ਆਪਣੀ ਬੋਲੀ, ਆਪਣਾ ਮਾਣ

ਸੈਲਫ਼ੀ ਸਭਿਆਚਾਰ: ਪੱਤਰਕਾਰੀ ਦਾ ਨਿਘਾਰ | Selfie Culture in Media

ਅੱਖਰ ਵੱਡੇ ਕਰੋ+=

ਸੰਪਾਦਕੀ

ਪੰਜਾਬੀਆਂ ਦੀ ਸਭ ਤੋਂ ਵੱਡੀ ਪਛਾਣ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਮੀ ਇਕੋ ਹੀ ਹੈ। ਲੋੜੋਂ ਵੱਧ ਦਿਖਾਵਾ ਕਰਨਾ। ਸਿਆਸਤ ਤੇ ਮਨੋਰੰਜਨ ਉਦਯੋਗ ਦੀ ਗਲੈਮਰ ਭਰੀ ਦੁਨੀਆਂ ਦਿਖਾਵੇ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੁਨੀਆਂ ਵਿਚ ਜੋ ਪਰਦੇ ‘ਤੇ ਨਜ਼ਰ ਆਉਂਦਾ ਹੈ, ਉਸ ਉੱਪਰ ਮੇਕਅੱਪ (ਦਿਖਾਵੇ) ਦੀ ਇਕ ਮੋਟੀ ਪਰਤ ਚੜ੍ਹੀ ਹੁੰਦੀ ਹੈ। ਇਸ ਪਰਤ ਦੇ ਹੇਠਾਂ ਦੀ ਅਸਲੀਅਤ ਨਾ ਕਦੇ ਆਮ ਲੋਕਾਂ ਨੂੰ ਨਜ਼ਰ ਆਉਂਦੀ ਹੈ ਅਤੇ ਨਾ ਹੀ ਇਨ੍ਹਾਂ ਨਾਲ ਕਾਰ-ਵਿਹਾਰ ਕਰਨ ਵਾਲੇ ਹੋਰ ਲੋਕਾਂ ਨੂੰ ਇਸ ਪਰਤ ਦੇ ਪਾਰ ਝਾਕਣ ਦਾ ਮੌਕਾ ਸੌਖਿਆਂ ਮਿਲਦਾ ਹੈ। ਇਸੇ ਕਰਕੇ ਗਲੈਮਰ ਦੀ ਦੁਨੀਆਂ ਦੇ ਚਿਹਰਿਆਂ ਪਿਛਲੀ ਅਸਲੀਅਤ ਜਾਣਨ ਦੀ ਉਤਸੁਕਤਾ ਆਮ ਲੋਕਾਂ ਵਿਚ ਬਣੀ ਰਹਿੰਦੀ ਹੈ। ਸਿਆਸਤ ਤੇ ਮਨੋਰੰਜਨ ਦੀਆਂ ਖ਼ਬਰਾਂ ਸਮੁੱਚੇ ਪੱਤਰਕਾਰੀ ਦੇ ਖੇਤਰ ਦਾ ਵੱਡਾ ਹਿੱਸਾ ਘੇਰਦੀਆਂ ਹਨ।

ਪੱਤਰਕਾਰਾਂ ਲਈ ਪੱਤਰਕਾਰੀ ਬਹੁਤ ਹੀ ਚੁਣੌਤੀਪੂਰਨ ਅਤੇ ਜ਼ਿੰਮੇਵਾਰੀ ਨਾਲ ਕਰਨ ਵਾਲਾ ਕਾਰਜ ਹੁੰਦਾ ਹੈ। ਲੋਕ ਸਿਆਸਦਾਨਾਂ ਤੇ ਕਲਾਕਾਰਾਂ ਨੂੰ ਸਿਰ ‘ਤੇ ਬਿਠਾਉਂਦੇ ਹਨ ਅਤੇ ਪੱਤਰਕਾਰ ਉਨ੍ਹਾਂ ਦੇ ਕੰਮ-ਕਾਜ ਤੇ ਜ਼ਿੰਦਗੀ ਦੀ ਅੰਦਰ ਝਾਤ ਲੋਕਾਂ ਤੱਕ ਪਹੁੰਚਾਉਂਦਾ ਹੈ। ਪੱਤਰਕਾਰ ਕੰਮ ਕਰਦੇ ਹੋਏ ਸਿਰਫ਼ ਪੱਤਰਕਾਰ ਹੁੰਦਾ ਹੈ, ਉਸ ਨੂੰ ਆਪਣੇ ਪੇਸ਼ੇ ਦੇ ਫਰਜ਼ ਨਿਭਾਉਂਦੇ ਹੋਏ ਆਪਣੇ ਅੰਦਰਲਾ ਫੈਨ ਇਕ ਪਾਸੇ ਰੱਖਣਾ ਲਾਜ਼ਮੀ ਹੁੰਦਾ ਹੈ। ਸੱਭ ਤੋਂ ਵੱਡੀ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। 

ਪੱਤਰਕਾਰੀ ਦਾ ਗਲੈਮਰ ਭਰਿਆ ਖੇਤਰ ਆਮ ਲੋਕਾਂ ਤੋਂ ਵੀ ਪਹਿਲਾ ਪੱਤਰਕਾਰਾਂ ਨੂੰ ਆਪਣੇ ਲਪੇਟ ਵਿਚ ਲੈ ਲੈਂਦਾ ਹੈ। ਜ਼ਿਆਦਾਤਰ ਮੌਕਿਆਂ ‘ਤੇ ਬਹੁਤੇ ਨਵੇਂ ਅਤੇ ਕਈ ਪੁਰਾਣੇ ਪੱਤਰਕਾਰਾਂ ਦਾ ਮਕਸਦ ਕਿਸੇ ਨਾਮੀ ਹਸਤੀ ਨਾਲ ਸੰਪਰਕ ਬਣਾਉਣੇ ਤੇ ਉਨ੍ਹਾਂ ਨਾਲ ਫੋਟੋ ਖਿਚਵਾਉਣੀ ਅਤੇ ਆਪਣੇ ਆਪ ਨੂੰ ਉਸਦੇ ਨੇੜੇ ਦਿਖਾ ਕੇ ਆਪਣੇ ਆਲੇ-ਦੁਆਲੇ ਵਿਚ ਆਪਣੀ ਬੱਲੇ-ਬੱਲੇ ਕਰਵਾਉਣੀ ਹੁੰਦਾ ਹੈ। ਉਸ ਤੋਂ ਅਗਲੇ ਪੜਾਅ ਵਿਚ ਉਨ੍ਹਾਂ ਰਾਹੀਂ ਆਰਥਿਕ ਤੇ ਹੋਰ ਫ਼ਾਇਦੇ ਲੈਣਾ ਹੁੰਦਾ ਹੈ।

ਆਮ ਲੋਕ ਇਨ੍ਹਾਂ ਹਸਤੀਆਂ ਦੇ ਸੁਰੱਖਿਆ ਘੇਰੇ ਵਿਚ ਆਸਾਨੀ ਨਾਲ ਨਹੀਂ ਪਹੁੰਚ ਸਕਦੇ, ਪੱਤਰਕਾਰ ਆਪਣੇ ਪੇਸ਼ੇ ਕਾਰਨ ਮਿਲੀ ਇਸ ਖੁੱਲ੍ਹ ਨੂੰ ਆਪਣਾ ਮੁੱਢਲਾ ਅਧਿਕਾਰ ਮੰਨਦੇ ਹਨ। ਇਸ ਨੂੰ ਆਪਣੇ ਨਿੱਜੀ ਝੱਸ ਨੂੰ ਪੂਰਾ ਕਰਨ ਲਈ ਵਰਤਦੇ ਹਨ। ਮਸ਼ਹੂਰ ਹਸਤੀਆਂ ਦੇ ਨੇੜੇ ਹੋਣ ਦੇ ਚੱਕਰ ਵਿਚ ਉਨ੍ਹਾਂ ਵੱਲੋਂ ਲਿਖੀਆਂ ਜਾਂਦੀਆਂ ਜ਼ਿਆਦਾਤਰ ਖ਼ਬਰਾਂ, ਇੰਟਰਵਿਊ ਅਤੇ ਲੇਖ ਉਨ੍ਹਾਂ ਹਸਤੀਆਂ ਦੇ ਸੋਹਲੇ ਹੀ ਗਾਉਂਦੇ ਹਨ। ਇਸ ਤੋਂ ਉਲਟ ਜਿਨ੍ਹਾਂ ਪੱਤਰਕਾਰਾਂ ਨੂੰ ਇਹ ਹਸਤੀਆਂ ਆਪਣੇ ਨੇੜੇ ਆਉਣ ਦੀ ਖੁੱਲ੍ਹ ਨਹੀਂ ਦਿੰਦੀਆਂ ਉਹ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਦੇ ਪਿੱਛੇ ਹੱਥ ਧੋ ਕੇ ਪੈ ਜਾਂਦੇ ਹਨ। ਉਦੋਂ ਉਨ੍ਹਾਂ ਨੂੰ ਸਮਾਜ ਜਾਂ ਆਮ ਲੋਕਾਂ ਨਾਲੋਂ ਆਪਣਾ ਜ਼ਿਆਦਾ ਫ਼ਿਕਰ ਹੁੰਦਾ ਹੈ। ਥੋੜ੍ਹੇ ਦਿਨਾਂ ਬਾਅਦ ਉਹੀ ਪੱਤਰਕਾਰ ਉਸ ਹਸਤੀ ਦੀ ਬੱਲੇ-ਬੱਲੇ ਕਰ ਰਹੇ ਹੁੰਦੇ ਹਨ, ਕਿਉਂਕਿ ਉਸ ਨੇ ਪੱਤਰਕਾਰ ਦਾ ਮਨਚਾਹਿਆ ਮਨਪਰਚਾਵਾ ਕਰ ਦਿੱਤਾ ਹੁੰਦਾ ਹੈ।

ਸ਼ੋਸ਼ਲ ਮੀਡੀਆ ਨੇ ਆਮ ਲੋਕਾਂ ਨਾਲੋਂ ਪੱਤਰਕਾਰਾਂ ਵਿਚ ਸਿਆਸੀ ਤੇ ਹੋਰ ਮਸ਼ਹੂਰ ਹਸਤੀਆਂ ਨਾਲ ਫੋਟੋ ਖਿਚਵਾਉਣ ਵਾਲੇ ਗਲੈਮਰ ਦਾ ਕੀੜਾ ਹੋਰ ਵੀ ਵਧਾ ਦਿੱਤਾ ਹੈ। ਉਹ ਤਾਕਤਵਰ ਚਿਹਰਿਆਂ ਨਾਲ ਫੋਟੋਆਂ ਖਿੱਚਵਾ ਕੇ ਫੇਸਬੁੱਕ ਜਾਂ ਹੋਰ ਸ਼ੋਸ਼ਲ ਸਾਈਟਾਂ ‘ਤੇ ਪਾਉਣਾ ਆਪਣੀ ਸ਼ਾਨ ਸਮਝਣ ਲੱਗੇ ਹਨ। ਪਿੱਛੇ ਜਿਹੇ ਜਲੰਧਰ ਦੀ ਇਕ ਯੂਨੀਵਰਸਟੀ ਵਿਚ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਆਈ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਵਿੱਦਿਆ ਬਾਲਨ ਦੀ ਪ੍ਰੈਸ ਕਾਨਫਰੰਸ ਤੋਂ ਮੁੜ ਕੇ ਇਕ ਮਹਿਲਾ ਪੱਤਰਕਾਰ ਨੇ ਫੇਸਬੁੱਕ ‘ਤੇ ਇਹ ਸਟੇਟਸ ਬੜੇ ਚਾਅ ਨਾਲ ਲਿਖਿਆ ਸੀ ਕਿ ਉਹ ਹੁਣੇ ਫ਼ਿਲਮੀ ਕਲਾਕਾਰਾਂ ਦੀ ਪ੍ਰੈਸ ਕਾਨਫਰੰਸ ਵਿਚੋਂ ਮੁੜ ਕੇ ਆਈ ਹੈ।

ਹੰਢੇ ਹੋਏ ਸਿਆਸਤਦਾਨ ਤੇ ਕਲਾਕਾਰ ਪੱਤਰਕਾਰਾਂ ਦੇ ਇਸ ਚਾਅ ਦਾ ਫਾਇਦਾ ਚੁੱਕਣਾ ਬਖੂਬੀ ਜਾਣਦੇ ਹਨ। ਉਹ ਝੱਟਪਟ ਪੱਤਰਕਾਂਰਾਂ ਨਾਲ ਦੋਸਤੀ ਕਰ ਲੈਂਦੇ ਹਨ ਅਤੇ ਇਸ ਦੋਸਤੀ ਦੀ ਅਦਾਕਾਰੀ ਇੰਨੀ ਮੁਹਾਰਤ ਨਾਲ ਕਰਦੇ ਹਨ ਕਿ ਪੱਤਰਕਾਰ ਵੀ ਇਸ ਭਰਮ ਵਿਚ ਸੌਖਿਆਂ ਹੀ ਆ ਜਾਂਦਾ ਹੈ। ਬਹੁਤ ਘੱਟ ਪੱਤਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਜਿਹੜੀਆਂ ਨਾਮੀ ਹਸਤੀਆਂ ਉਨ੍ਹਾਂ ਨਾਲ ਦੋਸਤੀ ਜਾਂ ਨੇੜਤਾ ਦਾ ਦਾਅਵਾ ਕਰਦੇ ਹਨ, ਉਨ੍ਹਾਂ ਵਿਚ ਬਹੁਤਿਆਂ ਦਾ ਮਕਸਦ ਉਨ੍ਹਾਂ ਜ਼ਰੀਏ ਵੱਧ ਤੋਂ ਵੱਧ ਮਸ਼ਹੂਰੀ ਖੱਟਣਾ ਅਤੇ ਉਨ੍ਹਾਂ ਦੇ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਵਿਚ ਆਪਣੇ ਲਈ ਜਗ੍ਹਾ ਬਣਾਈ ਰੱਖਣਾ ਹੁੰਦਾ ਹੈ। ਜਦੋਂ ਅਜਿਹੇ ਪੱਤਰਕਾਰ ਕਿਸੇ ਮੀਡੀਆ ਅਦਾਰੇ ਵਿਚ ਨਹੀਂ ਰਹਿੰਦੇ ਜਾਂ ਉਨ੍ਹਾਂ ਦੇ ਫ਼ਾਇਦੇ ਵਾਲੇ ਅਦਾਰੇ ਵਿਚ ਨਹੀਂ ਰਹਿੰਦੇ ਤਾਂ ਦੋਸਤੀ ਦਾ ਵੀ ਭੋਗ ਪੈ ਜਾਂਦਾ ਹੈ।

Selfie Culture in Indian Media, Media and Ethics

ਸੈਲਫ਼ੀ ਸੱਭਿਆਚਾਰ: ਪੱਤਰਕਾਰੀ ਦਾ ਨਿਘਾਰ

ਉੱਪਰ ਦੱਸੀਆਂ ਗੱਲਾਂ ਬਹੁਤ ਸਾਰੇ ਸੂਝਵਾਨਾਂ ਨੂੰ ਪਤਾ ਹਨ ਅਤੇ ਉਹ ਕਹਿਣਗੇ ਕਿ ਇਸ ਵਿਚ ਨਵੀਂ ਗੱਲ ਕੀ ਹੈ।ਪਰ ਹੁਣ ਇਹ ਸਭ ਕੁਝ ਜਿੰਨਾ ਆਮ ਹੋ ਗਿਆ ਹੈ ਇਸ ਵੱਲ ਧਿਆਨ ਦੇਣਾ ਓਨਾ ਹੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜ਼ਿਆਦਾਤਰ ਪੱਤਰਕਾਰ ਉੱਪਰ ਦੱਸੇ ਗਲੈਮਰ ਦੇ ਭੁਲਾਵੇ ਵਿਚ ਆ ਕੇ ਨਾ ਸਿਰਫ਼ ਸਮਾਜ ਅਤੇ ਸੱਭਿਆਚਾਰ ਦਾ ਨੁਕਸਾਨ ਕਰਦੇ ਹਨ ਬਲਕਿ ਆਮ ਲੋਕਾਂ ਦਾ ਮਾਨਸਿਕ, ਆਰਥਿਕ ਅਤੇ ਵਕਤ ਦਾ ਵੀ ਭਾਰੀ ਨੁਕਸਾਨ ਕਰਦੇ ਹਨ। ਇਹੀ ਨਹੀਂ ਇਹ ਪੱਤਰਕਾਰ ਧੱਕੇ ਨਾਲ ਬਣੇ ਕਈ ਸਿਆਸਤਦਾਨਾਂ, ਸਮਾਜ-ਸੇਵਕਾਂ, ਕਲਾਕਾਰਾਂ ਦੀ ਅਣਜਾਣੇ ਵਿਚ ਮਦਦ ਕਰ ਜਾਂਦੇ ਹਨ ਅਤੇ ਕਈ ਚੰਗਾ ਕੰਮ ਕਰਨ ਵਾਲੇ ਸਾਧਾਰਨ ਬੰਦਿਆਂ ਦਾ ਹੱਕ ਵੀ ਖੋਹ ਲੈਂਦੇ ਹਨ।

ਸਰਮਾਏਦਾਰੀ ਦੇ ਦੌਰ ਵਿਚ ਉਂਜ ਤਾਂ ਹਰ ਖੇਤਰ ਵਿਚ ਭ੍ਰਿਸ਼ਟਾਚਾਰ ਦਾ ਘੁਣ ਲੱਗਿਆ ਮਿਲ ਜਾਂਦਾ ਹੈ, ਪਰ ਪੱਤਰਕਾਰੀ ਦੇ ਖੇਤਰ ਵਿਚ ਨਾਮੀ ਲੋਕਾਂ ਵੱਲੋਂ ਆਪਣੇ ਪ੍ਰਚਾਰ ਲਈ ਖ਼ਰਚਿਆ ਜਾਂਦਾ ਅੰਨ੍ਹੇਵਾਹ ਪੈਸਾ, ਜਿਸਦਾ ਕਦੇ ਕੋਈ ਹਿਸਾਬ ਵੀ ਨਹੀਂ ਮੰਗਿਆ ਜਾਂਦਾ, ਪੱਤਰਕਾਰਾਂ ਨੂੰ ਇਨ੍ਹਾਂ ਦੇ ਗਲੈਮਰ ਦਾ ਸ਼ਿਕਾਰ ਹੋਣ ਵਿਚ ਵੱਡੀ ਭੂਮਿਕਾ ਨਿਭਾ ਜਾਂਦਾ ਹੈ। ਬਹੁਤ ਸਾਰੇ ਪੱਤਰਕਾਰ ਆਪਣੇ ਚਾਅ-ਚਾਅ ਦੇ ਅਣਜਾਣਪੁਣੇ ਵਿਚ ਇਨ੍ਹਾਂ ਲੋਕਾਂ ਦਾ ਫਾਇਦਾ ਕਰ ਜਾਂਦੇ ਹਨ, ਜਿਸ ਤੋਂ ਉਹ ਤਾਂ ਕਰੋੜਾਂ ਰੁਪਏ ਕਮਾ ਜਾਂਦੇ ਹਨ, ਪਰ ਪੱਤਰਕਾਰ ਕਲਾਕਾਰ ਨਾਲ ਫੋਟੋ ਖਿੱਚਾ ਕੇ ਹੀ ਪੱਬਾਂ ਭਾਰ ਹੋਏ ਫਿਰਦੇ ਹਨ। ਉਂਝ ਉਨ੍ਹਾਂ ਦੀ ਗਿਣਤੀ ਵੀ ਘਟ ਨਹੀਂ ਹੈ ਜਿਨ੍ਹਾਂ ਪੱਤਰਕਾਰਾਂ ਨੇ ਇਨ੍ਹਾਂ ਲੋਕਾਂ ਤੋਂ ਫ਼ਾਇਦੇ ਲੈ ਕੇ ਵੱਡੀਆਂ ਕੋਠੀਆਂ, ਕਾਰਾਂ ਤੇ ਹੋਰ ਕਾਰੋਬਾਰ ਖੜ੍ਹੇ ਕੀਤੇ ਹਨ।

ਇਸ ਗਲੈਮਰ ਦੇ ਭੰਬਲਭੂਸੇ ਵਿਚ ਉਹ ਕਲਾਕਾਰਾਂ ਦੀ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਵੀ ਵਿਸਾਰ ਦਿੰਦੇ ਹਨ। ਇੱਥੋਂ ਤੱਕ ਕਿ ਉਹ ਇਨ੍ਹਾਂ ਮਸ਼ਹੂਰ ਹਸਤੀਆਂ ਦੀਆਂ ਸਮਾਜ ਨੂੰ ਖੋਰਾ ਲਾਉਣ ਵਾਲੀਆਂ ਕਾਰਵਾਈਆਂ ਉੱਪਰ ਸਵਾਲ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ। ਇਸ ਗਲੈਮਰ ਦੀਆ ਚਕਾਚੌਂਧ ਰੌਸ਼ਨੀਆਂ, ਮਹਿੰਗੀਆਂ ਸ਼ਰਾਬ ਪਾਰਟੀਆਂ, ਗਲੈਮਰ ਭਰੇ ਖੁੱਲ੍ਹੇ ਅੰਦਾਜ਼, ਦਿਖਾਵੇ ਦੇ ਕੱਪੜੇ, ਚਿਹਰੇ ‘ਤੇ ਜਿਸਮ ਅਤੇ ਹਵਾਈ ਜਹਾਜ਼ਾਂ ਦੀਆਂ ਸੈਰਾਂ ਵਿਚ ਪੱਤਰਕਾਰ ਸਮਾਜ ਅਤੇ ਆਮ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਹਨ।

ਮੁੰਬਈ ਮਨੋਰੰਜਨ ਉਦਯੋਗ ਵਿਚ ਢਾਈ ਦਹਾਕੇ ਤੋਂ ਵੱਧ ਪੱਤਰਕਾਰੀ ਕਰ ਚੁੱਕੇ ਹਿੰਦੀ ਪੱਤਰਕਾਰ ਅਤੇ ਫ਼ਿਲਮ ਸਮੀਖਿਅਕ ਅਜੇ ਬ੍ਰਹਮਾਤਮਜ ਆਖਦੇ ਹਨ ਕਿ ਸ਼ੁਰੂਆਤੀ ਦੌਰ ਵਿਚ ਨੌਜਵਾਨ ਪੱਤਰਕਾਰਾਂ ਨੂੰ ਇਹ ਗਲੈਮਰ ਆਪਣੇ ਵੱਲ ਖਿੱਚਦਾ ਹੈ, ਪਰ ਵਕਤ ਨਾਲ ਪੱਤਰਕਾਰਾਂ ਨੂੰ ਸਹਿਜ ਹੋ ਜਾਣਾ ਚਾਹੀਦਾ ਹੈ। ਪੱਤਰਕਾਰਾਂ ਅਤੇ ਸਮੀਖਿਅਕਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਉਨ੍ਹਾਂ ‘ਤੇ ਭਰੋਸਾ ਕਰਕੇ ਜਨਤਾ ਆਪਣੀ ਮਿਹਨਤ ਦੀ ਕਮਾਈ ਅਤੇ ਕੀਮਤੀ ਸਮਾਂ ਖਰਚ ਕਰਦੀ ਹੈ। ਪੱਤਰਕਾਰ ਆਪਣੇ ਪਾਠਕ ਨੂੰ ਸਹੀ ਜਾਣਕਾਰੀ ਦੇਵੇ ਇਹ ਉਸਦਾ ਫ਼ਰਜ਼ ਬਣਦਾ ਹੈ। ਅਜੇ ਮੰਨਦੇ ਹਨ ਕਿ ਨਵੇਂ ਪੀੜ੍ਹੀ ਦੇ ਪੱਤਰਕਾਰਾਂ ਵਿਚ ਭਾਵੁਕਤਾ ਬਹੁਤ ਜ਼ਿਆਦਾ ਹੈ। ਭਾਵੁਕਤਾ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਕੰਮ ਕਰਨ ਦੀ ਲੋੜ ਹੈ।

ਸਾਡੇ ਦੇਸ਼ ਵਿਚ ਅਤੇ ਖ਼ਾਸ ਕਰ ਪੰਜਾਬੀ ਮੀਡੀਆ ਵਿਚ ਸਿਖਲਾਈ ਲੈ ਕੇ ਪੱਤਰਕਾਰੀ ਵਰਗੇ ਵੱਡੀ ਜ਼ਿੰਮੇਵਾਰੀ ਵਾਲੇ ਖੇਤਰ ਵਿਚ ਆਉਣ ਦਾ ਰਿਵਾਜ ਹਾਲੇ ਤੱਕ ਵੱਡੇ ਪੱਧਰ ‘ਤੇ ਸ਼ੁਰੂ ਨਹੀਂ ਹੋਇਆ। ਜਿਸ ਕਰਕੇ ਆਮ ਮੀਡੀਆ ਅਦਾਰਿਆਂ ਵਿਚ ਕਿਸੇ ਵਿਸ਼ੇ ਵਿਚ ਮੁਹਾਰਤ ਰੱਖਣ ਵਾਲੇ ਪੱਤਰਕਾਰ ਨਾ-ਮਾਤਰ ਹਨ। ਪਿਛਲੀ ਪੀੜ੍ਹੀ ਨੂੰ ਛੱਡ ਦੇਈਏ ਤਾਂ ਭਾਵੇਂ ਸਿਆਸਤ ਹੋਵੇ, ਸਾਹਿਤ, ਕਲਾ ਜਾਂ ਮਨੋਰੰਜਨ ਹਰ ਖੇਤਰ ਦੀ ਪੱਤਰਕਾਰੀ ਨੀਮ-ਹਕੀਮਾਂ ਦੇ ਹੱਥਾਂ ਵਿਚ ਆ ਗਈ ਹੈ। ਬਹੁਤੇ ਤਾਂ ਕਿਸੇ ਕਿਸਮ ਦੀ ਖੋਜ ਜਾਂ ਹੋਮਵਰਕ ਕਰਨ ਨੂੰ ਵੀ ਤਰਜੀਹ ਨਹੀਂ ਦਿੰਦੇ। ਬਾਕੀ ਬਚਿਆਂ ਲਈ ਖੋਜ ਦਾ ਮਤਲਬ ਗੂਗਲ ਤੋਂ ਸ਼ੁਰੂ ਹੋ ਕੇ ਇੱਥੇ ਹੀ ਮੁੱਕ ਜਾਂਦਾ ਹੈ।

ਜਦੋਂ ਮੈਂ ਜਲੰਧਰ ਵਿਚ ਦੈਨਿਕ ਭਾਸਕਰ ਅਖ਼ਬਾਰ ਲਈ ਪੱਤਰਕਾਰੀ ਕਰਦਾ ਸਾਂ ਤਾਂ ਇਕ ਹੋਰ ਅਖ਼ਬਾਰ ਲਈ ਅਪਰਾਧਿਕ ਖ਼ਬਰਾਂ ਦੀ ਰਿਪੋਰਟਿੰਗ ਕਰਨ ਵਾਲਾ ਪੱਤਰਕਾਰ ਹੀ ਹੋਰ ਵੀ ਕਈ ਖੇਤਰਾਂ (ਬੀਟਾਂ) ਦੀਆਂ ਖ਼ਬਰਾਂ ਵੀ ਲਿਖਦਾ ਸੀ। ਉਸਦਾ ਬਹੁਤਾ ਸਮਾਂ ਅਪਰਾਧਿਕ ਖ਼ਬਰਾਂ ਹੀ ਖਾ ਜਾਂਦੀਆਂ ਸਨ। ਉਸ ਕੋਲ ਹਰ ਖ਼ਬਰ ਦੀ ਡੂੰਘਾਈ ਵਿਚ ਜਾ ਕੇ ਜਾਣਕਾਰੀ ਇੱਕਠੀ ਕਰਨ ਦਾ ਸਮਾਂ ਹੀ ਨਹੀਂ ਸੀ ਹੁੰਦਾ। ਉਹ ਜ਼ਿਆਦਾਤਰ ਉਨ੍ਹਾਂ ਪ੍ਰੈਸ ਕਾਨਫਰੰਸਾਂ ਵਿਚ ਹਾਜ਼ਰ ਹੁੰਦਾ ਸੀ, ਜਿਨ੍ਹਾਂ ਨਾਲ ਉਹਦੀ ਪੁਰਾਣੀ ਜਾਣ-ਪਛਾਣ ਹੁੰਦੀ ਸੀ ਜਾਂ ਜਿਨ੍ਹਾਂ ਨਾਲ ਇਸ਼ਤਿਹਾਰਾਂ ਵਾਲਾ ਹਿਸਾਬ ਕਿਤਾਬ ਚੱਲਦਾ ਸੀ। ਅਜਿਹੇ ਵਿਚ ਜ਼ਿਆਦਾਤਰ ਖ਼ਬਰਾਂ ਪ੍ਰੈੱਸ-ਨੋਟ ਦੇ ਆਧਾਰ ‘ਤੇ ਹੀ ਲਿਖੀਆਂ ਜਾਂਦੀਆਂ ਹਨ। ਬਹੁਤ ਹੀ ਪੁਰਾਣਾ ਅਤੇ ਹੰਢਿਆ ਹੋਇਆ ਪੱਤਰਕਾਰ ਹੋਣ ਕਰਕੇ ਉਹ ਇਹ ਕੰਮ ਕਿਵੇਂ ਨਾ ਕਿਵੇਂ ਚਲਾ ਲੈਂਦਾ ਸੀ। ਪਰ ਕੀ ਇਸ ਤਰ੍ਹਾਂ ਲਿਖੀਆਂ ਖ਼ਬਰਾਂ ਪਾਠਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕਦੀਆਂ ਸਨ?

ਮੇਰੇ ਖ਼ਿਆਲ ਵਿਚ ਪੱਤਰਕਾਰੀ ਦੇ ਖਿੱਤੇ ਵਿਚ ਕੰਮ ਕਰ ਰਹੇ ਅਤੇ ਕੰਮ ਕਰਨ ਦੇ ਚਾਹਵਾਨਾਂ ਨੂੰ ਇਸ ਵੇਲੇ ਸਵੈ-ਪੜਚੋਲ ਜ਼ਰੂਰ ਕਰਨੀ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਆਪਣੇ ਚਾਅ ਪੂਰੇ ਕਰਨ ਲਈ ਪੱਤਰਕਾਰੀ ਦਾ ਪੇਸ਼ਾ ਅਪਣਾਇਆ ਹੈ ਜਾਂ ਲੋਕਾਂ ਤੱਕ ਉਹ ਸੱਚ ਪਹੁੰਚਾਉਣ ਲਈ ਜਿਹੜਾ ਸੱਚ ਤਾਕਤਵਰ ਲੁਕਾ ਕੇ ਰੱਖਣਾ ਚਾਹੁੰਦੇ ਹਨ। ਮੀਡੀਆ ਅਦਾਰਿਆਂ ਨੂੰ ਵੀ ਇਹ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਹਰ ਖੇਤਰ ਦੀ ਪੱਤਰਕਾਰੀ ਲਈ ਅਜਿਹੇ ਪੱਤਰਕਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਉਸ ਖੇਤਰ ਦੀ ਸੂਝ-ਸਮਝ ਰੱਖਦੇ ਹੋਣ। ਇਕ ਸੂਝਵਾਨ ਪੱਤਰਕਾਰ ਕਿਸੇ ਹਸਤੀ ਦੇ ਸੱਚ ਨੂੰ ਸਾਹਮਣੇ ਲਿਆ ਕੇ ਨਾ ਸਿਰਫ਼ ਉਸਦੀ ਜ਼ਿੰਦਗੀ ਸਵਾਰ ਸਕਦਾ ਹੈ, ਬਲਕਿ ਹੋਰ ਉਭਰਦੇ ਚਿਹਰਿਆਂ ਨੂੰ ਵੀ ਪ੍ਰੇੁਰਿਤ ਕਰ ਸਕਦਾ ਹੈ। ਦੂਜੇ ਪਾਸੇ ਉਹ ਕਿਸੇ ਪੈਸੇ ਦੇ ਲੋਭੀ ਚਿਹਰੇ ਜਾਂ ਵਪਾਰਕ ਅਦਾਰੇ ਦਾ ਪੱਖ ਪੂਰ ਕੇ ਆਪਣੇ ਸਮਾਜ, ਸੱਭਿਆਚਾਰ ਅਤੇ ਇਮਾਨਦਾਰ ਲੋਕਾਂ ਦਾ ਨੁਕਸਾਨ ਵੀ ਕਰ ਸਕਦਾ ਹੈ।

ਫ਼ੈਸਲਾ ਉਸਨੇ ਆਪ ਕਰਨਾ ਹੈ ਕਿ ਉਸ ਨੂੰ ਕਿਸ ਗੱਲ ਲਈ ਚੇਤੇ ਰੱਖਿਆ ਜਾਵੇ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com