ਸੰਪਾਦਕੀ
ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਨਵੇਂ ਸੰਚਾਰ ਸਾਧਨਾਂ ਟੀ.ਵੀ., ਇੰਟਰਨੈੱਟ ਅਤੇ ਮੋਬਾਈਲ ਫੋਨਾਂ ਰਾਹੀਂ ਸਾਡੇ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ। ਕੀ ਇਹ ਗੱਲਾਂ ਪੜ੍ਹਦਿਆਂ-ਸੁਣਦਿਆਂ ਇੰਝ ਨਹੀਂ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਕਰਨ ਵਾਲੇ ਸਾਨੂੰ ਇਹ ਕਹਿ ਰਹੇ ਹਨ ਕਿ ਪੱਥਰ ਯੁੱਗ ਵਿਚ ਮੁੜ ਜਾਵੋ। ਪੱਤੇ ਪਾਓ, ਕੱਚਾ ਮਾਸ ਅਤੇ ਪੱਤੇ ਖਾਓ, ਆਪਣੀ ਰਫ਼ਤਾਰ ਬੈੱਲਗੱਡੀ ਦੇ ਨਾਲ ਮਿਲਾਓ, ਇਤਿਹਾਸ ਵਿਚ ਮੁੜ ਜਾਓ ਅਤੇ ਨਵੇਂ ਵਰਤਮਾਨ ਨੂੰ ਭੁੱਲ ਜਾਓ।
ਅਸੀਂ ਇੰਨੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੇ। ਅਸਲ ਵਿਚ ਸਾਡੀ ਸੋਚ ਮੁੱਢ ਤੋਂ ਹੀ ਅਜਿਹੀ ਹੈ। ਅਸੀਂ ਮਾਧਿਅਮ ਦੀ ਨੁਕਤਾਚੀਨੀ ਫਟਾਫਟ ਕਰਨ ਲੱਗ ਜਾਂਦੇ ਹਾਂ, ਉਸ ਦੀ ਸੁੱਚਜੀ ਜਾਂ ਕੁਚੱਜੀ ਵਰਤੋਂ ਬਾਰੇ ਨਹੀਂ ਸੋਚਦੇ-ਵਿਚਾਰਦੇ। ਇਹ ਗੱਲਾਂ ਕਹਿਣ ਤੋਂ ਮੇਰਾ ਮਕਸਦ ਇਨ੍ਹਾਂ ਸੰਚਾਰ ਸਾਧਨਾਂ ਰਾਹੀ ਪਰੋਸੇ ਜਾ ਰਹੇ ਗੰਦ ਦਾ ਪੱਖ ਪੂਰਨਾ ਨਹੀਂ, ਸਿਰਫ਼ ਇਹ ਦੱਸਣਾ ਹੈ ਕਿ ਸਵਾਲ ਸਾਧਨਾਂ ਦਾ ਨਹੀਂ, ਬਲਕਿ ਇਨ੍ਹਾਂ ਸਾਧਨਾਂ ਨੂੰ ਵਰਤਣ ਵਾਲਿਆਂ ਦੀ ਸੋਚ ਦਾ ਹੈ। ਅਜਿਹੇ ਹਾਲਾਤ ਵਿਚ ਮੈਂਨੂੰ ਸਿਆਣਿਆਂ ਦੀ ਕਹੀ-ਸੁਣੀ ਇਹੋ ਗੱਲ ਚੇਤੇ ਆਉਂਦੀ ਹੈ, ਕਿ ਆਪਣੀ ਲਕੀਰ ਵੱਡੀ ਖਿੱਚਣੀ ਪਵੇਗੀ…
ਪਤਾ ਨਹੀਂ ਜਦੋਂ ਇਹ ਗੱਲ ਕਹੀ ਗਈ ਸੀ, ਉਦੋਂ ਇਹ ਕਿੰਨੀ ਕੁ ਕਾਰਗਰ ਸੀ, ਪਰ ਅੱਜ ਦੇ ਦੌਰ ਵਿਚ ਇਹ ਗੱਲ ਹੋਰ ਵੀ ਜ਼ਿਆਦਾ ਢੁੱਕਵੀਂ ਲੱਗਦੀ ਹੈ। ਅੱਜ ਜਦੋਂ ਹਰ ਨਕਾਰਾਤਮਕ ਪ੍ਰਭਾਵ ਦੀ ਲਕੀਰ ਬੇਹੱਦ ਮੋਟੀ ਅਤੇ ਲੰਬੀ ਹੈ ਤਾਂ ਉਸ ਨੂੰ ਮਿਟਾਉਣਾ ਔਖਾ ਹੀ ਨਹੀਂ ਅਸੰਭਵ ਵੀ ਜਾਪਦਾ ਹੈ। ਇਸ ਲਈ ਸਾਨੂੰ ਆਪਣੀ ਲਕੀਰ ਹੀ ਜ਼ਿਆਦਾ ਮੋਟੀ ਅਤੇ ਲੰਬੀ ਖਿੱਚਣੀ ਪਵੇਗੀ। ਅੱਜ ਕੱਲ੍ਹ ਸੰਚਾਰ ਸਾਧਨਾਂ ਰਾਹੀਂ ਸਾਡੇ ਅਤੇ ਸਾਡੀ ਕੱਚੀ ਉਮਰ ਦੀ ਪੀੜ੍ਹੀ ਤੱਕ ਜੋ ਪਹੁੰਚਾਇਆ ਜਾ ਰਿਹਾ ਹੈ, ਬੇਸ਼ਕ ਉਹ ਸਾਡੀ ਹੋਂਦ ਨੂੰ ਧੁੰਦਲਾ ਕਰਨ ਦਾ ਡਰ ਪੈਦਾ ਕਰਦਾ ਹੈ। ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਕਿ ਇਨ੍ਹਾਂ ਸਾਧਨਾਂ ਉੱਤੇ ਜਿਨ੍ਹਾਂ ਮਾਇਆ-ਧਾਰੀਆਂ ਅਤੇ ਜ਼ੋਰਾਵਰਾਂ ਦਾ ਗ਼ਲਬਾ ਹੈ, ਉਨ੍ਹਾਂ ਦੇ ਸਾਧਨਾਂ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ। ਪਰ ਇਕ ਸੁਚੱਜੀ ਵਿਉਂਤਬੰਦੀ ਅਤੇ ਉਪਲੱਬਧ ਸਾਧਨਾਂ ਰਾਹੀਂ ਅਸੀਂ ਆਪਣੀ ਇਹ ਲਕੀਰ ਸਿਰਫ਼ ਖਿੱਚ ਹੀ ਨਹੀਂ ਸਕਦੇ, ਸਗੋਂ ਇਸ ਨੂੰ ਲਗਾਤਾਰ ਲੰਮੀ ਅਤੇ ਮੋਟੀ ਵੀ ਕਰ ਸਕਦੇ ਹਾਂ, ਬਸ਼ਰਤੇ ਕਿ ਇਸ ਉੱਤੇ ਲਗਾਤਾਰ ਕੰਮ ਕਰਦੇ ਰਹੀਏ। ਇਹ ਕੰਮ ਉਦੋਂ ਹੋਰ ਵੀ ਆਸਾਨ ਹੋ ਜਾਵੇਗਾ, ਜਦੋਂ ਸਾਨੂੰ ਇਹ ਸਮਝ ਆ ਜਾਵੇਗੀ ਕਿ ਜਿਨ੍ਹਾਂ ਸੰਚਾਰ ਸਾਧਨਾਂ ਤੋਂ ਅਸੀਂ ਡਰ ਰਹੇ ਹਾਂ, ਉਨ੍ਹਾਂ ਨੂੰ ਆਪਣੇ ਮੰਤਵ ਲਈ ਵਰਤਣ ਦੀ ਜਾਚ ਸਿੱਖਣਾ ਕਿੰਨਾਂ ਲਾਜ਼ਮੀ ਹੈ।
ਜੇਕਰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਬੈਠੇ ਪੰਜਾਬੀ ਸੱਜਣ ਆਪਣੇ ਵਸੀਲਿਆਂ ਨੂੰ ਯੋਜਨਾਬੱਧ ਢੰਗ ਨਾਲ ਛੋਟੇ-ਛੋਟੇ ਗਰੁੱਪਾਂ ਵਿਚ ਇਸ ਮੰਤਵ ਲਈ ਵਰਤਣ ਤਾਂ ਇਸ ਲਕੀਰ ਦੀ ਸ਼ੁਰੂਆਤ ਹੋ ਸਕਦੀ ਹੈ। ਬਾਹਰਲੇ ਮੁਲਕਾਂ ਵਿਚ ਅਜਿਹੇ ਕਈ ਉੱਦਮ ਚੱਲ ਵੀ ਰਹੇ ਹਨ। ਇਹ ਸ਼ੁਰੂਆਤ ਹੌਲੀ ਹੋਵੇਗੀ, ਪਰ ਵੱਡੇ ਨਤੀਜੇ ਦੇ ਸਕਦੀ ਹੈ। ਇੰਟਰਨੈੱਟ ਦਾ ਮਾਧਿਅਮ ਇਸ ਵਿਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇੰਟਰਨੈੱਟ ਤੇ ਮੌਜੂਦ ਗੰਦ ਤੋਂ ਦੂਰ ਰਹਿਣ ਤਾਂ ਸਾਨੂੰ ਇੰਟਰਨੈੱਟ ‘ਤੇ ਉਨ੍ਹਾਂ ਅੱਗੇ ਕੋਈ ਹੋਰ ਵਿਕਲਪ ਪਰੋਸਣਾ ਪਵੇਗਾ, ਕਿਉਂ ਕਿ ਇਸ ਪੀੜ੍ਹੀ ਨੇ ਵਕਤ ਦੇ ਨਾਲ ਚੱਲਣ ਲਈ ਇੰਟਰਨੈੱਟ ਤਾਂ ਵਰਤਨਾ ਹੀ ਹੈ। ਫ਼ਿਰ ਕਿਉਂ ਨਾ ਉਨ੍ਹਾਂ ਨੂੰ ਉਨ੍ਹਾਂ ਦੇ ਪਸੰਦੀਦਾ ਸਾਧਨ ‘ਤੇ ਅਸੀਂ ਉਹ ਗਿਆਨ ਉਪਲਬੱਧ ਕਰਾ ਦੇਈਏ, ਜੋ ਅਸੀਂ ਉਨ੍ਹਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਜਿਵੇਂ ਵੱਖ-ਵੱਖ ਪੱਧਰਾਂ ਤੇ ਇਨ੍ਹਾਂ ਸਾਧਨਾਂ ‘ਤੇ ਗੰਦ ਖਿਲਾਰਿਆ ਜਾ ਰਿਹਾ ਹੈ, ਅਸੀਂ ਆਪਣੇ ਵੱਲੋਂ ਐਨਾ ਗਿਆਨ ਖਿਲਾਰ ਦੇਈਏ ਕਿ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਮਤਲਬ ਦਾ ਕੁਝ ਨਾ ਕੁਝ ਮਿਲਦਾ ਰਹੇ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਧਿਆਨ ਦੂਜੇ ਪਾਸੇ ਜਾਵੇ ਹੀ ਨਾ। ਬੱਸ ਇਕ ਗੱਲ ਦਾ ਖ਼ਿਆਲ ਰੱਖਣਾ ਪਵੇਗਾ ਕਿ ਇਹ ਗਿਆਨ ਭਾਸ਼ਨ ਜਾਂ ਪ੍ਰਚਾਰ ਦੇ ਰੂਪ ਵਿਚ ਨਹੀਂ ਮਨੋਰੰਜਕ ਰੂਪ ਵਿਚ ਦੇਣਾ ਪਵੇਗਾ। ਮੈਂ ਇਹ ਗੱਲ ਭਲੀ-ਭਾਂਤ ਜਾਣਦਾ ਹਾਂ ਕਿ ਇਹ ਗੱਲ ਕਹਿਣੀ ਜਿੰਨੀ ਸੌਖੀ ਹੈ ਕਰਨੀ ਓਨੀ ਆਸਾਨ ਨਹੀਂ। ਪਰ ਕਦੇ ਤਾਂ ਕਿਸੇ ਪਾਸਿਓਂ ਸ਼ੁਰੂਆਤ ਕਰਨੀ ਹੀ ਪਵੇਗੀ। ਪਿਛਲੇ ਦਿਨੀਂ ਨੌਜਵਾਨ ਸਾਥੀ ਹਰਪ੍ਰੀਤ ਸਿੰਘ ਕਾਹਲੋਂ ਨੇ ਆਪਣੇ ਇਲਾਕੇ ਵਿਚ ਵਾਤਾਵਰਣ ਜਾਗਰੂਕਤਾ ‘ਤੇ ਆਧਾਰਿਤ ਕਮਿਊਨਿਟੀ ਰੇਡੀਓ ਸ਼ੁਰੂ ਕਰ ਕੇ ਇਕ ਸ਼ਲਾਘਾਯੋਗ ਕਦਮ ਵਧਾਇਆ ਹੈ, ਜਿਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਇਸੇ ਤਰ੍ਹਾਂ ਛੋਟੇ-ਛੋਟੇ ਗਰੁੱਪਾਂ ਵਿਚ ਕੁਝ ਸਮਰੱਥ ਸੱਜਣ ਕਮਿਊਨਿਟੀ ਰੇਡੀਓ ਅਤੇ ਟੈਲੀਵਿਜ਼ਨ ਚੈਨਲਾਂ ਦੀ ਸ਼ੁਰੂਆਤ ਕਰ ਸਕਦੇ ਹਨ।
ਇਸ ਮਾਮਲੇ ਵਿਚ ਇਕ ਹੋਰ ਗੱਲ ਦਾ ਖ਼ਾਸ ਖ਼ਿਆਲ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਕਾਰਜ ਨੂੰ ਧਾਰਮਿਕ, ਸਿਆਸੀ ਅਤੇ ਆਰਥਿਕ ਧੜੇਬੰਦੀ ਤੋਂ ਮੁਕਤ ਰੱਖ ਕੇ ਸਮੁੱਚੀ ਪੰਜਾਬੀਅਤ ਦੇ ਭਲੇ ਹਿੱਤ ਸੋਚਣਾ ਚਾਹੀਦਾ ਹੈ। ਪੰਜਾਬ ਦੀਆਂ ਕਈ ਮੋਹਰੀ ਧਾਰਮਿਕ ਅਤੇ ਸਮਾਜਕ ਸੰਸਥਾਂਵਾਂ ਜਿਨ੍ਹਾਂ ਕੋਲ ਅੰਤਹੀਣ ਮਾਇਕ ਸਾਧਨ ਵੀ ਹਨ, ਇਸ ਪਾਸੇ ਵੱਲ ਵੱਡਾ ਯੋਗਦਾਨ ਪਾ ਸਕਦੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਆਗੂਆਂ ਵਿਚ ਇੱਛਾ ਸ਼ਕਤੀ ਪੈਦਾ ਕਰਨ ਲਈ ਇਨ੍ਹਾਂ ਸੰਸਥਾਵਾਂ ਨਾਲ ਹੇਠਲੇ ਤੋਂ ਉਪਰਲੇ ਪੱਧਰ ਤੱਕ ਜੁੜੇ ਸੂਝਵਾਨ ਸੱਜਣਾ ਨੂੰ ਹੰਭਲਾ ਮਾਰਨਾ ਚਾਹੀਦਾ ਹੈ।
ਇੰਟਰਨੈੱਟ ਤੋਂ ਹੀ ਅਸੀਂ ਇਸ ਕਾਰਜ ਦੀ ਆਰੰਭਤਾ ਕਰ ਸਕਦੇ ਹਾਂ। ਅੱਜ ਕੱਲ੍ਹ ਛੋਟੀਆਂ ਫ਼ਿਲਮਾਂ ਬਣਾਉਣਾ ਅਤੇ ਦਿਖਾਉਣਾ ਬਹੁਤਾ ਮਹਿੰਗਾ ਅਤੇ ਔਖਾ ਕਾਰਜ ਨਹੀਂ ਹੈ। ਇਨ੍ਹਾਂ ਖੇਤਰਾਂ ਨਾਲ ਜੁੜੇ ਸੱਜਣ ਅਤੇ ਨੌਜਵਾਨ ਜੇਕਰ ਗਰੁੱਪ ਬਣਾ ਕੇ ਉੱਦਮ ਕਰਨ ਤਾਂ ਕਮਰਸ਼ੀਅਲ ਸਿਨੇਮੇ ਦੇ ਬਰਾਬਰ ਉਸਾਰੂ ਅਤੇ ਮਨੋਰੰਜਕ ਸਿਨੇਮਾ ਖੜਾ ਕੀਤਾ ਜਾ ਸਕਦਾ ਹੈ। ਇਸ ਕਾਰਜ ਦੀ ਸਫ਼ਲਤਾ ਲਈ ਤਕਨੀਕੀ ਗਿਆਨ ਵੰਡਣ ਅਤੇ ਇਸ ਖੇਤਰ ਨਾਲ ਜੁੜੇ ਸੂਝਵਾਨਾਂ ਦੀ ਆਪਸੀ ਸਾਂਝ ਵਧਾਂਉਣ ਦੀ ਲੋੜ ਹੈ। ਲੁਧਿਆਣੇ ਦੀ ਸਿੱਖਿਆ, ਸਨਅਤੀ, ਸਾਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਨਾਲ ਜੁੜੇ ਉਦਯੋਗਪਤੀ ਰਣਜੋਧ ਸਿੰਘ ਹੁਰਾਂ ਦਾ ਜ਼ਿਕਰ ਇਸ ਮਾਮਲੇ ਵਿਚ ਮਾਣ ਨਾਲ ਕੀਤਾ ਜਾ ਸਕਦਾ ਹੈ। ਦੁਨੀਆਂ ਭਰ ਵਿਚ ਵੱਸਦੇ ਵਪਾਰਕ ਅਤੇ ਸਨਅਤੀ ਅਦਾਰਿਆਂ ਦੇ ਪੰਜਾਬੀਆਂ ਨੂੰ ਖੁੱਲੇ ਦਿਲ ਨਾਲ ਇਸ ਪਾਸੇ ਕਦਮ ਵਧਾਉਣਾ ਚਾਹੀਦਾ ਹੈ।
ਇਸ ਤਰ੍ਹਾਂ ਸੱਭਿਆਚਾਰਕ ਕਦਰਾਂ-ਕੀਮਤਾਂ, ਸਾਹਿੱਤ ਅਤੇ ਗਿਆਨ ਨੂੰ ਮਨੋਰੰਜਕ ਅੰਦਾਜ਼ ਵਿਚ ਸੰਜੋ ਕੇ ਅਸੀਂ ਵੱਖ-ਵੱਖ ਸਾਧਨਾਂ ਇੰਟਰਨੈੱਟ, ਟੈਲੀਵਿਜ਼ਨ, ਮੋਬਾਈਲ ਫੋਨਾਂ ਅਤੇ ਰੇਡਿਓ ਆਦਿ ਰਾਹੀਂ ਨੌਜਵਾਨਾਂ ਤੱਕ ਪਹੁੰਚਾ ਸਕਦੇ ਹਾਂ। ਜਦੋਂ ਉਨ੍ਹਾਂ ਕੋਲ ਅਜਿਹੀ ਬੇਸ਼ੁਮਾਰ ਸਮੱਗਰੀ ਮੰਨੋਰੰਜਕ ਅੰਦਾਜ਼ ਵਿਚ ਉਪਲਬੱਧ ਹੋਵੇਗੀ ਤਾਂ ਉਨ੍ਹਾਂ ਨੂੰ ‘ਗੰਦ’ ਵੱਲ ਮੂੰਹ ਮਾਰਨ ਦੀ ਵਿਹਲ ਹੀ ਕਦੋਂ ਮਿਲੇਗੀ। ਇਸ ਤਰ੍ਹਾਂ ਹੀ ਅਸੀਂ ਆਪਣੇ ਵਿਰਸੇ ਦੇ ਇਤਿਹਾਸ ਨੂੰ ਭਵਿੱਖ ਦੇ ਯਥਾਰਥ ਵਿਚ ਤਬਦੀਲ ਕਰ ਸਕਦੇ ਹਾਂ। ਇਹ ਸਿਰਫ਼ ਸਰਕਾਰਾਂ ਜਾਂ ਸਥਾਪਤ ਮੀਡੀਏ ਦੀ ਹੀ ਨਹੀਂ ਸਾਡੀ ਸਭ ਦੀ ਆਪਣੀ ਜਿੰਮੇਵਾਰੀ ਹੈ। ਇਸ ਤਰ੍ਹਾਂ ਹੀ ਪੰਜਾਬੀਅਤ ਦੀ ਲੀਕ ਸੱਭਿਆਚਾਰ ਦੇ ਨਾਂ ਤੇ ਪਰੋਸੇ ਜਾ ਰਹੇ ਕੂੜ ਦੀ ਲਕੀਰ ਤੋਂ ਲੰਮੀ ਅਤੇ ਮੋਟੀ ਹੋ ਸਕੇਗੀ।
Leave a Reply