਿਆ ਕਿ ਉਹ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਵੇਲੇ ਤੋਂ ਇਸ ਅਕਾਡਮੀ ਦੇ ਸਹਿਯੋਗੀ ਰਹੇ ਹਨ ਅਤੇ ਹੁਣ ਇਸ ਪਰਿਵਾਰ ਵਿਚ ਸ਼ਾਮਲ ਹੋ ਕੇ ਮੈਨੂੰ ਵੱਖਰੀ ਤਰ੍ਹਾਂ ਦਾ ਸਕੂਨ ਮਿਲਿਆ ਹੈ। ਰੂਪਾ ਨੇ ਇੱਕ ਲੱਖ ਰੁਪਏ ਦਾ ਚੈੱਕ ਅਕਾਡਮੀ ਦੇ ਪ੍ਰਧਾਨ ਗੁਰਭਜਨ ਗਿੱਲ, ਸਾਬਕਾ ਪ੍ਰਧਾਨ ਸੁਰਜੀਤ ਪਾਤਰ, ਡਾਇਰੈਕਟਰ ਰੈਫ਼ਰੈਂਸ ਲਾਇਬ੍ਰੇਰੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਮੀਤ ਪ੍ਰਧਾਨ ਅਨੂਪ ਸਿੰਘ, ਸੁਰਿੰਦਰ ਕੈਲੇ, ਕਾਰਜਕਾਰੀ ਮੈਂਬਰ ਰਵਿੰਦਰ ਭੱਠਲ, ਗੁਰਚਰਨ ਕੌਰ ਕੋਚਰ, ਗੁਲਜ਼ਾਰ ਸਿੰਘ ਸ਼ੌਕੀ, ਤ੍ਰੈਲੋਚਨ ਲੋਚੀ, ਸਵਰਨਜੀਤ ਕੌਰ ਗਰੇਵਾਲ, ਸਕੱਤਰ ਇੰਦਰਜੀਤਪਾਲ ਕੌਰ ਭਿੰਡਰ ਅਤੇ ਨਿਰਮਲ ਜੌੜਾ ਦੀ ਹਾਜ਼ਰੀ ਵਿਚ ਭੇਂਟ ਕੀਤਾ।
ਧੰਨਵਾਦ ਕਰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ· ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਰੂਪ ਸਿੰਘ ਰੂਪਾ ਇਸ ਸੰਸਥਾ ਦੇ ਸਹਿਯੋਗੀ ਧਿਰ ਵਜੋਂ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਇਸ ਇਨਾਮ ਨਾਲ ਸਦੀਵੀ ਸਾਂਝ ਜੋੜ ਲਈ ਹੈ। ਅਕਾਡਮੀ ਦੇ ਸਰਪ੍ਰਸਤ ਕੈਨੇਡਾ ਵਸਦੇ ਕੁਲਦੀਪ ਸਿੰਘ ਗਿੱਲ ਨੇ ਅਕਾਡਮੀ ਵਲੋਂ ਪ੍ਰਕਾਸ਼ਿਤ ਟੈਗੋਰ ਰਚਨਾਵਲੀ ਭੇਟ ਕਰਕੇ ਰੂਪ ਸਿੰਘ ਰੂਪਾ ਨੂੰ ਸਨਮਾਨਿਤ ਕੀਤਾ।
Leave a Reply