ਆਪਣੀ ਬੋਲੀ, ਆਪਣਾ ਮਾਣ

ਗ਼ਜ਼ਲ ਸੰਗ੍ਰਹਿ / ਨਜ਼ਰ ਤੋਂ ਸੁਪਨਿਆਂ ਤੱਕ /ਜੋਗਿੰਦਰ ਨੂਰਮੀਤ / ਮਦਨਦੀਪ

ਅੱਖਰ ਵੱਡੇ ਕਰੋ+=

ਬੋਧਗਯਾ ਦੀ ਰਾਹਗੀਰ ਜੋਗਿੰਦਰ ਨੂਰਮੀਤ

ਮਦਨਦੀਪ

book-review-punjabi-poetry-joginder-noormneet-madandeep
Book Review Punjabi Poetry Joginder Noormeet by Madandeep

ਕਵਿਤਾ ਬਾਰੇ ਗੱਲ ਕਰਨੀ, ਇਕ ਚੁਣੌਤੀ ਪੂਰਨ ਕਾਰਜ ਹੈ। ਕਵਿਤਾ ਆਦਿਕਾਲ ਤੋਂ ਮਨੁੱਖੀ ਜੀਵਨ ਨਾਲ ਜੁੜੀ ਹੈ। ਮਾਨਵੀ ਜੀਵਨ ਸ਼ੈਲੀ ਬਦਲਣ ਦੇ ਨਾਲ ਨਾਲ ਕਵਿਤਾ ਦਾ ਰੂਪ ਸਰੂਪ ਵੀ ਬਦਲਿਆ ਹੈ। ਮੌਖਿਕ ਲੋਕ ਕਲਾ ਵਜੋਂ ਜਨਮੀ ਕਵਿਤਾ ਦੀਆਂ ਵਿਧਾਵਾਂ ਦਾ ਵੀ ਵਿਸਥਾਰ ਹੋਇਆ ਹੈ।

ਕਵਿਤਾ ਦੀ ਵਿਧਾ ਚੋਂ ਜੋ ਮੇਰੇ ‘ਤੇ ਅਸਰ ਹੋਇਆ ਹੈ ਉਹ ਗ਼ਜ਼ਲ ਹੈ। ਮੇਰੇ ‘ਤੇ ਜੋ ਗ਼ਜ਼ਲ ਦੇ ਡੰਗ ਦਾ ਅਸਰ ਹੋਇਆ ਹੈ, ਉਸ ਬਾਰੇ ਸ਼ਬਦਾਂ ‘ਚ ਅਹਿਸਾਸ ਕਰਾਉਣਾ ਸੰਭਵ ਹੀ ਨਹੀਂ।

ਸ਼ਾਇਰੀ ਦੀ ਵਿਸ਼ੇਸ਼ ਵਿਧਾ ਹੋਣ ਕਰਕੇ ਗ਼ਜ਼ਲ ਦੇ ਇਤਹਾਸ ਨੂੰ ਜਾਣਨ ਦੀ ਮੇਰੀ ਹਮੇਸ਼ਾ ਇੱਛਾ ਰਹੀ ਹੈ। ਕੁੱਝ ਹਵਾਲਿਆਂ ਰਾਹੀਂ ਪਤਾ ਲੱਗਦਾ ਹੈ ਕਿ ਸ਼ਾਇਰੀ ਦੀ ਇਹ ਅਤਿ ਸੂਖ਼ਮ ਵਿਧਾ ਅਰਬ ਤੋਂ ਵਾਇਆ ਈਰਾਨ ਰਾਹੀਂ ਭਾਰਤ ਦੇ ਕਵੀਆਂ ਤੀਕ ਪਹੁੰਚੀ। ਵਿਦਵਾਨਾਂ ਦੇ ਹਵਾਲਿਆਂ ਮੁਤਾਬਕ ਬਹੁਤ ਸਾਲਾਂ ਤਕ ਸ਼ਾਇਰ, ਗ਼ਜ਼ਲ ਲਈ ਅਲੰਕਾਰ ਫ਼ਾਰਸੀ ‘ਚੋਂ ਭਾਲਦੇ ਰਹੇ।

ਅਸੀਂ ਇਹ ਵੀ ਪੜ੍ਹਦੇ ਆ ਰਹੇ ਹਾਂ ਕਿ ਨੌਵੀਂ ਸਦੀ ‘ਚ ਉਦੇ ਹੋਈ ਇਸ ਵਿਧਾ ਦਾ ਰੋਮਾਂਟਿਕ ਰੂਪ 19ਵੀਂ ਸਦੀ ‘ਚ ਉੱਤਰੀ ਭਾਰਤ ਅੰਦਰ ਵਿਗਸਿਆ। ਲੰਬਾ ਸਮਾਂ ਰੁਮਾਂਟਕ ਗ਼ਜ਼ਲ, ਸ਼ਾਹਾਂ ਤੇ ਸਮੰਤਾਂ ਦੀਆਂ ਮਹਿਫ਼ਲਾਂ ਦੀ ਰੌਣਕ ਬਣੀ ਰਹੀ। ਉਸ ਮੌਕੇ ਫ਼ਾਰਸੀ ਪਰੰਪਰਾ ਦੀ ਕਲਾਸੀਕਲ ਗ਼ਜ਼ਲ ਭਾਰਤੀ ਜਾਗੀਰਦਾਰੀ ਦੇ ਮਨ ਪ੍ਰਚਾਵੇ ਦਾ ਪ੍ਰਚੱਲਤ ਸਾਧਨ ਬਣ ਕੇ ਉਭਰੀ ਸੀ।

ਪਰੰਤੂ ਜਦੋਂ ਗ਼ਜ਼ਲ ਨੇ ਪੰਜਾਬੀ ਕਵੀਆਂ ਦੀ ਰੂਹ ‘ਤੇ ਦਸਤਕ ਦਿੱਤੀ ਤਾਂ ਇਸ ਦੇ ਮਿਜਾਜ਼ ‘ਚ ਪੰਜਾਬੀ ਕਾਵਿ ਪ੍ਰੰਪਰਾ ਦੀ ਪੁੱਠ ਚੜ੍ਹਦੀ ਗਈ। ਬਹਿਰਾਂ ‘ਚ ਬੱਝੀ ਇਹ ਵਿਧਾ ਲਹਿਰਾਂ ਦੀ ਵੀ ਹਿੱਸਾ ਬਣੀ ਅਤੇ ਇਸ਼ਕ ਦੀ ਪੀੜ ਦਾ ਵੀ ਹਿੱਸਾ ਬਣੀ।

ਪਹਿਲਾਂ ਮੈਂ ਉਰਦੂ ਗ਼ਜ਼ਲ ਤੋਂ ਹੀ ਵਾਕਿਫ਼ ਸਾਂ ਅਤੇ ਉਹਨਾਂ ਸਮਿਆਂ ‘ਚ ਮੇਹਦੀ ਹਸਨ ਦੀ ਗ਼ਜ਼ਲ ਗਾਇਕੀ ਦਾ ਮੇਰੇ ‘ਤੇ ਅਸਰ ਕੁੱਝ ਇਸ ਤਰਾਂ ਸੀ ਕਿ ਸੁੰਨ ਅਵਸਥਾ ‘ਚ ਘੰਟਿਆ ਬੱਧੀ ਮੇਹਦੀ ਨੂੰ ਸੁਣਦਾ ਰਹਿੰਦਾ। ਸੁਣਦਾ ਸੁਣਦਾ ਇਹ ਵੀ ਭੁੱਲ ਜਾਂਦਾ ਕਿ ਮੈਂ ਜੀਉਂਦਾ ਜੀਵ ਹਾਂ। ਸੱਚ ਜਾਣਿਓ ਮੈਂ ਮੋਈ ਅਵਸਥਾ ‘ਚ ਚਲਾ ਜਾਂਦਾ। ਮੇਹਦੀ ਹਸਨ ਦੇ ਕਾਰਨ ਹੀ ਮੇਰਾ ਗ਼ਜ਼ਲ ਨਾਲ ਤੁਆਰਫ਼ ਹੋਇਆ ਅਤੇ ਮੈਂ ਉਰਦੂ ਗ਼ਜ਼ਲ ਪੜ੍ਹਨੀ ਸ਼ੁਰੂ ਕੀਤੀ ਤੇ ਪੰਜਾਬੀ ਗ਼ਜ਼ਲ ਮੇਰੇ ਮਨ ਨਹੀਂ ਸੀ ਭਾਉਂਦੀ।

ਉਨ੍ਹਾਂ ਸਮਿਆਂ ‘ਚ ਮੇਰਾ ਅੱਲ੍ਹੜ ਉਮਰ ਦਾ ਯਾਰ ਵਿਜੇ ਵਿਵੇਕ ਗ਼ਜ਼ਲੀ ਸ਼ਾਇਰ ਦੇ ਤੌਰ ਤੇ ਪ੍ਰਸਿੱਧ ਹੋ ਰਿਹਾ ਸੀ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਕਵੀ ਦਰਬਾਰਾਂ ਤੇ ਯਾਰਾਂ ਬੇਲੀਆਂ ਦੀ ਮਹਿਫ਼ਲ ਵਿਚ ਵਿਜੇ ਵਿਵੇਕ ਗ਼ਜ਼ਲ ਦੇ ਰੁਮਾਂਸ ਦਾ ਰੂਪਾਂਤਰਣ ਕਰ ਰਿਹਾ ਸੀ।

ਜਦ ਮੈਂ ਉਰਦੂ ਗ਼ਜ਼ਲ ਦਾ ਦੀਵਾਨਾ ਹੋਇਆ ਸੀ ਤਾਂ ਉਦੋਂ ਮੇਰੇ ਦਿਲ ਚੋਂ ਰੀਝ ਉੱਠਦੀ ਸੀ ਕਿ ਪੰਜਾਬੀ ‘ਚ ਵੀ ਗ਼ਾਲਿਬ, ਅਲਾਮਾ ਇਕਬਾਲ, ਮੀਰ ਆਦਿ ਜਿਹੇ ਮਹਾਨ ਸ਼ਾਇਰ ਪੈਦਾ ਹੋਣੇ ਚਾਹੀਦੇ ਹਨ ਤੇ ਅੱਜ ਵਿਜੇ ਵਿਵੇਕ ਵਰਗੇ ਸ਼ਾਇਰ ਦੁਨੀਆ ਦੇ ਬੇਹਤਰੀਨ ਸ਼ਾਇਰਾਂ ਦੀ ਸੂਚੀ ਵਿਚ ਸਿਖਰਲਾ ਹਸਤਾਖ਼ਰ ਹੈ, ਮੈਂ ਇਹੀ ਚਾਹੁੰਦਾ ਸੀ।

ਪਰੰਤੂ ਮੈਂ ਗੱਲ ਕਰ ਰਿਹਾ ਸੀ ਨੂਰਮੀਤ ਦੀ ਗ਼ਜ਼ਲਾਂ ਦੀ ਕਿਤਾਬ ‘ਨਜ਼ਰ ਤੋਂ ਸੁਪਨਿਆਂ ਤੱਕ’ ਦੇ ਹਵਾਲੇ ਨਾਲ।

ਨੂਰਮੀਤ ਨੂੰ ਪੜ੍ਹਦਿਆਂ, ਬਹੁਤ ਸਾਰੀਆਂ ਗ਼ਜ਼ਲਾਂ ਹਨ ਜੋ ਕਾਬਲੇ ਤਾਰੀਫ਼ ਹਨ। ਇਨ੍ਹਾਂ ਵਿੱਚ ਮਾਅਰਕੇ ਭਰੇ ਪਏ ਹਨ, ਕਈ ਥਾਈਂ ਤਰਕ ਹਨ ਪਰੰਤੂ ਬਹੁਤ ਥਾਈਂ ਤਾਜ਼ੇ ਅਤੇ ਅਸਲੀ ਰੂਹ ਦੇ ਜਨਮੇ ਅਹਿਸਾਸ ਹਨ। ਇੱਕ ਅਨੋਖੀ ਖਿੱਚ ਹੈ ਉਸ ਦੀ ਸ਼ਾਇਰੀ ‘ਚ।

ਜੇਕਰ ਗ਼ਜ਼ਲ ਦੇ ਖੇਤਰ ਵਿਚ ਆਜ਼ਾਦ ਅਤੇ ਨਿਰੰਤਰ ਉਡਾਣ ਭਰਨੀ ਹੋਵੇ ਤਾਂ ਨੂਰਮੀਤ ਦੀ ਉਡਾਣ ‘ਤੇ ਮਾਣ ਕਰ ਸਕਦੇ ਹਾਂ।

ਗ਼ਜ਼ਲ ਨਾਲ ਜੁੜਿਆ ਇਕ ਵੱਖਰਾ ਵਕਾਰ ਦਾ ਮਾਮਲਾ ਗ਼ਜ਼ਲ ਦੇ ਮੁੱਢਲੇ ਨਿਯਮਾਂ ਦੀ ਉਲੰਘਣਾ ਹੈ। ਤੈਅ ਗ਼ਜ਼ਲ ਪੈਰਾਮੀਟਰ ਦੀ ਲਾਪ੍ਰਵਾਹੀ ਜਾਂ ਬੇਪ੍ਰਵਾਹੀ ਇਕ ਗੰਭੀਰ ਮਾਮਲਾ ਹੈ। ਜੇਕਰ ਕੋਈ ਗ਼ਜ਼ਲਕਾਰ, ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਆਲੋਚਨਾ ਹੋ ਸਕਦੀ ਹੈ। ਪ੍ਰੰਤੂ ਮੈਨੂੰ ਗ਼ਜ਼ਲ ਨਿਯਮਾਂ ਦੀ ਬਹੁਤੀ ਜਾਣਕਾਰੀ ਨਹੀਂ ਹੈ।

ਨੂਰਮੀਤ ਬਾਰੇ ‘ਨਜ਼ਰ ਤੋਂ ਸੁਪਨਿਆਂ ਤੱਕ’ ਦੇ ਕਵਰ ਪੇਜ ‘ਤੇ ਦੋ ਵੱਡੇ ਸ਼ਾਇਰਾਂ, ਸੁਰਜੀਤ ਪਾਤਰ ਅਤੇ ਗੁਰਤੇਜ ਕੋਹਾਰਵਾਲਾ ਦੇ ਲਿਖੇ ਵਿਚਾਰਾਂ ‘ਚ ਨੂਰਮੀਤ ਦੀ ਸ਼ਾਇਰੀ ਅੰਦਰ ਸੂਫ਼ੀਆਨਾ ਰੰਗ ਹੈ।

ਕਿਤਾਬ ਖੋਲ੍ਹ ਕੇ ਮੈਂ ਪੜ੍ਹਨੀ ਸ਼ੁਰੂ ਕੀਤੀ ਤਾਂ ਸੁਰਜੀਤ ਪਾਤਰ ਸਾਹਬ ਅਤੇ ਗੁਰਤੇਜ ਕੋਹਾਰਵਾਲਾ ਦੇ ਕਥਨ ਦੇ ਹੂ ਬ ਹੂ ਦਰਸ਼ਨ ਹੋਏ। ਕਿਤਾਬ ਵਿਚਲੀ ਸ਼ਾਇਰੀ ਪੜ੍ਹਦਿਆਂ ਮੇਰੇ ‘ਤੇ ਕਿਤੇ ਵੀ ਇਹ ਪ੍ਰਭਾਵ ਨਹੀਂ ਪਿਆ ਕਿ ਮੈਂ ਕਿਸੇ ਨਵੇਂ ਸ਼ਾਇਰ ਨੂੰ ਪੜ੍ਹ ਰਿਹਾਂ ਹਾਂ। ਇਹ ਸ਼ਾਇਰੀ ਪੜ੍ਹਦਿਆਂ ਮੈਨੂੰ ਅਹਿਸਾਸ ਹੁੰਦਾ ਗਿਆ ਕਿ ਨੂਰਮੀਤ ਉਸ ਅਨੁਭਵ ਵੱਲ ਵਧ ਰਹੀ ਹੈ ਜਿਹੜਾ ਅਨੁਭਵ ਸੂਖ਼ਮਤਾ ਤੋਂ ਸੋਝੀ ਦੇ ਸਫ਼ਰ ਪਾਉਂਦਾ ਹੈ। ਉਂਝ ਸ਼ਾਇਰ ਲੋਕ ਵੈਸੇ ਵੀ ਬੋਧਗਾਯਾ ਦੇ ਰਾਹਗੀਰ ਹੁੰਦੇ ਨੇ।

ਇਕ ਮੌਕੇ ਮੇਰੀ ਗੱਲ ਗੁਰੂ ਸਾਈਂ ਕਾਕਾ ਜੀ ਨਾਲ ਸ਼ਾਇਰਾਂ ਦੇ ਬੁੱਧ ਹੋਣ ਬਾਰੇ ਹੋਈ ਸੀ, ਉਹ ਕਹਿਣ ਲੱਗੇ ” ਸ਼ਾਇਰ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੀਕ ਤਾਂ ਪਹੁੰਚ ਹੀ ਜਾਂਦੇ ਨੇ!” ਪਰੰਤੂ ਹਜ਼ਰਤ ਨਿਜ਼ਾਮੂਦੀਨ ਦੀ ਜੁੱਤੀ ਨਾਲ ਜਾਣ ਪਛਾਣ ਦਾ ਮਾਮਲਾ ਜ਼ਰਾ ਵੱਖਰਾ ਹੈ।

ਅੰਮ੍ਰਿਤਾ ਪ੍ਰੀਤਮ ਆਪਣੇ ਜੀਵਨ ਦੇ ਆਖਰੀ ਸਾਲਾਂ ਦਾ ਲਗਭਗ ਡੇਢ ਦਹਾਕਾ ਸਾਈਂ ਕਾਕਾ ਜੀ ਦੀ ਅਧਿਆਤਮਕ ਸ਼ਰਨ ‘ਚ ਰਹੀ ਸੀ।

ਗੁਰੂ ਸਾਈਂ ਕਾਕਾ ਚੰਡੀਗੜ੍ਹ ਆਏ ਹੋਏ ਸਨ ਮੈਂ ਵਿਜੇ ਵਿਵੇਕ ਅਤੇ ਸ਼ਮੀਲ, ਅਸੀਂ ਸਾਈਂ ਜੀ ਦੇ ਦਰਸ਼ਨ ਕਰਨ ਉਨ੍ਹਾਂ ਦੇ ਦਰਬਾਰ ਗਏ ਸੀ। ਉਹਨਾ ਸਾਨੂੰ ਹਜ਼ਰਤ ਨਿਜ਼ਾਮੂਦੀਨ ਦੀ ਜੁੱਤੀ ਦੀ ਵੀ ਕਹਾਣੀ ਸੁਣਾਈ ਸੀ ਪਰ ਉਹ ਕਹਾਣੀ ਕਦੇ ਮੁੜ ਸਹੀ ਅੱਜ ਦੀ ਚਰਚਾ ਨੂਰਮੀਤ ਦੀ ਕਿਤਾਬ ” ਨਜ਼ਰ ਤੋਂ ਸੁਪਨਿਆਂ ਤੱਕ ” ਦੇ ਹਵਾਲੇ ਨਾਲ ਗ਼ਜ਼ਲ ਕਾਰੀ ਬਾਰੇ ਕਰਦੇ ਹਾਂ ਪਰ ਸੱਚ ਮੰਨਿਓ ਨੂਰਮੀਤ ਦੀ ਸ਼ਾਇਰੀ ਨੇ ਸਾਈਂ ਗੁਰੂ ਕਾਕਾ ਜੀ ਨਾਲ ਸ਼ਾਇਰਾਂ ਬਾਰੇ ਗੱਲਬਾਤ ਯਾਦ ਕਰਾ ਦਿੱਤੀ ਅਤੇ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਵੀ ਹੋ ਗਿਆ ਕਿਉਂਕਿ ਸਾਈਂ ਕਾਕਾ ਜੀ ਨਾਲ ਮੇਰੀ ਗੁਫ਼ਤਗੂ ਵੀ ਅੰਮ੍ਰਿਤਾ ਪ੍ਰੀਤਮ ਬਾਰੇ ਹੋਈ ਸੀ।

ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਗ਼ਜ਼ਲ, ਪੰਜਾਬੀ ਸ਼ਾਇਰੀ ਦੀ ਜਾਦੂਈ ਸਿਨਫ਼ ਹੈ ਅਤੇ ਵਿਜੇ ਵਿਵੇਕ ਨੂੰ ਪੜ੍ਹਦਿਆਂ ਸੁਣਦਿਆਂ ਮੈਂ ਇਸ ਨਿਰਣੈ ਤੇ ਪਹੁੰਚਿਆ ਹਾਂ ਕਿ ਜਿਹੜੀ ਗ਼ਜ਼ਲ ਮੈਂ ਵਿਜੇ ਦੀ ਪੜ੍ਹੀ ਸੁਣੀ ਹੈ, ਬੁੱਧੀ ਅਤੇ ਖ਼ਿਆਲ, ਵਿਜੇ ਵਿਵੇਕ ਦੀ ਗ਼ਜ਼ਲ ਦੇ ਔਰੇ ਤੋਂ ਓਨੀ ਦੂਰ ਹਨ ਜਿੰਨੀ ਦੂਰੀ ਬੁੱਧੀ ਤੇ ਬੁੱਧ ਦੇ ਵਿਚਾਲੇ ਹੈ, ਪਰ ਨੂਰਮੀਤ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦੈ ਕਿ ਜਦੋਂ ਜਦੋਂ ਵੀ ਪੰਜਾਬੀ ਗ਼ਜ਼ਲ ਦਾ ਜ਼ਿਕਰ ਹੋਵੇਗਾ ਨੂਰਮੀਤ ਦੇ ਜ਼ਿਕਰ ਬਗੈਰ ਉਹ ਜ਼ਿਕਰ ਅਧੂਰਾ ਹੋਵੇਗਾ।

ਬੇਸ਼ਕ ਗ਼ਜ਼ਲ ਦਾ ਜਨਮ 1000 ਸਾਲ ਪਹਿਲਾਂ ਈਰਾਨ ਵਿੱਚ ਹੋਇਆ, ਪਰੰਤੂ ਰਜਵਾੜਿਆਂ ਨੂੰ ਵਡਿਆਉਣ ਵਾਲੀ “ਕਸੀਦਿਆਂ” ਦੀ ਪੈਦਾਇਸ਼ ਇਸ ਵਿਧਾ ਦਾ ਵਾਹ ਜਦੋਂ ਪੰਜਾਬੀ ਸ਼ਾਇਰਾਂ ਦੇ ਕਾਲਜੇ ਨਾਲ ਪਿਆ ਤਾਂ ਪੰਜਾਬੀ ਕਵੀਆਂ ਨੂੰ ਇਸ ਵਿਧਾ ਨੇ ਯੁੱਗ ਪਲਟਾਊ ਸੁਰਾਂ ‘ਚ ਬੰਨ੍ਹਣ ਤੋਂ ਲੈਕੇ ਸੱਚ ਦੇ ਮਾਰਗ ‘ਤੇ ਪਾਉਣ ਦਾ ਕੰਮ ਕੀਤਾ।

ਗ਼ਜ਼ਲ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰਦੀ ਨੂਰਮੀਤ ਨੂੰ ਮੈਂ ਸਮਕਾਲੀ ਕਾਵੀਆਂ ‘ਚ ਗਹਿਰਾਈਆਂ ਛੂੰਹਦੀ ਸ਼ਾਇਰ ਦੇ ਰੂਪ ‘ਚ ਪ੍ਰਵਾਨ ਕਰਦਾਂ।

ਬੋਧਗਾਯਾ ਦੇ ਰਾਹ ‘ਤੇ ਚੱਲਦਿਆਂ ਪੀੜ ਦੇ ਬਿਰਤਾਂਤ ਦੀ ਵਿਭਿੰਨਤਾ ਨੂੰ ਛੰਦਾਂ ‘ਚ ਪ੍ਰਗਟਾਉਂਦੀ ਨੂਰਮੀਤ ਸ਼ਾਇਰੀ ‘ਚ ਜਦ ਦੁੱਖ ਦੇ ਪ੍ਰਭਾਵ ਦਾ ਪ੍ਰਤੀਬਿੰਬ ਸਿਰਜਦੀ ਹੈ ਤਾਂ ਉਸ ਦੀ ਸ਼ਾਇਰੀ ਬੋਧਗਾਯਾ ਦੇ ਮਾਰਗ ਤੋਂ ਖ਼ੁਦ ਨੂੰ ਸਿਰਜਣ ‘ਚ ਰੁਚਿਤ ਕਰਦੀ ਜਾਪਦੀ ਹੈ।

ਸ਼ਾਇਰੀ ਦੀ ਅਸਲ ਅਵਸਥਾ ਇਹ ਨਹੀਂ ਕਿ ਦੁਖ ਨੂੰ ਵੇਖ ਕੇ ਦੁੱਖ ਤੇ ਸੁੱਖ ਦੇ ਪ੍ਰਭਾਵ ਤੋਂ ਸੁੱਖ। ਇਸ ਦਾ ਸਧਾਰਣ ਅਰਥ ਇਹ ਹੈ ਕਿ ਉਹ ਦੁੱਖ-ਸੁੱਖ ਤੁਹਾਡਾ ਆਪਣਾ ਨਹੀਂ ਸਗੋਂ ਇਹ ਅਵਸਥਾ ਤੁਹਾਡੇ ਅੰਦਰ ਪ੍ਰਤੀਬਿੰਬਤ ਹੋਈ ਹੈ।

ਵਿਦਵਤਾ ਦੇ ਪੰਜਬੀ ਗਲਿਆਰਿਆਂ ‘ਚ ਇਹ ਚਰਚਾ ਵੀ ਆਮ ਸੁਣੀ ਜਾਂਦੀ ਹੈ ਕਿ ਗ਼ਜ਼ਲ ਇਨਕਲਾਬ ਨਹੀਂ ਕਰ ਸਕਦੀ ਪਰੰਤੂ ਮੇਰਾ ਮੰਨਣਾ ਹੈ ਕਿ ਜਦੋਂ ਜਦ ਤੀਕ ਮਨੁੱਖ ਦੀਆਂ ਗਿਆਨ ਇੰਦਰੀਆਂ ਨਹੀਂ ਜਾਗਦੀਆਂ, ਉਦੋਂ ਤੀਕ ਕੋਈ ਇਨਕਲਾਬ ਸੰਭਵ ਹੀ ਨਹੀਂ ਅਤੇ ਗ਼ਜ਼ਲ ਗਿਆਨ ਇੰਦਰੀਆਂ ਜਾਗਾਉਂਦੀ ਹੈ।

ਪੰਜਾਬੀ ਦੇ ਕੁੱਝ ਵਿਦਵਾਨ ਗ਼ਜ਼ਲ ਦੀ ਇਸ ਕਰਕੇ ਵੀ ਅਲੋਚਨਾ ਕਰਦੇ ਹਨ ਕਿ ਗ਼ਜ਼ਲ ਵਿਸ਼ੇਸ਼ ਚੌਖਟੇ ‘ਚ ਘੜੀ ਜਾਂਦੀ। ਗ਼ਜ਼ਲ ਕਾਰ ਲਕੀਰ ਦੇ ਫ਼ਕੀਰ ਹੁੰਦੇ ਹਨ। ਗ਼ਜ਼ਲ ਲੇਖਕ ਉਨ੍ਹਾਂ ਸ਼ਬਦਾਂ ਦੀ ਚੋਣ ਅਗਾਊਂ ਕਰ ਲੈਂਦੇ ਹਨ ਜੋ ਗ਼ਜ਼ਲ ਨਿਯਮਾਂ ਦੇ ਚੌਖਟੇ ‘ਚ ਫਿੱਟ ਬੈਠਦੇ ਹਨ। ਮੈਂ ਸਮਝਦਾ ਹਾਂ ਗ਼ਜ਼ਲ ਲਿਖੀ ਨਹੀਂ ਜਾਂਦੀ ਗ਼ਜ਼ਲ ਕਹੀ ਜਾਂਦੀ ਹੈ। ਵਿਜੇ ਵਿਵੇਕ ਕਦੇ ਵੀ ਗ਼ਜ਼ਲ ਕਾਗਜ਼ ‘ਤੇ ਨਹੀਂ ਲਿਖਦਾ। ਗ਼ਜ਼ਲਾਂ ਉਸ ਦੇ ਅੰਦਰ ਹੀ ਕਿਤੇ ਜਨਮਦੀਆਂ ਤੇ ਪਲਦੀਆਂ ਹਨ। ਕੇਵਲ ਕਿਤਾਬ ਛਪਵਾਉਣ ਮੌਕੇ ਹੀ ਉਹ ਗ਼ਜ਼ਲਾਂ ਨੂੰ ਕਾਗਜ਼ ‘ਤੇ ਉਤਾਰਦਾ ਹੈ ਅਤੇ ਖਰੜਾ ਤਿਆਰ ਕਰਦਾ ਹੈ।

ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਵਿਤਾ ਦੀ ਗ਼ਜ਼ਲ ਵਿਧਾ ਏਨੀ ਸੂਖ਼ਮ ਹੈ ਕਿ ਸਿੱਧੀ ਕਾਗਜ਼ ‘ਤੇ ਉਤਰ ਹੀ ਨਹੀਂ ਸਕਦੀ। ਗ਼ਜ਼ਲ ਨੂੰ ਪੜ੍ਹਦਿਆਂ ਸੁਣਦਿਆਂ, ਮੈਨੂੰ ਤਾਂ ਸੱਚ ਮੁੱਚ ਇਹੀ ਮਹਿਸੂਸ ਹੁੰਦੈ।

ਮੇਰੇ ਲਈ ਗ਼ਜ਼ਲ ਮਨੁੱਖੀ ਜਜ਼ਬਾਤਾਂ ਅਤੇ ਚੇਤਨਾ ਨੂੰ ਜਗਾਉਣ ਵਾਲੀ ਜਾਦੂਈ ਵਿਧਾ ਹੈ। ਇਹ ਵਿਧਾ ਬ੍ਰਹਿਮੰਡ ‘ਚ ਫੈਲਿਆ ਸੰਗੀਤ ਹੈ, ਜੋ ਖ਼ਾਸ ਰੂਹਾਂ ‘ਚ ਪ੍ਰਵੇਸ਼ ਕਰ ਕੇ ਧਰਤੀ ‘ਤੇ ਬ੍ਰਹਿਮੰਡ ਦਾ ਮੁਹੱਬਤੀ ਵਾਹਕ ਬਣਦਾ ਹੈ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com