ਪੰਜਾਬੀ ਲੇਖਕ ਅਵਤਾਰ ਜੌੜਾਇਹ ਅੱਥਰਾ ਘੋੜਾ ਕਦੇ ਟਾਂਗੇ ਅੱਗੇ ਵੀ ਨਹੀਂ ਜੁਤਿਆਤੇ ਨਾ ਹੀ ਕੋਈ ਇਸ ਦੀ ਸਵਾਰੀ ਕਰ ਸਕਿਐਅਸਤਬਲ ਦੀਆਂ ਕੱਚੀਆਂ ਕੰਧਾਂ ਉਹਲੇਖੁਰਲੀਆਂ ‘ਤੇ ਜੀਊਣਾ ਇਸ ਦੀ ਫ਼ਿਤਰਤ ਨਹੀਂ।ਇਸ ਦਾ ਸਫ਼ਰ ਚੌਰਾਹੇ ਦੁਆਲੇ ਨਹੀਂ,ਚੌਰਾਹੇ ਤੋਂ ਨਿਕਲਦੀਆਂ ਚਾਰੇ ਸੜਕਾਂ ਉੱਤੇ ਹੁੰਦਾ-ਆਪਣੀ ਦਿਸ਼ਾ, ਆਪਣੀ ਮੰਜ਼ਿਲਅੱਥਰਾ ਘੋੜਾ ਮਲਕੜੇ ਮਲਕੜੇ ਤੁਰਦਾ ਹੈਬਸ, ਆਪਣੀ ਮਸਤ ਚਾਲੇ।
ਬੀਤਿਆ ਅਤੀਤ, ਬੀਤਿਆ ਬਚਪਨ ਕਦੇ ਵਾਪਿਸ ਨਹੀਂ ਆਉਂਦਾ, ਬਹੁੜਦਾ, ਬਸ ਕੁਝ ਯਾਦਾਂ, ਸਿਮਰਤੀਆਂ ਜੀਵੰਤ ਰਹਿ ਜਾਂਦੀਆਂ ਹਨ। ਕੁਝ ਅਤੀਤ ਵਿਚ ਲੋਪ ਤੇ ਕੁਝ ਅਨੁਭਵ ਬਣ ਵਕਤ ਦੇ ਅੰਗ ਸੰਗ, ਜੀਵਨ ਦੇ ਨਾਲ-ਨਾਲ ਤੁਰਦੀਆਂ ਰਹਿੰਦੀਆਂ ਹਨ। ਮੇਰੀ ਕਵਿਤਾ ‘ਅੱਥਰਾ ਘੋੜਾ’ ਦਾ ਉਪਰੋਕਤ ਅੰਸ਼ ਅਤੀਤ ਦੀਆਂ ਕੁਝ ਅਜਿਹੀਆਂ ਸਿਮਰਤੀਆਂ ਦੇ ਅਨੁਭਵ ਦਾ ਪ੍ਰਤੀਫਲ ਹਨ। ਇਨ੍ਹਾਂ ਵਿਚ ਮੇਰਾ ਸੁਭਾਅ ਸੰਚਿਤ ਹੈ, ਜੋ ਕਈ ਦੁੱਖਦਾਈ ਹਾਦਸਿਆਂ, ਘਟਨਾਵਾਂ ਲਈ ਜ਼ਿੰਮੇਵਾਰ, ਅਧਾਰ ਸੀ। ਮੇਰੇ ਬਚਪਨ ਦੇ ਮੁੱਢਲੇ ਵਰ੍ਹੇ ਬਸਤੀ ਦੇ ਪੇਂਡੂ ਮਾਹੌਲ, ਵਾਤਾਵਰਨ ਵਿਚ ਬੀਤੇ। ਖੁੱਲਾ-ਡੁੱਲ੍ਹਾ ਜੀਵਨ, ਵਾਤਾਵਰਨ, ਖਾਣ-ਪੀਣ, ਵਰਤਾਰਾ ਮੌਜਾਂ ਹੀ ਮੌਜਾਂ, ਨਾਨਕੇ-ਦਾਦਕੇ ਦੋਨਾਂ ਘਰਾਂ ਵਿਚ ਲਵੇਰੇ, ਦੁੱਧ-ਮਲਾਈ ਖੁੱਲ੍ਹੀ, ਕਦੇ ਆਪੇ ਮਿਲ ਜਾਂਦੀ ਤੇ ਕਦੇ ਮਨ ਕਰਨ ‘ਤੇ ਵਿਹੜੇ ‘ਚ ਪੌੜੀ ਥੱਲੇ ਬਣੇ ਚੁੱਲ੍ਹੇ ਵਿਚ ਹਲਕੇ ਸੇਕ ‘ਤੇ ਹਾਂਡੀ ਵਿਚ ਕੜ੍ਹਦੇ ਦੁੱਧ ਤੋਂ ਚੋਰੀ ਖਾ ਜਾਂਦੇ। ਇਸੇ ਤਰ੍ਹਾਂ ਸੁੱਕੀ ਰੋਟੀ ਵਿਚ ਚੋਰੀ ਕੀਤਾ ਮੱਖਣ ਰੱਖ, ਰੋਲ ਬਣਾ ਖਾਂਦੇ, ਖੇਡਦੇ ਬਾਹਰ ਦੌੜ ਜਾਂਦੇ। ਦੌੜ ਘਰਾਂ ਦੀਆਂ ਕੰਧਾਂ ਉਲੰਘ ਬਾਹਰ ਖੇਤਾਂ ‘ਚੋਂ ਹੁੰਦੀ ਕਦੇ ਮਸਾਨਾਂ, ਕਦੇ ਵੱਗਦੇ ਖੂਹ ‘ਤੇ ਜਾ ਮੁੱਕਦੀ ਹੁੰਦੀ ਸੀ। ਵੱਗਦੇ ਖੂਹ ਦੇ ਨਾਲ ਕੱਚੇ ਬਣੇ ਚੁਬੱਚੇ ਵਿਚ ਕਦੇ ਜੱਟ-ਜੱਟੀਆਂ ਤਾਜ਼ੀਆਂ ਪੁੱਟੀਆਂ ਗਾਜਰਾਂ, ਕਦੇ ਸ਼ਲਗਮ ਤੇ ਕਦੇ ਮੂਲ਼ੀਆਂ ਧੋ ਰਹੇ ਹੁੰਦੇ ਤਾਂ ਅਸੀਂ ਵੀ ਨਾਲ ਕੰਮ ਵਿਚ ਜੁੱਟ ਜਾਂਦੇ। ਮਕਸਦ ਸਹਾਇਤਾ ਕਰਨਾ ਨਹੀਂ, ਵਿਚ ਵਿਚ ਚੋਰੀ-ਚੋਰੀ ਖਾਣ ਦਾ ਹੁੰਦਾ ਸੀ। ਮਾਲਕ ਕੋਈ ਨਾ-ਨੁੱਕਰ ਤਾਂ ਕਦੇ ਕਰਦੇ ਨਹੀਂ ਸਨ, ਪਰ ਸਾਡਾ ਮਨ ਖ਼ੁਸ਼, ਇਹ ਸੋਚ ਕਿ ਜਿਵੇਂ ਬਹੁਤ ਵੱਡੀ ਮੱਲ੍ਹ ਮਾਰ ਲਈ ਹੋਵੇ। ਬਹੁਤੀ ਗਰਮੀ ਹੋਣੀ ਤਾਂ ਨੰਗੇ-ਧੜੰਗੇ ਹੋ ਨਹਾਉਣ ਲੱਗਦੇ। ਇਕ ਦੂਜੇ ‘ਤੇ ਪਾਣੀ ਸੁੱਟਦੇ, ਖੇਤਾਂ ਵਿਚ ਮਿੱਟੀ ‘ਚ ਲੇਟਦੇ, ਪਲਸੇਟੇ ਮਾਰਦੇ, ਮਿੱਟੀ ਵਿਚ ਲਿੱਬੜ, ਧੜੈਂ ਆ ਚੁੱਬਚੇ ਵਿਚ ਛਾਲ ਮਾਰਦੇ। ਇਸੇ ਤਰ੍ਹਾਂ ਕਰਦਿਆਂ ਸਮਾਂ ਬੀਤਦੇ ਦਾ ਕੋਈ ਖ਼ਿਆਲ ਨਾ ਰਹਿੰਦਾ। ਕਦੇ ਖੂਹ ਗੇੜਣ ਲਈ ਗਾਧੀ ‘ਤੇ ਜਾ ਬੈਠਦੇ। ਸਰਦੀਆਂ ਵਿਚ ਸ਼ਾਮ ਖੇਤਾਂ ਵਿਚ ਪੁੱਟੇ ਜਾ ਚੁੱਕੇ ਆਲੂਆਂ ਦੀ ਰਹਿੰਦ-ਖੂੰਦ ਛਾਣਦੇ। ਛੋਟੇ-ਛੋਟੇ ਆਲੂ ਚੁਣ, ਘਰ ਕੋਲ ਭਠਿਆਰਣ ਦੀ ਭੱਠੀ ਵਿਚ ਜਾ ਆਲੂ ਸੁੱਟਦੇ। ਭੱਠੀ ਦੇ ਕਿਨਾਰੇ ਬੈਠ ਅੱਗ ਸੇਕਦੇ ਤੇ ਨਾਲ ਭੱਠੀ ਵਿਚੋਂ ਸੇਕ ਵਿਚ ਭੁੱਜੇ ਆਲੂ ਕੱਢ ਛਿੱਲ-ਛਿੱਲ ਖਾਂਦੇ, ਖੇਡਦੇ। ਉਹ ਆਲਮ ਵੀ ਇਕ ਬੇਫ਼ਿਕਰੀ ਦਾ ਇਕ ਮਸਤ ਆਲਮ ਹੁੰਦਾ ਸੀ। ਦੁਪਹਿਰੇ ਉਸੇ ਭੱਠੀ ‘ਤੇ ਰੋਟੀ ਲੁਆਉਣ ਆਈਆਂ ਕੁੜੀਆਂ-ਚਿੜੀਆਂ ਆਪਣੇ ਦਿਲਾਂ ਦੇ ਭੇਦ ਸਾਂਝੇ ਕਰਦੀਆਂ ਤਾਂ ਭਠਿਆਰਣ ਚੋਰੀ-ਚੋਰੀ ਕੰਨਸੋਅ ਲੈਂਦੀ ਰਹਿੰਦੀ। ਘਰ ਦੀਆਂ ਔਰਤਾਂ ਘਰ ਦੇ ਝਗੜੇ-ਝੇੜੇ, ਨਿੰਦਾ-ਚੁਗਲੀ ਦੇ ਕਿੱਸੇ ਛੇੜ ਬਹਿੰਦੀਆਂ। ਸਾਨੂੰ ਵੀ ਚੋਰੀ ਸੁਣਨ ਦਾ ਚੱਸਕਾ ਪੈ ਚੁੱਕਾ ਸੀ। ਪੈਂਦੀ ਰਾਤ ਨੂੰ ਸਾਡੀਆਂ ਗੱਲਾਂ ਵਿਚ ਉਹ ਕਿੱਸੇ ਆ ਜੁੜਦੇ। ਸ਼ਾਮ ਨੂੰ ਭੱਠੀ ‘ਤੇ ਦਾਣੇ ਭੁਨਾਉਣ ਆਉਂਦੇ ਤਾਂ ਆਨੇ-ਬਹਾਨੇ ਭਠਿਆਰਣ ਤੋਂ ਸੁਣਦੇ। ਉਹ ਵੀ ਲੂਣ-ਮਸਾਲੇ ਲਾ, ਚੱਸਕੇ ਨਾਲ ਕੁਝ ਕੋਲੋਂ ਲਾ-ਜੋੜ ਵਧਾ-ਘਟਾ ਸੁਣਾਉਂਦੀ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Tags:
Leave a Reply