ਲੀਲਾਧਰ ਜਗੂੜੀ |
ਰੱਬਾ ਤੂੰ ਲਫ਼ਜ਼ ਹੈ ਕਿ ਵਾਕ ਹੈਂ?
ਕੌਮਾ ਹੈ ਜਾਂ ਡੰਡੀ?
ਸੰਬੋਧਨ ਹੈਂ ਜਾਂ ਪ੍ਰਸ਼ਨਚਿੰਨ੍ਹ?
ਨਿਆਂ ਹੈ ਜਾਂ ਨਿਆਂਕਾਰ?
ਜਨਮ ਹੈਂ ਕਿ ਮੌਤ
ਜਾਂ ਤੂੰ ਵਿਚਕਾਰਲੀ ਗੁੰਝਲ ਵਿਚ ਨਿਰਾ ਸੰਭੋਗ ਹੈਂ
ਤੂੰ ਧਰਮ ਹੈ ਜਾਂ ਕਰਮ ਹੈਂ
ਜਾਂ ਫਿਰ ਤੂੰ ਬਸ ਇਕ ਕਲਾ ਹੈਂ ਰੋਗ ਹੈਂ
ਰੱਬਾ ਤੂੰ ਫੁੱਲਾਂ ਜਿਹਾ ਹੈਂ ਜਾਂ ਤਰੇਲ ਜਿਹਾ
ਤੁਰਦਾ ਕਿਵੇਂ ਹੈਂ
ਦੋ ਪੈਰਾਂ ਨਾਲ? ਚਾਰ ਪੈਰਾਂ ਨਾਲ ਜਾਂ ਫ਼ਿਰ ਸਿੱਕੇ ਵਾਂਗ?
ਇਕ ਪੁਰਾਣੀ ਕਹਾਣੀ ਵਿਚ ਤੂੰ ਖੜੈਂ ਤਿੰਨ ਪੈਰਾਂ ’ਤੇ
ਚੰਗੇ ਨਹੀਂ ਲੱਗਦੇ ਚਾਰ ਹੱਥ ਅਤੇ ਤਿੰਨ ਪੈਰ
ਤੂੰ ਚਹੁੰਮੁਖੀ ਹੈ ਜਾਂ ਪੰਚਮੁਖੀ
(ਆਖ਼ਰ ਤੇਰਾ ਕੋਈ ਅਸਲੀ ਚਿਹਰਾ ਵੀ ਤਾਂ ਹੋਵੇਗਾ)
ਹੇ ਰੱਬਾ ਤੂੰ ਗਰਮੀ ਏ ਜਾਂ ਠੰਢ
ਹਨੇਰਾ ਏ ਜਾਂ ਚਾਨਣ?
ਅੰਨ ਏਂ ਜਾਂ ਗੋਹਾ ਏਂ?
ਰੱਬਾ ਤੂੰ ਹੈਰਾਨੀ ਹੈਂ ਕਿ ਅਚੰਭਾ?
ਅੰਦਰਲੇ ਹਨੇਰੇ ਤੱਕ ਅੱਖ ਰਾਹੀਂ ਪਹੁੰਚਦਾ ਏ ਜਾਂ ਨੱਕ ਨਾਲ?
ਕੰਨ ਨਾਲ ਪਹੁੰਚਦਾ ੲੇਂ ਜਾਂ ਜਬਰ ਨਾਲ
ਅੱਖ ਨਾਲ ਪਹੁੰਚਦੇ ਨੇ ਰੰਗ
ਨੱਕ ਨਾਲ ਵਾਸ਼ਨਾ ਕੰਨ ਨਾਲ ਪਹੁੰਚਦੀਆਂ ਨੇ ਧੁਨੀਆਂ
ਚਮੜੀ ਨਾਲ ਪਹੁੰਚਦੀ ਏ ਛੋਹ
ਹੇ ਰੱਬਾ ਤੂੰ ਇੰਦਰੀਆਂ ਦੇ ਆਚਰਣ ਵਿਚ ਹੈ ਜਾਂ ਮਨ ਦੇ ਉਚਾਰਨ ਵਿਚ?
ਹੇ ਰੱਬਾ ਤੂੰ ਸਦੀਆਂ ਤੋਂ ਇੱਥੇ ਕਿਉਂ ਨਹੀਂ ਹੈਂ
ਜਿੱਥੇ ਤੇਰੀ ਸਭ ਤੋਂ ਜ਼ਿਆਦਾ ਅਤੇ ਪ੍ਰਤੱਖ ਲੋੜ ਹੈ
ਪੰਜਾਬੀਕਾਰ -ਦੀਪ ਜਗਦੀਪ ਸਿੰਘ
Leave a Reply