ਤੇਜਿੰਦਰ ਮਾਰਕੰਡਾ |
ਮੇਰੇ ਅਹਿਮ ਨੇ ਮੇਰੇ ਕਾਮ ਨੇ
ਮੇਰੇ ਲੋਭ ਨੇ ਹੰਕਾਰ ਨੇ
ਮੈਨੂੰ ਡੋਬਿਆ ਹੈ ਕਈ ਦਫ਼ਾ
ਇਸੇ ਅਵਗੁਣੀ ਮੰਝਧਾਰ ਨੇ
ਏਹਨੂੰ ਦਿਲ ਕਹੋ ਨਾ ਐ ਦੋਸਤੋ
ਇਹ ਵਿਰਾਟ ਕਬਰਿਸਤਾਨ ਹੈ
ਏਥੇ ਦਫ਼ਨ ਨੇ ਕਈ ਖਾਹਿਸ਼ਾਂ
ਏਥੇ ਸੁਪਨਿਆਂ ਦੇ ਮਜ਼ਾਰ ਨੇ
ਕਦੇ ਤੋੜਿਆ ਕਦੇ ਜੋੜਿਆ
ਕਦੇ ਖੁਦ ਤੋਂ ਮੈਨੂੰ ਵਿਛੋੜਿਆ
ਕਦੇ ਰੰਜਿਸ਼ਾਂ ਕਦੇ ਚਾਹਤਾਂ
ਕਦੇ ਨਫਰਤਾਂ ਕਦੇ ਪਿਆਰ ਨੇ
ਏਹਦਾ ਤਖ਼ਤ ਹੈ ਏਹਦਾ ਤਾਜ਼ ਹੈ
ਹੁਣ ਹਰ ਥਾਂ ਪੈਸੇ ਦਾ ਰਾਜ ਹੈ
ਹਰ ਆਦਮੀ ਨੂੰ ਹੈ ਖਾ ਲਿਆ
ਇਸੇ ਕਲਯੁਗੀ ਅਵਤਾਰ ਨੇ
ਨਿਰਾ ਝੂਠ ਹੈ ਤੇ ਤੂਫ਼ਾਨ ਹੈ
ਜੋ ਹਵਾ ਦਾ ਤਾਜ਼ਾ ਬਿਆਨ ਹੈ
ਅਖੇ ਦੀਵਿਆਂ ਨੂੰ ਨਿਗਲ ਲਿਆ
ਕਿਸੇ ਨੇਰ੍ਹ ਨੇ ਅੰਧਕਾਰ ਨੇ
ਕੋਈ ਪਾਕ ਹੈ ਜਾਂ ਮਲੀਨ ਹੈ
ਕੋਈ ਨੇਕ ਹੈ ਜਾਂ ਕਮੀਨ ਹੈ
ਇੱਕ ਨੂਰ ਦੇ ਸਭ ਦੀਪ ਨੇ
ਇੱਕ ਮੰਚ ਦੇ ਕਿਰਦਾਰ ਨੇ
-ਤੇਜਿੰਦਰ ਮਾਰਕੰਡਾ, ਲੁਧਿਆਣਾ।
Leave a Reply