ਗ਼ਜ਼ਲ
ਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।
ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ ਦੇ ਕੰਡੇ ਹੋਏ।
ਦੁਨੀਆਂ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,
ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫ਼ਰਤ ਦੇ ਨਾਲ ਚੰਡੇ ਹੋਏ।
ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,
ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ ਦੇ ਵਿਚ ਠੰਢੇ ਹੋਏ।
ਜੀਵਨ ਇਕ ਕਿਤਾਬ ਹੈ ਜਿਸਨੂੰ ਪੜ੍ਹਦੇ-ਪੜ੍ਹਦੇ ਤੁਰ ਜਾਣਾ ਹੈ,
ਤਾਂਹੀਓ ਧੋਖਾ ਖਾ ਜਾਂਦੇ ਕਈ ਜੀਵਨ ਦੇ ਵਿਚ ਹੰਡੇ ਹੋਏ।
ਸਾਵਣ ਆਵਣ ਬੱਦਲ ਵਰਸਣ ਮਨ ਦੀ ਧਰਤੀ ਪਿਆਸੀ ਰਹਿੰਦੀ,
ਬਹੁਤੀ ਦੇਰ ਨਹੀਂ ਚਲਦੇ ਰਿਸ਼ਤੇ ਮਤਲਬ ਦੇ ਨਾਲ ਗੰਡੇ ਹੋਏ।
ਵਕਤ ਦੀ ਭੱਠੀ ਦੇ ਵਿਚ ਪੈ ਕੇ ਕੀ-ਕੀ ਬਣਿਆ ਹੈ ਇਸ ਦਾ,
ਕੁਝ ਇਸ ਦੇ ਔਜ਼ਾਰ ਬਣ ਗਏ ਕੁਝ ਤਲਵਾਰਾਂ ਖੰਡੇ ਹੋਏ।
-ਰਾਜਿੰਦਰ ਜਿੰਦ, ਨਿਊਯਾਰਕ
Leave a Reply