ਆਪਣੀ ਸਾਦ-ਮੁਰਾਦੀ ਸ਼ਖ਼ਸੀਅਤ ਅਤੇ ਰਵਾਨੀ ਭਰੇ ਸਹਿਜ ਸੁਭਾਅ ਵਾਲੇ ਲਿਖਣ ਦੇ ਅੰਦਾਜ਼ ਲਈ ਜਾਣੀ ਜਾਂਦੀ ਪ੍ਰਬੁੱਧ ਪੰਜਾਬੀ ਲੇਖਕਾ ਪਰਮਬੀਰ ਕੌਰ ਨੂੰ ਉਨ੍ਹਾਂ ਦੀ ਪਲੇਠੀ ਵਾਰਤਕ ਪੁਸਤਕ ਜ਼ਿੰਦਗੀ ਦੀ ਸਜ-ਧਜ ਲਈ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਲਈ ਸਰਵੋਤਮ ਨਿਬੰਧ ਪੁਸਤਕ ਵੱਜੋਂ ਚੁਣਿਆ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟ ਚੇਤਨ ਸਿੰਘ ਵੱਲੋਂ ਸਰਵੋਤਮ ਪੁਸਤਕ ਮੁਕਾਬਲੇ ਦੇ ਐਲਾਣੇ ਗਏ ਨਤੀਜਿਆਂ ਅਨੁਸਾਰ 21000 ਰੁਪਏ ਦੇ ਨਕਦ ਪੁਰਸਕਾਰ ਵਾਲਾ ਇਹ ਸਨਮਾਨ ਭਾਸ਼ਾ ਸਪਤਾਹ ਦੇ ਅੰਤ ਵਿਚ 6 ਦਸੰਬਰ ਨੂੰ ਪਟਿਆਲਾ ਵਿਚ ਹੋਏ ਰਾਜ-ਪੱਧਰੀ ਸਮਾਗਮ ਵਿਚ ਭਾਸ਼ਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਭੇਂਟ ਕੀਤਾ ਗਿਆ। ਇਸ ਮੌਕੇ ਕਈ ਨਾਮਵਰ ਪੰਜਾਬੀ ਲੇਖਕ ਅਤੇ ਹੋਰ ਪੰਜਾਬੀ ਪਤਵੰਤੇ ਵੀ ਸਨਮਾਨ ਸਮਾਰੋਹ ਦੇ ਮੰਚ ‘ਤੇ ਸੁਸ਼ੋਭਿਤ ਸਨ।
|
ਲੇਖਕਾ ਪਰਮਬੀਰ ਕੌਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਭਾਸ਼ਾ ਮੰਤਰੀ ਸੁਰਜੀਤ ਸਿੰਘ ਰੱਖੜਾ, ਭਾਸ਼ਾ ਵਿਭਾਗ ਦੇ ਨਿਰਦੇਸ਼ਕ ਚੇਤਨ ਸਿੰਘ ਅਤੇ ਹੋਰ ਪਤਵੰਤੇ ਸੱਜਣ |
ਇਸ ਤੋਂ ਪਹਿਲਾਂ ਜਦੋਂ ਸਨਮਾਨ ਲਈ ਇਹ ਪੁਸਤਕ ਚੁਣੇ ਜਾਣ ਦੀ ਖ਼ਬਰ ਲੁਧਿਆਣਾ ਦੇ ਗੁਰਦੇਵ ਨਗਰ ਦੀ ਨਿਵਾਸੀ ਲੇਖਕਾ ਪਰਮਬੀਰ ਕੌਰ ਦੇ ਘਰ ਪਹੁੰਚੀ ਤਾਂ ਘਰ ਦਾ ਮਾਹੌਲ ਖੁਸ਼ਨੁਮਾ ਹੋ ਗਿਆ ਹੈ। ਜਦੋਂ ਪਟਿਆਲਾ ਤੋਂ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਫ਼ੋਨ ਰਾਹੀਂ ਉਚੇਚੇ ਤੌਰ ’ਤੇ ਇਸ ਸਨਮਾਨ ਲਈ ਵਧਾਈ ਦਿੱਤੀ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਨ੍ਹਾਂ ਭਾਸ਼ਾ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਪ੍ਰਾਪਤ ਹੋਵੇਗਾ। ਪਰਮਬੀਰ ਕੌਰ ਹੁਰਾਂ ਨੇ ਦੱਸਿਆਂ ਕਿ ਉਨ੍ਹਾਂ ਦੇ ਪਿਤਾ ਸਰਦਾਰ ਚਰਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੂੰ ਪੜ੍ਹਨ ਦੀ ਚੇਟਕ ਲੱਗੀ। ਉਨ੍ਹਾਂ ਦੇ ਪਿਤਾ ਜੀ ਭਾਸ਼ਾ ਵਿਭਾਗ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਦੇ ਪੱਕੇ ਪਾਠਕ ਸਨ ਅਤੇ ਜਿੱਥੋਂ ਵੀ ਚੰਗੀਆਂ ਸਾਹਿਤਕ ਪੁਸਤਕਾਂ ਮਿਲਣ ਉਹ ਖਰੀਦ ਲਿਆਉਂਦੇ ਸਨ। ਉਨ੍ਹਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਅੱਜ ਉਸੇ ਭਾਸ਼ਾ ਵਿਭਾਗ ਤੋਂ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਿਖਣਾ ਉਨ੍ਹਾਂ ਲਈ ਇਕ ਸਕੂਨਦਾਇਕ ਕਿਰਤ ਹੈ। ਸੰਕੋਚੀ ਸੁਭਾਅ ਦੀ ਲੇਖਕਾ ਪਰਮਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਸ਼ੋਹਰਤ, ਕਮਾਈ ਜਾਂ ਪੁਰਸਕਾਰਾਂ ਲਈ ਨਹੀਂ ਲਿਖਿਆ। ਭਾਸ਼ਾ ਵਿਭਾਗ ਪੰਜਾਬ ਦੀ ਵੱਕਾਰੀ ਸੰਸਥਾ ਹੈ, ਇਸ ਲਈ ਇਸ ਦੇ ਸਰਵੋਤਮ ਪੁਸਤਕ ਮੁਕਾਬਲੇ ਲਈ ਮੈਂ ਆਪਣੀਆਂ ਕਿਤਾਬਾਂ ਭੇਜ ਦਿੱਤੀਆਂ। ਉਸ ਵੇਲੇ ਮੇਰੇ ਮਨ ਵਿਚ ਇਹੀ ਖ਼ਿਆਲ ਸੀ ਕਿ ਇਹ ਲੇਖਕਾਂ ਦੇ ਇਸ ਖੁੱਲ੍ਹੇ ਮੁਕਾਬਲੇ ਵਿਚ ਮੇਰੀ ਪਲੇਠੀ ਕਿਤਾਬ ਨੂੰ ਸ਼ਾਇਦ ਹੀ ਕੋਈ ਸਥਾਨ ਮਿਲੇ। ਜਦੋਂ ਪੰਜਾਬ ਦੇ ਮੰਨੇ-ਪ੍ਰੰਮਨੇ ਵਾਰਤਕ ਲੇਖਕ ਸਤਿਕਾਰਯੋਗ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਨਾਮ ਵਾਲਾ ਇਹ ਪੁਰਸਕਾਰ ਮਿਲਣ ਦੀ ਸੂਚਨਾ ਮਿਲੀ ਤਾਂ ਖੁਸ਼ੀ ਤੋਂ ਵੀ ਜ਼ਿਆਦਾ ਮੈਨੂੰ ਹੈਰਾਨੀ ਹੋਈ।
ਪੰਜਾਬੀ ਦੇ ਮੋਹਰੀ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਬਾਲ ਕਹਾਣੀਆਂ ਅਤੇ ਚੰਗੀ ਜੀਵਨ ਜਾਚ ਲਈ ਪ੍ਰੇਰਨਾਦਾਇਕ ਲੇਖ ਛਪਣ ਤੋਂ ਇਲਾਵਾ ਪਰਮਬੀਰ ਕੌਰ ਦੀਆਂ ਹੁਣ ਤੱਕ ਤਿੰਨ ਬਾਲ ਸਾਹਿਤ ਪੁਸਤਕਾਂ ‘ਅਨੋਖੀ ਰੌਣਕ’ (2013), ‘ਖ਼ਿਆਲਾਂ ਦੀ ਪੁਸ਼ਾਕ’ (2013) ਅਤੇ ‘ਤੇ ਸਹਿਜ ਮੰਨ ਗਿਆ (2014) ਛਪ ਚੁੱਕੀਆਂ ਹਨ। ਪੰਜਾਬੀ ਦੇ ਨਾਲ-ਨਾਲ ਉਹ ਪ੍ਰੇਰਨਾਦਾਇਕ ਬਾਲ ਕਹਾਣੀਆਂ ਅੰਗਰੇਜ਼ੀ ਵਿਚ ਵੀ ਲਿਖਦੇ ਹਨ। ਅੰਗਰੇਜ਼ੀ ਬਾਲ ਕਹਾਣੀਆਂ ਦੀਆਂ ਦੋ ਕਿਤਾਬਾਂ ‘ਦ ਯੈਲੋ ਸਵੈਟਰ-ਇੰਸਪੀਰੇਸ਼ਨ ਸਟੋਰੀਜ਼ ਫੌਰ ਚਿਲਡ੍ਰਨ’ ਅਤੇ ‘ਦ ਵੇਟਿੰਗ ਵਿੰਗਜ਼’ 2015 ਵਿਚ ਰਿਲੀਜ਼ ਹੋਣ ਵਾਲੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਦੂਜੀ ਵਾਰਤਕ ਪੁਸਤਕ ‘ਰੰਗਲੀ ਵਾਟ ’ਤੇ ਤੁਰਦਿਆਂ’ ਵੀ ਜਨਵਰੀ 2015 ਤੱਕ ਪਾਠਕਾਂ ਤੱਕ ਪਹੁੰਚ ਜਾਵੇਗੀ। ਜ਼ਿੰਦਗੀ ਦੀ ਸਜ ਧਜ ਨੂੰ ਅਲੋਚਕਾਂ ਦੇ ਨਾਲ-ਨਾਲ ਪਾਠਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਦਾ ਦੂਜਾ ਐਡੀਸ਼ਨ ਵੀ 2015 ਵਿਚ ਛਪੇਗਾ। ਇਸ ਸਨਮਾਨ ਲਈ ਉਹ ਵਿਸ਼ੇਸ਼ ਤੌਰ ’ਤੇ ਪੰਜਾਬੀ ਪਾਠਕਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਪਲੇਠੀ ਕੋਸ਼ਿਸ ਨੂੰ ਇੰਨਾ ਭਰਵਾਂ ਹੁੰਗਾਰਾ ਦਿੱਤਾ। ਇਸ ਦੇ ਨਾਲ ਹੀ ਉਹ ਆਪਣੇ ਜੀਵਨ ਸਾਥੀ ਡਾ. ਰਜਿੰਦਰਪਾਲ ਸਿੰਘ ਵੱਲੋਂ ਲਿਖਣ ਲਈ ਮਿਲੇ ਭਰਵੇਂ ਹੁੰਗਾਰੇ ਅਤੇ ਸਹਿਯੋਗ ਨੂੰ ਆਪਣੇ ਲਈ ਵੱਡੀ ਪ੍ਰੇਰਨਾ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਨਮਾਨ ਨਾਲ ਉਨ੍ਹਾਂ ਲਈ ਪਾਠਕਾਂ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ, ਜਿਸ ਨੂੰ ਉਹ ਪੂਰੀ ਸ਼ਿੱਦਤ ਨਾਲ ਨਿਭਾਉਣਗੇ।
ਸਾਡੇ ਲਈ ਲਗਾਤਾਰ ਪ੍ਰੇਰਨਾਦਾਇਕ ਲੇਖ ਅਤੇ ਕਹਾਣੀਆਂ ਲਿਖਣ ਵਾਲੀ ਲੇਖਿਕਾ ਪਰਮਬੀਰ ਕੌਰ ਹੁਰਾਂ ਨੂੰ ਲਫ਼ਜ਼ਾਂ ਦਾ ਪੁਲ ਇਸ ਮਾਣਮੱਤੀ ਪ੍ਰਾਪਤੀ ‘ਤੇ ਵਧਾਈ ਦਿੰਦਾ ਹੈ।
Leave a Reply