ਆਪਣੀ ਬੋਲੀ, ਆਪਣਾ ਮਾਣ

ਪੁਸਤਕ ਸਮੀਖਿਆ । ਪੰਜਾਬ ਦੀ ਇਤਿਹਾਸਕ ਗਾਥਾ । ਰਾਜਪਾਲ ਸਿੰਘ

ਅੱਖਰ ਵੱਡੇ ਕਰੋ+=
ਪੰਜਾਬ ਦੀ ਇਤਿਹਾਸਕ ਗਾਥਾ (1849-2000) (ਇਤਿਹਾਸ)
ਲੇਖਕ : ਰਾਜਪਾਲ ਸਿੰਘ
ਸਫੇ: 205, ਮੁੱਲ:150 ਰੁਪਏ
ਪ੍ਰਕਾਸ਼ਕ ਪੀਪਲਜ਼ ਫੋਰਮ, ਬਰਗਾੜੀ, ਪੰਜਾਬ

ਇਤਿਹਾਸ ਕੀ ਹੈ? ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਬੀਤੇ ਦਾ ਵਸਤੂਪਰਕ (objective) ਨਿਰੀਖਣ ਹੈ। ਅਗਲਾ ਸਵਾਲ ਇਹ ਹੈ ਕਿ ਕਿਸੇ ਨੂੰ ਇਹ ਨਿਰੀਖਣ ਕਰਨ ਦੀ ਅਤੇ ਹੋਰਾਂ ਨੂੰ ਇਹ ਪੜ੍ਹਨ ਦੀ ਲੋੜ ਕਿਉਂ ਹੈ? ਇਸ ਦਾ ਜਵਾਬ ਸਿੱਧਾ ਜਿਹਾ ਹੈ – ਕਿਉਂਕਿ ਸਾਡਾ ਵਰਤਮਾਨ ਸਾਡੇ ਭੂਤਕਾਲ ਵਿੱਚ ਬੀਜੇ ਹੋਏ ਦੀ ਫ਼ਸਲ ਹੀ ਹੈ। ਭੂਤਕਾਲ ਨੂੰ ਠੀਕ ਠੀਕ ਸਮਝੇ ਬਿਨਾਂ ਵਰਤਮਾਨ ਨੂੰ ਸਮਝਣਾ ਅਸੰਭਵ ਹੈ। ਅਸੀਂ ਭੂਤਕਾਲ ਵਿੱਚ ਕੀਤੀਆਂ ਗਲਤੀਆਂ ਦੇ ਨਤੀਜਿਆਂ ਤੋਂ ਭਵਿੱਖ ਵਿੱਚ ਸੁਚੇਤ ਹੋ ਸਕਦੇ ਹਾਂ। ਪਰ ਇਹ ਸਾਰਾ ਸਿਲਸਿਲਾ ਇੰਨਾ ਸੌਖਾ ਨਹੀਂ ਹੈ ਜਿੰਨਾ ਪਹਿਲੀ ਨਜ਼ਰੇ ਲਗਦਾ ਹੈ। 
book review punjab di itihasik gatha rajpal singh
ਸਭ ਤੋਂ ਪਹਿਲੇ ਤਾਂ ਘਟਨਾਵਾਂ ਦਾ ਬੇਲਾਗ ਵਿਸ਼ਲੇਸ਼ਣ ਹੀ ਮੁਸ਼ਕਿਲ ਹੈ ਖਾਸ ਤੌਰ ‘ਤੇ ਜੇਕਰ ਉਹ ਤੁਹਾਡੇ ਆਪਣੇ ਧਰਮ, ਕੌਮ ਜਾਂ ਦੇਸ਼ ਨਾਲ ਸਬੰਧਿਤ ਹੋਣ। ਕਿਉਂਕਿ ਬਹੁਤੇ ਲੋਕਾਂ ਦੇ ਕਿਸੇ ਨਾ ਕਿਸੇ ਰੰਗ ਦਾ ਚਸ਼ਮਾ ਲੱਗਿਆ ਹੁੰਦਾ ਹੈ ਜਿਸ ਬਾਰੇ ਉਹ ਆਪ ਵੀ ਸੁਚੇਤ ਨਹੀਂ ਹੁੰਦਾ ਪਰ ਇਸ ਕਾਰਣ ਉਸ ਨੂੰ ਦੁਨੀਆਂ ਉਸੇ ਰੰਗ ਦੀ ਦਿਸਦੀ ਹੈ ਜਿਸ ਰੰਗ ਦੇ ਉਸਦੇ ਚਸ਼ਮੇ ਦੇ ਸ਼ੀਸੇ ਹਨ। ਪੰਜਾਬ ਦਾ ਸੋਹਲਵੀਂ ਤੋਂ ਅਠਾਹਰਵੀਂ ਸਦੀ ਤੱਕ ਦਾ ਤਿੰਨ ਸੌ ਸਾਲ ਦਾ ਇਤਿਹਾਸ ਪੜ੍ਹ ਕੇ ਲਗਦਾ ਹੈ ਕਿ ਇਤਿਹਾਸ ਮਾਤਰ ਧਰਮਾਂ ਦੀ ਲੜਾਈ ਤੀਕ ਹੀ ਸੀਮਿਤ ਹੁੰਦਾ ਹੈ। ਬਸ ਮੁਸਲਿਮ ਬਾਦਸ਼ਾਹ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਲੱਗੇ ਰਹਿੰਦੇ ਸਨ ਅਤੇ ਅਜੇਹਾ ਨਾ ਕਰਨ ਤੇ ਸ਼ਹੀਦ ਕਰ ਦਿੰਦੇ ਸੀ। ਪੰਜਾਬ ਵਿੱਚ ਇਨ੍ਹਾਂ ਤਿੰਨ ਸੌ ਸਾਲਾਂ ਦੌਰਾਨ ਇਹੋ ਕੁਝ ਨਹੀਂ ਵਾਪਰਿਆ, ਹੋਰ ਵੀ ਬਹੁਤ ਕੁਝ ਸੀ ਜਿਸ ਬਾਰੇ ਕਦੇ ਕੁਝ ਨਹੀਂ ਲਿਖਿਆ ਜਾਂਦਾ। ਪੰਜਾਬ ਦੇ ਸਤਾਹਰਵੀਂ ਸਦੀ ਦੇ ਇਤਿਹਾਸ ਦਾ ਬੇਹਤਰੀਨ ਨਮੂਨਾ ਡਾਕਟਰ ਚੇਤਨ ਸਿੰਘ ਦੀ ਕਿਤਾਬ ਰੀਜਨ ਐਂਡ ਐੰਪਾਇਰ: ਪੰਜਾਬ ਇਨ ਦਾ ਸੈਵਨਟੀਨਥ ਸੈਂਚਰੀ (ਆਕਸਫੌਰਡ, 1999) ਪੜ੍ਹ ਕੇ ਵੇਖੋ, ਪਤਾ ਲੱਗੇਗਾ ਕਿ ਇਤਿਹਾਸ ਹੁੰਦਾ ਕੀ ਹੈ।
ਆਮਤੌਰ ਤੇ ਇਤਿਹਾਸਕਾਰ ਉਸ ਸਾਰੇ ਕੁਝ ਦਾ ਚਸ਼ਮਦੀਦ ਗਵਾਹ ਨਹੀਂ ਹੁੰਦਾ ਜਿਸ ਸਾਰੇ ਘਟਨਾਕ੍ਰਮ ਦਾ ਨਿਰੀਖਣ ਉਹ ਕਰ ਰਿਹਾ ਹੁੰਦਾ ਹੈ। ਇਸ ਲਈ ਉਸਨੂੰ ਹੋਰ ਸੋਮਿਆਂ ਤੋਂ ਤੱਥਾਂ ਨੂੰ ਜਾਨਣ ਦੀ ਲੋੜ ਪੈਂਦੀ ਹੈ। ਪੱਖਪਾਤੀ ਇਤਿਹਾਸਕਾਰ ਪਹਿਲੀ ਬੇਈਮਾਨੀ ਇਸ ਕਦਮ ਤੇ ਕਰਦਾ ਹੈ। ਉਹ ਸਿਰਫ਼ ਉਨ੍ਹਾਂ ਸੋਮਿਆਂ ਨੂੰ ਆਪਣਾ ਅਧਾਰ ਬਣਾਉਂਦਾ ਹੈ ਜੋ ਉਸ ਦੀ ਪੂਰਵ ਧਾਰਣਾਵਾਂ ਦੇ ਮੁਤਾਬਿਕ ਹੁੰਦੇ ਹਨ ਬਾਕੀਆਂ ਨੂੰ ਉਹ ਜਾਣ-ਬੁਝ ਕੇ ਅੱਖੋਂ ਪਰੋਖੇ ਕਰ ਦਿੰਦਾ ਹੈ। ਨਾਲੇ ਤੱਥ ਆਪਣੇ ਆਪ ਨਹੀਂ ਬੋਲਦੇ ਹੁੰਦੇ। ਬ੍ਰਿਟਿਸ਼ ਇਤਿਹਾਸਕਾਰ ਈ.ਐੱਚ. ਕਾਰ (1892-1982) ਮੁਤਾਬਿਕ ਤੱਥ ਤਾਂ ਮੱਛੀ-ਫਰੋਸ਼ ਦੀ ਸਿਲ ਤੇ ਪਈਆਂ ਮੱਛੀਆਂ ਵਾਂਙ ਹਨ। ਇਤਿਹਾਸਕਾਰ ਇਨ੍ਹਾਂ ਨੂੰ ਲੈ ਜਾਂਦਾ ਹੈ, ਜਿਵੇਂ ਉਸਨੂੰ ਭਾਉਂਦਾ ਹੈ ਉਵੇਂ ਪਕਾਉਂਦਾ ਹੈ ਅਤੇ ਤੁਹਾਨੂੰ ਪਰੋਸਦਾ ਹੈ। ਮਤਲਬ ਕਿ ਚੰਗੀ ਮੱਛੀ ਦੀ ਮਾੜੀ ਡਿਸ਼ ਵੀ ਬਣਾ ਸਕਦਾ ਹੈ ਅਤੇ ਚੰਗੀ ਵੀ। ਕਈ ਵਾਰ ਤਾਂ ਉਸ ਨੂੰ ਚੰਗੀ ਡਿਸ਼ ਬਣਾਉਣੀ ਆਉਂਦੀ ਹੀ ਨਹੀਂ ਹੁੰਦੀ, ਉਸ ਦੀ ਸਮਝ ਹੀ ਸੰਕੁਚਿਤ ਹੁੰਦੀ ਹੈ ਪਰ ਕਈ ਵਾਰ ਉਹ ਆਪਣੇ ਫਾਇਦੇ ਲਈ ਜਾਣ-ਬੁਝ ਕੇ ਅਜੇਹੀ ਬਣਾਉਂਦਾ ਹੈ ਕਿ ਆਪਣੇ ਵਰਗੀ ਸਮਝ ਦੇ ਲੋਕਾਂ ਤੋਂ ਚਾੱਲੂ ਜਿਹੀ ਕਿਸਮ ਦੀ ਬੱਲੇ ਬੱਲੇ ਕਰਵਾ ਲਵੇ। ਅਜੇਹੇ ਇਤਿਹਾਸ ਅਸੀਂ ਆਪ ਪੜ੍ਹਕੇ ਆਪ ਹੀ ਖੁਸ਼ ਹੁੰਦੇ ਰਹਿੰਦੇ ਹਾਂ। ਇਹ ਵਰਤਾਰਾ ਦੁਨੀਆਂ ਭਰ ਦੇ ਇਤਿਹਾਸ ਲੇਖਨ ਵਿੱਚ ਹੁੰਦਾ ਹੈ ਪਰ ਸਾਡੇ ਮੁਲਕ ਅਤੇ ਪੰਜਾਬ ਵਿੱਚ ਕੁਝ ਜਿਆਦਾ ਹੀ ਹੈ। ਪੰਜਾਬ ਦੇ ਵੱਡੇ ਤੋਂ ਵੱਡੇ ਇਤਿਹਾਸਕਾਰ ਇਸ ਕਮਜੋਰੀ ਦਾ ਸ਼ਿਕਾਰ ਹਨ। ਜੇਕਰ ਡਬਲਯੂ. ਐੱਚ ਮੈਕਲਾਉਡ, ਹਰਜੋਤ ਉਬਰਾਏ, ਪਸ਼ੌਰਾ ਸਿੰਘ, ਗੁਰਿੰਦਰ ਸਿਘ ਮਾਨ ਵਰਗੇ ਵਿਦਵਾਨਾਂ ਨੇ ਕਦੇ-ਕਦਾਈਂ ਪੰਜਾਬ ਦੇ ਇਤਿਹਾਸ ਦਾ ਸਹੀ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਨ੍ਹਾਂ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਧਮਕੀਆਂ ਦੇਣ ਵਾਲੇ ਆਮ ਤੌਰ ਤੇ ਉਹ ਲੋਕ ਹੁੰਦੇ ਹਨ ਜੋ ਮਾਤਰ ਢਾਡੀ-ਗਾਇਨ ਨੂੰ ਇਤਿਹਾਸ ਸਮਝਦੇ ਹਨ।
ਅਜੇਹੇ ਹਾਲਾਤ ਵਿੱਚ ਪੰਜਾਬ ਦੇ ਇਤਿਹਾਸ ਨੂੰ ਛੋਹਣਾ ਕਿਸੇ ਜਬ੍ਹੇ ਵਾਲੇ ਬੰਦੇ ਦਾ ਹੀ ਕੰਮ ਹੋ ਸਕਦਾ ਹੈ ਅਤੇ ਇਹ ਕੰਮ ਹੁਣ ਕਿਤਾਬ “ਪੰਜਾਬ ਦੀ ਇਤਿਹਾਸਿਕ ਗਾਥਾ” ਲਿਖ ਕੇ ਰਾਜਪਾਲ ਸਿੰਘ ਨੇ ਕੀਤਾ ਹੈ। ਭਾਵੇਂ ਰਾਜਪਾਲ ਸਿੰਘ ਪ੍ਰੌਫੈਸ਼ਨਲ ਇਤਿਹਾਸਕਾਰ ਨਹੀਂ ਪਰ ਉਸਨੇ ਇਹ ਕਿਤਾਬ ਤਥਾਕਥਿਤ ‘ਪ੍ਰੌਫੈਸ਼ਨਲ ਇਤਿਹਾਸਕਾਰਾਂ’ ਨਾਲੋਂ ਬੇਹਤਰ ਲਿਖੀ ਹੈ। ਇਹ ਪਹਿਲੀ ਕਿਤਾਬ ਹੈ ਜੋ ਪਿਛਲੇ ਡੇਢ ਸੌ ਸਾਲ ਦੇ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਦੀ ਬਿਲਕੁਲ ਔਬਜੈਕਟਿਵ ਹੋ ਕੇ ਪੜਚੋਲ ਕਰਦੀ ਹੈ। 
ਇਸ ਕਿਤਾਬ ਵਿੱਚ ਪੰਜਾਬ ਦੀ ਇਤਿਹਾਸਿਕ ਗਾਥਾ ਦੀ ਸ਼ੁਰੂਆਤ 1849 ਤੋਂ ਹੁੰਦੀ ਹੈ ਜਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਮਹਾਰਾਜਾ ਰਣਜੀਤ ਸਿੰਘ ਰਾਹੀਂ ਸਥਾਪਿਤ ਕੀਤੇ ਹੋਏ ਵਿਸ਼ਾਲ ਰਾਜ ਨੂੰ ਉਸ ਦੀ ਮੌਤ ਦੇ ਇੱਕ ਦਹਾਕੇ ਬਾਅਦ ਹੀ ਪੂਰੀ ਤਰਾਂ ਆਪਣੇ ਅਧੀਨ ਕਰ ਲਿਆ। ਕਿਤਾਬ ਦਾ ਪਾਠ ਪੱਚੀ ਛੋਟੇ-ਛੋਟੇ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇੱਥੇ ਹਰ ਚੈਪਟਰ ਦਾ ਵੱਖ-ਵੱਖ ਵੇਰਵਾ ਦੇਣਾ ਸੰਭਵ ਨਹੀਂ ਹੈ ਸੋ ਅਸੀਂ ਉਦਾਹਰਣ ਲਈ ਕੁਝ ‘ਕੁ ਘਟਨਾਵਾਂ ਬਾਰੇ ਹੀ ਗੱਲ ਕਰਾਂਗੇ।
ਵੱਡੀਆਂ ਘਟਨਾਵਾਂ ਦੇ ਇੱਕ-ਅੱਧੇ ਨਹੀਂ ਸਗੋਂ ਅਨੇਕ ਕਾਰਣ ਹੁੰਦੇ ਹਨ। ਇਨ੍ਹਾ ਕਾਰਣਾਂ ਦਾ ਸਹੀ ਵਿਸ਼ਲੇਸ਼ਣ ਕਰਨਾ ਹੀ ਇਤਿਹਾਸਕਾਰ ਦੀ ਸੂਝ ਅਤੇ ਨਿਰਪੱਖਤਾ ਦਾ ਪ੍ਰਤੀਕ ਹੁੰਦੀ ਹੈ। ਪਰ ਅਸੀਂ ਹੁਣ ਤੀਕ ਅੰਗ੍ਰੇਜਾਂ ਹੱਥੋਂ ਖਾਲਸਾ ਫੌਜ ਦੀ ਹਾਰ ਦੇ ਕਾਰਣਾਂ ਦਾ ਹੀ ਸਹੀ ਵਿਸ਼ਲੇਸ਼ਣ ਨਹੀਂ ਕਰ ਸਕੇ। ਕਦੇ ਇਸ ਦੀ ਜਿੰਮੇਵਾਰੀ ਲਾਲ ਸਿੰਘ ਅਤੇ ਤੇਜ ਸਿੰਘ ਦੀ ਗੱਦਾਰੀ ‘ਤੇ ਪਾਉਂਦੇ ਹਾਂ, ਕਦੇ ਡੋਗਰਿਆਂ ‘ਤੇ। ਜਦਕਿ ਖਾਲਸਾ ਫੌਜ ਨੂੰ ਅੰਗ੍ਰੇਜਾਂ ਨਾਲ ਟਕਰਾਉਣ ਵਿੱਚ ਰਾਣੀ ਜਿੰਦਾ ਦਾ ਵੀ ਮੁੱਖ ਰੋਲ ਸੀ ਜੋ ਖਾਲਸਾ ਫੌਜ ਤੋਂ ਸਤੀ ਹੋਈ ਸੀ। ਖਾਲਸਾ ਫੌਜ, ਜਿਸਨੇ ਰਾਣੀ ਜਿੰਦਾਂ ਦੀਆਂ ਅੱਖਾਂ ਸਾਹਮਣੇ ਉਸ ਦੇ ਭਰਾ ਜਵਾਹਰ ਸਿੰਘ ਨੂੰ ਕਤਲ ਕਰ ਦਿੱਤਾ ਸੀ। ਰਾਣੀ ਉੱਥੋਂ ਖਾਲਸਾ ਫੌਜ ਨੂੰ ਇਹ ਧਮਕੀ ਦੇ ਕੇ ਚੀਕਦੀ ਭੱਜੀ ਸੀ ਕਿ ਉਹ ਦਲੀਪ ਸਿੰਘ ਦੇ ਨਾਲ ਆਪਣੇ ਆਪ ਨੂੰ ਅੱਗ ਹਵਾਲੇ ਕਰ ਦੇਵੇਗੀ। ਖੁਸ਼ਵੰਤ ਸਿੰਘ ਮੁਤਾਬਿਕ ਰਾਣੀ ਜਿੰਦਾਂ, ਮੁੱਖ-ਮੰਤਰੀ ਰਾਜਾ ਲਾਲ ਸਿੰਘ, ਸਿੱਖ ਫੌਜਾਂ ਦਾ ਮੁੱਖ ਕਮਾਂਡਰ ਤੇਜ ਸਿੰਘ ਅਤੇ ਹੋਰ ਅਨੇਕਾਂ ਸਿੱਖ ਅਤੇ ਡੋਗਰੇ ਪੰਜਾਬ ਈਸਟ ਇੰਡੀਆ ਕੰਪਨੀ ਨੂੰ ਸੌਂਪਣ ਲਈ ਅੰਦਰਖਾਤੇ ਗੱਲ ਚਲਾ ਰਹੇ ਸਨ ਸਿਰਫ਼ ਇਸ ਸ਼ਰਤ ਤੇ ਕਿ ਉਨ੍ਹਾਂ ਦੀਆਂ ਜਾਨਾਂ ਅਤੇ ਜਾਗੀਰਾਂ ਸੁਰਖਿਅਤ ਰਹਿ ਜਾਣ। 
ਲੜਾਈਆਂ ਵਿੱਚ ਜਿੱਤ-ਹਾਰ ਦਾ ਫੈਸਲਾ ਬਹੁਤਾ ਕਰਕੇ ਬੇਹਤਰ ਤਕਨਾਲੋਜੀ ਅਤੇ ਯੋਜਨਾਬੰਦੀ ਕਰਦੀ ਹੈ ਅਤੇ ਇਸ ਪੱਖੋਂ ਖਾਲਸਾ ਫੌਜ ਅੰਗ੍ਰੇਜ ਫੌਜ ਦੇ ਪਾਸਕੂ ਵੀ ਨਹੀਂ ਸੀ। ਪ੍ਰੌਫੈਸਰ ਸੁਰਜੀਤ ਹਾਂਸ ਹੋਰਾਂ ਦੇ ਸ਼ਬਦਾਂ ਵਿੱਚ “ਸਮਝ-ਸਿਖਲਾਈ-ਬੁੱਧ ਦੀ ਸਮਾਜ-ਵਿਗਿਆਨਿਕ ਕੰਧ ਹੁੰਦੀ ਹੈ, ਜਿਹੜੀ ਸਮਕਾਲੀ ਪੰਜਾਬੀ ਲੰਘ ਨਾ ਸਕੇ। ਉਨ੍ਹਾਂ ਨੂੰ ਇਸ ਦੀ ਲੋੜ ਪ੍ਰਤੱਖ ਨਜ਼ਰ ਨਹੀਂ ਆਉਂਦੀ ਸੀ।“ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਹੀ ਇਲਾਕੇ ਦੇ ਜੁਗਰਾਫੀਏ ਦਾ ਹੀ ਬਹੁਤਾ ਗਿਆਨ ਨਹੀਂ ਸੀ। ਪ੍ਰੌਫੈਸਰ ਹਾਂਸ ਮੁਤਾਬਿਕ “ਜੇ [ਮਹਾਰਾਜਾ ਰਣਜੀਤ ਸਿੰਘ ਨੇ] ਕਸ਼ਮੀਰ ਤੇ ਹਮਲਾ ਕਰਨਾ ਹੁੰਦਾ ਸੀ ਤਾਂ ਰਾਜੌਰੀ ਦੇ ਨਵਾਬ ਨੂੰ ਕਾਬੂ ਕਰਨਾ ਪੈਂਦਾ ਸੀ ਤਾਂ ਜੋ ਰਾਹ ਦਾ ਪਤਾ ਲੱਗ ਸਕੇ…. ਬੰਨੂੰ ਨੂੰ ਸਿੱਧੇ ਰਾਹ ਦਾ ਪਤਾ ਅੰਗ੍ਰੇਜ ਦੇ ਕਬਜੇ ਮਗਰੋਂ ਪਤਾ ਲੱਗਿਆ, ਸਿੱਖ ਫੌਜ ਲਮੇਰੇ ਰਾਹ ਹੀ ਜਾਂਦੀ ਰਹੀ।“ ਇਸ ਦੇ ਮੁਕਾਬਲੇ ਵਿੱਚ ਯੂਰਪ ਨੇ ਪੰਦਰਹਵੀਂ ਸਦੀ ਤੋਂ ਹੀ ਦੁਨੀਆਂ ਦਾ ਨਕਸ਼ਾ ਸਮਝਣ ਦੇ ਜਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਪੰਜਾਬੀ ਲੜਕੇ ਮਰਣਾ ਤਾਂ ਜਾਣਦੇ ਹਨ ਪਰ ਬੇਸਮਝੀ ਕਾਰਣ ਬੇਮੇਚ ਲੜਾਈ ਵਿੱਚ ਉਲਝ ਕੇ ਮਰ ਜਾਣ ਨੂੰ ਭਾਵੇਂ ਸ਼ਹੀਦੀ ਕਹਿ ਲਵੋ ਭਾਵੇਂ ਖੁਦਕੁਸ਼ੀ, ਕੋਈ ਫ਼ਰਕ ਨਹੀਂ ਪੈਂਦਾ। ਇਤਿਹਾਸ ਆਪਣਾ ਫੈਸਲਾ ਕਰ ਚੁੱਕਿਆ ਹੁੰਦਾ ਹੈ। 
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਇਤਿਹਾਸਕਾਰ ਮਹਾਰਾਜਾ ਦਲੀਪ ਸਿੰਘ ਨੂੰ ਹੀਰੋ ਬਣਾਉਣ ਤੇ ਤੁਲੇ ਹੋਏ ਹਨ ਪਰ ਉਸ ਦੀ ਅਸਲੀਅਤ ਕਿਤਾਬ ਦੇ ਅਗਲੇ ਚੈਪਟਰ ਦੇ ਸਿਰਲੇਖ “ਆਖਰੀ ਮਹਾਰਾਜੇ ਦੀ ਮਕਸਦ ਵਿਹੂਣੀ ਜਿੰਦਗੀ” ਤੋਂ ਹੀ ਸਪਸ਼ਟ ਹੋ ਜਾਂਦੀ ਹੈ। ਉਸ ਵਿੱਚ ਉਹ ਸਾਰੀਆਂ ਕਮਜੋਰੀਆਂ ਸਨ ਜੋ ਸ਼ਾਹੀ ਲੋਕਾਂ ਵਿੱਚ ਹੁੰਦੀਆਂ ਹਨ। ਉਹ ਆਪਣੀ ਮਰਜੀ ਨਾਲ ਇਸਾਈ ਬਣਿਆ ਅਤੇ ਇੰਗਲੈਂਡ ਚਲਿਆ ਗਿਆ। ਮਲਕਾ ਨੇ ਉਸਨੂੰ ਯੂਰਪੀ ਰਾਜਕੁਮਾਰਾਂ ਦੇ ਬਰਾਬਰ ਦਰਜਾ ਦਿੱਤਾ। ਆਪਣੇ ਵਿੱਤ ਅਤੇ ਜਰੂਰਤ ਤੋਂ ਵੱਧ ਖਰਚ ਕਰਨ ਕਾਰਣ ਕਰਜਾਈ ਹੋ ਗਿਆ। ਬ੍ਰਿਟਿਸ਼ ਸਰਕਾਰ ਤੋਂ ਆਪਣਾ ਭੱਤਾ ਵਧਵਾਉਣ ਲਈ ਸਿੱਖਾਂ ਵਿੱਚ ਬਗਾਵਤ ਭੜਕਾਉਣ ਦਾ ਡਰਾਵਾ ਦੇਣ ਲੱਗਾ। ਪਰ ਅੰਗ੍ਰੇਜਾਂ ਨੂੰ ਪਤਾ ਸੀ ਕਿ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ, ਇਸ ਲਈ ਉਨ੍ਹਾਂ ਨੇ ਉਸ ਵੱਲ ਕੋਈ ਤਵੱਜੋ ਨਾਂ ਦਿੱਤੀ ਭਾਵੇਂ ਕਿ ਇੰਗਲੈਡ ਦੀ ਮਹਾਰਾਣੀ ਸਦਾ ਉਸ ਦੀ ਤਰਫ਼ਦਾਰੀ ਕਰਦੀ ਰਹੀ। ਆਪਣੇ ਅੰਤਮ ਦਿਨਾਂ ਵਿੱਚ ਉਸਨੇ ਮਲਿਕਾ ਤੋਂ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀ ਅਤੇ ਪੈਰਿਸ ਦੇ ਇੱਕ ਹੋਟਲ ਵਿੱਚ ਮਰ ਗਿਆ।
ਈਸਟ ਇੰਡੀਆ ਕੰਪਨੀ ਨੇ ਪੰਜਾਬੀਆਂ ਨੂੰ ਬੇਹਤਰੀਨ ਹਕੁਮਤ ਦੇ ਕੇ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਆਪਣੇ ਸਹਿਯੋਗੀ ਬਣਾ ਲਿਆ ਅਤੇ ਇਨ੍ਹਾਂ ਦੀ ਹੀ ਮਦਦ ਨਾਲ 1857 ਦਾ ਸੈਨਿਕ ਵਿਦ੍ਰੋਹ ਸਫਲਤਾ ਨਾਲ ਕੁਚਲ ਦਿੱਤਾ।
ਪੰਜਾਬ ਦੇ ਇਤਿਹਾਸ ਵਿੱਚ ਅਗਲਾ ਮਹਤੱਵਪੂਰਣ ਪਰਿਵਰਤਨ ਆਉਂਦਾ ਹੈ ਆਰਿਆ ਸਮਾਜ ਅਤੇ ਸਿੰਘ ਸਭਾ ਲਹਿਰ ਦੇ ਪੈਦਾ ਹੋ ਜਾਣ ਨਾਲ ਜੋ ਕਿ ਮੁੱਖ ਤੌਰ ਤੇ ਇਸਾਈ ਧਰਮ ਦੇ ਫੈਲ ਰਹੇ ਅਸਰ ਦੇ ਡਰ ਵਿੱਚੋਂ ਨਿਕਲੀਆਂ ਸਨ। ਇਨ੍ਹਾਂ ਲਹਿਰਾਂ ਨੇ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਕੰਧ ਉਸਾਰ ਦਿੱਤੀ ਜਿਸ ਦੇ ਬੜੇ ਦੂਰਗਾਮੀ ਮਾੜੇ ਨਤੀਜੇ ਨਿਕੱਲੇ ਜਿਨ੍ਹਾਂ ਦਾ ਵਰਨਣ ਕਿਤਾਬ ਦੇ ਅਗਲੇ ਚੈਪਟਰ “ਧਾਰਮਿਕ ਦੀਵਾਰਾਂ ਦੀ ਉਸਾਰੀ” ਵਿੱਚ ਕੀਤਾ ਗਿਆ ਹੈ।
ਧਰਮ-ਸੁਧਾਰ ਦੇ ਨਾਂ ਤੇ ਹੀ ਪੰਜਾਬ ਵਿੱਚ ਕੂਕਾ ਲਹਿਰ ਪੈਦਾ ਹੋਈ ਸੀ ਜੋ ਕਿ ਛੇਤੀ ਹੀ ਮੁਸਲਮਾਨ ਕਸਾਈਆਂ ਦੇ ਕਤਲ ਕਰਨ ਦੇ ਕੁਰਾਹੇ ਪੈ ਗਈ ਪਰ ਇਸ ਲਹਿਰ ਨਾਲ ਬ੍ਰਿਟਿਸ਼ ਵੱਲੋਂ ਤੁਰੰਤ ਸਖਤੀ ਨਾਲ ਨਿਪਟਣ ਕਾਰਣ ਇਹ ਬਹੁਤਾ ਨਾ ਫੈਲ ਸਕੀ ਅਤੇ ਆਪਣੇ ਸੀਮਿਤ ਜਿਹੇ ਦਾਇਰੇ ਤੀਕ ਮਹਿਦੂਦ ਰਹਿ ਗਈ। ਅੱਜਕਲ੍ਹ ਵੋਟਾਂ ਪਿੱਛੇ ਕੂਕਿਆਂ ਨੂੰ ਵੀ ਮਹਾਨ ਸੁਤੰਤਰਤਾ ਸੰਗ੍ਰਾਮੀਏ ਕਰਾਰ ਦਿੱਤਾ ਜਾ ਰਿਹਾ ਹੈ।
ਉਪਰੋਕਤ ਧਾਰਮਿਕ ਲਹਿਰਾਂ ਬਾਰੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਸਮੇਂ ਯੁਰੋਪ ਵਿਗਿਆਨਿਕ ਖੋਜਾਂ ਵਿੱਚ ਰੁਝਿਆ ਜਿਦੰਗੀ ਨੂੰ ਵਧੇਰੇ ਵਧੀਆ ਰੂਪ ਵਿੱਚ ਜਿਉਣ ਦੇ ਸਾਧਨ ਪੈਦਾ ਕਰ ਰਿਹਾ ਸੀ, ਪੰਜਾਬ ਦੇ ਲੋਕ ਆਪਣੇ ਆਪਣੇ ਧਰਮਾਂ ਵਿੱਚ ਪੱਕਾ ਹੋਣਾ ਹੀ ਲੋਚ ਰਹੇ ਸਨ। ਸੁਆਮੀ ਦਯਾਨੰਦ ਬੈਕ-ਗੇਅਰ ਲਾ ਕੇ ਹਿੰਦੂਆਂ ਨੂੰ ਵੇਦਿਕ ਯੁਗ ਵਿੱਚ ਲੈ ਜਾਣ ਦਾ ਇੱਛਕ ਸੀ ਜੋ ਕਿ ਉਸਦੇ ਮੁਤਾਬਿਕ ਭਾਰਤੀ ਸਭਿਅਤਾ ਦਾ ਸਵਰਣ-ਯੁਗ ਸੀ। ਕਿਸੇ ਦਾਰਸ਼ਨਿਕ ਦਾ ਕਥਨ ਹੈ ਕਿ ਜਿਨ੍ਹਾਂ ਲੋਕਾਂ ਦਾ ਸਵਰਣ-ਯੁਗ ਦੂਰ ਭੂਤਕਾਲ ਵਿੱਚ ਹੁੰਦਾ ਹੈ ਉਹ ਕਦੇ ਅਗਾਂਹ ਨਹੀਂ ਵਧਦੇ।
ਪੰਜਾਬ ਦੇ ਇਤਿਹਾਸ ਦੀ ਅਗਲੀ ਪ੍ਰਮੁੱਖ ਕਾਲ-ਵੰਡ 1900-1947 ਹੈ ਜਿਸ ਨੂੰ ਲੇਖਕ ਨੇ ਠੀਕ ਹੀ ‘ਸੰਘਰਸ਼ਾਂ ਅਤੇ ਨਵੀਂ ਚੇਤਨਤਾ ਦਾ ਦੌਰ” ਗਰਦਾਨਿਆ ਹੈ। ਇਸ ਦੀ ਸ਼ੁਰੂਆਤ ਗਦਰ ਲਹਿਰ ਨਾਲ ਹੁੰਦੀ ਹੈ। ਇਸ ਲਹਿਰ ਦੀ ਸਭ ਤੋਂ ਵੱਡੀ ਵਿਲਖਣਤਾ ਇਹ ਸੀ ਕਿ ਇਹ ਬ੍ਰਿਟਿਸ਼ ਹਕੂਮਤ ਤੋਂ ਆਜਾਦੀ ਲਈ ਉੱਠੀ ਪਹਿਲੀ ਧਰਮ-ਨਿਰਪੱਖ ਲਹਿਰ ਸੀ। ਗਦਰੀ ਬ੍ਰਿਟਿਸ਼ ਹਕੂਮਤ ਨੂੰ ਹਥਿਆਰਬੰਦ ਵਿਦਰੋਹ ਨਾਲ ਮੁਲਕ ਵਿੱਚੋਂ ਕੱਢਣਾ ਚਾਹੁੰਦੇ ਸਨ। ਅਸਫਲ ਹੋ ਜਾਣ ਦੇ ਕੁਝ ਸਮਾਂ ਬਾਅਦ ਇਹੋ ਲਹਿਰ ਬੱਬਰ ਲਹਿਰ ਦੇ ਰੂਪ ਵਿੱਚ ਮੁੜ ਫੁੱਟ ਆਈ। ਕਿਤਾਬ ਦੇ ਅਗਲੇ ਚੈਪਟਰਜ਼ ਵਿੱਚ ਇਨ੍ਹਾਂ ਲਹਿਰਾਂ ਦਾ ਮੁਤਾਲੀਆ ਵੀ ਕੀਤਾ ਗਿਆ ਹੈ। ਇਸੇ ਕਾਲ-ਖੰਡ ਵਿੱਚ ਵਾਪਰਿਆ ਜੱਲ੍ਹਿਆਂਵਾਲਾ ਬਾਗ ਦਾ ਸਾਕਾ, ਸਰਦਾਰ ਭਗਤ ਸਿੰਘ ਦੇ ਰੋਲ, ਪੰਜਾਬ ਵਿੱਚ ਕਮਯੂਨਿਸਟ ਲਹਿਰ ਦਾ ਆਗਮਨ, ਮਾਲਵੇ ਦੀਆਂ ਰਿਆਸਤਾਂ ਵਿੱਚ ਜਾਗ੍ਰਿਤੀ, ਪਰਜਾਮੰਡਲ ਅਤੇ ਮੁਜਾਰਾ ਲਹਿਰ ਆਦਿ ਦਾ ਵਿਸ਼ਲੇਸ਼ਣ ਕਰਦੀ ਹੋਈ ਕਿਤਾਬ 1947 ਤੀਕ ਅਪੱੜਦੀ ਹੈ।
ਕਿਤਾਬ ਦੇ ਤੀਜੇ ਮੁੱਖ ਭਾਗ ਵਿੱਚ 1947 ਤੋਂ 2000 ਤੀਕ ਦਾ ਸਮਾਂ ਕਵਰ ਕੀਤਾ ਗਿਆ ਹੈ। 1947 ਵਿੱਚ ਮੁਲਕ ਦੀ ਤਕਸੀਮ ਦਾ ਪੰਜਾਬ ਦੀ ਲੋਕਾਈ ਤੇ ਸਭ ਤੋਂ ਮਾਰੂ ਪ੍ਰਭਾਵ ਪਿਆ। ਬੇਹਤਰੀਨ ਜਮੀਨਾਂ ਜੋ ਪੰਜਾਬੀਆਂ ਨੇ ਆਪਣਾ ਖੂਨ-ਪਸੀਨਾ ਇੱਕ ਕਰਕੇ ਇਸ ਯੋਗ ਬਣਾਈਆਂ ਸਨ, ਛੱਡ-ਛਡਾ ਕੇ, ਪਰਿਵਾਰਾਂ ਦੇ ਮੈਂਬਰ ਗਵਾ ਕੇ ਖਾਲੀ ਹੱਥ ਇੱਧਰ ਆ ਕੇ ਕਿਵੇਂ ਨਵੇਂ ਸਿਰਿਓਂ ਜਿੰਦਗੀਆਂ ਸ਼ੁਰੂ ਕਰਨੀਆਂ ਪਈਆਂ। ਅਗਲੀ ਅੱਧੀ ਸਦੀ ਦੌਰਾਨ ਬਰਾਬਰੀ ਵਾਲਾ ਨਵਾਂ ਸਮਾਜ ਸਿਰਜਣ ਲਈ ਸੰਘਰਸ਼ ਹੋਏ। ਇੱਕ ਵਾਰ ਫੇਰ ਹਥਿਆਰਬੰਦ ਸੰਘਰਸ਼ ਨਕਸਲਬਾੜੀ ਲਹਿਰ ਉੱਠੀ। ਪਰ ਅੰਤਮ ਅਸਫਲਤਾ ਦੇ ਬਾਵਜੂਦ ਕਮਯੂਨਿਸਟ ਲਹਿਰਾਂ ਨੇ ਪੰਜਾਬੀਆਂ ਵਿੱਚ ਇੱਕ ਧਰਮ-ਨਿਰਪੇਖ ਗਰੁੱਪ ਪੈਦਾ ਕੀਤਾ ਜਿਸ ਨੇ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਚੱਲੀ ਫਿਰਕੂ ਹਨੇਰੀ ਅਤੇ ਦਹਿਸ਼ਤਗਰਦੀ ਸਮੇਂ ਆਪਣਾ ਰੋਲ ਬਖੂਬੀ ਨਿਭਾਇਆ।
ਇਸੇ ਕਾਲ-ਖੰਡ ਵਿੱਚ ਧਰਮ-ਆਧਾਰਿਤ ਰਾਜਨੀਤੀ ਰਾਹੀਂ ਪੰਜਾਬੀ ਸੂਬੇ ਲਈ ਸੰਘਰਸ਼ ਚੱਲਿਆ। ਫੇਰ ਬਾਰਾਂ ਸਾਲ ਫਿਰਕੂ ਹਿੰਸਾ ਅਤੇ ਦਹਿਸ਼ਤਗਰਦੀ ਦੇ ਬੱਦਲ ਛਾਏ ਰਹੇ। ਇਨ੍ਹਾਂ ਬਾਰੇ ਲਿਖਣ ਸਮੇਂ ਆਮ ਲੇਖਕ ਜਰੂਰ ਟਪਲਾ ਖਾ ਜਾਂਦੇ ਹਨ। ਇਹ ਲੋਕ ਕਿਵੇਂ ਸਾਰੀਆਂ ਘਟਨਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ, ਪੜ੍ਹ ਕੇ ਦੁੱਖ ਹੁੰਦਾ ਹੈ। ਆਮ ਤੌਰ ਤੇ ਪੰਜਾਬ ਦੇ ਅਜੇਹੇ ਲੇਖਕ ਜਦੋਂ ਪੰਜਾਬ ਬਾਰੇ ਗੱਲ ਕਰਦੇ ਹਨ ਤਾਂ ਗੱਲ ਓਪਰੇਸ਼ਨ ਬਲਯੂ ਸਟਾਰ ਤੋਂ ਸ਼ੁਰੂ ਕਰਦੇ ਹਨ। ਕੋਈ ਇਹ ਨਹੀਂ ਦੱਸਦਾ ਕਿ ਇਸ ਤੋਂ ਪਹਿਲੇ ਪੰਜ ਸਾਲਾਂ ਤੋਂ ਭਿੰਡਰਾਂਵਾਲੇ ਰਾਹੀਂ ਨਿੱਤ-ਪ੍ਰਤੀਦਿਨ ਹਿੰਦੂਆਂ ਬਾਰੇ ਜਹਿਰ ਹੀ ਨਹੀਂ ਸੀ ਉਗਲਿਆ ਜਾ ਰਿਹਾ ਸਗੋਂ ਜਿੱਥੇ ਵੀ ਮੌਕਾ ਲਗਦਾ ਉੱਥੇ ਉਸ ਦੇ ਹੁਕਮ ਨਾਲ ਨਿਹੱਥੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਬਸਾਂ ‘ਚੋਂ ਲਾਹ ਕੇ ਗੈਰ-ਸਿੱਖ ਨਿਰਦੋਸ਼ ਮੁਸਾਫਿਰਾਂ ਨੂੰ ਲਾਈਨ ਵਿੱਚ ਖਲ੍ਹਾਰ ਕੇ ਕਿਵੇਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਹਰਮੰਦਰ ਸਾਹਿਬ ਕਿਵੇਂ ਕਤਲਗਾਹ ਬਣ ਚੁੱਕਾ ਸੀ। ਦਰਬਾਰ ਸਾਹਿਬ ਜਾਣੋਂ ਸਿਰਫ਼ ਹਿੰਦੂ ਹੀ ਨਹੀਂ ਸਗੋਂ ਬਹੁਤੇ ਸਿੱਖ ਵੀ ਹਟ ਗਏ ਸਨ ਕਿਉਂਕਿ ਪਤਾ ਨਹੀਂ ਕਿੱਧਰੋਂ ਕਿਸੇ ਦੀ ਗੋਲੀ ਆ ਲੱਗੇ। ਗੋਲੀ ਨੇ ਪਹਿਲੇ ਵੇਖਣਾ ਥੋੜ੍ਹੇ ਐ ਕਿ ਮੈਂ ਹਿੰਦੂ ਦੇ ਵੱਜਣ ਲੱਗੀ ਹਾਂ ਕਿ ਸਿੱਖ ਦੇ। ਮੈਂ ਆਪ ਉਹ ਦਿਨ ਜੀਵੇ ਹਨ ਜਦ ਹਿੰਦੂ-ਸਿੱਖਾਂ ਵਿੱਚੋਂ ਦੋਹਾਂ ਵਿੱਚੋਂ ਕਿਸੇ ਨੂੰ ਘਰੋਂ ਨਿਕਲਣ ਲੱਗਣ ਲੱਗੇ ਪਤਾ ਨਹੀਂ ਸੀ ਹੁੰਦਾ ਕਿ ਸ਼ਾਮ ਨੂੰ ਘਰੇ ਜੀਉਂਦੇ ਪਰਤਣਗੇ ਕਿ ਉਨ੍ਹਾਂ ਦੀ ਲੋਥ ਮੁੜੇਗੀ। ਮੁਕਤਸਰ ਕੋਲ ਬੱਸ ਵਿੱਚੋਂ ਲਾਹ ਕੇ ਮਾਰੇ ਨਿਰਦੋਸ਼ ਲੋਕਾਂ ਦੇ ਕਾਤਲ ਵਰਿਆਮ ਸਿੰਘ ਖੱਪਿਆਂਵਾਲੀ ਨੂੰ ਹਜਾਰਾਂ ਲੋਕਾਂ ਦੇ ਇਕੱਠ ਸਾਹਮਣੇ ਇਹ ਕਹਿ ਵਡਿਆਉਂਦਿਆਂ “ਇਹ ਉਹ ਵਰਿਆਮ ਸਿੰਘ ਸੀ ਜਿਸ ਨੇ ਬੱਸ ਚੋਂ ਲਾਹ ਕੇ ਤੇਰਾਂ ਕਰਾੜ ਸੀ ਮਾਰੇ” ਮੈਂ ਆਪ ਸੁਣਿਆ ਹੈ। ਉਨ੍ਹਾਂ ਦਿਨਾਂ ਦੀ ਭਿਆਨਕਤਾ ਜਾਨਣ ਲਈ ਰਾਜਪਾਲ ਸਿੰਘ ਦੀ ਕਿਤਾਬ ਦਾ ਚੈਪਟਰ “ਫਿਰਕੂ ਹਿੰਸਾ ਦਾ ਕਾਲਾ ਦੌਰ” ਪੜ੍ਹ ਕੇ ਵੇਖੋ।
ਇਸ ਸਮੇਂ ਦੌਰਾਨ ਇੱਕ-ਦੋ ਘਟਨਾਵਾਂ ਬਾਰੇ ਸੋਚ ਕੇ ਹੈਰਾਨੀ ਹੁੰਦੀ ਹੈ। ਮੰਨਿਆ ਕਿ ਭਿੰਡਰਾਵਾਲਾ ਤਾਂ ਇੱਕ ਸਾਧਾਰਣ ਪੇੰਡੂ ਸੀ ਜਿਸ ਨੂੰ ਇੰਦਰਾ ਗਾਂਧੀ, ਸੰਜੇ ਗਾਂਧੀ ਅਤੇ ਗਿਆਨੀ ਜੈਲ ਸਿੰਘ ਆਪਣੇ ਆਪਣੇ ਮੁਫਾਦ ਲਈ ਵਰਤ ਰਹੇ ਸਨ। ਉਸਨੂੰ ਸਟੇਟ ਦੀ ਸ਼ਕਤੀ ਦਾ ਕੋਈ ਅਹਿਸਾਸ ਨਹੀਂ ਸੀ ਹੋ ਸਕਦਾ। ਪਰ ਉਸਦਾ ਸਾਥ ਦੇਣ ਵਾਲਾ ਜਨਰਲ ਸੁਬੇਗ ਸਿੰਘ ਤਾਂ 1965 ਵਿੱਚ ਬੰਗਲਾ ਦੇਸ਼ ਦੀ ਲੜਾਈ ਸਮੇਂ 93000 ਪਾਕਿਸਤਾਨੀ ਫੌਜ ਤੋਂ ਹਥਿਆਰ ਸੁਟਵਾਉਣ ਵਾਲਿਆਂ ਦਾ ਚਸ਼ਮਦੀਦ ਗਵਾਹ ਸੀ। ਕੀ ਉਸਨੂੰ ਵੀ ਇਹ ਅੰਦਾਜਾ ਨਾਂ ਹੋਇਆ ਕਿ ਦੁਨੀਆਂ ਦੀ ਪੰਜਵੇਂ ਨੰਬਰ ਦੀ ਫੌਜੀ ਸ਼ਕਤੀ ਦਾ ਹਰਮੰਦਰ ਸਾਹਿਬ ਜਿੰਨੀ ‘ਕੁ ਥੋੜ੍ਹੀ ਜਿਹੀ ਥਾਂ ਤੋਂ ਅਤੇ ਸਾਧਾਰਣ ਹਥਿਆਰਾਂ ਨਾਲ ਲੈਸ ਕੁਝ ‘ਕੁ ਸੌ ਬੰਦਿਆਂ ਨਾਲ ਕੀ ਟੱਕਰ ਲੈ ਸਕਦਾ ਹੈ। ਅਜੇਹੀ ਬੇਮੇਚ ਲੜਾਈ ਵਿੱਚ ਆਪਣੇ ਆਪ ਨੂੰ ਝੋਕ ਦੇਣਾ ਬਹਾਦੁਰੀ ਨਾਲੋਂ ਵੱਧ ਬੇਸਮਝੀ ਅਤੇ ਆਤਮ-ਹੱਤਿਆ ਹੈ।
ਅਗਲੀ ਗੱਲ, ਇਤਿਹਾਸ ਦੀ ਇੱਕ ਪ੍ਰਸਿੱਧ ਉਕਤੀ ਹੈ ਕਿ ਜੋ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਨ੍ਹਾਂ ਨੂੰ ਇਤਿਹਾਸ ਦੁਹਰਾਉਣ ਦੀ ਸਜਾ ਮਿਲਦੀ ਹੈ। ਸਾਡਾ ਇਤਿਹਾਸ ਤੋਂ ਸਬਕ ਨਾਂ ਲੈਣ ਦੇ ਮਾੜੇ ਹਾਲ ਦੀ ਇੱਕੋ ਮੋਟਾ ਜਿਹਾ ਉਦਾਹਰਣ ਦੇਣਾ ਚਾਹਾਂਗਾ। ਮੰਨਿਆ ਕਿ ਜੂਨ 1984 ਵਿੱਚ ਤਾਂ ਸਰਕਾਰ ਵੱਲੋਂ ਹਰਮੰਦਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤੇ ਜਾਣ ਦੀ ਆਸ ਨਹੀਂ ਸੀ ਤੇ ਸਭ ਕੁਝ ਆਸ ਦੇ ਉਲਟ ਵਾਪਰ ਗਿਆ। ਪਰ ਦੋ-ਤਿੰਨ ਸਾਲਾਂ ਮਗਰੋਂ ਹੀ ਹਰਮੰਦਰ ਸਾਹਿਬ ਨੂੰ ਕੀ ਸੋਚ ਕੇ ਦੁਬਾਰਾ ਨਿਰਦੋਸ਼ੇ ਲੋਕਾਂ ਦੀ ਕਤਲਗਾਹ ਬਣਾਇਆ ਗਿਆ? ਜੋ ਸਰਕਾਰ ਪਹਿਲਾਂ ਫੌਜੀ ਕਾਰਵਾਈ ਕਰ ਸਕਦੀ ਸੀ, ਹੁਣ ਕਿਉਂ ਨਾ ਕਰੇਗੀ? ਤੇ ਇਤਿਹਾਸ ਤੋਂ ਸਬਕ ਨਾਂ ਸਿੱਖਣ ਦਾ ਨਤੀਜਾ ਇਹ ਨਿਕੱਲਿਆ ਕਿ ਇਨ੍ਹਾਂ ਖਾਲਸਿਤਾਨੀ ਦਹਿਸ਼ਤਗਰਦਾਂ ਨੇ ਆਪ ਹਰਮੰਦਰ ਸਾਹਿਬ ਵਰਗੀ ਸਨਮਾਨਿਤ ਥਾਂ ਨੂੰ ਤਿੰਨ ਦਿਨ ਝਾੜਾ ਕਰ ਕਰ ਕੇ ਪਲੀਤ ਕੀਤਾ। ਅਜੇਹਾ ਤਾਂ ਪਹਿਲੇ ਨਾਂ ਮੱਸੇ ਰੰਗੜ੍ਹ ਨੇ ਕੀਤਾ ਸੀ ਤੇ ਨਾਂ ਹੀ ਭਾਰਤੀ ਫੌਜ ਨੇ।
ਹੁਣ ਧਰਮ-ਅਧਾਰਿਤ ਰਾਜਨੀਤੀ ਕਰਨ ਵਾਲੇ ਪਾਕਿਸਤਾਨ ਦਾ ਹਸ਼ਰ ਵੇਖ ਲੈਣ ਦੇ ਬਾਵਜੂਦ ਮੋਦੀ ਐਂਡ ਕੰਪਨੀ ਮੁਲਕ ਨੂੰ ਉੱਸੇ ਵਿਨਾਸ਼ਕਾਰੀ ਰਾਹ ਤੋਰ ਰਹੀ ਹੈ। ਇਤਿਹਾਸ ਤੋਂ ਸਬਕ ਉਹੀ ਲੋਕ ਸਿੱਖਦੇ ਹਨ ਜੋ ਭੂਤਕਾਲ ਦਾ ਨਿਰਪੱਖ ਅਧਿਐਨ ਕਰਦੇ ਹਨ ਨਾਂ ਕਿ ਇਸ ਦੀ ਵਰਤੋਂ ਲੋਕਾਂ ਨੂੰ ਮੂਰਖ ਬਣਾਉਣ ਲਈ ਵਰਤਦੇ ਹਨ। ਮਿਥਿਹਾਸ ਨੂੰ ਇਤਿਹਾਸ ਬਣਾ ਬਣਾ ਪਰੋਸਦੇ ਹਨ। ਅਜੇਹੇ ਅਧਿਐਨ ਦੇ ਨਤੀਜੇ ਮਾੜੇ ਹੀ ਹੁੰਦੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਬੰਦਾ ਅਤੇ ਮੁਲਕ ਸਿਆਣਪ ਉਦੋਂ ਹੀ ਵਰਤਦੇ ਹਨ ਜਦੋਂ ਉਹ ਹੋਰ ਸਾਰੇ ਹੀਲੇ ਵਰਤ ਚੁੱਕੇ ਹੁੰਦੇ ਹਨ। ਪਰ ਮੇਰਾ ਖਿਆਲ ਹੈ ‘ਨਵਾਂ ਜ਼ਮਾਨਾ’ ਦੇ ਪਾਠਕ ਉਨ੍ਹਾਂ ਵਿੱਚੋਂ ਨਹੀਂ ਹਨ ਇਸ ਲਈ ਮੈਂ ਉਨ੍ਹਾਂ ਸਾਰਿਆਂ ਨੂੰ ਜੋ ਪੰਜਾਬ ਦੇ ਇਤਿਹਾਸ ਵਿੱਚ ਥੋੜ੍ਹੀ-ਮੋਟੀ ਵੀ ਰੁਚੀ ਰੱਖਦੇ ਹਨ, ਰਾਜਪਾਲ ਸਿੰਘ ਦੀ ਕਿਤਾਬ ਨਿੱਠ ਕੇ ਪੜ੍ਹਨ ਦੀ ਪੁਰਜੋਰ ਸਿਫਾਰਿਸ਼ ਕਰਦਾ ਹਾਂ।
-ਸੁਭਾਸ਼ ਪਰਿਹਾਰ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com