ਓਥੇ ਖੂੰਜੇ ‘ਚ ਇਕੱਲਾ ਖੜਾ ਹੈ ਮੇਰਾ ਬੱਲਾ
ਤੇ ਕਦੋਂ ਦੀ ਖਪਰੈਲ ਤੇ ਫਸੀ ਹੋਈ ਹੈ ਭਰਾ ਦੀ ਗੇਂਦ
ਘਰ ਚੱਲੋ
ਉਸਨੂੰ ਉਤਾਰਾਂਗੇ, ਮਨ ਬਹਿਲ ਜਾਵੇਗਾ
ਓਥੇ ਹੀ ਮੇਰੇ ਗਵਾਂਢ ਫਿਰਦਾ ਹੈ ਇਕ ਪੋਟਲੀ ਵਾਲਾ
ਉਹਨੇ ਆਪਣੀ ਬੋਰੀ ਚ ਲੁਕਾਏ ਨੇ ਕਿੰਨੇ ਬਚਪਨ
ਘਰ ਚੱਲੋ
ਉਸ ਤੋਂ ਥੋੜੀ ਕਵਿਤਾ ਉਧਾਰ ਮੰਗ ਲਿਆਵਾਂਗੇ
ਉਸੇ ਰਾਹ ਤੇ ਪੈਂਦਾ ਹੈ ਬੁੱਢਾ ਪਿੱਪਲ
ਉਸਦੇ ਹੇਠਾਂ ਪੂਰਾ ਦਿਨ ਸੁੱਤੀ ਰਹਿੰਦੀ ਹੈ ਰਾਤ
ਘਰ ਚੱਲੋ
ਉਸ ਨੂੰ ਜਗਾ ਕੇ ਪੁਛਾਂਗੇ ਚੰਨ ਦਾ ਪਤਾ
ਤੁਸੀ ਕਹਿ ਰਹੇ ਸੀ ਕਲ਼, ਬੜੀ ਗਰਮੀ ਹੈ ਏਥੇ?
ਉਥੇ ਵੀ ਸਰਦੀਆਂ ‘ਚ ਵੀ ਬਰਫ ਨਹੀਂ ਪੈਂਦੀ ਕਦੇ
ਸ਼ਾਇਦ ਹਾਲੇ ਵੀ ਪੱਤਿਆਂ ‘ਤੇ ਪੈਦੀ ਹੋਵੇ ਤਰੇਲ
ਘਰ ਚੱਲੋ
ਉਂਗਲੀਆਂ ‘ਤੇ ਤਿਲਕਦੇ ਮੋਤੀ ਵੇਖਾਂਗੇ
ਇੱਥੇ ਚੁਭਦਾ ਹੈ ਸੂਰਜ ਬੜਾ
ਮਾਂ ਨੇ ਰੌਸ਼ਨਦਾਨ ‘ਚ ਥੋੜੀ ਧੁੱਪ ਲੁਕਾ ਕੇ ਰੱਖੀ ਹੈ
ਬੋਲੋ ਨਾ ਮੇਰੇ ਘਰ ਚੱਲੋਗੇ?
-ਪਾਵਸ ਨੀਰ, ਝਾਰਖੰਡ
ਪੰਜਾਬੀ ਅਨੁਵਾਦ-ਦੀਪ ਜਗਦੀਪ ਸਿੰਘ
Leave a Reply