ਸ਼ਿਲੌਂਗ ਦਾ ਸੂਰਜ ਚੜ੍ਹਨ ਦਾ ਦ੍ਰਿਸ਼
ਜਦੋਂ ਬ੍ਰਹਮਪੁੱਤਰ ਵਿਚੋਂ ਬੱਚ, ਪਾਰ ਹੋ, ਭਾਰਤ-ਪਾਕਿ ਹੱਦ ‘ਤੇ ਸਥਿਤ ਬੀ.ਓ.ਪੀ. (ਬਾਰਡਰ ਆਉਟ ਪੋਸਟ) ਦੇ ਬਾਹਰ ਜੀਪ ਅਜੇ ਜਾ ਕੇ ਖੜ੍ਹੀ ਹੀ ਹੋਈ ਸੀ ਕਿ ਮਾਰਟਰ ਦਾ ਇਕ ਗੋਲਾ ਜੀਪ ਨੇੜੇ ਆ ਡਿੱਗਾ। ਭਰਾ ਨੇ ਮੈਨੂੰ ਧੱਕਾ ਦਿੰਦਿਆਂ ਜ਼ਮੀਨ ‘ਤੇ ਸੁੱਟਿਆ ਤੇ ਆਪ ਸਿਪਾਹੀਆਂ ਨੂੰ ਤੇਜ਼ੀ ਨਾਲ ਕੁਝ ਹਿਦਾਇਤਾਂ ਦਿੰਦਾ ਬਾਰਡਰ ਵੱਲ ਅੱਗੇ ਨੂੰ ਭੱਜਿਆ। ਸਿਪਾਹੀ ਮੇਰੇ ਕੋਲ ਆਏ ਤੇ ਜ਼ਮੀਨ ਤੋਂ ਉਠਾ ਬੀ.ਓ.ਪੀ. ਦੇ ਅੰਦਰ ਵੱਲ ਭੱਜੇ। ਅੰਦਰ ਲਿਜਾ ਕੇ, ਦੱਸਣ ਲੱਗੇ ਕਿ ਪਾਕਿਸਤਾਨ ਸੈਨਾ ਸਾਹਮਣੇ ਬਾਰਡਰ ਪਾਰ ਸਕੂਲ ਵੱਲ ਵੱਧ ਰਹੀ ਹੈ ਤਾਂ ਜੋ ਉੱਥੋਂ ਭਾਰਤੀ ਬੀ.ਐੱਸ.ਐਫ. ਪੋਜ਼ੀਸ਼ਨਾ ਦਾ ਜਾਇਜ਼ਾ ਲੈ ਸਕੇ। ਉਹ ਮੈਨੂੰ ਅੰਦਰ ਹੀ ਰਹਿਣ ਦਾ ਕਹਿ ਕੇ ਆਪ ਅੱਗੇ ਬੰਕਰਾਂ ਵੱਲ ਚੱਲੇ ਗਏ। ਬੰਬ ਫੱਟਣ ਤੇ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਨੇੜਿਉਂ ਹੀ ਆਉਂਦਿਆਂ ਸੁਣਾਈ ਦੇਣ ਲੱਗੀਆਂ। ਐਨ.ਸੀ.ਸੀ. ਵਿਚ ਫਾਇਰਿੰਗ ਦੇ ਅਭਿਆਸ ਵਿਚ ਠਾਹ-ਠੂਹ ਬਥੇਰੀ ਸੁਣੀ ਸੀ, ਪਰ ਅੱਜ ਵਾਲਾ ਅਨੁਭਵ ਨਵਾਂ ਹੀ ਸੀ। ਮਨ ਵਿਚ ਡਰ ਵੀ ਮਹਿਸੂਸ ਹੋ ਰਿਹਾ ਸੀ ਤੇ ਸਹਿਮ ਵੀ ਕੁਝ ਸੀ। ਨੀਂਦ ਭਲਾ ਕਿੰਝ ਆ ਜਾਂਦੀ, ਹਨ੍ਹੇਰੇ ਵਿਚ ਹੀ ਅੱਖਾਂ ਬਾਹਰ ਝਾਕਦੀਆਂ ਕੁਝ ਤਲਾਸ਼ ਰਹੀਆਂ ਸਨ। ਰਾਤ ਦੋ ਕੁ ਵਜੇ ਕੋਈ ਅੰਦਰ ਆਇਆ ਤਾਂ ਮੈਂ ਉੱਠ ਬੈਠਾ ਤੇ ਬੜੇ ਗਹੁ ਨਾਲ ਆਉਣ ਵਾਲੇ ਵੱਲ ਵੇਖਣ ਲੱਗਾ। ਹਲਕੇ ਚਾਨਣ ਵਿਚ ਫੌਜ ਦੀ ਵਰਦੀ ਵਿਚ ਕੈਪਟਨ ਰੈਂਕ ਦਾ ਅਫ਼ਸਰ ਨਜ਼ਰ ਆਇਆ ਜੋ ਮੇਰੇ ਵੱਲ ਬਹੁਤ ਧਿਆਨ ਨਾਲ ਪ੍ਰਸ਼ਨ ਭਰੀ ਨਜ਼ਰ ਨਾਲ ਵੇਖ ਰਿਹਾ ਸੀ। ਉਸ ਦੀ ਜੀਪ ਦੀ ਅਵਾਜ਼ ਸੁਣ ਕੇ ਬੰਕਰ ਵਿਚੋਂ ਸਿਪਾਹੀ ਬਾਹਰ ਨਿਕਲ ਕੇ ਅੰਦਰ ਆਇਆ। ਆਉਂਦਿਆਂ ਸਲਿਊਟ ਠੋਕਿਆ ਤੇ ਕੁਝ ਦੱਸਣ ਲੱਗਾ। ਉਹ ਮੇਰੇ ਨਾਲ ਹੱਥ ਮਿਲਾਉਂਦਿਆ ਕੋਲ ਪਈ ਕੁਰਸੀ ਉੱਤੇ ਬੈਠ ਗਿਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾ। ਉਹ ਵੀ ਪੰਜਾਬ ਦਾ ਹੀ ਸੀ ਤੇ ਦੱਸਣ ਲੱਗਾ ਕਿ ਉਹ ਇਕ ਕੰਪਨੀ ਸਹਿਤ ਇਥੇ ਹੀ ਭੇਜਿਆ ਗਿਆ ਹੈ ਤਾਂ ਜੋ ਬੀ.ਐੱਸ.ਐਫ. ਵਾਲਿਆਂ ਦੀ ਮਦਦ ਕਰ ਸਕਣ। ਫਿਰ ਉਹ ਨਾਲ ਲਿਆਂਦਾ ਹਲਕਾ ਜਿਹਾ ਖਾਣਾ ਖਾਣ ਲੱਗਾ ਸ਼ਾਇਦ ਲਗਾਤਾਰ ਚੱਲਦੇ ਪਹੁੰਚੇ ਸਨ ਤੇ ਰਾਹ ਵਿਚ ਰੁਕੇ ਨਹੀਂ ਸਨ। ਤੱਦ ਤੱਕ ਭਾਅ ਜੀ ਨੂੰ ਵੀ ਫੌਜ ਦੇ ਆਉਣ ਦੀ ਸੂਚਨਾ ਮਿਲ ਗਈ ਸੀ ਤੇ ਉਹ ਵੀ ਆ ਗਏ ਸਨ। ਦੋਵੇਂ ਆਪਸ ਵਿਚ ਹੌਲੀ-ਹੌਲੀ ਕੁਝ ਘੁਸਰ-ਮੁਸਰ ਕਰਨ ਲੱਗੇ। ਕੈਪਟਨ ਵੱਲੋਂ ਖੋਲ੍ਹੇ ਨਕਸ਼ੇ ਤੇ ਉਂਗਲ ਨਾਲ ਕੁਝ ਦੱਸ ਰਹੇ ਸਨ ਕਿ ਪਾਕ ਫੌਜ ਕਿੱਥੇ-ਕਿੱਥੇ ਪਹੁੰਚ ਚੁੱਕੀ ਹੈ।
ਦਿਨ ਦਾ ਹਲਕਾ ਜਿਹਾ ਚਾਨਣ ਨਿਕਲ ਆਇਆ ਸੀ। ਭਾਅ ਜੀ ਮੈਨੂੰ ਸਿਪਾਹੀ ਨਾਲ ਬੰਕਰ ਵਿਚ ਭੇਜ ਕੈਪਟਨ ਨਾਲ ਬਾਰਡਰ ਵੱਲ ਚਲੇ ਗਏ ਸਨ। ਬੰਕਰ ਬਾਰੇ ਸੁਣਿਆ, ਪੜ੍ਹਿਆ ਤਾਂ ਬਹੁਤ ਸੀ, ਪਰ ਵੇਖ ਪਹਿਲੀ ਵਾਰ ਰਿਹਾ ਸੀ। ਅੰਦਰ ਚਾਰ ਜਣੇ ਬੈਠੇ ਸਨ, ਦੋ ਤਾਂ ਸਰਦਾਰ ਵੇਖ ਕੇ ਖ਼ੁਸ਼ ਜਿਹਾ ਹੋ ਗਿਆ। ਖ਼ੁਸ਼ ਹੋਣ ਦਾ ਵੱਡਾ ਕਾਰਨ ਪੰਜਾਬੀ ਬੋਲਣ, ਸੁਣਨ ਦੀ ਖੁੱਲ੍ਹ ਸੀ। ਇੰਨੇ ਚਿਰ ਵਿਚ ਬੰਕਰ ਦੇ ਸਾਹਮਣੇ ਗੋਲਾ ਫਟਿਆ ਤੇ ਗੋਲੀਆਂ ਚੱਲਣ ਲੱਗੀਆਂ। ਸਿਪਾਹੀ ਨੇ ਦੱਸਿਆ ਕਿ ਗੋਲਾ ਮਾਰਟਰ ਦਾ ਸੀ ਤੇ ਨੇੜਿਉਂ ਹੀ ਸੁੱਟਿਆ ਗਿਆ ਹੈ। ਫਿਰ ਬੰਕਰ ਦੀ ਬਣਤਰ ਬਾਰੇ ਦੱਸਣ ਲੱਗਾ ਕਿ ਕਿੰਨਾ ਸੁਰੱਖਿਅਤ ਹੈ ਕਿ ਹਵਾਈ ਜਹਾਜ਼ ਤੋਂ ਸੁੱਟੇ ਗਏ ਬੰਬ ਤੋਂ ਵੀ ਸੁਰੱਖਿਅਤ ਹੈ। ਉਹ ਵੀ ਜਵਾਬ ਵਿਚ ਮਸ਼ੀਨ-ਗੰਨ ਨਾਲ ਫਾਇਰ ਕਰਨ ਲੱਗੇ ਤੇ ਇਹ ਵੀ ਕਿ ਇਹ ਕਵਰਿੰਗ ਫਾਇਰ ਹੈ ਤਾਂ ਜੋ ਫੌਜ ਅੱਗੇ ਵੱਧ ਸਕੇ। ਫਿਰ ਇਸ਼ਾਰੇ ਨਾਲ ਦੱਸਣ ਲੱਗੇ ਕਿ ਪਾਕਿਸਤਾਨ ਫੌਜ ਕਿੱਥੇ-ਕਿੱਥੇ ਕੁ ਹੈ ਤੇ ਉਹ ਸਕੂਲ ਵੀ ਵਿਖਾਉਣ ਲੱਗੇ ਜਿੱਥੋਂ ਫਾਇਰ ਕਰ ਰਹੇ ਹਨ ਤੇ ਮਾਰਟਰ ਚਲਾ ਰਹੇ ਹਨ। ਦਿਨ ਚੜ੍ਹਣ ਦੇ ਹੀ ਨਾਲ ਚੌਂਕੀ ‘ਤੇ ਆਵਾਜਾਈ ਵੱਧ ਗਈ ਸੀ ਕਿਉਂਕਿ ਫੌਜ ਦੀ ਕੰਪਨੀ ਪਹੁੰਚ ਗਈ ਸੀ ਤੇ ਕੈਪਟਨ ਸਾਹਿਬ ਉਨ੍ਹਾਂ ਨੂੰ ਬਾਰਡਰ ‘ਤੇ ਵੱਖ-ਵੱਖ ਥਾਵਾਂ ‘ਤੇ ਭੇਜ ਰਹੇ ਸਨ। ਇਹ ਸਭ ਕੁਝ ਬੰਕਰ ਵਿਚ ਬੈਠਾ ਵੇਖ ਰਿਹਾ ਸਾਂ ਤੇ ਸਿਪਾਹੀ ਮੈਨੂੰ ਦੱਸ, ਸਮਝਾ ਰਿਹਾ ਸੀ। ਵਿਚ-ਵਿਚ ਜਦੋਂ ਫਾਇਰਿੰਗ ਰੁਕਦੀ ਤਾਂ ਮਸ਼ੀਨ-ਗੰਨ ਬਾਰੇ, ਬੰਬਾ ਬਾਰੇ ਜਾਣਕਾਰੀ ਦੇਣ ਲੱਗਦਾ। ਸਾਰਾ ਦਿਨ ਕੁਝ ਇਸੇ ਤਰ੍ਹਾਂ ਬੀਤ ਗਿਆ ਤੇ ਇਸ ਦੌਰਾਨ ਇਕ ਦਰਮਿਆਨੇ ਜਹੇ ਕੱਦ ਦੇ ਬੰਦੇ ਨੂੰ ਬੜਾ ਸਰਗਰਮ ਵੇਖਿਆ। ਉਹ ਕਦੇ ਬੰਕਰ ਵਿਚ ਆ ਕੇ ਮੈਨੂੰ ਪੁੱਛਦਾ ਤੇ ਕਦੇ ਬਾਹਰ ਚਲੇ ਜਾਂਦਾ, ਕਿਸੇ ਨਾਲ ਗੱਲਾਂ ਕਰਦਾ ਤੇ ਫਿਰ ਆ ਜਾਂਦਾ। ਬਾਅਦ ਵਿਚ ਪਤਾ ਲੱਗਾ ਕਿ ਉਹ ਬੀ.ਐੱਸ.ਐਫ. ਦੀ ਇੰਟੈਲੀਜੇਨਸ ਦਾ ਅਫ਼ਸਰ ਸੀ ਤੇ ਮੁਕਤੀ ਵਾਹਣੀ ਦਾ ਭੇਸ ਧਾਰਿਆ ਹੋਇਆ ਸੀ। ਕੁਝ ਬੰਗਲਾ ਦੇਸ਼ੀ ਮੁਕਤੀ ਵਾਹਣੀ ਬਣ ਕੇ ਭਾਰਤ ਨਾਲ ਪਾਕਿਸਤਾਨ ਫੌਜ ਵਿਰੁੱਧ ਲੜ ਰਹੇ ਹਨ। ਉਸ ਰਾਤ ਭਾਜੀ ਨੇ ਉਨ੍ਹਾਂ ਨਾਲ ਰਹਿਣ ਲਈ ਹੀ ਭੇਜ ਦਿੱਤਾ। ਉਹ ਬਾਰਡਰ ‘ਤੇ ਇਕ ਪਾਸੇ ਬਣੇ ਘਰ ਵਿਚ ਠਹਿਰੇ ਹੋਏ ਸਨ।
ਰਾਤ ਉਨ੍ਹਾਂ ਨਾਲ ਠਹਿਰਿਆ। ਕੋਈ ਅੱਧੀ ਰਾਤ ਪਿਸ਼ਾਬ ਕਰਨ ਬਾਹਰ ਗਿਆ। ਵਾਪਸ ਆਇਆ ਤਾਂ ਨੇੜਿਉਂ ਹੀ ਬੰਬ ਦੀ ਆਵਾਜ਼ ਆਈ। ਰੌਲਾ ਜਿਹਾ ਪੈ ਗਿਆ ਤੇ ਮੈਂ ਹੈਰਾਨ ਹੋ ਗਿਆ, ਇਹ ਸੋਚ ਕੇ ਕਿ ਕੋਈ ਬੰਬ ਦੀ ਲਪੇਟ ਵਿਚ ਆ ਗਿਆ ਹੈ। ਸਵੇਰੇ ਉੱਠਿਆ ਤਾਂ ਸਭ ਨੂੰ ਆਪਣੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦਿਆਂ ਵੇਖਿਆ ਤਾਂ ਸੋਚੀਂ ਪੈ ਗਿਆ। ਤੇਜ਼ੀ ਨਾਲ ਇੰਟੈਲੀਜੇਨਸ ਅਧਿਕਾਰੀ ਨੂੰ ਆਪਣੇ ਵੱਲ ਆਉਂਦਿਆਂ ਤੇ ਧਿਆਨ ਨਾਲ ਵੇਖਦਿਆਂ ਮਹਿਸੂਸ ਕੀਤਾ। ਉਸ ਦੀਆਂ ਅੱਖਾਂ ਵਿਚ ਇਕ ਸ਼ੱਕ ਜਿਹੇ ਦਾ ਭਾਵ ਵੀ ਸੀ। ਮੈਨੂੰ ਪਰੇ ਲਿਜਾ ਕੇ ਰਾਤ ਵਾਲੀ ਘਟਨਾ ਬਾਰੇ ਜਾਣਨ ਲੱਗਾ ਕਿ ਪਿਸ਼ਾਬ ਕਰਨ ਕਿੱਥੇ ਗਿਆ ਸੀ, ਬੰਬ ਕਿੱਥੇ ਡਿੱਗਾ ਸੀ ਵਗ਼ੈਰਾ-ਵਗ਼ੈਰਾ। ਫਿਰ ਉਹ ਉੱਥੇ ਠਹਿਰੇ ਮੁਕਤੀ ਵਾਹਣੀ ਵਾਲਿਆਂ ਨਾਲ ਗੱਲਾਂ ਕਰਣ ਲੱਗਾ ਤੇ ਅਖ਼ੀਰ ਇਕ ਜਣੇ ਨੂੰ ਨਾਲ ਲੈ ਕੇ ਬਾਰਡਰ ਵੱਲ ਤੁਰ ਪਿਆ। ਸ਼ਾਮ ਭਾਜੀ ਨੇ ਮੈਨੂੰ ਬੀ.ਓ.ਪੀ. ਵਿਚ ਸੱਦਿਆ ਤੇ ਰਾਤ ਉੱਥੇ ਹੀ ਰਹਿਣ ਨੂੰ ਕਿਹਾ। ਦੇਰ ਸ਼ਾਮ ਗੋਲੀ-ਬਾਰੀ ਕੁਝ ਜ਼ਿਆਦਾ ਹੀ ਤੇਜ਼ ਹੋਣ ਲੱਗੀ ਜੋ ਦੇਰ ਰਾਤ ਤੱਕ ਚੱਲਦੀ ਰਹੀ। ਉਸ ਰਾਤ ਮੈਂ ਸਿਪਾਹੀਆਂ ਨਾਲ ਪੈਟਰੋਲਿੰਗ ਲਈ ਚਲੇ ਗਿਆ। ਪੈਟਰੋਲਿੰਗ ਕਿਸ਼ਤੀ ‘ਤੇ ਇਕ ਨਦੀ ਵਿਚ ਸੀ ਤੇ ਉਹ ਇਲਾਕਾ ਵੀ ਕੁਝ ਸ਼ਾਂਤ ਹੀ ਸੀ। ਗਸ਼ਤ ਇਸ ਲਈ ਕਿ ਉਧਰ ਸਰਹੱਦ ਨਦੀ ਦੇ ਵਿਚਕਾਰ ਪੈਂਦੀ ਸੀ। ਸਿਪਾਹੀ ਮੈਨੂੰ ਉਸ ਇਲਾਕੇ ਬਾਰੇ ਦੱਸਦੇ ਰਹੇ ਤੇ ਵਿਖਾਉਂਦੇ ਰਹੇ। ਤੜਕੇ ਵੇਲੇ ਵਾਪਿਸ ਮੁੜ ਪਏ। ਜਦ ਬੀ ਓ.ਪੀ. ਪਹੁੰਚੇ ਤਾਂ ਇਕ ਅਜੀਬ ਜਿਹਾ ਸੰਨਾਟਾ ਪਸਰਿਆ ਹੋਇਆ ਸੀ। ਮੇਰੇ ਨਾਲ ਗਏ ਸਿਪਾਹੀ ਕੁਝ ਮੁਸਕਰਾ ਰਹੇ ਮਹਿਸੂਸ ਹੋਏ ਤੇ ਮੈਨੂੰ ਨਾਸ਼ਤੇ ਲਈ ਨਾਲ ਹੀ ਲੈ ਗਏ। ਉੱਥੇ ਗੱਲਾਂ-ਗੱਲਾਂ ਵਿਚ ਪਤਾ ਲੱਗਾ ਕਿ ਮੇਰੇ ਲਾਗੇ ਫਟੇ ਦੋਵੇਂ ਬੰਬ ਦਰਅਸਲ ਮੇਰੇ ‘ਤੇ ਹੀ ਹੱਮਲਾ ਸਨ ਤੇ ਖ਼ਤਮ ਕਰਨ ਦੀ ਸਾਜ਼ਿਸ਼ ਹੀ ਸੀ। ਫਿਰ ਇਹ ਵੀ ਪਤਾ ਲੱਗਾ ਕਿ ਇਕ ਪਾਕਿਸਤਾਨੀ ਫੌਜ ਦਾ ਸਿਪਾਹੀ ਮੁਕਤੀ ਵਾਹਣੀ ਬਣ ਕੇ ਉਨ੍ਹਾਂ ਵਿਚ ਹੀ ਸ਼ਾਮਿਲ ਸੀ, ਜਿੱਥੇ ਮੈਂ ਰਾਤ ਠਹਿਰਿਆ ਸੀ। ਉਹੀ ਪਾਕ ਫੌਜ ਨੂੰ ਮੇਰੇ ਬਾਰੇ ਤੇ ਭਾਜੀ ਬਾਰੇ ਗੁਪਤ ਸੂਚਨਾ ਦੇ ਰਿਹਾ ਸੀ ਤੇ ਉਸ ਨੂੰ ਉਸ ਇੰਟੈਲੀਜੇਨਸ ਅਫ਼ਸਰ ਨੇ ਲੱਭ ਲਿਆ ਸੀ। ਉਸੇ ਨੂੰ ਨਾਲ ਲੈ ਕੱਲ੍ਹ ਬਾਰਡਰ ਵੱਲ ਲੈ ਗਿਆ ਸੀ ਕਿ ਹੋਰ ਜਾਂਚ-ਪੜਤਾਲ ਹੋ ਸਕੇ। ਬਾਰਡਰ ‘ਤੇ ਬਣੇ ਬੰਕਰ ਵਿਚ ਭਾਅ ਜੀ ਨੇ ਗਰਮ ਸੰਗਲਾਂ ਨਾਲ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਉਸੇ ਮਾਰ-ਕੁੱਟ ਵਿਚ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਯੋਜਨਾ ਦਾ ਪਤਾ ਲੱਗਾ ਕਿ ਚੌਂਕੀ ਸਾਹਮਣੇ ਪੈਂਦੇ ਸਕੂਲ ਵਿਚ ਠਹਿਰੀ ਫੌਜ, ਪਿੱਛੋਂ ਸੁਨੇਹਾ ਮਿਲਦਿਆਂ ਹੀ ਬੀ.ਓ.ਪੀ.’ਤੇ ਹੱਮਲਾ ਕਰਨ ਵਾਲੀ ਹੈ। ਇੰਨਾ ਪਤਾ ਲੱਗਦਿਆਂ ਹੀ ਸਕੂਲ ਦੀ ਇਮਾਰਤ ‘ਤੇ ਅਟੈਕ ਕਰ ਦਿੱਤਾ ਤੇ ਸਕੂਲ ਨੂੰ ਖ਼ਾਲੀ ਕਰਵਾ ਕੇ ਆਪ ਕਬਜ਼ਾ ਕਰ ਲਿਆ ਸੀ। ਅਗਲੇ ਦਿਨ ਮੈਂ ਵੀ ਸਕੂਲ਼ ਵੇਖਣ ਭਾਜੀ ਨਾਲ ਚਲੇ ਗਿਆ ਸੀ। ਸਕੂਲ ਦਾ ਢਾਂਚਾ ਵਧੀਆ ਤੇ ਪੱਕਾ ਬਣਿਆ ਹੋਇਆ ਸੀ ਤੇ ਸਮਾਨ ਸਾਰਾ ਵਿਦੇਸ਼ੀ ਹੀ ਸੀ। ਮੈਂ ਵੇਖ ਕੇ ਹੈਰਾਨ ਹੋ ਰਿਹਾ ਸੀ ਕਿ ਮਾਚਿਸ ਦੀ ਡੱਬੀ, ਰੱਬੜ, ਪੈਂਸਿਲ ਤੱਕ ਵਿਦੇਸ਼ੀ ਸਨ। ਉੱਥੋਂ ਫੌਜ ਤੇ ਬੀ.ਐੱਸ.ਐਫ. ਨੇ ਮਿਲ ਕੇ ਪਾਕਿਸਤਾਨੀ ਫੌਜ ਨੂੰ ਪਛਾੜ ਕੇ ਬਹੁਤ ਪਿੱਛੇ ਤੱਕ ਧੱਕ ਦਿੱਤਾ ਸੀ। ਉਸ ਦਿਨ ਉਹ ਇਲਾਕਾ ਬਹੁਤ ਸ਼ਾਂਤ ਸੀ ਤੇ ਫਾਇਰਿੰਗ ਦੀ ਕੋਈ ਅਵਾਜ਼ ਨਹੀਂ ਸੀ। ਬੰਗਾਲ ਦੇ ਪਿੰਡ ਵਿਚੋਂ ਬੜੀਆਂ ਕਟਹਲ ਇਕੱਠੀਆਂ ਕਰਕੇ ਨਾਲ ਲਿਆਇਆ ਤੇ ਸਬਜ਼ੀ ਬਣਵਾ ਖ਼ੂਬ ਖਾਧੀਆਂ ਤੇ ਨਾਲ ਲੈ ਜਾਣ ਲਈ ਅਚਾਰ ਪਵਾਇਆ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Tags:
Leave a Reply