ਬਾਲ ਕਹਾਣੀਆਂ ਪੰਜਾਬੀ ਵਿਰਸੇ ਦੀ ਉਹ ਅਣਮੁੱਲੀ ਦਾਤ ਹੈ, ਜੋ ਸਦੀਆਂ ਤੋਂ ਪੰਜਾਬੀ ਬਾਲਾਂ ਨੂੰ ਮਿਲੀ ਹੋਈ ਹੈ। ਦਾਦੀ-ਨਾਨੀ ਦੀਆਂ ਬਾਤਾਂ, ਸਾਖੀਆਂ ਅਤੇ ਕਹਾਣੀਆਂ ਬੱਚਿਆਂ ਦੇ ਸਿੱਖਣ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ। ਵਕਤ ਦੀ ਮਾਰ ਜਿੱਥੇ ਹੋਰ ਪਰਿਵਾਰਕ ਕਦਰਾਂ-ਕੀਮਤਾਂ ‘ਤੇ ਪਈ ਹੈ, ਉੱਥੇ ਹੀ ਦਾਦੀ-ਨਾਨੀ ਦੀ ਬਾਤ, ਕਥਾ, ਕਹਾਣੀ ਵੀ ਅਲੋਪ ਜਿਹੀ ਹੁੰਦੀ ਜਾਪਦੀ ਹੈ। ਬਾਲ ਸਾਹਿਤ ਉਦੋਂ ਵੀ ਛੱਪਦਾ ਸੀ, ਪਰ ਅੱਜ ਇਸ ਦੀ ਲੋੜ ਹੋਰ ਵੀ ਜ਼ਿਆਦਾ ਹੈ, ਅੱਜ ਜਦੋਂ ਰੋਜ਼ੀ-ਰੋਟੀ ਵਾਸਤੇ ਮਾਵਾਂ ਦੇ ਪੁੱਤ ਧੀਆਂ ਦੂਰ ਰਹਿੰਦੇ ਹਨ, ਤਾਂ ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਤੱਕ ਦਾਦੀ, ਨਾਨੀ ਦੀਆਂ ਮਿੱਠੀਆਂ ਕਥਾ-ਕਹਾਣੀਆਂ ਉਨ੍ਹਾਂ ਤੱਕ ਪਹੁੰਚਾਉਣ ਲਈ ਬਾਲ ਸਾਹਿਤ ਦੀਆਂ ਕਿਤਾਬਾਂ ਦੀ ਲੋੜ ਹੋਰ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ। ਹੁਣੇ ਛਪ ਕੇ ਆਈ ਬਾਲ ਕਹਾਣੀਕਾਰ ਪਰਮਬੀਰ ਕੌਰ ਦੀ ਨਵੇਕਲੀ ਕਿਤਾਬ ਅਨੌਖੀ ਰੌਣਕ ਸਿਰਫ਼ ਸਿਰਲੇਖ ਕਰਕੇ ਹੀ ਨਹੀਂ ਆਪਣੀ ਦਿੱਖ ਅਤੇ ਵਿਚਲੀਆਂ ਕਹਾਣੀਆਂ ਕਰਕੇ ਵੀ ਅਨੋਖੀ ਹੈ। ਕਹਾਣੀਆਂ ਦੇ ਨਾਲ ਬਣਾਈਆਂ ਗਈਆਂ ਰੰਗਦਾਰ ਤਸਵੀਰਾਂ ਬਾਲ ਮਨਾਂ ਨੂੰ ਖਿੱਚ ਪਾਉਣ ਵਾਲੀਆਂ ਅਤੇ ਕਹਾਣੀ ਦੇ ਸਾਰ-ਤੱਤ ਨੂੰ ਪ੍ਰਤੀਕਾਤਮਕ ਰੂਪ ਵਿਚ ਪੇਸ਼ ਕਰਨ ਵਾਲੀਆਂ ਹਨ। ਇਸ ਕਿਤਾਬ ਦੀ ਝਾਤ ਹੀ ਬਾਲ-ਮਨਾਂ ਨੂੰ ਇਸਦੀਆਂ ਕਹਾਣੀਆਂ ਨਾਲ ਰਚ-ਮਿਚ ਜਾਣ ਲਈ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ। ਇਕ ਵਾਰ ਬਾਲਾਂ ਦੇ ਹੱਥ ਵਿਚ ਆਉਣ ਤੋਂ ਬਾਅਦ ਉਹ ਇਸ ਨੂੰ ਰੂਹ ਤੱਕ ਮਾਣ ਕੇ ਹੀ ਪਰ੍ਹਾਂ ਰੱਖਣਗੇ। ਇਨ੍ਹਾਂ ਕਹਾਣੀਆਂ ਵਿਚ ਪਰਮਬੀਰ ਕੌਰ ਜਿਸ ਤਰ੍ਹਾਂ ਬੱਚਿਆਂ ਨੂੰ ਸੰਬੋਧਿਤ ਹੁੰਦੀ ਹੈ, ਜਿਸ ਅੰਦਾਜ਼ ਵਿਚ ਗੱਲਾਂ ਕਰਦੀ ਹੈ, ਇਨ੍ਹਾਂ ਨੂੰ ਪੜ੍ਹਦਿਆਂ ਬੱਚੇ ਸਹਿਜੇ ਹੀ ਮਹਿਸੂਸ ਕਰਨਗੇ ਕਿ ਜਿਵੇਂ ਆਪਣੀ ਦਾਦੀ ਜਾਂ ਨਾਨੀ ਦੇ ਮੂੰਹੋਂ ਸੁਣ ਰਹੇ ਹੋਣ। ਜੇ ਇੰਝ ਕਹਿ ਲਈਏ ਕਿ ਇਹ ਅਨੋਖੀ ਰੌਣਕ ਲੇਖਿਕਾ ਨੂੰ ਬਾਲ ਮਨਾਂ ਵਿਚ ਪ੍ਰੇਰਨਾਮਈ ਅਤੇ ਸੁਆਦਲੀਆਂ ਕਹਾਣੀਆਂ ਸੁਣਾਉਣ ਵਾਲੀ ਜਗਤ ਨਾਨੀ-ਦਾਦੀ ਵੱਜੋਂ ਸਥਾਪਿਤ ਕਰ ਦੇਵੇਗੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇ ਲੇਖਿਕਾ ਦੇ ਸ਼ਬਦਾਂ ਵਿਚ ਕਹੀਏ ਤਾਂ-
“ਬੱਚੇ ਜੋ ਕਹਾਣੀਆਂ ਬਚਪਨ ਵਿਚ ਬੱਚੇ ਪੜ੍ਹਦੇ ਜਾਂ ਸੁਣਦੇ ਹਨ, ਉਹ ਪਿੱਛੋਂ ਉਹਨਾਂ ਦੀ ਸਖਸ਼ੀਅਤ ਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ।ਇਸ ਕਰਕੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਬਾਲ ਕਹਾਣੀਆਂ, ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਕੋਈ ਉਸਾਰੂ ਸੇਧ ਵੀ ਪ੍ਰਦਾਨ ਕਰਨ। ਇਸ ਤਰ੍ਹਾਂ ਮਿਲਦੀਆਂ ਸੇਧਾਂ ਇਕ ਅਰਥਪੂਰਨ ਅਤੇ ਸੁਚੱਜੇ ਜੀਵਨ ਦੀ ਨੀਂਹ ਰੱਖਣ ਵਿਚ ਸਹਾਈ ਹੁੰਦੀਆਂ ਹਨ। ਕਹਿ ਸਕਦੇ ਹਾਂ ਕਿ ਮਿਆਰੀ ਪੜ੍ਹਨ-ਸਮੱਗਰੀ, ਇਸ ਧਰਤੀ ਤੇ ਵਿਚਰਦੇ ਸਾਰੇ ਜੀਵਾਂ ਦੇ ਭਵਿਖ ਨੂੰ ਉਜਲਾ ਬਣਾ ਦੇਣ ਦੀ ਸਮਰੱਥਾ ਰਖਦੀ ਹੈ।”
ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ‘ਲਫ਼ਜ਼ਾਂ ਦਾ ਪੁਲ’ ਨੇ ਕੁਝ ਵਰ੍ਹੇ ਪਹਿਲਾਂ ਕਿਤਾਬਾਂ ਦੇ ਰਸਮੀ ਦਿਖਾਵਟੀ ਰਿਲੀਜ਼ ਸਮਾਰੋਹਾਂ ਨਾਲੋਂ ਪਾਠਕਾਂ ਨੂੰ ਸਿੱਧੇ ਸਾਹਿਤ ਨਾਲ ਜੋੜਨ ਦਾ ਉਪਰਾਲਾ ਕਰਦਿਆਂ ਆਨਲਾਈਨ ਪੁਸਤਕ ਰਿਲੀਜ਼ ਦੀ ਪਿਰਤ ਪਾਈ ਸੀ। ਉਸੇ ਲੜੀ ਨੂੰ ਅੱਗੇ ਤੋਰਦਿਆਂ ਅਸੀਂ ਇਸ ਬਾਲ ਕਹਾਣੀਆਂ ਦੀ ਕਿਤਾਬ ਨੂੰ ਸਮੂ੍ਹ ਸੰਸਾਰ ਵਿਚ ਵੱਸਦੇ ਪੰਜਾਬੀਆਂ ਅਤੇ ਉਨ੍ਹਾਂ ਦੇ ਬਾਲਾਂ ਨੂੰ ਸਮਰਪਿਤ ਕਰਦੇ ਹੋਏ ਆਨਲਾਈਨ ਰਿਲੀਜ਼ ਕਰਨ ਦੀ ਖੁਸ਼ੀ ਲੈ ਰਹੇ ਹਾਂ। ਹੇਠਾਂ ਪੁਸਤਕ ਦੇ ਸਰਵਰਕ ਦੀ ਤਸਵੀਰ ਦੇ ਨਾਲ ਹੀ ਲਿੰਕ ਵੀ ਦੇ ਰਹੇ ਹਾਂ ਜਿਸ ਤੇ ਕਲਿੱਕ ਕਰਕੇ ਤੁਸੀਂ ਪੁਸਤਕ ਵਿਚਲੀ ਇਕ ਕਹਾਣੀ ਵੀ ਪੜ੍ਹ ਸਕੋਗੇ।
ਬਾਲ ਕਹਾਣੀਆਂ ਅਨੋਖੀ ਰੌਣਕ ਦਾ ਸਰਵਰਕ |
ਬਾਲ ਕਹਾਣੀਆਂ ਅਨੋਖੀ ਰੌਣਕ ਦਾ ਅੰਤਲਾ ਸਫ਼ਾ |
ਜੇ ਤੁਹਾਨੂੰ ਇਹ ਉਪਰਾਲਾ ਚੰਗਾ ਲੱਗਿਆ ਤਾਂ ਤੁਸੀਂ ਵੀ
ਆਪਣੀਆਂ ਕਿਤਾਬਾਂ ਆਨਲਾਈਨ ਰਿਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply