ਅੰਮ੍ਰਿਤਾ ਪ੍ਰੀਤਮ ਦੀ ਤਲਬ । Desires of Amrita Pritam | Part- 2

ਅੰਮ੍ਰਿਤਾ ਪ੍ਰੀਤਮ: ਤਲਬ, ਮੁਹੱਬਤ ਤੇ ਮਾਰਫ਼ਤ ਦੀ ਜ਼ਮੀਨ

ਯਾਦਵਿੰਦਰ ਸਿੰਘ

ਅੰਮ੍ਰਿਤਾ ਦੇ ਇਕਬਾਲੀਆ ਬਿਆਨ ਦੀ ਪਹਿਲੀ ਕੜੀ ਤਲਬ ਹੈ। ਤਲਬ ਅੰਮ੍ਰਿਤਾ ਦੀ ਲਿਖਤ ਦਾ ਬੁਨਿਆਦੀ ਸ੍ਰੋਤ ਹੈ। ਸਵੈ ਨੂੰ ਅਰਥ ਦੇਣ ਦਾ ਆਹਰ ਕਰਦੀ ਇਹ ਤਲਬ ਹੀ ਆਪਣੀ ਤਲਾਸ਼ ਦੇ ਸਫ਼ਰ ਵਿਚ ਅਗਾਂਹ ਮੁਹੱਬਤ ਤੇ ਮਾਰਫ਼ਤ ਦਾ ਰਾਹ ਅਖ਼ਤਿਆਰ ਕਰਦੀ ਹੈ। ਤਲਬ ਸਾਡੇ ਤਸੱਵਰ ਵਿਚੋਂ ਉਪਜਿਆ ਬਿੰਬ (image) ਹੈ। ਇਹ ਬਿੰਬ ਹੀ ਬੰਦੇ ਨੂੰ ਉਸਦੇ ਹੋਣ-ਥੀਣ ਦੇ ਅਰਥਾਂ ਨਾਲ ਜੋੜਦਾ ਹੈ। ਭਾਸ਼ਾ ਦੀ ਦੁਨੀਆ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਬੱਚੇ ਦੇ ਅਵਚੇਤਨ ਵਿਚ ਕਈ ਤਰ੍ਹਾਂ ਦੇ ਬਿੰਬ ਬਣਦੇ/ਬਿਣਸਦੇ ਰਹਿੰਦੇ ਹਨ। ਬੱਚਾ, ਯਥਾਰਥ ਨੂੰ ਇਹਨਾਂ ਬਿੰਬਾਂ ਵਿਚ ਢਾਲ ਕੇ ਸਮਝਦਾ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਯਥਾਰਥ ਬਾਰੇ ਸਾਡਾ ਨਜ਼ਰੀਆ ਇਹਨਾਂ ਬਿੰਬਾਂ ਨਾਲ ਘੜਿਆ ਜਾਂਦਾ ਹੈ।

ਬੱਚੇ ਵਿਚ ਆਪਣੇ ਬਾਰੇ ਜਾਣਨ ਦੀ ਉਤਸੁਕਤਾ ਵੀ ਦਰਪਣ ਵਿਚਲੇ ਆਪਣੇ ਪ੍ਰਤਿਬਿੰਬ ਨੂੰ ਦੇਖ ਕੇ ਜਾਗਦੀ ਹੈ। ਆਪਣੇ ਪ੍ਰਤਿਬਿੰਬ ਨਾਲੋਂ ਖ਼ੁਦ ਨੂੰ ਨਿਖੇੜ ਕੇ ਅਸੀਂ ਦੂਜੀਆਂ ਵਸਤਾਂ ਤੋਂ ਆਪਣੀ ਵੱਖਰੀ ਹੋਂਦ ਬਾਰੇ ਚੇਤੰਨ ਹੁੰਦੇ ਹਾਂ। ਇਸ ਸਭ ਦੇ ਬਾਵਜੂਦ ਇਸ ਬਿੰਬਕਾਰੀ ਦਾ ਕੋਈ ਸਥੂਲ ਸਰੂਪ ਨਹੀਂ ਹੁੰਦਾ। ਬੱਚਾ ਇਕ ਬਿੰਬ ਨੂੰ ਅਸਾਨੀ ਨਾਲ ਦੂਜੇ ਬਿੰਬ ਵਿਚ ਵਟਾ ਸਕਦਾ ਹੈ। ਜੱਕ ਲਾਕਾਂ ਨੇ ਜੀਵ ਵਿਗਿਆਨੀ ਲੌਰੇਂਜ਼ ਦੇ ਬੱਤਖ ਦੇ ਅੰਡਿਆਂ ਉਤੇ ਕੀਤੇ ਪ੍ਰਯੋਗ ਨੂੰ ਬੱਚੇ ਦੀ ਬਿੰਬ ਨਿਰਮਾਣਕਾਰੀ ਦੇ ਮਾਡਲ ਵੱਜੋਂ ਵਿਚਾਰਿਆ। ਲੌਰੇਂਜ਼ ਨੇ ਬੱਤਖ ਦੇ ਅੰਡਿਆਂ ਵਿਚੋਂ ਚੂਜ਼ੇ ਨਿੱਕਲਣ ਤੋਂ ਪਹਿਲਾਂ ਇਹਨਾਂ ਅੰਡਿਆਂ ਨੂੰ ਆਪਣੇ ਜੁੱਤਿਆਂ ਕੋਲ ਰੱਖ ਦਿੱਤਾ ਸੀ। ਜਿਉਂ ਹੀ ਇਹਨਾਂ ਅੰਡਿਆਂ ਵਿਚੋਂ ਚੂਜ਼ੇ ਨਿੱਕਲੇ, ਉਹਨਾਂ ਆਪਣੇ ਕਲਪਿਤ ਬਿੰਬ ਨਾਲ ਇਹਨਾਂ ਜੁੱਤਿਆਂ ਨੂੰ ਆਪਣੀ ਮਾਂ ਸਮਝ ਲਿਆ। ਲੌਰੇਂਜ਼ ਇਹ ਜੁੱਤੇ ਪਹਿਣ ਕੇ ਜਿੱਥੇ ਵੀ ਜਾਂਦਾ, ਚੂਜ਼ੇ ਉਸਨੂੰ ਮਾਂ ਸਮਝ ਕੇ ਉਸਦੇ ਪਿੱਛੇ-ਪਿੱਛੇ ਚੱਲ ਪੈਂਦੇ। ਇਸ ਸਭ ਦੀ ਵਿਆਖਿਆ ਕਰਦਿਆਂ ਲਾਕਾਂ ਦੱਸਦਾ ਹੈ ਕਿ ਬੰਦਾ ਸਾਰੀ ਉਮਰ ਖ਼ੁਦ ਨੂੰ ਬਚਪਨ ਵਿਚ ਬਣੇ ਆਪਣੇ ਬਿੰਬਾਂ ਨਾਲ ਧੋਖਾ ਦਿੰਦਾ ਰਹਿੰਦਾ ਹੈ।

ਅੰਮ੍ਰਿਤਾ ਦੇ ਹਵਾਲੇ ਨਾਲ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਆਪਣੇ ਬਚਪਨ ਦੇ ਕਿਹੜੇ ਬਿੰਬਾਂ ਨੂੰ ਆਪਣੀ ਜ਼ਿੰਦਗੀ ਦਾ ਮੈਟਾਫਰ ਮੰਨਦੀ ਹੈ। ਦੂਜੇ ਸ਼ਬਦਾਂ ਵਿਚ ਉਹ ਆਪਣੀ ਰਚਨਾ ਵਿਚ ਆਪਣੇ ਸਵੈ ਨੂੰ ਕਿਸ ਬਿੰਬ ਨਾਲ ਪ੍ਰਗਟਾਉਂਦੀ ਹੈ। ਅੰਮ੍ਰਿਤਾ ਨੇ ਆਪਣੀਆਂ ਕੁਝ ਲਿਖਤਾਂ ਵਿਚ ਆਪਣੇ ਸਵੈ-ਬਿੰਬ ਲਈ ਮੈਲ ਦਾ ਪ੍ਰਤੀਕ ਵਰਤਿਆ ਹੈ। ਆਪਣੇ ਜੀਵਨ ਦੇ ਮੁਢਲੇ ਪੜਾਅ ਦੀ ਨਿਸ਼ਾਨਦੇਹੀ ਕਰਦਿਆਂ ਉਹ ਲਿਖਦੀ ਹੈ। ਮੇਰੇ ਪਿਤਾ ਦੀ ਮਰਦ ਮਰਜ਼ੀ ਦੇ ਸਤਿਕਾਰ ਵਿਚ ਮੇਰੀ ਮਾਂ ਨੇ ਕਦੇ ਕੋਈ ਕਸਰ ਨਹੀਂ ਸੀ ਆਉਣ ਦਿੱਤੀ; ਪਰ ਮੈਨੂੰ ਛੋਟੇ ਹੁੰਦਿਆਂ ਹੀ ਇੰਜ ਜਾਪਦਾ ਸੀ, ਜਿਵੇਂ ਪਾਰਬਤੀ ਨੇ ਆਪਣੀ ਪਿੰਡੇ ਦੀ ਮੈਲ ਨੂੰ ਕੱਠਿਆਂ ਕਰਕੇ ਇਕ ਪੁਤਲਾ (ਗਣੇਸ਼) ਬਣਾ ਦਿੱਤਾ ਸੀ। ਮੇਰੀ ਮਾਂ ਨੇ ਆਪਣੇ ਮਨ ਦੇ ਸਾਰੇ ਰੋਸ ਨੂੰ ਵੱਟ ਕੇ ਮੇਰਾ ਬੁੱਤ ਘੜ ਲਿਆ ਸੀ ਤੇ ਆਪ ਉਹ ਮਾਸਾ ਜਿਹੇ ਰੋਸ ਤੋਂ ਵੀ ਸੁਰਖ਼ੁਰੂ ਹੋ ਗਈ ਸੀ।

ਅੰਮ੍ਰਿਤਾ ਦੇ ਇਸ ਬਿਆਨੀਏ ਵਿਚ ਉਸਦੇ ਸਵੈ ਬਿੰਬ ਦੀ ਬਣਤਰ ਦੇ ਦੋ ਅਧਾਰ ਪਛਾਣੇ ਜਾ ਸਕਦੇ ਹਨ। ਪਹਿਲਾ ਅਧਾਰ ਗਣੇਸ਼ ਦੇ ਜਨਮ ਦੀ ਮਿੱਥ ਹੈ। ਇਸ ਮਿੱਥਕ ਕਥਾ ਵਿਚ ਸ਼ਿਵਜੀ ਦੇ ਘਰ ਨਾ ਟਿਕਣ ਦੀ ਆਦਤ ਕਾਰਨ ਪਾਰਬਤੀ ਨੂੰ ਆਪਣੀ ਇਕੱਲ ਵੱਢ-ਵੱਢ ਖਾਂਦੀ ਹੈ। ਉਸਦਾ ਇਕੱਲਿਆਂ ਜੀਅ ਨਹੀਂ ਲੱਗਦਾ। ਇਸ ਇੱਕਲਤਾ ਨੂੰ ਦੂਰ ਕਰਨ ਲਈ ਉਹ ਆਪਣੀ ਮੈਲ ਤੋਂ ਇਕ ਪੁਤਲਾ (ਗਣੇਸ਼) ਬਣਾਉਂਦੀ ਹੈ, ਜਿਸ ਨਾਲ ਖੇਡ ਕੇ ਉਹ ਆਪਣਾ ਜੀਅ ਪਰਚਾ ਸਕੇ। ਇਸ ਕਥਾ ਵਿਚਲਾ ਗਣੇਸ਼ ਆਪਣੇ ਵਿਲੱਖਣ ਜਨਮ ਕਾਰਨ ਬਾਕੀ ਬੱਚਿਆਂ ਤੋਂ ਵੱਖਰਾ ਹੈ। ਗਣੇਸ਼, ਨਿਰੋਲ ਮਾਂ ਦਾ ਤਸੱਵਰ ਹੈ। ਉਸਦੀ ਸਿਰਜਣਾ ਵਿਚ ਪਿਤਾ ਦੀ ਕੋਈ ਭੂਮਿਕਾ ਨਹੀਂ। ਅੰਮ੍ਰਿਤਾ ਦਾ ਖ਼ੁਦ ਨੂੰ ਉਸ ਮੈਲ ਦੇ ਪ੍ਰਤੀਕ ਵਿਚ ਢਾਲਣਾ ਜਿਸਦਾ ਪੁਤਲਾ ਬਣਾਉਣ ਲਈ ਪਿਤਾ ਦੀ ਜ਼ਰੂਰਤ ਨਹੀਂ, ਅੰਮ੍ਰਿਤਾ ਦੇ ਸਵੈ-ਬਿੰਬ ਅਤੇ ਇਸ ਵਿਚੋਂ ਸਿਰਜੀ ਜਾ ਰਹੀ ਉਸਦੀ ਲਿਖਤ ਦੇ ਅਵਚੇਤਨ ਤੱਕ ਪਹੁੰਚਣ ਦਾ ਅਹਿਮ ਵਸੀਲਾ ਹੈ। ਇਸ ਅਵਚੇਤਨ ਦਾ ਧਰਾਤਲ ਪਰਿਵਾਰ ਦੀ ਉਸ ਬੁਨਿਆਦੀ ਇਕਾਈ ਨਾਲ ਜੁੜਿਆ ਹੈ, ਜਿਸ ਨੂੰ ਸਿਗਮੰਡ ਫਰਾਇਡ ਪਿਤਾ ਦਾ ਕਾਨੂੰਨ ਜਾਂ ਇਡੀਪਲ ਲਾਅ ਕਹਿੰਦਾ ਹੈ। ਮਾਂ ਦੀ ਕੁੱਖ ਵਿਚ ਬੱਚੇ ਦਾ ਜਨਮ ਲੈਣਾ ਉਸਦਾ ਕੁਦਰਤੀ ਜਨਮ ਹੈ। ਦੂਜੇ ਪਾਸੇ ਪਿਤਾ ਦੇ ਕਾਨੂੰਨ ਵਿਚ ਪਰਿਪੱਕ ਹੋਣਾ ਬੱਚੇ ਦੇ ਸਮਾਜਕ ਜਨਮ ਦਾ ਸੂਚਕ ਹੈ।

ਭਾਰਤੀ ਸਮਾਜ ਵਿਚ ਅਕਸਰ ਪਰਿਵਾਰ ਨੂੰ ਸੱਤਾ ਦੀ ਇਕਾਈ ਵੱਜੋਂ ਵਿਚਾਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਹਕੀਕਤ ਇਹ ਹੈ ਕਿ ਦੂਜੀਆਂ ਸੰਸਥਾਵਾਂ ਵਾਂਗ ਪਰਿਵਾਰ ਵੀ ਇਕ ਸਮਾਜਕ ਸੰਸਥਾ ਹੈ। ਜਿਵੇਂ ਹਰ ਸੰਸਥਾ ਦੀ ਬਣਤਰ ਵਿਚ ਦਾਬਾ ਤੇ ਧੌਂਸ ਮੌਜੂਦ ਹੁੰਦੇ ਹਨ, ਪਰਿਵਾਰ ਦੀ ਬਣਤਰ ਵੀ ਇਸ ਤੋਂ ਮੁਕਤ ਨਹੀਂ। ਪਰਿਵਾਰ, ਨੈਤਿਕਤਾ ‘ਤੇ ਅਧਾਰਿਤ ਅਜਿਹਾ ਮਰਿਆਦਾ ਖੇਤਰ ਸਿਰਜਦਾ ਹੈ, ਜਿਸ ਦਾ ਮਕਸਦ ਦੇਹ ਅਤੇ ਖ਼ਾਸ ਕਰਕੇ ਨਾਰੀ ਦੇਹ ਨੂੰ ਕਬਜ਼ੇ ਹੇਠ ਰੱਖਣਾ ਹੈ। ਅੰਮ੍ਰਿਤਾ ਜਦੋਂ ਲਿਖਦੀ ਹੈ ਕਿ ਆਪਣੇ ਪਤੀ ਖ਼ਿਲਾਫ਼ ਸਾਰੀ ਉਮਰ ਨਾ ਬੋਲ ਸਕਣ ਵਾਲੀ ਉਸਦੀ ਮਾਂ ਨੇ ਆਪਣੇ ਸਾਰੇ ਰੋਹ ਦੀ ਮੈਲ ਨੂੰ ਵੱਟ ਕੇ ਉਸਦਾ ਪੁਤਲਾ ਘੜਿਆ ਤਾਂ ਉਸਦੀ ਅਚੇਤ ਇੱਛਾ ਪਿਤਾ ਦੇ ਕਾਨੂੰਨ ਵਿਚ ਢਲਣ ਤੋਂ ਮੁਨਕਰ ਹੋਣਾ ਹੈ।

ਇਸ ਕਥਾ ਦਾ ਦੂਜਾ ਅਧਾਰ ਮੈਲ ਦੀ ਸਮਾਜਕ ਚਿਹਨਕਾਰੀ ਹੈ। ਪੰਜਾਬੀ ਸਮਾਜਕ-ਸਭਿਆਚਾਰਕ ਹਵਾਲਿਆਂ ਵਿਚ ਤਨ ਤੇ ਮਨ ਦੀ ਮੈਲ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਤਨ ਦੀ ਮੈਲ ਕਾਲਖ਼ ਤੇ ਮਨ ਦੀ ਮੈਲ ਪਲੀਤ ਹੋਣ ਦੀ ਸੂਚਕ ਹੈ। ਸਵਾਲ ਹੈ ਕਿ ਅੰਮ੍ਰਿਤਾ ਆਪਣੇ ਸਵੈ-ਬਿੰਬ ਨੂੰ ਮੈਲ਼ ਜਿਹੇ ਸਮਾਜਕ ਤੌਰ ਤੇ ਅਪ੍ਰਵਾਨਿਤ ਬਿੰਬ ਨਾਲ ਕਿਉਂ ਪ੍ਰਗਟਾਉਂਦੀ ਹੈ? ਇਸਦਾ ਇਕ ਸੁਚੇਤ ਕਾਰਨ ਤਾਂ ਇਹ ਨਜ਼ਰ ਆਉਂਦਾ ਹੈ ਕਿ ਉਹ ਪਿੱਤਰ ਸੱਤਾ ਖ਼ਿਲਾਫ਼ ਆਪਣੀ ਅਪ੍ਰਮਾਣਕਿਤਾ ਦੇ ਰੋਹ ਨੂੰ ਮੈਲ ਦੇ ਪ੍ਰਤੀਕ ਰਾਹੀਂ ਮੁਖ਼ਾਤਬ ਹੁੰਦੀ ਹੈ। ਪਰ ਇਸ ਪਿੱਛੇ ਇਕ ਸੂਖ਼ਮ ਤੇ ਅਚੇਤ ਭਾਵਨਾ ਹੋਰ ਵੀ ਨਜ਼ਰ ਆਉਂਦੀ ਹੈ। ਇਸ ਭਾਵਨਾ ਤਹਿਤ ਉਸਦੇ ਆਤਮ ਨੂੰ ਦਰਸਾਉਣ ਵਾਲੇ ਬਿੰਬ ਦਾ ਸਰੂਪ ਬਦਲਦਾ ਰਹਿੰਦਾ ਹੈ। ਉਸਦੀ ਕਵਿਤਾ ਵਿਚ ਇਹ ਸਵੈ-ਬਿੰਬ ਕਈ ਦੂਜੇ ਬਿੰਬਾਂ ਅੰਦਰ ਰੂਪਾਂਤਰਿਤ ਹੋ ਜਾਂਦਾ ਹੈ ਅਤੇ ਇਹਨਾਂ ਵਿਚੋਂ ਇਕ ਅਹਿਮ ਬਿੰਬ ਕੁਕਨੁਸ ਦਾ ਹੈ।

ਅੰਮ੍ਰਿਤਾ ਦੀ ਕਵਿਤਾ ਵਿਚ ਮੈਲ ਦਾ ਪ੍ਰਤੀਕ ਰਾਖ ਤੋਂ ਬਣੇ ਕਲਪਿਤ ਪੰਛੀ ਕੁਕਨੁਸ ਵਿਚ ਬਦਲ ਜਾਂਦਾ ਹੈ। ਸਮਾਜਕ ਪਰਿਵੇਸ਼ ਵਿਚ ਮੈਲ ਦਾ ਅਰਥ ਨਿਗੂਣਾ ਹੈ। ਅਰਥਾਂ ਦੇ ਸੰਸਾਰ ਨਾਲ ਜੁੜਨ ਲਈ ਮੈਲ ਨੂੰ ਪੁਤਲਾ (ਗਣੇਸ਼) ਬਣਨਾ ਪੈਂਦਾ ਹੈ। ਜਿਵੇਂ ਮੈਲ ਆਪਣੇ ਪ੍ਰਤੀਕਾਤਮਕ ਅਰਥਾਂ ਵਿਚ ਨਕਾਰਤਾਮਕ ਹੋਣ ਦੇ ਬਾਵਜੂਦ ਗਣੇਸ਼ ਬਣ ਕੇ ਸਕਾਰਾਤਮਕ ਅਰਥ ਹਾਸਲ ਕਰ ਲੈਂਦੀ ਹੈ, ਉਵੇਂ ਅੰਮ੍ਰਿਤਾ ਵੀ ਆਪਣੇ ਹੋਣ ਦਾ ਕੋਈ ਮਕਸਦ ਲੱਭਣਾ ਚਾਹੁੰਦੀ ਹੈ। ਇਸ ਮਕਸਦ ਲਈ ਜ਼ਰੂਰੀ ਹੈ ਕਿ ਉਹ ਖ਼ੁਦ ਨੂੰ ਕਿਸੇ ਸਮਾਜਕ ਬਿੰਬਕਾਰੀ ਵਿਚ ਢਾਲੇ। ਸਮੱਸਿਆ ਇਹ ਹੈ ਕਿ ਇਹ ਸਮਾਜਕ ਪ੍ਰਸੰਗ ਪਿਤਾ ਦੇ ਕਾਨੂੰਨ ਨਾਲ ਜੁੜੇ ਹਨ। ਅੰਮ੍ਰਿਤਾ ਸਾਹਵੇਂ ਮਸਲਾ ਹੈ ਕਿ ਸਮਾਜਕ ਵਰਜਨਾਵਾਂ ਦੇ ਵਿਰੋਧ ਵਿਚ ਭੁਗਤਣ ਦੇ ਬਾਵਜੂਦ ਉਸਨੇ ਆਪਣੇ ਹੋਣ-ਥੀਣ ਦੇ ਮਕਸਦ ਨੂੰ ਸ਼ਬਦਾਂ ਵਿਚ ਢਾਲਣਾ ਵੀ ਹੈ। ਇਸ ਹੋਣ-ਥੀਣ ਦੇ ਅਰਥ ਸਮਾਜਕ ਪ੍ਰਬੰਧ ਵਿਚ ਸਵੈ ਵੱਲੋਂ ਨਿਭਾਈ ਜਾਂਦੀ ਭੂਮਿਕਾ ਤੇ ਟਿਕੇ ਹਨ। ਮੈਲ ਜਿਹੀ ਅਪ੍ਰਮਾਣਿਕ ਹੋਂਦ ਤੋਂ ਖ਼ੁਦ ਬਲ ਕੇ ਦੂਜਿਆਂ ਦਾ ਰਾਹ ਰੁਸ਼ਣਾਉਣ ਵਾਲੇ ਕੁਕਨੁਸ ਵਿਚਲਾ ਰੂਪਾਂਤਰਨ ਅੰਮ੍ਰਿਤਾ ਦੇ ਸਵੈ ਬਿੰਬ ਦੀ ਅਚੇਤ ਇੱਛਾ ਦਾ ਪਰਤਾਓ ਹੋ ਨਿੱਬੜਦਾ ਹੈ-

ਕੁਕਨੁਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ ਦੀ ਇਸ ਲਾਟ ਤੇ ਬਲ ਜਾਏਗਾ
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੁਸ ਦੀ ਰਾਖ ਨੂੰ ਪ੍ਰਣਾਮ ਹੈ

ਇਸ ਤਰ੍ਹਾਂ ਅੰਮ੍ਰਿਤਾ ਦੀ ਤਲਬ ਵਿਚੋਂ ਉਸਦੀ ਲਿਖਤ ਅੰਦਰ ਦੋ ਆਪਾ ਵਿਰੋਧੀ ਸਵੈ-ਬਿੰਬਾਂ ਦੀ ਸਿਰਜਣਾ ਹੁੰਦੀ ਹੈ। ਸਮਾਜਕ ਤੌਰ ਤੇ ਅਪ੍ਰਮਾਣਿਤ ਮੈਲ ਅਤੇ ਸਮਾਜ ਵਿਚ ਪ੍ਰਵਾਣਿਤ ਹੋਣ ਦੇ ਤਸੱਵਰ ਵਿਚੋਂ ਉਪਜਿਆ ਖ਼ੁਦ ਬਲ ਕੇ ਦੂਜਿਆਂ ਦਾ ਰਾਹ ਰੁਸ਼ਨਾਉਣ ਵਾਲਾ ਕੁਕਨੁਸ। ਇਹ ਦਵੰਦ ਉਸਦੇ ਸਵੈ ਨੂੰ ਦੁਫ਼ਾੜ ਸ਼ਖ਼ਸੀਅਤ ਬਣਾ ਦਿੰਦਾ ਹੈ। ਇਕ ਪਾਸੇ, ਸਮਾਜਕ ਵਰਜਨਾਵਾਂ ਦੇ ਵਿਰੋਧ ਵਿਚ ਭੁਗਤਣ ਵਾਲੀ ਅੰਮ੍ਰਿਤਾ ਜਦਕਿ ਦੂਜੇ ਪਾਸੇ ਸਮਾਜਕ ਤੌਰ ਤੇ ਪ੍ਰਵਾਨਿਤ ਹੋਣ ਦੀ ਇੱਛਾ ਰੱਖਣ ਵਾਲੀ ਅੰਮ੍ਰਿਤਾ। ਹਾਈਡੈਗਰ ਕਹਿੰਦਾ ਹੈ ਕਿ ਬੰਦਾ ਇਸ ਸੰਸਾਰ ਨੂੰ ਕਿਸੇ ਖ਼ਾਸ ਸਥਿਤੀ ਤੋਂ ਸਮਝਦਾ ਹੈ, ਪਰ ਨਾਲ ਹੀ ਉਸਦੀ ਇਹ ਅਚੇਤ ਇੱਛਾ/ਕੋਸ਼ਿਸ਼ ਹੁੰਦੀ ਹੈ ਕਿ ਉਹ ਇਸ ਸਥਿਤੀ ਤੋਂ ਪਾਰ ਜਾ ਸਕੇ। ਮਨੁੱਖੀ ਹੋਂਦ ਦਾ ਸੰਕਟ ਉਸਦੀ ਵਰਤਮਾਨ ਸਥਿਤੀ ਤੇ ਉਸਦੀ ਭਵਿੱਖ ਬਾਰੇ ਕਲਪਨਾ ਵਿਚਲੀ ਕਸ਼ਮਕਸ਼ ਦਾ ਸਿੱਟਾ ਹੈ। ਅੰਮ੍ਰਿਤਾ ਦਾ ਸਵੈ-ਬਿੰਬ ਦੋ ਹਿੱਸਿਆਂ (ਮੈਲ/ਕੁਕਨੁਸ) ਵਿਚ ਵੰਡਿਆ ਹੈ; ਉਸਦੀ ਵਰਤਮਾਨ ਸਥਿਤੀ ਤੇ ਭਵਿੱਖ ਦੀ ਚਾਹਤ। ਮੈਲ ਜਾਂ ਰਾਖ ਅੰਮ੍ਰਿਤਾ ਦੀ ਅਪੂਰਨ ਹੋਂਦ ਦੇ ਬਿੰਬ ਹਨ। ਇਹਨਾਂ ਦੀ ਪੂਰਨਤਾ ਗਣੇਸ਼ ਜਾਂ ਕੁਕਨੁਸ ਬਣਨ ਵਿਚ ਹੈ।

ਲਾਕਾਂ ਦੱਸਦਾ ਹੈ ਕਿ ਬੱਚੇ ਦਾ ਕਿਆਸਿਆ ਸਵੈ-ਬਿੰਬ ਉਸਦੇ ਪੂਰਨ ਦੇਹ ਹੋਣ ਦੀ ਗਵਾਹੀ ਹੈ। ਦੂਜੇ ਪਾਸੇ ਹਕੀਕਤ ਵਿਚ ਇਹ ਪੂਰਨਤਾ ਭਰਮ ਹੈ। ਖ਼ੁਦ ਨੂੰ ਧੋਖੇ ਵਿਚ ਰੱਖੇ ਬਿਨਾਂ ਸਵੈ-ਬਿੰਬ ਦੀ ਨਿਰਮਾਣਕਾਰੀ ਮੁਮਕਿਨ ਨਹੀਂ। ਇਸਦਾ ਨਤੀਜਾ ਇਹ ਨਿੱਕਲਦਾ ਹੈ ਕਿ ਬੱਚਾ ਆਪਣੇ ਅੱਧੇ-ਅਧੂਰੇ ਹੋਣ ਦੀ ਹਕੀਕਤ ਨੂੰ ਸਮਝੇ ਬਿਨਾਂ ਆਪਣੀ ਪੂਰਨਤਾ ਵਾਲੇ ਕਲਪਿਤ ਬਿੰਬ ਨੂੰ ਹੀ ਆਪਣਾ ਸੱਚ ਸਮਝ ਲੈਂਦਾ ਹੈ। ਇਸ ਨੂੰ ਇੰਝ ਵੀ ਕਹਿ ਸਕਦੇ ਹਾਂ ਕਿ ਇਕ ਸੰਪੂਰਨ ਬਿੰਬ ਦੀ ਖ਼ਾਹਸ਼ ਵਿਚ ਉਹ ਆਪਣੀ ਅੱਧੀ-ਅਧੂਰੀ ਸਵੈ ਨੂੰ ਕੁਰਬਾਨ ਕਰ ਦਿੰਦਾ ਹੈ। ਇਸ ਪੂਰਨ ਬਿੰਬ ਦੇ ਕਲਪਿਤ ਯਥਾਰਥ ਵਿਚ ਵਿਚਰਦਿਆਂ ਉਸ ਲਈ ਹਰ ਦੂਜਾ ਵੱਖਰਾ ਹੋ ਜਾਂਦਾ ਹੈ। ਸਵੈ ਬਾਰੇ ਕੋਈ ਵੀ ਸਮਝ ਖ਼ੁਦ ਨੂੰ ਦੂਜੇ ਤੋਂ ਵਖਰਿਆ ਕੇ ਹੀ ਬਣਦੀ ਹੈ।

ਮਨੁੱਖ ਦਾ ਸੰਕਟ ਹੈ ਕਿ ਇਕ ਪਾਸੇ ਤਾਂ ਉਹ ਖ਼ੁਦ ਨੂੰ ਸੰਪੂਰਨ ਬਿੰਬ ਕਿਆਸਦਾ ਹੈ ਜਦਕਿ ਦੂਜੇ ਪਾਸੇ ਉਸਦੀ ਅਧੂਰੀ ਹੋਂਦ ਉਸਦਾ ਖਹਿੜਾ ਨਹੀਂ ਛੱਡਦੀ । ਸਵੈ ਬਿੰਬ ਕਿਸੇ ਹੋਰ ਦੀ ਕਾਮਨਾ ਵਿਚੋਂ ਆਪਣੇ ਹੋਣ ਦੇ ਅਰਥ ਲੱਭਣ ਲੱਗਦਾ ਹੈ। ਜਾਂ ਇੰਝ ਕਹੀਏ ਕਿ ਦੂਜੇ ਦੀ ਤਾਂਘ ਵਿਚੋਂ ਆਪਣਾ ਬਿੰਬ ਘੜਨ ਲੱਗਦਾ ਹੈ। ਅੰਮ੍ਰਿਤਾ ਦੀ ਲਿਖਤ ਵਿਚ ਸਵੈ ਦੀ ਅਧੂਰੀ ਤਾਂਘ ਅਤੇ ਦੂਜੇ ਨਾਲ ਜੁੜ ਕੇ ਸੰਪੂਰਨ ਬਿੰਬ ਬਣ ਸਕਣ ਦੇ ਕਈ ਹਵਾਲੇ ਦਰਜ ਹਨ। ਇਕ ਥਾਂ ਉਹ ਆਪਣੇ ਬਚਪਨ ਨਾਲ ਜੁੜਿਆ ਇਹ ਵਾਕਿਆ ਬਿਆਨ ਕਰਦੀ ਹੈ-

ਰੱਬ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ? ਇਕ ਦਿਨ ਮੇਰੀ ਬਾਲੜੀ ਜ਼ੁਬਾਨ ਨੇ ਪਿਤਾ ਜੀ ਨੂੰ ਪੁਛਿਆ। ਰੱਬ ਦੀ ਮੰਜ਼ਿਲ ਉਤੇ ਗੁਰੂ ਦੇ ਰਾਹ ਹੋ ਕੇ ਪਹੁੰਚੀਦਾ ਹੈ। ਇਹ ਦਸ ਗੁਰੂਆਂ ਦੀਆਂ ਤਸਵੀਰਾਂ ਨੇ ਤੂੰ ਇਹਨਾਂ ਵਿਚੋਂ ਕੋਈ ਵੀ ਸ਼ਕਲ ਸਾਹਮਣੇ ਚਿਤਾਰ ਲਿਆ ਕਰ। ਦਸਾਂ ਮੂੰਹਾਂ ਨੂੰ ਤਾਂ ਚਿਤਾਰਿਆ ਨਹੀਂ ਜਾ ਸਕਦਾ; ਮੈਨੂੰ ਇਹਨਾਂ ਵਿਚੋਂ ਕੋਈ ਇਕ ਮੂੰਹ ਚੁਣਨਾ ਪਵੇਗਾ। ਮੈਂ ਇਕ ਤਸਵੀਰ ਰੱਖਦੀ, ਇਕ ਚੁਣਦੀ, ਪਰ ਮੁੜ-ਮੁੜ ਕੇ ਜਿੱਥੇ ਅੱਖਾਂ ਖਲੋ ਜਾਂਦੀਆਂ, ਉਹ ਛੇਵੇਂ ਤੇ ਦਸਵੇਂ ਗੁਰੂ ਦੀ ਤਸਵੀਰ ਸੀ। ਸਿਖਰਾਂ ਤੇ ਪੁੱਜੀ ਹੋਈ ਜਵਾਨੀ, ਅੰਗ-ਅੰਗ ਵਿਚ ਲਿਸ਼ਕਦੀ ਬਹਾਦਰੀ, ਚਮਕਦਾ ਘੋੜਾ ਤੇ ਹੱਥ ਵਿਚ ਬਾਜ਼।

ਸਧਾਰਨ ਬੱਚਿਆਂ ਵਾਂਗ ਗੁਰੂ ਨਾਨਕ ਦੀ ਤਸਵੀਰ ਤੇ ਧਿਆਨ ਧਰਨ ਦੀ ਥਾਂ ਅੰਮ੍ਰਿਤਾ ਛੇਵੇਂ ਤੇ ਦਸਵੇਂ ਗੁਰੁ ਦੀ ਤਸਵੀਰ ਦਾ ਧਿਆਨ ਧਰਦੀ ਹੈ। ਇਸ ਵਰਤਾਰੇ ਦੇ ਵੀ ਦੋ ਕਾਰਨ ਨਜ਼ਰ ਆਉਂਦੇ ਹਨ। ਪਹਿਲਾ, ਖ਼ੁਦ ਨੂੰ ਬਾਕੀ ਬੱਚਿਆਂ ਦੇ ਮੁਕਾਬਲੇ ਅਸਧਾਰਨ ਸਿੱਧ ਕਰਨ ਦੀ ਸੁਚੇਤ ਇੱਛਾ (ਰਾਖ਼ ਵਿਚੋਂ ਮੁੜ ਜੀਵਤ ਹੋਇਆ ਕੁਕਨੁਸ ਵੀ ਇਸ ਖ਼ਾਹਿਸ਼ ਦਾ ਹੀ ਪਰਤਾਓ ਹੈ)। ਦੂਜਾ, ਛੇਵੇਂ ਤੇ ਦਸਵੇਂ ਗੁਰੁ ਦੀਆਂ ਤਸਵੀਰਾਂ ਲਈ ਵਰਤੇ ਵਿਸ਼ੇਸ਼ਣਾਂ (ਪੁੱਜੀ ਹੋਈ ਜਵਾਨੀ, ਅੰਗ-ਅੰਗ ਵਿਚ ਲਿਸ਼ਕਦੀ ਬਹਾਦਰੀ, ਚਮਕਦਾ ਘੋੜਾ, ਹੱਥ ਵਿਚ ਬਾਜ਼) ਰਾਹੀਂ ਆਪਣੀਆਂ ਅਚੇਤ ਇੱਛਾਵਾਂ ਦਾ ਪ੍ਰਗਟਾਅ। ਅੱਗੇ ਪੜ੍ਹੋ – ਅੰਮ੍ਰਿਤਾ ਦੀ ਮੁਹੱਬਤ – Part-3

*ਲੇਖਕ ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਹਨ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: