ਆਪਣੀ ਬੋਲੀ, ਆਪਣਾ ਮਾਣ

2018 ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ ਦਾ ਲੇਖਾ-ਜੋਖਾ

ਅੱਖਰ ਵੱਡੇ ਕਰੋ+=
– ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ –
ਕਥਾ ਕਹਾਣੀਆਂ ਜੀਵਨ ਪ੍ਰਸਥਿਤੀਆਂ ਦਾ ਚਿਤਰਨ ਹੀ ਨਹੀਂ ਸਗੋਂ ਸਾਡੇ ਸੁਪਨਿਆਂ ਦੀ ਉਡਾਣ ਅਤੇ ਅਵਚੇਤਨ ਦਾ ਪ੍ਰਗਟਾਵਾ ਵੀ ਹੁੰਦੀਆਂ ਹਨ। ਕਥਾ ਦੀ ਸਾਂਝਦਾਰੀ ਭਾਈਚਾਰਿਆਂ ਨੂੰ ਦੁੱਖ ਸੁੱਖ ਮਹਿਸੂਸਣ, ਸਮਝਣ ਦੇ ਨਾਲ ਨਾਲ ਆਮ ਗਿਆਨ ਵੀ ਦਿੰਦੀ ਹੈ। ਕਥਾਵਾਂ ਸੰਘਰਸ਼ ਦੀ ਲੋੜ ਉਜਾਗਰ ਕਰਦੀਆਂ ਹੋਈਆਂ ਸੰਘਰਸ਼ ਦਾ ਚਿਤਰਨ ਵੀ ਹੁੰਦੀਆਂ ਹਨ ਅਤੇ ਉਸ ਦੀ ਦਿਸ਼ਾ ਵੀ ਨਿਰਧਾਰਤ ਕਰਦੀਆਂ ਹਨ। ਉਂਜ, ਕਿਸੇ ਇੱਕ ਸਾਲ ਦੀ ਕਹਾਣੀ ਨਾਲ ਸਮੁੱਚੀ ਕਹਾਣੀ ਬਾਰੇ ਪੱਕੀਆਂ ਧਾਰਨਾਵਾਂ ਤਾਂ ਨਹੀਂ ਦਿੱਤੀਆਂ ਜਾ ਸਕਦੀਆਂ, ਪਰ ਸਮਕਾਲ ਦੀ ਦਿਸ਼ਾ ਅਤੇ ਦਸ਼ਾ ਬਾਰੇ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ। ਲੰਘੇ ਸਾਲ ਵਿੱਚ ਪੁਸਤਕਾਂ, ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਸਾਰੀਆਂ ਕਹਾਣੀਆਂ ਦਾ ਵੇਰਵਾ ਦੇਣਾ ਤਾਂ ਮੁਸ਼ਕਿਲ ਹੈ, ਪਰ ਇਸ ਬਾਰੇ ਬਣੇ ਪ੍ਰਭਾਵ ਸਾਂਝੇ ਕੀਤੇ ਜਾ ਸਕਦੇ ਹਨ। ਸਾਲ ਦੀ ਕਹਾਣੀ ਪੜ੍ਹਦਿਆਂ ਮਹਿਸੂਸ ਹੋਇਆ ਕਿ ਪੰਜਾਬੀਆਂ ਦਾ ਜੀਵਨ ਯਥਾਰਥ ਪਿਛਲੇ ਦਹਾਕੇ ਵਿੱਚ ਬਹੁਤ ਤੇਜ਼ੀ ਨਾਲ ਬਦਲਿਆ ਹੈ ਜਿਸ ਨੂੰ ਕਹਾਣੀਕਾਰ ਪਕੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਵਿੱਚੋਂ ਪੁਰਾਣਿਆਂ ਦੀ ਥਾਂ ਨਵੇਂ ਵਧੇਰੇ ਕਾਮਯਾਬ ਹਨ। ਬਿਰਤਾਂਤ ਦੀਆਂ ਤਕਨੀਕਾਂ ਤਾਂ ਪੁਰਾਣੀਆਂ ਹਨ, ਪਰ ਨਵੇਂ ਅਨੁਭਵ ਲਈ ਤਕਨੀਕਾਂ ਨੂੰ ਰਲਾ-ਮਿਲਾ ਕੇ ਵਰਤਣ ਦੀ ਜੁਗਤ ਨਵੀਂ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਕਹਾਣੀ ਦੀ ਭਾਸ਼ਾ ਵੀ ਸ਼ਾਬਦਿਕ ਪੱਧਰ ’ਤੇ ਨਹੀਂ ਸਗੋਂ ਗਹਿਨ ਸੰਰਚਨਾ ਦੀ ਪੱਧਰ ’ਤੇ ਬਦਲ ਰਹੀ ਹੈ।
ਸਥਾਪਤ ਕਹਾਣੀਕਾਰ ਅਜਮੇਰ ਸਿੱਧੂ ਦੀ ਪੁਸਤਕ ‘ਰੰਗ ਦੀ ਬਾਜ਼ੀ’ ਕਈ ਪੱਖਾਂ ਤੋਂ ਧਿਆਨ ਖਿੱਚਦੀ ਹੈ। ਉਸ ਕੋਲ ਸਮਕਾਲੀ ਯਥਾਰਥ ਦੀ ਸਮਝ, ਮਨੋਵਿਗਿਆਨਕ ਪਹੁੰਚ ਅਤੇ ਵਿਚਾਰਧਾਰਕ ਸਪੱਸ਼ਟਤਾ ਤਿੰਨੋਂ ਹੀ ਹਨ। ਉਹ ਅਨੁਭਵ ਅਤੇ ਸਿਧਾਂਤਕ ਸੋਚ ਨੂੰ ਸੁਹਜਮਈ ਢੰਗ ਨਾਲ ਬਿਰਤਾਂਤਕ ਰੂਪ ਵਿੱਚ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਉਸ ਨੇ ਵਿਗਿਆਨਕ ਗਲਪ ਦੇ ਵਰਗ ਵਿੱਚ ਰੱਖੀਆਂ ਜਾਣ ਵਾਲੀਆਂ ਕੁਝ ਕਹਾਣੀਆਂ ਵੀ ਸਿਰਜੀਆਂ ਹਨ ਜਿਨ੍ਹਾਂ ਦੀ ਪੰਜਾਬੀ ਵਿੱਚ ਬੇਹੱਦ ਘਾਟ ਹੈ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਉਹ ਵਿਗਿਆਨਕ ਕਥਾ ਰਾਹੀਂ ਸਿਰਫ਼ ਵਿਗਿਆਨ ਦਾ ਰਹੱਸਮਈ ਰੁਮਾਂਸ ਸਿਰਜਨ ਦੇ ਮੋਹ ਵਿੱਚ ਅਦਭੁੱਤ ਵਿਗਿਆਨਕ ਜਾਣਕਾਰੀ ਦੇਣ ਤਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਉਸ ਦੇ ਭਵਿੱਖੀ ਵਿਚਾਰਧਾਰਕ ਸਿੱਟਿਆਂ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਦੱਸਦਾ ਹੈ। ਇਸ ਪ੍ਰਸੰਗ ਵਿੱਚ ਉਸ ਦੀ ਕਹਾਣੀ ‘ਦ ਲੈਨਿਨ ਫਰੌਮ ਕਲੋਨ ਵੈਲੀ’ ਬਿਹਤਰੀਨ ਕਹਾਣੀ ਹੈ। ਲੇਖਕ ਲੈਨਿਨ ਦੇ ਕਲੋਨ ਬਣਾਉਣ ਦੀ ਕਥਾ ਰਾਹੀਂ ਸਪੱਸ਼ਟ ਕਰਦਾ ਹੈ ਕਿ ਕੇਵਲ ਡੀਐੱਨਏ ਸਭ ਕੁਝ ਨਹੀਂ ਹੁੰਦਾ ਸਗੋਂ ਠੋਸ ਸਮਾਜਿਕ ਪ੍ਰਸਥਿਤੀਆਂ ਵੀ ਮਹੱਤਵਪੂਰਨ ਹੁੰਦੀਆਂ ਹਨ। ਰੰਗ ਦੀ ਬਾਜ਼ੀ ਕਹਾਣੀ ਰਾਹੀਂ ਉਹ ਇਨਾਮਾਂ ਦੀ ਜੁਗਾੜਬੰਦੀ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਬੇਪਰਦ ਕਰਦਾ ਹੈ।
ਪਰਮਜੀਤ ਢੀਂਗਰਾ ਸਥਾਪਤ ਆਲੋਚਕ ਅਤੇ ਭਾਸ਼ਾ ਵਿਗਿਆਨੀ ਹੈ। ਹੁਣ ਉਸ ਨੇ ਕਹਾਣੀ-ਸੰਗ੍ਰਹਿ ‘ਚੁੱਪ ਦੀ ਮਹਾਂਭਾਰਤ’ ਨਾਲ ਕਥਾ ਦੇ ਖੇਤਰ ਵਿੱਚ ਪੈਰ ਧਰਿਆ ਹੈ। ਉਸ ਨੇ ਮੁੱਖ ਤੌਰ ’ਤੇ ਸਮੱਸਿਆ ਆਧਾਰਿਤ ਵਿਸ਼ਿਆਂ ਨੂੰ ਬਿਰਤਾਂਤ ਵਿੱਚ ਬੰਨ੍ਹਿਆ ਹੈ। ਚੁੱਪ ਮਹਾਂਭਾਰਤ ਵਿੱਚ ਹਿਜੜਿਆਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਆਵਾਜ਼ ਦੇਣ ਦਾ ਯਤਨ ਕੀਤਾ ਹੈ। ਤਾਬਿਆਦਾਰ ਕਹਾਣੀ ਨਸ਼ੇ ਦੇ ਵਪਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਨੂੰ ਬੇਪਰਦ ਕਰਦੀ ਹੈ। ਤੀਸਰਾ ਪੈਰ ਕਹਾਣੀ ਜੇ ਕਿਸਾਨੀ ਖ਼ੁਦਕੁਸ਼ੀਆਂ ਦੀ ਬਾਤ ਪਾਉਂਦੀ ਹੈ ਤਾਂ ਅੱਛੇ ਦਿਨ ਕਹਾਣੀ ਸਮਕਾਲੀ ਸਿਆਸੀ ਸਥਿਤੀ ’ਤੇ ਵਿਅੰਗ ਹੈ। ਬੌਣਾ ਰੁੱਖ ਟਰੈਵਲ ਏਜੰਟਾਂ ਦੀ ਲੁੱਟ ਨੂੰ ਦਰਸਾਉਂਦਾ ਹੈ। ਅਸਲ ਵਿੱਚ ਬਾਕੀ ਕਹਾਣੀਆਂ ਦੇ ਵਿਸ਼ੇ ਵੀ ਪੰਜਾਬ ਸਮਾਜ ਦੀ ਸਮੱਸਿਆਗ੍ਰਸਤ ਸਥਿਤੀ ਦੀ ਤਸਵੀਰਕਸ਼ੀ ਕਰਦੇ ਹਨ। ਉਹ ਪਾਤਰਾਂ ਦੀ ਬੇਵਸੀ ਨੂੰ ਪਕੜਨ ਵਿੱਚ ਕਾਮਯਾਬ ਹੈ। ਉਸ ਨੇ ਬਿਰਤਾਂਤਕ ਤਕਨੀਕਾਂ ਦੇ ਪੱਖੋਂ ਦੁਹਰਾਓ ਨਹੀਂ ਕੀਤਾ ਸਗੋਂ ਹਰ ਕਹਾਣੀ ਵਿੱਚ ਨਵੀਆਂ ਅਤੇ ਢੁੱਕਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਹੈ।
ਹਰਜਿੰਦਰ ਸੂਰੇਵਾਲੀਆ ਨੇ ਆਪਣੀ ਪੁਸਤਕ ‘ਅਰਥ ਬਦਲਦੇ ਰਿਸ਼ਤੇ’ ਵਿੱਚ ਪੰਜਾਬ ਦੇ ਸਮਕਾਲੀ ਯਥਾਰਥ ਦਾ ਮਨੋਵਿਗਿਆਨਕ ਧਰਾਤਲ ਫਰੋਲਣ ਦਾ ਯਤਨ ਕੀਤਾ ਹੈ। ਉਸ ਨੇ ਵਰਜਿਤ ਰਿਸ਼ਤਿਆਂ ਪਿੱਛੇ ਕਾਰਜਸ਼ੀਲ ਮਨੋ-ਸਮਾਜਿਕ ਅਤੇ ਆਰਥਿਕ ਹਿੱਤਾਂ ਦੀਆਂ ਗੁੰਝਲਾਂ ਨੂੰ ਪੇਸ਼ ਕਰਦਿਆਂ ਵਿਅਕਤੀਗਤ ਮਨੋਵਿਗਿਆਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਰੌਸ਼ਨਦਾਨ ਕਹਾਣੀ ਵਿੱਚ ਮਾਂ ਪਿਓ ਦੇ ਜਿਨਸੀ ਸਬੰਧਾਂ ਦੇ ਬੱਚੇ ’ਤੇ ਪੈਂਦੇ ਚਿਰਸਥਾਈ ਪ੍ਰਭਾਵਾਂ ਨੂੰ ਅੰਕਿਤ ਕੀਤਾ ਹੈ। ਕਹਾਣੀਕਾਰ ਕੋਲ ਖਲਨਾਇਕ ਦੇ ਮਨ ਦੀ ਥਾਹ ਪਾਉਣ ਦੀ ਜੁਗਤ ਹੈ। ਉਸ ਦੀ ਕਹਾਣੀ ਅਰਥ ਬਦਲਦੇ ਰਿਸ਼ਤੇ ਵੀ ਕਈ ਗੁੰਝਲਾਂ ਨੂੰ ਇੱਕੋ ਵੇਲੇ ਪ੍ਰਗਟ ਕਰਦੀ ਹੈ। ਸਮਕਾਲੀ ਕਹਾਣੀਕਾਰਾਂ ਵਿੱਚੋਂ ਜਸਪਾਲ ਮਾਨਖੇੜਾ ਦੇ ਕਹਾਣੀ ਸੰਗ੍ਰਹਿ ‘ਅੱਗ ਦਾ ਸੇਕ’ ਨੇ ਵੀ ਧਿਆਨ ਖਿੱਚਿਆ ਹੈ। ਇਸੇ ਸਾਲ ਕਿਰਪਾਲ ਕਜ਼ਾਕ ਦਾ ਕਹਾਣੀ ਸੰਗ੍ਰਹਿ ‘ਸ਼ਰੇਆਮ’, ਸੁਕੀਰਤ ਦਾ ‘ਗਿਆਰਾਂ ਰੰਗ’, ਸਿਮਰਨ ਧਾਲੀਵਾਲ ਦਾ ‘ਘੋਰ ਕੰਡੇ’, ਪਵਿੱਤਰ ਕੌਰ ਮਾਟੀ ਦਾ ‘ਸ਼ਾਹ ਰਗ ਤੋਂ ਵੀ ਨੇੜੇ’, ਕਰਮਜੀਤ ਸੂਰੀ ਦਾ ‘ਕੋਈ ਨਾਮ ਨਾ ਜਾਣੇ ਮੇਰਾ’, ਹਰਭਜਨ ਖੇਮਕਰਨੀ ਦਾ ‘ਸੁਪਨਿਆਂ ਦਾ ਸੁਦਾਗਰ’ ਸਮੇਤ ਹੋਰ ਕਈ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ।
‘ਕਹਾਣੀ ਧਾਰਾ’ ਦੇ ਅਕਤੂਬਰ ਅੰਕ ਵਿੱਚ ਛਪੀ ਕੇਸਰਾ ਰਾਮ ਦੀ ਕਹਾਣੀ ਬੇਟੀ ਕਾ ਬਾਪ ਜਾਣੇ-ਪਛਾਣੇ ਵਿਸ਼ੇ ਭਾਵ ਕੁੱਖ ਵਿੱਚ ਬੱਚੀਆਂ ਮਾਰਨ ਨਾਲ ਸਬੰਧਿਤ ਜਾਪਦੀ ਹੈ। ਕਹਾਣੀਕਾਰ ਲੁਕਾਵੇ ਦੀ ਵਿਧੀ ਰਾਹੀਂ ਪਤਾ ਨਹੀਂ ਲੱਗਣ ਦਿੰਦਾ ਕਿ ਕੀ ਹਰਿਆਣਵੀ ਜਾਟ ਸੀਨੀਅਰ ਡਾਕਟਰ ਰਣਬੀਰ ਦੋ ਬੇਟੀਆਂ ਬਾਅਦ ਬੇਟਾ ਪੈਦਾ ਕਰਨ ਲਈ ਤੀਜਾ ਚਾਂਸ ਲੈ ਰਿਹਾ ਹੈ ਜਾਂ ਸੱਚਮੁੱਚ ਹੀ ਅਚਾਨਕ ਹੋਈ ਪ੍ਰੈਗਨੈਂਸੀ ਤੋਂ ਫ਼ਿਕਰਮੰਦ ਹੈ। ਇਹ ਗੱਲ ਉਸ ਸਮੇਂ ਵੀ ਉਲਝ ਜਾਂਦੀ ਹੈ ਜਦੋਂ ਬਾਕੀ ਸਾਰਾ ਬਿਰਤਾਂਤ ਇਸੇ ਦਿਸ਼ਾ ਵੱਲ ਸੈਨਤ ਕਰਦਾ ਹੈ ਕਿ ਅਜੇ ਸਮਾਜ ਨਹੀਂ ਬਦਲਿਆ। ਖ਼ੁਸ਼ੀ ਦੀ ਗੱਲ ਹੈ ਕਿ ਕਹਾਣੀ ਦੇ ਅਖੀਰ ਵਿੱਚ ਜਾਕੇ ਅਚਾਨਕ ਹੀ ਪਤਾ ਚਲਦਾ ਹੈ ਕਿ ਡਾਕਟਰ ਰਣਬੀਰ ਨੂੰ ਤੀਜੀ ਵੀ ਬੇਟੀ ਹੋਣ ਦੀ ਸੱਚੀ ਖ਼ੁਸ਼ੀ ਹੈ। ਕਹਾਣੀ ਦਾ ਸਿਰਲੇਖ ਬੇਟੀ ਕਾ ਬਾਪ ਬੜਾ ਢੁੱਕਵਾਂ ਹੈ ਕਿਉਂਕਿ ਹਰਿਆਣੇ ਵਿੱਚ ਅਕਸਰ ਹੀ ਇਹ ਵਾਕ ਗਾਲ੍ਹ ਵਜੋਂ ਵਰਤਿਆ ਜਾਂਦਾ ਹੈ, ਪਰ ਉਹ ਸਹਿਕਰਮੀਆਂ ਅਤੇ ਜੂਨੀਅਰ ਔਰਤ ਡਾਕਟਰਾਂ ਦੀ ਨਜ਼ਰ ਵਿੱਚ ਸੱਚਮੁੱਚ ਘਨਾ ਬੇਟੀ ਕਾ ਬਾਪ ਨਿਕਲਦਾ ਹੈ ਜੋ ਉਸ ਦੀ ਵਡਿਆਈ ਦਾ ਪ੍ਰਤੀਕ ਬਣ ਜਾਂਦਾ ਹੈ।
ਗੋਵਰਧਨ ਗੱਬੀ ਦੀ ਕਹਾਣੀ ਹਵਾ ਹਵਾਈ ਵੀ ਲੁਕਾਵੇ ਦੀ ਵਿਧੀ ਦੀ ਵਰਤੋਂ ਕਰਦੀ ਹੈ। ਇੰਝ ਕਰਦਿਆਂ ਦਾਜ ਦੀ ਭੁੱਖ ਨੂੰ ਪੇਸ਼ ਕਰਦੀ ਹੈ, ਪਰ ਇਸ ਵਿੱਚ ਵੀ ਕਹਾਣੀਕਾਰ ਅੰਤ ਵਿੱਚ ਮੁਹੱਬਤ ਕਰ ਰਹੇ ਆਦਰਸ਼ਵਾਦੀ ਜੋੜੇ ਜਸਬੀਰ ਅਤੇ ਗੁਰਜੀਤ ਦਾ ਮੇਲ ਕਰਾ ਦਿੰਦਾ ਹੈ। ਪਰਮਜੀਤ ਮਾਨ ਦੀ ਕਹਾਣੀ ਰੇਗਿਸਤਾਨ ਦਾ ਹੰਝੂ ਦੋ ਧਰਾਤਲਾਂ ’ਤੇ ਵਿਚਰਦੀ ਹੈ। ਇੱਕ ਪਾਸੇ ਸਹੀ ਮਾਨਸਿਕ ਹਾਣ ਲਈ ਸਿੱਕ ਦੀ ਕਹਾਣੀ ਹੈ ਤੇ ਦੂਸਰੇ ਪਾਸੇ ਸਾਡੇ ਲੋਭੀ ਲਾਲਚੀ ਅਤੇ ਦੁੱਖ ਸਮੇਂ ਕੰਮ ਨਾ ਆਉਣ ਵਾਲੇ ਸਮਾਜ ਦੀ ਤਸਵੀਰ ਹੈ ਜਿਸ ਵਿੱਚ ਪਤੀ ਦੇ ਮਰਨ ਬਾਅਦ ਔਰਤ ਨੂੰ ਦੁੱਖ ਉਠਾਉਣੇ ਪੈਂਦੇ ਹਨ। ਸਰੂਪ ਸਿਆਲਵੀ ਦੀ ਕਹਾਣੀ ਉਪਰਲੀ ਅਦਾਲਤ ਵਿਅੰਗ ਵਿਧੀ ਦੀ ਵਰਤੋਂ ਕਰਦਿਆਂ ਅਦਾਲਤਾਂ ਵਿੱਚ ਬੰਦੇ ਬਿਰਖ ਹੋ ਜਾਣ ਦੀ ਕਥਾ ਸੁਣਾਉਂਦੀ ਹੈ ਅਤੇ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਅਸੀਂ ਬਹੁਤੀ ਵਾਰ ਫਜ਼ੂਲ ਕਿਸਮ ਦੇ ਝਗੜਿਆਂ ਨੂੰ ਆਪਸੀ ਹਉਂ ਕਾਰਨ ਲੰਮਾ ਖਿੱਚਦੇ ਰਹਿੰਦੇ ਹਾਂ।
‘ਹੁਣ’ ਦੇ ਮਈ ਅੰਕ ਵਿੱਚ ਸੁਖਪਾਲ ਸਿੰਘ ਥਿੰਦ ਦੀ ਛਪੀ ਕਹਾਣੀ ਫੁੱਲਾਂ ਦੀ ਫ਼ਸਲ ਧਿਆਨ ਖਿੱਚਦੀ ਹੈ। ਇਹ ਕਹਾਣੀ ਇੱਕ ਪਾਸੇ ਤਾਂ ਪਿੰਡ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਨਵੀਂ ਪੀੜ੍ਹੀ ਦੇ ਵਿਦੇਸ਼ਾਂ ਵੱਲ ਪਰਵਾਸ ਦੇ ਦੁੱਖ ਅਤੇ ਸੁੱਖ ਨੂੰ ਇੱਕੋ ਵੇਲੇ ਬਿਆਨਦੀ ਹੈ। ਇਸ ਦੇ ਨਾਲ ਹੀ ਇਹ ਉਲਾਰ ਹੋਣ ਤੋਂ ਬਚਦਿਆਂ ਸਥਿਤੀਆਂ ਦਾ ਯਥਾਰਥਕ ਵਿਸ਼ਲੇਸ਼ਣ ਵੀ ਕਰਦੀ ਹੈ। ਸੁਖਪਾਲ ਥਿੰਦ ਦੀ ਕਹਾਣੀ ਫੁੱਲਾਂ ਦੀ ਫ਼ਸਲ ਅਤੇ ਸੰਦੀਪ ਸਮਰਾਲਾ ਦੀ ਸੰਸਕ੍ਰਿਤੀ ਦੀ ਠੱਕ ਠੱਕ ਕਿਸੇ ਨਾ ਕਿਸੇ ਪੱਧਰ ’ਤੇ ਇੱਕੋ ਵਿਸ਼ੇ ਨਾਲ ਸਬੰਧਿਤ ਹਨ, ਪਰ ਉਨ੍ਹਾਂ ਦੇ ਨਾਂ ਤੇ ਪ੍ਰਸੰਗਾਂ ਵਿੱਚ ਥੋੜ੍ਹੀ ਵੱਖਰਤਾ ਹੈ। ਉਂਜ, ਬੁਨਿਆਦੀ ਸਮੱਸਿਆ ਇੱਕ ਹੀ ਹੈ ਕਿ ਕਿਵੇਂ ਪੰਜਾਬ ਦੀ ਮੱਧਵਰਗੀ ਜਮਾਤ ਨੇ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ, ਪਰ ਖ਼ੁਦ ਅੱਧਖੜ੍ਹ ਉਮਰ ਵਿੱਚ ਪਹੁੰਚ ਕੇ ਹਾਰ ਗਏ ਮਹਿਸੂਸ ਕਰਦੇ ਹਨ ਕਿਉਂਕਿ ਬੱਚਿਆਂ ਦੀਆਂ ਸੋਚਾਂ ਅਤੇ ਰਾਹ ਹੋਰ ਹਨ। ਇਹ ਸਿਰਫ਼ ਪੀੜ੍ਹੀਆਂ ਦਰਮਿਆਨ ਫ਼ਾਸਲੇ ਦਾ ਮਸਲਾ ਨਹੀਂ ਸਗੋਂ ਵਿਚਾਰਧਾਰਕ ਫ਼ਾਸਲੇ ਦਾ ਮਸਲਾ ਵੀ ਹੈ। ਖਪਤ ਸੱਭਿਆਚਾਰ ਨਾਲ ਰਿਸ਼ਤੇ ਵੀ ਭਾਵਾਂ ਤੋਂ ਸੱਖਣੇ ਹੋ ਗਏ ਹਨ। ਉਨ੍ਹਾਂ ਵਿੱਚ ਪਰਸਪਰ ਰਿਸ਼ਤਾ ਆਰਥਿਕ ਹੀ ਰਹਿ ਗਿਆ ਹੈ। ਇੱਥੇ ਬੱਚੇ ਮਾਪਿਆਂ ਦੀਆਂ ਇੱਛਾਵਾਂ ਅਨੁਸਾਰ ਕਾਮਯਾਬ ਤਾਂ ਹੋ ਗਏ ਹਨ, ਪਰ ਮਾਪਿਆਂ ਲਈ ਸਕੂਨ ਦਾ ਸਬੱਬ ਨਹੀਂ ਬਣ ਸਕੇ। ਦੂਜੇ ਪਾਸੇ ਬੱਚੇ ਵੀ ਕੋਈ ਮਸਤ ਜਾਂ ਸਥਿਰ ਨਹੀਂ ਸਗੋਂ ਅਣਚਾਹੀ ਚੂਹੇ ਦੌੜ ਵਿੱਚ ਪੈ ਰਹੇ ਹਨ। ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਜਿਹੜੇ ਬੱਚੇ ਕਾਮਯਾਬ ਨਹੀਂ ਹੋਏ, ਉਨ੍ਹਾਂ ਦੀ ਸਥਿਤੀ ਹੋਰ ਵੀ ਮਾੜੀ ਹੈ। ਬਾਕੀ ਸਭ ਝੂਠ ਵਿੱਚ ਜਤਿੰਦਰ ਹਾਂਸ ਅਜਿਹੀ ਸਥਿਤੀ ਨੂੰ ਪਕੜਨ ਦੀ ਕੋਸ਼ਿਸ਼ ਵਿੱਚ ਹੈ। ਇਸ ਦੇ ਬਾਵਜੂਦ ਇਨ੍ਹਾਂ ਕਹਾਣੀਆਂ ਵਿੱਚ ਕਿਤੇ ਨਾ ਕਿਤੇ ਆਸ਼ਾ ਤੇ ਨਿਰਾਸ਼ਾ ਦਾ ਮਿਸ਼ਰਣ ਮਿਲਦਾ ਹੈ। ਸੰਦੀਪ ਸਮਰਾਲਾ ਦੀ ਹੀ ਰਾਗ ਦੇ ਮਈ ਅੰਕ ਵਿੱਚ ਛਪੀ ਕਹਾਣੀ ਸਮਾਰਟ ਵਰਕ ਵੀ ਧਿਆਨ ਖਿੱਚਦੀ ਹੈ ਜਿਸ ਵਿੱਚ ਉਸ ਨੇ ਪ੍ਰਾਈਵੇਟ ਕੰਪਨੀਆਂ ਵੱਲੋਂ ਬੇਰੁਜ਼ਗਾਰ ਮੁੰਡੇ ਕੁੜੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਦਾ ਸੱਚ ਪੇਸ਼ ਕੀਤਾ ਹੈ। ਇਸ ਵਿੱਚ ਉਸ ਨੇ ਰੂਪਕੀ ਪੱਧਰ ’ਤੇ ਕੰਪਨੀਆਂ ਲਈ ਦਿੱਤੇ ਟਾਰਗੇਟ ਨੂੰ ਪੂਰਾ ਕਰਨ ਦੇ ਕੰਮ ਨੂੰ ਵੇਸਵਾ ਦੇ ਨਾਲ ਨਾਲ ਤੁਲਨਾਇਆ ਹੈ। 
ਸਮਕਾਲੀ ਪੰਜਾਬੀ ਕਹਾਣੀ ਵਿੱਚ ਵੱਡੇ ਨਾਂ ਬਲਵਿੰਦਰ ਗਰੇਵਾਲ ਦੀ ਸਿਰਜਣਾ ਜਨਵਰੀ ਵਿੱਚ ਛਪੀ ਕਹਾਣੀ ਡਬੋਲੀਆ ਹੁਣ ਤਕ ਪੰਜਾਬੀ ਵਿੱਚ ਕਥਾ ਵਸਤੂ ਬਣਨ ਤੋਂ ਖੁੰਝੇ ਗੋਤਾਕਾਰੀ ਦੇ ਕਿੱਤੇ ਨਾਲ ਸਬੰਧਿਤ ਹੈ, ਪਰ ਇਸ ਦੇ ਮੁੱਖ ਪਾਤਰ ਦਾ ਪਿਛੋਕੜ ਕਿਸਾਨੀ ਹੈ। ਕਹਾਣੀਕਾਰ ਦੀ ਖ਼ੂਬਸੂਰਤੀ ਕੇਵਲ ਬਾਰੀਕ ਵੇਰਵੇ ਇਕੱਠੇ ਕਰਨ ਵਿੱਚ ਹੀ ਨਹੀਂ ਸਗੋਂ ਮੁੱਖ ਪਾਤਰ ਦੀ ਇਨਸਾਨੀਅਤ ਪੇਸ਼ ਕਰਨ ਵਿੱਚ ਹੈ। ਬਲਵੀਰ ਪਰਵਾਨਾ ਦੀ ਪ੍ਰਵਚਨ ਵਿੱਚ ਛਪੀ ਕਹਾਣੀ ਥੈਂਕਿਊ ਬਾਪੂ ਪੰਜਾਬ ਅੰਦਰ ਬਜ਼ੁਰਗਾਂ ਦੀ ਸੰਭਾਲ ਬਾਰੇ ਪੈਦਾ ਹੋ ਰਹੇ ਸੰਕਟ ਨੂੰ ਮਨੋਵਿਗਿਆਨਕ ਪੱਧਰ ’ਤੇ ਪੇਸ਼ ਕਰਦੀ ਹੈ। ਨਵੇਂ ਕਹਾਣੀਕਾਰ ਸਿਮਰਨ ਧਾਲੀਵਾਲ ਦੀ ਕਹਾਣੀ ਆ ਆਪਾਂ ਘਰ ਬਣਾਈਏ ਰਸਾਲੇ ਸ਼ਬਦ ਵਿੱਚ ਛਪੀ ਹੈ। ਇਸ ਵਿੱਚ ਦਲਿਤ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ। ਇਸ ਕਹਾਣੀ ਵਿੱਚ ਜੱਟ ਵਰਗ ਦੇ ਦਾਬੇ ਵਾਲੀ ਮਾਨਸਿਕਤਾ ਦੀ ਅੰਦਰੂਨੀ ਗੁੰਝਲ ਨੂੰ ਪ੍ਰਤੀਕਾਤਮਕ ਪੱਧਰ ’ਤੇ ਪੇਸ਼ ਕੀਤਾ ਗਿਆ ਹੈ। ਇੰਜ, ਅਵਚੇਤਨ ਦਾ ਬਿਰਤਾਂਤ ਸਲਾਹੁਣ ਯੋਗ ਹੈ। ਨਵਚੇਤਨ ਦੀ ਕਹਾਣੀ ਰਿਵਰ ਆਫ਼ ਲਾਈਫ਼ ਪੰਜਾਬ ਸੰਕਟ ਦੇ ਪਿਛੋਕੜ ਵਿੱਚ ਔਰਤ ਦੇ ਮਨੋਭਾਵਾਂ ਨੂੰ ਚਿੱਤਰਦੀ ਹੈ। ਇੱਥੋਂ ਪਤਾ ਚੱਲਦਾ ਹੈ ਕਿ ਘਟਨਾਵਾਂ ਦਾ ਰਾਜਸੀ ਪ੍ਰਭਾਵ ਤਾਂ ਕੁਝ ਸਾਲਾਂ ਵਿੱਚ ਖ਼ਤਮ ਹੋ ਜਾਂਦਾ ਹੈ, ਪਰ ਉਸ ਦਾ ਮਨੋ-ਸਮਾਜਿਕ ਸਿਰਜਣਾ ਵਿੱਚ ਪਿਆ ਪ੍ਰਭਾਵ ਇਤਿਹਾਸਕ ਹੁੰਦਾ ਹੈ। ਬਲਵਿੰਦਰ ਦੀ ਰਾਗ ਵਿੱਚ ਛਪੀ ਕਹਾਣੀ ਲਹੂ ਲੁਹਾਨ ਸੰਕਟਗ੍ਰਸਤ ਕਸ਼ਮੀਰ ਦੇ ਪਿਛੋਕੜ ਵਿੱਚ ਪੰਜਾਬੀ ਫ਼ੌਜੀ ਅਤੇ ਕਸ਼ਮੀਰੀ ਕੁੜੀ ਦੇ ਮਾਨਵੀ ਪ੍ਰਸੰਗਾਂ ਨੂੰ ਸੰਵੇਦਨਾਤਮਕ ਪੱਧਰ ’ਤੇ ਪੇਸ਼ ਕਰਦੀ ਹੈ। ਸੁਖਜੀਤ ਕੋਲ ਕੇਵਲ ਕਥਾ ਕਹਿਣ ਦੀ ਜੁਗਤ ਹੀ ਨਹੀਂ ਸਗੋਂ ਕਥਾ ਵਸਤੂ ਦੀ ਚੋਣ ਤੋਂ ਬਾਅਦ ਉਸ ਦੁਆਲੇ ਸਨਸਨੀਖੇਜ਼ ਰੁਮਾਂਸ ਸਿਰਜਣ ਦੀ ਅਦਭੁੱਤ ਕਲਾ ਹੈ। ਉਹ ਸਾਧਾਰਨ ਨੂੰ ਅਸਾਧਾਰਨ ਅਤੇ ਅਸਾਧਾਰਨ ਨੂੰ ਫਿਰ ਸਾਧਾਰਨ ਵਿੱਚ ਪਲਟ ਦਿੰਦਾ ਹੈ। ਉਸ ਨੇ ਕਹਾਣੀ ਆਟੋ ਨੰਬਰ 420 ਵਿੱਚ ਪੂੰਜੀਵਾਦੀ ਸ਼ਹਿਰੀ ਜੀਵਨ ਅਤੇ ਕੁਦਰਤੀ ਜੀਵਨ ਜਾਚ ਦਾ ਟਾਕਰਾ ਕੀਤਾ ਹੈ। ਦਲਜੀਤ ਸ਼ਾਹੀ ਦੇ ਕਹਾਣੀ ਸੰਗ੍ਰਹਿ ‘ਝਰੀਟਾਂ’ ਨੇ ਪਹਿਲਾ ਕਹਾਣੀ-ਸੰਗ੍ਰਹਿ ਹੋਣ ਦੇ ਬਾਵਜੂਦ ਪ੍ਰੋੜ੍ਹਤਾ ਦਾ ਪ੍ਰਭਾਵ ਦਿੱਤਾ ਹੈ। ਉਸ ਕੋਲ ਵੇਰਵੇ ਮਾਤਰ ਨਹੀਂ, ਕਹਾਣੀ ਦੀ ਕਥਾ ਦਾ ਵਿਸਫੋਟ ਕਰਨ ਵਾਲਾ ਅੰਸ਼ ਵੀ ਹੈ। ਜਗਜੀਤ ਗਿੱਲ ਦੀ ਕਹਾਣੀ ਹੱਦ ਬਸਤ 211 ਵਧੀਆ ਹੈ। ਕਿਸਾਨੀ ਸੰਕਟ ਨੂੰ ਹੁਣ ਕੇਵਲ ਰੁਦਨ ਅਤੇ ਬੇਵੱਸੀ ਤੋਂ ਅੱਗੇ ਜਾ ਕੇ ਪੇਸ਼ਕਾਰੀ ਸ਼ੁਰੂ ਹੋਈ ਹੈ।
ਦਲਿਤ ਮਸਲਿਆਂ ’ਤੇ ਲਿਖੀ ਜਾ ਰਹੀ ਕਹਾਣੀ ਪਹਿਲਾਂ ਸਿਰਫ਼ ਤਰਸ ਦਰਸਾਉਂਦੀ ਅਤੇ ਘੁਟਨ ਪੇਸ਼ ਕਰਦੀ ਸੀ। ਸਮਕਾਲੀ ਪੜਾਅ ਵਿੱਚ ਆ ਕੇ ਇਹ ਦਲਿਤ ਗ਼ੈਰ-ਦਲਿਤ ਦੇ ਤਣਾਓ ਨੂੰ ਵਧੇਰੇ ਯਥਾਰਥਮੁਖੀ ਅਤੇ ਮਨੋਵਿਗਿਆਨਕ ਧਰਾਤਲ ’ਤੇ ਵਾਚਣ ਲੱਗੀ ਹੈ। ਮੌਜੂਦਾ ਸਾਲ ਦੀ ਕਹਾਣੀ ਵਿੱਚ ਦਲਿਤ ਪਾਤਰ ਆਪਣੀ ਹੋਂਦ ਨੂੰ ਵਿਦਰੋਹੀ ਸੁਰ ਵਿੱਚ ਆਪਣੀ ਹਾਰ ਜਿੱਤ ਨਾਲੋਂ ਮਹੱਤਵਪੂਰਨ ਬਣਾਉਂਦਾ ਹੈ। ਗੁਰਸੇਵਕ ਪ੍ਰੀਤ ਦੀ ਕਹਾਣੀ ਦਾ ਪਾਤਰ ਜ਼ੁਲਮ ਖ਼ਿਲਾਫ਼ ਅੰਗੂਠਾ ਲਗਾਉਣ ਤੋਂ ਇਨਕਾਰੀ ਹੈ। ਲੰਘੇ ਸਾਲ ਦਰਮਿਆਨ ਕੁਲਜੀਤ ਮਾਨ ਦੀ ਆ ਗਲੇ ਲੱਗ ਜਾਹ, ਸੁਰਿੰਦਰ ਨੀਰ ਦੀ ਨਦੀ ਜੋ ਰੇਤ ਹੋ ਗਈ, ਗੁਰਮੀਤ ਕੜਿਆਲਵੀ ਦੀ ਸ਼ਿਲਤਰਾਂ, ਦੀਪਤੀ ਬਬੂਟਾ ਦੀ ਡਾਂਸ ਫ਼ਲੋਰ, ਜਿੰਦਰ ਦੀ ਬਨਵਾਸ ਅਤੇ ਸਰਘੀ ਦੀ ਹੋਂਟਡ ਹਾਊਸ ਨੇ ਵੀ ਪਾਠਕਾਂ ਦਾ ਧਿਆਨ ਖਿੱਚਿਆ ਹੈ।
ਪਰਵਾਸ ਵਿੱਚ ਬਹੁਤ ਚੰਗੀ ਕਹਾਣੀ ਲਿਖੀ ਜਾ ਰਹੀ ਹੈ। ਕੈਨੇਡਾ ਵਿੱਚ ਹਰਪ੍ਰੀਤ ਸੇਖੇ ਤੋਂ ਬਾਅਦ ਗੁਰਮੀਤ ਪਨਾਗ ਨੇ ਨਵੀਆਂ ਲੀਹਾਂ ਪਾਈਆਂ ਹਨ। ਉਸ ਦੀ ਕਹਾਣੀ ਦੇ ਵਿਸ਼ੇ ਹੀ ਨਵੇਂ ਨਹੀਂ ਸਗੋਂ ਕਹਾਣੀ ਵਿੱਚ ਪੰਜਾਬੀਆਂ ਦੇ ਨਾਲ ਨਾਲ ਹੋਰ ਸੱਭਿਆਚਾਰਾਂ ਦੇ ਪਾਤਰ ਵੀ ਸ਼ਾਮਲ ਹਨ। ਕਹਾਣੀਆਂ ਦੇ ਪਾਤਰ ਇਕਹਿਰੇ ਨਹੀਂ ਅਤੇ ਸਮੱਸਿਆ ਵੀ ਜਾਣੀਆਂ ਪਛਾਣੀਆਂ ਨਹੀਂ ਸਗੋਂ ਗੁੰਝਲਦਾਰ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਹਨ। ਮੇਜਰ ਮਾਂਗਟ ਦੀ ਕਹਾਣੀ ਹਵਾ ਵਿੱਚ ਉੱਡਦੀ ਪਤੰਗ ਦੋ ਵੱਖ ਵੱਖ ਸੱਭਿਆਚਾਰਾਂ ਦੇ ਬੱਚਿਆਂ ਦੇ ਥੋੜ੍ਹੇ ਸੰਘਰਸ਼ ਬਾਅਦ ਪਿਆਰ ਸਿਰੇ ਚੜ੍ਹੇ ਜਾਣ ਦੀ ਸੁਖਾਂਤਕ ਕਹਾਣੀ ਹੈ। ਵੱਡੀ ਟੱਕਰ ਬਗੈਰ ਸਾਧਾਰਨ ਸੁਖਾਂਤ ਹੈ, ਪਰ ਲੇਖਕ ਨੇ ਜ਼ਿਆਦਾ ਜ਼ੋਰ ਵਿਵਰਣ ’ਤੇ ਲਾਇਆ ਹੈ ਜੋ ਪਾਠਕ ਦੀ ਆਮ ਜਾਣਕਾਰੀ ਵਿੱਚ ਵਾਧਾ ਤਾਂ ਕਰਦਾ ਹੈ ਪਰ ਕਹਾਣੀ ਦੀ ਤੋਰ ਮੱਠੀ ਕਰ ਦਿੰਦਾ ਹੈ। ਪਰਵਾਸੀ ਕਹਾਣੀਕਾਰ ਜਿੱਥੇ ਪਰਵਾਸ ਦੀਆਂ ਸਮੱਸਿਆਵਾਂ ਖਾਸ ਕਰਕੇ ਆਪਣੀ ਔਲਾਦ ਨਾਲ ਤਣਾਓ ਨੂੰ ਚਿੱਤਰ ਰਹੇ ਹਨ ਉੱਥੇ ਦੇਸ਼ ਦੇ ਕਹਾਣੀਕਾਰ ਪਰਵਾਸ ਕਰ ਚੁੱਕੇ ਬੱਚਿਆਂ ਦੇ ਵਿਗੋਚੇ ਨੂੰ ਆਪਣੇ ਲਈ ਅਹਿਮ ਮੰਨ ਰਹੇ ਹਨ। ਪਰਵਾਸੀਆਂ ਲਈ ਅੰਤਰ-ਨਸਲੀ ਵਿਆਹ ਅਤੇ ਵਿਆਹ ਤੋਂ ਬਗੈਰ ਜਾਂ ਪਹਿਲੇ ਸਬੰਧ ਅਤੇ ਨਸ਼ੇ ਵੀ ਸਮੱਸਿਆ ਬਣੇ ਹੋਏ ਹਨ। ਨਵੇਂ ਕਹਾਣੀਕਾਰ ਨਵੇਂ ਮਸਲਿਆਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਚਿੱਤਰ ਰਹੇ ਹਨ। ਹਰਪ੍ਰੀਤ ਸੇਖਾ ਆਪਣੀ ਇੱਕ ਕਹਾਣੀ ਵਿੱਚ ਬਿਰਧ ਘਰਾਂ ਵਿੱਚ ਮਾਪਿਆਂ ਨੂੰ ਛੱਡਣ ਦਾ ਮਾਪਿਆਂ ਦੇ ਮੂੰਹੋਂ ਸਪਸ਼ਟੀਕਰਨ ਦਿਵਾਉਂਦਾ ਹੈ। ਗੁਰਮੀਤ ਪਨਾਗ ਅਤੇ ਮੇਜਰ ਮਾਂਗਟ ਅੰਤਰਜਾਤੀ ਵਿਆਹ ਦੇ ਤਣਾਓ ਨੂੰ ਜਸ਼ਨ ਵਿੱਚ ਪਲਟ ਰਹੇ ਹਨ। ਪਰਵਾਸ ਦੀਆਂ ਕਹਾਣੀਆਂ ਅਕਸਰ ਪਿੰਡ ਤੋਂ ਸ਼ਹਿਰ ਵੱਲ ਅਤੇ ਭਾਰਤ ਦੇ ਦੂਜੇ ਰਾਜਾਂ ਤੋਂ ਪੰਜਾਬ ਵੱਲ ਪਰਵਾਸ ਦੀ ਸਮਾਨਾਂਤਰਤਾ ਵਿੱਚੋਂ ਡੂੰਘੇ ਅਰਥ ਸਿਰਜਦੀਆਂ ਹਨ। ਪਰਵਾਸੀਆਂ ਵਿੱਚੋਂ ਸੰਤੋਖ ਧਾਲੀਵਾਲ, ਗੁਰਚਰਨ ਥਿੰਦ, ਗੁਰਮੀਤ ਪਨਾਗ, ਸੁਰਿੰਦਰ ਕੌਰ, ਨਿਰਮਲ ਸਿੰਘ ਲਾਲੀ ਨੇ ਭਰਵੀਂ ਹਾਜ਼ਰੀ ਲਵਾਈ ਹੈ।
ਜਦੋਂ ਪਹਿਲੀ ਦੂਜੀ ਪੀੜ੍ਹੀ ਦੀ ਨਿੱਕੀ ਹੁਨਰੀ ਕਹਾਣੀ ਦੇ ਮੁਕਾਬਲੇ ਤੀਜੀ ਚੌਥੀ ਪੀੜ੍ਹੀ ਦੀ ਲੰਮੀ ਕਹਾਣੀ ਹੋਂਦ ਵਿੱਚ ਆਈ ਸੀ ਤਾਂ ਇਹ ਆਪਣੇ ਬਹੁਪਰਤੀ ਬਾਰੀਕ ਵੇਰਵਿਆਂ ਕਾਰਨ ਕਾਫ਼ੀ ਪਸੰਦ ਕੀਤੀ ਗਈ। ਇਹ ਵੀ ਕਿਹਾ ਜਾਣ ਲੱਗ ਪਿਆ ਕਿ ਸਮਕਾਲ ਦੇ ਗੁੰਝਲਦਾਰ ਯਥਾਰਥ ਨੂੰ ਪਕੜਨ ਦਾ ਇਹੀ ਇੱਕ ਢੰਗ ਹੈ, ਪਰ ਹੁਣ ਜਾਪਦਾ ਹੈ ਕਿ ਪਰੰਪਰਾ ਵਜੋਂ ਕਹਾਣੀ ਨੂੰ ਲੰਮੀ ਕਰੀ ਜਾਣ ਜਾਂ ਘੱਟ ਜ਼ਰੂਰੀ ਵੇਰਵਿਆਂ ਨੂੰ ਵਧੇਰੇ ਥਾਂ ਦੇਣ ਨਾਲ ਪਾਠਕਾਂ ਦੀ ਰੁਚੀ ਘਟ ਰਹੀ ਹੈ। ਬਹੁਤ ਸਾਰੀਆਂ ਲੰਮੀਆਂ ਕਹਾਣੀਆਂ ਬੋਝਲ ਜਾਪਦੀਆਂ ਹਨ। ਕਹਾਣੀਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸੇ ਪ੍ਰਕਾਰ ਉੱਤਮ ਪੁਰਖੀ ਬਿਰਤਾਂਤ ਵੀ ਇੱਕ ਵਾਰ ਤਾਂ ਜਾਪਦਾ ਸੀ ਜਿਵੇਂ ਅੰਦਰਲੇ ਆਪੇ ਦਾ ਸਹੀ ਮਨੋਵਿਗਿਆਨਕ ਚਿਤਰਨ ਕਰੇਗਾ, ਪਰ ਇਹ ਬਿਰਤਾਂਤਕ ਤਕਨੀਕ ਵੀ ਕਈ ਵਾਰ ਸਵੈ-ਕੇਂਦਰਿਤ ਹੋ ਕੇ ਪਾਠਕ ਨਾਲੋਂ ਨਾਤਾ ਤੋੜ ਲੈਂਦੀ ਹੈ। ਤ੍ਰੇਲ ਤੁਪਕੇ ਵਿੱਚ ਕੁਲਵੰਤ ਗਿੱਲ ਪ੍ਰਯੋਗ ਕਰਦਾ ਤਾਂ ਦਿਖਾਈ ਦਿੰਦਾ ਹੈ, ਪਰ ਕਥਾ ਰਸ ਖ਼ਤਮ ਕਰ ਬੈਠਦਾ ਹੈ।
ਪਿਛਲੀ ਪੀੜ੍ਹੀ ਦੇ ਕਹਾਣੀਕਾਰ ਗੁਰਬਚਨ ਭੁੱਲਰ, ਜਸਬੀਰ ਭੁੱਲਰ, ਗੁਰਦੇਵ ਰੁਪਾਣਾ, ਕਿਰਪਾਲ ਕਜ਼ਾਕ ਹੋਰ ਵੀ ਕਹਾਣੀਆਂ ਲਿਖ ਰਹੇ ਹਨ ਅਤੇ ਸੰਗ੍ਰਹਿ ਵੀ ਪ੍ਰਕਾਸ਼ਿਤ ਕਰ ਰਹੇ ਹਨ। ਇਹ ਕਹਾਣੀਕਾਰ ਉਸ ਸਮੇਂ ਹੀ ਕਹਾਣੀ ਲਿਖਦੇ ਹਨ ਜਦੋਂ ਕੋਈ ਲਿਖਣ ਵਾਲੀ ਗੱਲ ਹੋਵੇ। ਇਹ ਸਥਾਪਤ ਨਾਂ ਹਨ। ਇਨ੍ਹਾਂ ਨੂੰ ਕਹਾਣੀ ਲਿਖਣੀ ਆਉਂਦੀ ਹੈ। ਇਹ ਨਵੇਂ ਯਥਾਰਥ ਨੂੰ ਨਵੀਂ ਪੀੜ੍ਹੀ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਆਖ਼ਰ ਪੁਰਾਣੀ ਪੀੜ੍ਹੀ ਦੇ ਦ੍ਰਿਸ਼ਟੀਕੋਣ ਅਨੁਸਾਰ ਤੁਲਨਾ ਵਿੱਚ ਪੈ ਜਾਂਦੇ ਹਨ। ਇਹ ਗੱਲ ਵੀ ਖ਼ੁਸ਼ੀ ਵਾਲੀ ਹੈ ਕਿ ਸਾਡੀ ਤੀਜੀ ਚੌਥੀ ਪੀੜ੍ਹੀ ਦੇ ਸਥਾਪਤ ਬਹੁਤੇ ਕਹਾਣੀਕਾਰਾਂ ਨੇ ਹੁਣ ਆਪਣਾ ਰੁਖ਼ ਨਾਵਲ, ਵਾਰਤਕ ਜਾਂ ਖੋਜ ਵੱਲ ਕਰ ਲਿਆ ਹੈ ਅਤੇ ਮੈਦਾਨ ਪੂਰੀ ਤਰ੍ਹਾਂ ਨਵੇਂ ਖਿਡਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਪਰ ਕੁਝ ਨੇ ਕਹਾਣੀਆਂ ਲਿਖਣੀਆਂ ਛੱਡੀਆਂ ਨਹੀਂ, ਪਰ ਉਹ ਹੁਣ ਵਾਰਤਕ ਨੂੰ ਹੀ ਕਹਾਣੀ ਮਨਵਾਉਣ ਦੀ ਜ਼ਿੱਦ ਕਰ ਰਹੇ ਹਨ।
ਪੰਜਾਬੀ ਕਹਾਣੀ ਨਵੇਂ ਯਥਾਰਥ ਨੂੰ ਪਕੜ ਹੀ ਨਹੀਂ ਰਹੀ ਸਗੋਂ ਨਵੀਂ ਪੀੜ੍ਹੀ ਦੇ ਦ੍ਰਿਸ਼ਟੀਕੋਣ ਨੂੰ ਆਤਮਸਾਤ ਵੀ ਕਰਦੀ ਹੈ। ਇਸ ਵਿੱਚ ਜਾਤੀ, ਜਮਾਤੀ, ਲਿੰਗਕ ਟਕਰਾਓ ਵੀ ਵੇਖਣ ਨੂੰ ਮਿਲ ਰਹੇ ਹਨ। ਮੇਰੀ ਸਮਝ ਮੁਤਾਬਿਕ ਇਸ ਸਾਲ ਨਾਵਲਾਂ ਦੀ ਪੁਸਤਕ ਰੂਪ ਵਿੱਚ ਪ੍ਰਕਾਸ਼ਨਾ ਵਧੇਰੇ ਹੋਈ ਹੈ। ਅਖ਼ਬਾਰਾਂ ਵਿੱਚ ਵਾਰਤਕ ਅਤੇ ਕਵਿਤਾ ਨੇ ਸੋਸ਼ਲ ਮੀਡੀਆ ’ਤੇ ਵਧੇਰੇ ਹਾਜ਼ਰੀ ਲੁਆਈ ਹੈ, ਪਰ ਕਹਾਣੀਕਾਰਾਂ ਦਾ ਰਸਾਲਿਆਂ ਵਿੱਚ ਰਾਜ ਹੈ। ਪੰਜਾਬੀ ਸਿਨਮੇ ਨੇ ਸਾਹਿਤਕ ਕਹਾਣੀਆਂ ਨੂੰ ਆਧਾਰ ਨਹੀਂ ਬਣਾਇਆ। ਨਵੇਂ ਕਹਾਣੀਕਾਰਾਂ ਨੂੰ ਚਾਹੀਦਾ ਹੈ ਕਿ ਉਹ ਫ਼ਿਲਮੀ ਪਟਕਥਾ ’ਤੇ ਵੀ ਹੱਥ ਅਜ਼ਮਾਉਣ। ਕਹਾਣੀਕਾਰਾਂ ਨੂੰ ਕਹਾਣੀ ਦੀ ਲੰਬਾਈ ਵੱਲ ਧਿਆਨ ਦੇਣ ਦੀ ਬਜਾਏ ਕਹਾਣੀ ਰਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕਿਸੇ ਕਹਾਣੀ ਨੂੰ ਸਿਰਜਣ ਲਈ ਉਸ ਦੇ ਮਾਹੌਲ ਬਾਰੇ ਜਾਣਕਾਰੀ ਇਕੱਤਰ ਕਰਨੀ ਚੰਗੀ ਗੱਲ ਹੈ, ਪਰ ਸਭ ਕੁਝ ਕਹਾਣੀ ਵਿੱਚ ਪਰੋ ਦੇਣਾ ਉਸ ਨੂੰ ਵਾਰਤਕ ਬਣਾ ਦਿੰਦਾ ਹੈ। ਇਸ ਤੋਂ ਬਚਣ ਦੀ ਲੋੜ ਹੈ। ਪੰਜਾਬ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਉਨ੍ਹਾਂ ਵਿੱਚੋਂ ਲਗਭਗ ਸਾਰਿਆਂ ਨੂੰ ਹੀ ਕਹਾਣੀ ਵਿੱਚ ਥੋੜ੍ਹਾ ਜਾਂ ਬਹੁਤਾ ਥਾਂ ਮਿਲਿਆ ਹੋਇਆ ਹੈ। ਕਿਸਾਨੀ ਦੇ ਆਮ ਅਨੁਭਵ ’ਤੇ ਆਧਾਰਿਤ, ਮੱਧਵਰਗੀ ਨੌਕਰੀਸ਼ੁਦਾ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਲਿਖੀਆਂ ਕਹਾਣੀਆਂ ਆਮ ਹਨ, ਪਰ ਸਮਕਾਲੀ ਦੌਰ ਵਿੱਚ ਨਵਾਂ ਅਨੁਭਵ ਜ਼ੋਰ ਮਾਰ ਕੇ ਸਾਹਮਣੇ ਆ ਰਿਹਾ ਹੈ ਤੇ ਕਹਾਣੀਕਾਰਾਂ ਦਾ ਯਥਾਰਥ ਪ੍ਰਤੀ ਦ੍ਰਿਸ਼ਟੀਕੋਣ ਵੀ ਬਦਲ ਰਿਹਾ ਹੈ।
* ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com