ਪਿਛਲੀ ਕਿਸ਼ਤ 6 ਵਿਚ ਜਿਨ੍ਹਾਂ ਵਰ੍ਹਿਆਂ ਦਾ ਜ਼ਿਕਰ ਕਰ ਰਿਹਾ ਸਾਂ, ਉਹ ਦਰਅਸਲ ਮੇਰੇ ਜੀਵਨ ਦੇ ਅਣਗੌਲੇ ਜਾਣ ਵਾਲੇ ਵਰ੍ਹੇ ਹਨ। ਸਾਹਿਤਕ ਰੁਝਾਨ ਨੂੰ ਛੱਡ ਦਈਏ ਤਾਂ ਕੁਝ ਖ਼ਾਸ ਬੱਚਦਾ ਵੀ ਨਹੀਂ। ਰਾਹੇ ਤੁਰਦਾ ਕੁਰਾਹੇ ਪੈਣ ਦਾ ਸਮਾਂ ਸੀ ਉਹ। ਇਕ ਕੁਬਿਰਤੀ ਨਾ-ਜਾਣਦਿਆਂ, ਸਮਝਦਿਆਂ ਸਿਆਸਤ ਵਿਚ ਘੁਸ-ਪੈਠ। ਬਹੁਤਾ ਸਮਾਂ ਵਿਹਲੇ ਰਹਿਣਾ, ਅਵਾਰਾਗਰਦੀ ਕਰਨਾ ਤੇ ਇਸੇ ਚੱਕਰ ਵਿਚ ਮੁਲਾਕਾਤ ਹੋ ਗਈ ਹਰਜਿੰਦਰ ਸਿੰਘ ਦਿਲਗੀਰ ਤੇ ਇੰਦਰਜੀਤ ਸਿੰਘ ਅਣਖੀ ਨਾਲ ਜੋ ਸ਼ਾਇਦ ‘ਸਿੱਖ ਸਟੂਡੈੰਟ ਫੈਡਰੇਸ਼ਨ’ ਨਾਲ ਜੁੜੇ ਹੋਏ ਸਨ। ਇਹ ਹਰਜਿੰਦਰ ਸਿੰਘ ਦਿਲਗੀਰ ਅੱਜ ਵਾਲਾ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਹੀ ਹੈ ਜੋ ਇਕ ਸਿੱਖ ਵਿਦਵਾਨ ਦੀ ਪਛਾਣ ਰੱਖਦਾ ਹੈ ਤੇ ‘ਖ਼ਾਲਿਸਤਾਨ’ ਦੇ ਪਹਿਲੇ ਰਾਸ਼ਟਰਪਤੀ ਵਜੋਂ ਵੀ ਚਰਚਾ ਵਿਚ ਰਿਹਾ ਹੈ। ਸੁਣਨ ਵਿਚ ਤਾਂ ਇਹ ਵੀ ਆਇਆ ਸੀ ਕਿ ਸਮਾਜ-ਸੁਧਾਰ ਲਈ ਜੋ ਖਾੜਕੂਆਂ ਵੱਲੋਂ ਕੋਡ ਆਫ ਕੰਡਕਟ ਬਣਾਇਆ ਗਿਆ ਸੀ, ਉਸ ਵਿਚ ਵੀ ਇਸ ਦਾ ਸਰਗਰਮ ਰੋਲ ਸੀ। ਕਤਲੋ-ਗਾਰਤ ਨਾਲ ਮੈਂ ਸਹਿਮਤ ਨਹੀਂ ਸੀ, ਪਰ ਕੋਡ ਆਫ ਕੰਡਕਟ ਦੀਆਂ ਦੋ ਗੱਲਾਂ ਨਾਲ ਸਹਿਮਤ ਸਾਂ। ਇਕ ਬਰਾਤ ਤੇ ਦਾਜ ਬਾਰੇ ਤੇ ਦੂਜੀ ਗਾਇਡਾਂ ਪਬਲਿਸ਼ ਕਰਨ ਵਾਲੇ ਪਬਲਿਸ਼ਰਜ਼ ਨੂੰ ਫੂਕ ਦੇਣ ਬਾਰੇ। ਹਾਂ, ਉਨ੍ਹਾਂ ਦਿਨਾਂ ਵਿਚ ਫ਼ਿਲਮ ਆਈ ਸੀ ‘ਐਨ ਈਵਨਿੰਗ ਇਨ ਪੈਰਿਸ’ ਤੇ ਦਿਲਗੀਰ+ਅਣਖੀ ਨੇ ਭਗਤ ਸਿੰਘ ਚੌਕ ਵਿਚਲੇ ‘ਪੋਪਲੀ ਟੀ ਸਟਾਲ’ ਦੇ ਚੁਬਾਰੇ ਵਿਚ ਕਿਹਾ ਸੰਤ ਸਿਨਮੇ ਵਿਚ ਜਿੱਥੇ ਇਹ ਫ਼ਿਲਮ ਲੱਗੀ ਸੀ, ਅੱਗ ਲਾਈ ਜਾਵੇ। ਉਸ ਰਾਤ ਪੂਰੀ ਪਲਾਨਿੰਗ ਕਰਕੇ ਹਾਲ ਵਿਚ ਸਕਰੀਨ ‘ਤੇ ਜੁੱਤੀਆਂ ਮਾਰ, ਨਾਹਰੇ ਮਾਰ ਸ਼ੋਅ ਬੰਦ ਕਰਵਾਇਆ ਗਿਆ ਤੇ ਫਿਰ ਉਥੋਂ ਭੱਜ ਨਿਕਲੇ ਸਾਂ। ਅਜਿਹੀ ਭੁੱਲ ਅੱਜ ਤੱਕ ਨਹੀਂ ਦੁਹਰਾਈ। ਖ਼ੈਰ, ਉਹੋ ਜਿਹਾ ਮੌਕਾ ਫਿਰ ਬਣਿਆਂ ਨਾ ਜਾਂ ਮੇਰੀ ਰੁਚੀ ਹੀ ਕਿਸੇ ਹੋਰ ਦਿਸ਼ਾ ਵੱਲ ਮੁੜ ਗਈ ਸੀ।
ਇਸ ਘਟਨਾ ਬਾਰੇ ਸ਼ਹਿਰ ਵਿਚ ਰੌਲਾ ਪੈ ਗਿਆ ਤੇ ਘਰ ਦਿਆਂ ਨੂੰ ਸ਼ੱਕ ਜਿਹਾ ਹੋਣ ਲੱਗਾ ਕਿ ਮੈਂ ਵੀ ਉਨ੍ਹਾਂ ਵਿਚੋਂ ਇਕ ਸਾਂ। ਉਨ੍ਹਾਂ ਅਗਲੇ ਦਿਨ ਮੈਨੂੰ ਮਾਸੜ ਜੀ ਨਾਲ ਉਨ੍ਹਾਂ ਦੀ ਦੁਕਾਨ ‘ਤੇ ਸੋਨੇ ਦੀਆਂ ਵੰਗਾਂ ਬਣਾਉਣ ਦਾ ਕੰਮ ਸਿੱਖਣ ਲਈ ਭੇਜ ਦਿੱਤਾ। ਉਹ ਵੀ ਮੇਰੇ ਵਰਗੇ ਵਿਹਲੜ ਲਈ ਬੜਾ ਰੌਚਿਕ ਅਨੁਭਵ ਸੀ। ਮਾਸੜ ਜੀ ਸਾਡੇ ਵਾਲੇ ਘਰ ਵਿਚ ਹੀ ਅੰਮ੍ਰਿਤਸਰ ਤੋਂ ਆ ਕੇ ਕਿਰਾਏ ‘ਤੇ ਰਹਿੰਦੇ ਸਨ ਤੇ ਬੜੀ ਰੰਗੀਨ-ਸ਼ੌਕੀਨ ਤਬੀਅਤ ਦੇ ਕਿਰਦਾਰ ਵਾਲੇ ਸਨ। ਉਨ੍ਹਾਂ ਦੀ ਰੋਜ਼ਾਨਾ ਰੁਟੀਨ ਵੇਖ ਅਚੰਬਿਤ ਹੁੰਦਾ ਸਾਂ ਤੇ ਖ਼ੁਦ ਮਾਣਦਾ ਵੀ ਸਾਂ। ਜੋੜਾ ਗੇਟ ਤੋਂ ਦੁਕਾਨ ਵੱਲ ਜਾਂਦੇ ਪਹਿਲਾਂ ਸੂਦਾਂ ਚੌਂਕ ਵਿਚਲੇ ਮੰਦਿਰ ਦੇ ਨਾਲ ਵਾਲੇ ਹਲਵਾਈ ਤੋਂ ਮਲਾਈ ਪਵਾ ਕੇ ਲੱਸੀ ਪੀਣੀ। ਚੁਬਾਰੇ ਵਿਚਲੀ ਦੁਕਾਨ ‘ਤੇ ਪਹੁੰਚਦਿਆਂ ਅੱਡੇ ‘ਤੇ ਚਿੱਟੀ ਚਾਦਰ ਵਿਛਾਉਣੀ। ਤਦ ਤੱਕ ਪਾਨ ਵਾਲਾ ਪਾਨ ਦੇਣ ਆ ਜਾਂਦਾ ਤਾਂ ਉਹ ਪਾਨ ਮੂੰਹ ਵਿਚ ਚਬਾਉਂਦੇ ਕੰਮ ਸ਼ੁਰੂ ਕਰਦੇ। ਦੁਪਹਿਰ ਤੱਕ ਨਿਰੰਤਰ ਕੰਮ। ਘਰੋਂ ਆਈ ਰੋਟੀ ਖਾਂਦੇ, ਬਾਅਦ ਵਿਚ ਇਮਾਮ ਨਾਸਰ ਮਸੀਤ ਦੇ ਨਾਲ ਵਾਲੇ ਪੋਪਲੀ ਤੋਂ ਲੱਛੇ+ਫਲੂਦੇ ਵਾਲੀ ਕੁਲਫ਼ੀ ਖਾਂਦੇ। ਵਿਚ-ਵਿਚ ਗਲੀ ਵਿਚ ਆਇਆ ਕੋਈ ਵੀ ਰੇਹੜੀ ਵਾਲਾ ਖਾਣ-ਪੀਣ ਵਾਲੀ ਚੀਜ਼ ਦੇਣ ਆ ਜਾਂਦਾ। ਮੈਨੂੰ ਵਿਚ-ਵਿਚ ਕੰਮ ਬਾਰੇ ਦੱਸਦੇ ਤੇ ਤਾਰ-ਪੱਤਰੀ ਕਰਾਉਣ ਲਈ ਭੇਜ ਦੇਣਾ। ਤਾਰ-ਪੱਤਰੀ ਵਾਲੀ ਦੁਕਾਨ ‘ਤੇ ਹੋਰ ਵੀ ਲੋਕ ਆਏ ਹੁੰਦੇ ਤੇ ਮੈਨੂੰ ਵੇਖ ਮਾਸੜ ਦੀ ਸ਼ੌਕੀਨੀ ਬਾਰੇ ਗੱਲਾਂ ਛੇੜ ਦਿੰਦੇ। ਉਹ ਸੋਨੇ ਦੀਆਂ ਵੰਗਾਂ ਬਣਾਉਣ ਵਾਲੇ ਜਲੰਧਰ ਦੇ ਸਭ ਤੋਂ ਪ੍ਰਬੀਨ ਕਾਰੀਗਰ ਮੰਨੇ ਜਾਂਦੇ ਸਨ। ਪਰ ਬਾਅਦ ਵਿਚ ਇਹੀ ਸ਼ੌਕੀਨੀ ਤੇ ਸ਼ਰਾਬ ਦੀ ਆਦਤ ਲੈ ਬੈਠੀ। ਜੋ ਗੱਲ ਮੈਨੂੰ ਚੰਗੀ ਲੱਗਦੀ ਸੀ, ਉਹ ਸੀ ਉਨ੍ਹਾਂ ਦਾ ਆਪਣੀਆਂ ਧੀਆਂ ਨਾਲ ਮੋਹ। ਰੋਜ਼ ਸ਼ਾਮ ਘਰ ਪਰਤਦਿਆਂ ਦੋਵਾਂ ਧੀਆਂ ਦੀ ਤਲੀ ‘ਤੇ ਪੈਸੇ ਰੱਖਣਾ।
ਉਨ੍ਹਾਂ ਦਿਨਾਂ ਵਿਚ ਹੀ ਮੈਨੂੰ ਅਸਾਮ ਜਾਣਾ ਪੈ ਗਿਆ ਸੀ। ਦਰਅਸਲ ਮੇਰਾ ਵੱਡਾ ਭਰਾ ਜੋ ਛੋਟਿਆਂ ਹੁੰਦਿਆਂ ਮੈਨੂੰ ਕੁੱਟਦਾ ਹੁੰਦਾ ਸੀ, ਪੈਂਹਠ ਦੀ ਭਾਰਤ-ਪਾਕਿ ਜੰਗ ਵੇਲੇ ਆਰਮੀ ਵਿਚ ਸ਼ਾਰਟ-ਸਰਵਿਸ ਕਮਿਸ਼ਨ ‘ਤੇ ਫੌਜ ਵਿਚ ਲਫਟੈਨ ਭਰਤੀ ਹੋ ਗਿਆ ਸੀ ਤੇ ਪੰਜ ਸਾਲ ਪੂਰੇ ਹੋਣ ‘ਤੇ ਪੂਨੇ ਪੱਕਾ ਹੋਣ ਗਿਆ ਭ੍ਰਸ਼ਟਾਚਾਰ ਦੀ ਭੇਟਾ ਚੜ੍ਹ ਗਿਆ ਸੀ। ਹੋਇਆ ਇੰਝ ਕਿ ਪਹਿਲਾਂ ਕਦੇ ਇਕ ਹਵਾਈ ਅੱਡਾ ਬਣਾਉਣ ਨੂੰ ਲੈ ਕੇ ਪੈਸੇ ਦੇ ਲੈਣ-ਦੇਣ ਦੇ ਚੱਕਰ ਵਿਚ ਕਮਾਂਡਰ ਨਾਲ ਬਹਿਸ ਪਿਆ ਤੇ ਅੜ ਗਿਆ। ਉਹੀ ਕਮਾਂਡਰ ਪੱਕਾ ਕਰਨ ਵਾਲੀ ਟੀਮ ਦਾ ਮੈਂਬਰ ਬਣ ਕੇ ਇੰਟਰਵਿਉ ‘ਤੇ ਆ ਗਿਆ। ਮੂੰਹ ਮੁਲਾਹਜ਼ੇ ਵਿਚ ਰੱਖਿਆ ਵੀ ਗਿਆ ਪਰ ਬਾਅਦ ਵਿਚ ਸੂਚੀ ਵਿਚੋਂ ਉਸ ਦੇ ਨਾਮ ‘ਤੇ ਪੈੱਨ ਨਾਲ ਲੀਕ ਫੇਰ ਦਿੱਤੀ ਅਤੇ ਕਿਸੇ ਹੋਰ ਦਾ ਨਾਮ ਲਿਖ ਦਿੱਤਾ ਗਿਆ। ਵਾਪਸੀ ‘ਤੇ ਘਰ ਆਉਂਦਿਆਂ ਬੀ.ਐਸ.ਐਫ. ਵਿਚ ਡਿਪਟੀ ਕਮਾਂਡਰ ਲਈ ਇੰਟਰਵਿਉ ਦੇ ਆਇਆ ਸੀ। ਘਰ ਪਹੁੰਚਦਿਆਂ ਉਨ੍ਹਾਂ ਦੀ ਹਾਜ਼ਰ ਹੋਣ ਲਈ ਤਾਰ ਵੀ ਆ ਗਈ ਤੇ ਪਿਛਲੀਂ ਪੈਰੀਂ ਮੁੜਣਾ ਪੈ ਗਿਆ। ਹੁਣ ਉਸ ਕੋਲ ਭਰਜਾਈ ਨੂੰ ਛੱਡਣ ਲਈ ਮੈਨੂੰ ਜਾਣਾ ਪੈ ਗਿਆ ਸੀ। ਉਹ ਮੇਰਾ ਨਵਾਂ ਹੀ ਅਨੁਭਵ ਸੀ। ਗੱਡੀ ਅੰਮ੍ਰਿਤਸਰ ਤੋਂ ਚੱਲਕੇ ਵਾਇਆ ਲਖਨਊ ਗੁਹਾਟੀ ਜਾਂਦੀ ਸੀ। ਸਫ਼ਰ ਦੋ ਰਾਤਾਂ ਤੇ ਦੋ ਦਿਨ ਦਾ ਸੀ। ਅਸੀਂ ਲਖਨਊ ਰੁਕ ਕੇ ਗਏ ਕਿਉਂਕਿ ਭਰਜਾਈ ਦੇ ਪਾਪਾ ਉੱਥੇ ਕਿਰਾਏ ‘ਤੇ ਰਹਿੰਦੇ ਸਨ। ਕਾਰੋਬਾਰ ਤੀਲੀਆਂ-ਕੋਕਿਆਂ ਦਾ ਸੀ। ਲਖਨਊ ਦੇ ਨਵਾਬੀ ਸਭਿਆਚਾਰ ਦਾ ਆਪਣਾ ਹੀ ਜਲਵਾ ਸੀ ਜਿਵੇਂ ਪਹਿਰਾਵਾ, ਖਾਣ-ਪੀਣ, ਬੋਲ-ਚਾਲ ਤੇ ਰਹਿਣ-ਸਹਿਣ। ਟਾਂਗੇ ਵਿਚ ਆਉਣ-ਜਾਣ ਦਾ ਆਪਣਾ ਮਜ਼ਾ। ਪੁਰਾਣੇ ਤੇ ਨਵੇਂ ਲਖਨਊ ਵਿਚ ਸਪੱਸ਼ਟ ਵੱਖਰੇਵਾਂ, ਖ਼ਾਸਕਰ ਗੋਮਤੀ ਦੇ ਕੰਢੇ ਦਾ ਮਾਹੌਲ-ਦ੍ਰਿਸ਼। ਬਿਲਕੁਲ ਪੰਜਾਬੋਂ ਵੱਖਰਾ ਮਾਹੌਲ-ਦ੍ਰਿਸ਼। ਭਰਜਾਈ ਦੀਆਂ ਕੁਝ ਮੁਸਲਮਾਨ ਸਹੇਲੀਆਂ ਵੀ ਸਨ, ਉਨ੍ਹਾਂ ਦੇ ਘਰ ਆਉਣ-ਜਾਣ ਤੇ ਉਨ੍ਹਾਂ ਦੇ ਰਹਿਣ, ਮਿਲ-ਵਰਤਣ, ਸੇਵਾ ਦਾ ਅੰਦਾਜ਼, ਬਹੁਤ ਅਨੰਦ ਮਾਣਿਆ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Tags:
Comments
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com
Leave a Reply